ਨਿਤਿਨ ਗਡਕਰੀ ਨੇ ਅਫਸਰਾਂ ਨੂੰ ਆਰਥਿਕ ਸੰਕਟ ਬਾਰੇ ਦਿੱਤੀ ਚਿਤਾਵਨੀ

Thursday, Dec 26, 2019 - 01:40 AM (IST)

ਨਿਤਿਨ ਗਡਕਰੀ ਨੇ ਅਫਸਰਾਂ ਨੂੰ ਆਰਥਿਕ ਸੰਕਟ ਬਾਰੇ ਦਿੱਤੀ ਚਿਤਾਵਨੀ

ਇਸ ਸਮੇਂ ਸਰਕਾਰ ਦੇਸ਼ ਦੀ ਵਿਕਾਸ ਦਰ ’ਚ ਪਿਛਲੇ 6 ਸਾਲਾਂ ਦੀ ਸਭ ਤੋਂ ਵੱਡੀ ਗਿਰਾਵਟ ਨਾਲ ਜੂਝ ਰਹੀ ਹੈ। ਕੋਲਾ, ਕੱਚਾ ਤੇਲ, ਕੁਦਰਤੀ ਗੈਸ, ਸੀਮੈਂਟ ਅਤੇ ਬਿਜਲੀ ਉਦਯੋਗ ’ਚ ਭਾਰੀ ਸੁਸਤੀ ਕਾਰਣ ਕੋਰ ਸੈਕਟਰ ਦੇ ਪ੍ਰਮੁੱਖ ਉਦਯੋਗਾਂ ਦੇ ਉਤਪਾਦਨ ’ਚ ਅਗਸਤ ਮਹੀਨੇ ’ਚ 0.50 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ, ਜੋ ਪਿਛਲੇ 45 ਮਹੀਨਿਆਂ ’ਚ ਉਦਯੋਗਿਕ ਉਤਪਾਦਨ

’ਚ ਆਉਣ ਵਾਲੀ ਸਭ ਤੋਂ ਵੱਧ ਗਿਰਾਵਟ ਸੀ।

ਇਸ ਸਾਲ ਅਕਤੂਬਰ ’ਚ ਭਾਰਤੀ ਜਨਤਾ ਪਾਰਟੀ ਦੇ ਰਾਜ ਸਭਾ ਮੈਂਬਰ ਸੁਬਰਾਮਣੀਅਮ ਸਵਾਮੀ ਨੇ ਦੇਸ਼ ਦੀ ਅਰਥ ਵਿਵਸਥਾ ਦੇ ਮੌਜੂਦਾ ਸੰਕਟ ਲਈ ਨੋਟਬੰਦੀ ਅਤੇ ਜਲਦਬਾਜ਼ੀ ’ਚ ਲਾਗੂ ਕੀਤੇ ਗਏ ਜੀ. ਐੱਸ. ਟੀ. ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਸੀ ਕਿ ‘‘ਦੇਸ਼ ਸਹੀ ਆਰਥਿਕ ਨੀਤੀਆਂ ਨਹੀਂ ਅਪਣਾ ਰਿਹਾ।’’

ਇਹੀ ਨਹੀਂ, 30 ਨਵੰਬਰ ਨੂੰ ਉਨ੍ਹਾਂ ਨੇ ਇਹ ਵੀ ਕਿਹਾ ਕਿ ‘‘ਮੌਜੂਦਾ ਦੌਰ ’ਚ ਦੇਸ਼ ਦੀ ਜੀ. ਡੀ. ਪੀ. ਦੀ ਵਿਕਾਸ ਦਰ 4.5 ਫੀਸਦੀ ਨਹੀਂ ਸਗੋਂ 1.5 ਫੀਸਦੀ ਹੈ। ਉਨ੍ਹਾਂ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ’ਤੇ ਵੀ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ‘‘ਉਨ੍ਹਾਂ ਨੂੰ ਇਕੋਨਾਮਿਕਸ ਨਹੀਂ ਆਉਂਦੀ।’’

ਅਤੇ ਹੁਣ 22 ਦਸੰਬਰ ਨੂੰ ਭਾਜਪਾ ਦੇ ਹੀ ਸੀਨੀਅਰ ਨੇਤਾ ਅਤੇ ਕੇਂਦਰੀ ਸੜਕ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਆਪਣੇ ਮੰਤਰਾਲੇ ਦੇ ਵੱਖ-ਵੱਖ ਪ੍ਰਾਜੈਕਟਾਂ ’ਚ ਫਸੀ ਰਕਮ ਅਤੇ ਦੇਸ਼ ਦੀ ਅਰਥ ਵਿਵਸਥਾ ’ਤੇ ਇਸ ਦੇ ਪ੍ਰਭਾਵ ’ਤੇ ਟਿੱਪਣੀ ਕੀਤੀ ਹੈ।

ਉਨ੍ਹਾਂ ਨੇ ਕਿਹਾ ਕਿ ‘ਮੈਂ ਸੀਨੀਅਰ ਅਧਿਕਾਰੀਆਂ ਨੂੰ ਕਿਹਾ ਕਿ ਵੱਖ-ਵੱਖ ਪ੍ਰਾਜੈਕਟਾਂ ’ਚ 89 ਹਜ਼ਾਰ ਕਰੋੜ ਰੁਪਏ ਫਸੇ ਹੋਣ ਦੇ ਕਈ ਮਾਮਲੇ ਹਨ। ਮੈਂ ਤੁਹਾਨੂੰ ਇਹ ਨਹੀਂ ਦੱਸ ਰਿਹਾ ਹਾਂ ਕਿ ਕੀ ਕਰਨਾ ਹੈ? ਮੈਂ ਤੁਹਾਨੂੰ ਸਿਰਫ ਇੰਨਾ ਦੱਸ ਰਿਹਾ ਹਾਂ ਕਿ ਦੇਸ਼ ਦੀ ਅਰਥ ਵਿਵਸਥਾ ਚੁਣੌਤੀ ਭਰੇ ਦੌਰ ’ਚ ਹੈ, ਇਸ ਲਈ ਦੇਸ਼ ’ਚ ਕੈਸ਼ ਦੀ ਲਿਕਵੀਡਿਟੀ (ਪ੍ਰਵਾਹ) ਘੱਟ ਹੋਣ ਕਾਰਣ ਫੈਸਲੇ ਜਲਦੀ ਲੈਣ ਦੀ ਲੋੜ ਹੈ।’’

ਵੱਖ-ਵੱਖ ਪ੍ਰਾਜੈਕਟਾਂ ’ਚ ਇਕੱਲੇ ਸ਼੍ਰੀ ਗਡਕਰੀ ਦੇ ਮੰਤਰਾਲੇ ਦੇ 89 ਹਜ਼ਾਰ ਕਰੋੜ ਰੁਪਏ ਫਸੇ ਹੋਣ ਤੋਂ ਹੀ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਜਦੋਂ ਇਕ ਮੰਤਰਾਲੇ ਦਾ ਇਹ ਹਾਲ ਹੈ ਤਾਂ ਹੋਰਨਾਂ ਮੰਤਰਾਲਿਆਂ ਦੀ ਕੀ ਸਥਿਤੀ ਹੋਵੇਗੀ।

ਭਾਜਪਾ ਦੇ 2 ਸੀਨੀਅਰ ਮੈਂਬਰਾਂ ਵਲੋਂ ਦੇਸ਼ ਦੀ ਅਰਥ ਵਿਵਸਥਾ ਦੀ ਸਥਿਤੀ ’ਤੇ ਚਿੰਤਾ ਜ਼ਾਹਿਰ ਕਰਨਾ ਮਾਇਨੇ ਰੱਖਦਾ ਹੈ ਕਿਉਂਕਿ ਸੱਤਾ ਅਦਾਰੇ ਨਾਲ ਜੁੜੇ ਲੋਕ ਜਦੋਂ ਆਪਣੀ ਹੀ ਸਰਕਾਰ ਦੀ ਆਲੋਚਨਾ ਕਰਦੇ ਹੋਣ ਤਾਂ ਸਮਝਿਆ ਜਾ ਸਕਦਾ ਹੈ ਕਿ ਸਥਿਤੀ ਕਿੰਨੀ ਗੰਭੀਰ ਹੈ।

–ਵਿਜੇ ਕੁਮਾਰ


author

Bharat Thapa

Content Editor

Related News