ਹੁਣ ਮੁੰਬਈ ’ਚ ਵਾਤਾਵਰਣ ਨੂੰ ਬਚਾਉਣਾ ਵੀ ਜ਼ਰੂਰੀ
Monday, Dec 12, 2022 - 03:40 AM (IST)
ਨਵੀ ਮੁੰਬਈ ਦੇ ਉਦਯੋਗਾਂ ਦੇ ਕਾਰਨ ਉਥੇ ਹਵਾ ਅਤੇ ਪਾਣੀ ਪ੍ਰਦੂਸ਼ਣ ਤਾਂ ਪਹਿਲੇ ਹੀ ਹੋ ਰਿਹਾ ਸੀ ਪਰ ਇਥੇ ਚੱਲਣ ਵਾਲੀਆਂ ਤੇਜ਼ ਹਵਾਵਾਂ ਕਾਰਨ ਪ੍ਰਦੂਸ਼ਣ ਸਮੁੰਦਰ ’ਚ ਚਲਾ ਜਾਂਦਾ ਸੀ ਕਿਉਂਕਿ ਹਵਾਵਾਂ ਦੀ ਰਫਤਾਰ ਮੱਠੀ ਹੋ ਗਈ ਹੈ ਤੇ ਤਾਪਮਾਨ ’ਚ ਗਿਰਾਵਟ ਆ ਜਾਣ ਦੇ ਕਾਰਨ ਸਾਰਾ ਮੌਸਮ ਬਦਲ ਰਿਹਾ ਹੈ, ਇਸ ਲਈ ਮੁੰਬਈ ’ਚ ਪਹਿਲੀ ਵਾਰ ਤਾਪਮਾਨ 19 ਡਿਗਰੀ ਹੋ ਗਿਆ।
ਨਵੀ ਮੁੰਬਈ ’ਚ ਵੀ ਅਜਿਹਾ ਹੀ ਹੋਇਆ ਸੀ। ਉਥੇ ਵੀ ਉਦਯੋਗਾਂ ਦੀ ਸਥਾਪਨਾ ਦੇ ਸਮੇਂ ਉਦਯੋਗਪਤੀਆਂ ਨੇ ਇਹੀ ਕਿਹਾ ਸੀ ਕਿ ਅਸੀਂ ਇਥੇ ਰੁੱਖ ਲਗਾਵਾਂਗੇ ਪਰ ਉਨ੍ਹਾਂ ਨੇ ਲਗਾਏ ਨਹੀਂ ਜਿਸ ਨਾਲ ਉਦਯੋਗਾਂ ਦੀ ਹਵਾ ਅਤੇ ਪਾਣੀ ਸਭ ਦੂਸ਼ਿਤ ਕਰ ਦਿੱਤਾ ਹੈ। ਦੂਜੇ ਪਾਸੇ ਮਹਾਰਾਸ਼ਟਰ ’ਚ ਏਕਨਾਥ ਸ਼ਿੰਦੇ ਦੀ ਸਰਕਾਰ ਨੇ ਮੁੰਬਈ-ਅਹਿਮਦਾਬਾਦ ਬੁਲੇਟ ਟ੍ਰੇਨ ਪ੍ਰਾਜੈਕਟ ’ਚ ਤੇਜ਼ੀ ਲਿਆਉਂਦੇ ਹੋਏ ਮਹਾਰਾਸ਼ਟਰ ’ਚ ਲੋੜੀਂਦੀ 98 ਫੀਸਦੀ ਭੋਂ ਪ੍ਰਾਪਤ ਕਰ ਲਈ ਹੈ।
ਬਾਂਬੇ ਹਾਈਕੋਰਟ ਨੇ ‘ਨੈਸ਼ਨਲ ਹਾਈ ਸਪੀਡ ਰੇਲ ਕਾਰਪੋਰੇਸ਼ਨ ਲਿਮਟਿਡ’ ਨੂੰ ਬੁਲੇਟ ਟ੍ਰੇਨ ਪ੍ਰਾਜੈਕਟ ਲਈ ਮੁੰਬਈ-ਪਾਲਘਰ ਅਤੇ ਠਾਣੇ ’ਚ 21,997 ਰੁੱਖ ਵੱਢਣ ਦੀ ਇਜਾਜ਼ਤ ਇਸ ਸ਼ਰਤ ’ਤੇ ਦੇ ਦਿੱਤੀ ਗਈ ਸੀ ਕਿ ਵੱਢੇ ਗਏ ਰੁੱਖਾਂ ਦੀ ਨੁਕਸਾਨ ਪੂਰਤੀ ਕਰਨ ਲਈ ਇਨ੍ਹਾਂ ਨਾਲੋਂ 5 ਗੁਣਾ ਵੱਧ ਭਾਵ 2.5 ਲੱਖ ਰੁੱਖਾਂ ਦੇ ਬੂਟੇ ਲਗਾਉਣ ਦੇ ਬਾਅਦ ਹੀ ਇਨ੍ਹਾਂ ਰੁੱਖਾਂ ਨੂੰ ਵੱਢਿਆ ਜਾਵੇਗਾ ਪਰ ਉਸ ਨੇ ਆਪਣਾ ਦਿੱਤਾ ਹੋਇਆ ਭਰੋਸਾ ਪੂਰਾ ਨਹੀਂ ਕੀਤਾ।
ਬੇਸ਼ੱਕ ਬੁਲੇਟ ਟ੍ਰੇਨ ਦੇ ਬਿਜਲੀ ਨਾਲ ਚੱਲਣ ਵਾਲੀ ਟ੍ਰੇਨ ਹੋਣ ਕਾਰਨ ਪ੍ਰਦੂਸ਼ਣ ਘੱਟ ਹੋਵੇਗਾ ਪਰ ਮੁੰਬਈ ਦੀ ‘ਗ੍ਰੀਨ ਬੈਲਟ’ ਜਿਸ ਨੂੰ ‘ਮੁੰਬਈ ਦੇ ਫੇਫੜੇ’ ਵੀ ਕਿਹਾ ਜਾਂਦਾ ਹੈ, ਇਸ ਦੀ ਭੇਟ ਚੜ੍ਹ ਹੀ ਜਾਏਗੀ। ਇਸ ਲਈ ਇਸ ਪ੍ਰਾਜੈਕਟ ਨੂੰ ਅੱਗੇ ਵਧਾਉਣਾ ਅਤੇ ਵੱਢੇ ਹੋਏ ਰੁੱਖਾਂ ਦੀ ਥਾਂ ’ਤੇ ਨਵੇਂ ਰੁੱਖ ਲਾਉਣਾ ਇਹ ਦੋਵੇਂ ਹੀ ਕੰਮ ਨਾਲ-ਨਾਲ ਕਰਨੇ ਜ਼ਰੂਰੀ ਹਨ। ਸਾਨੂੰ ‘ਗ੍ਰੀਨ ਕਾਰੀਡੋਰ’ ਦੀ ਵੀ ਲੋੜ ਹੈ।
ਮੁੰਬਈ ’ਚ ਪ੍ਰਦੂਸ਼ਣ ਦੇ ਦੋ ਵੱਡੇ ਕਾਰਨ ਹਨ ਇਕ ਤਾਂ ਇੱਥੇ ਅਨਿਯੋਜਿਤ ਸ਼ਹਿਰੀ ਵਿਕਾਸ ਹੈ ਜਿਸ ਦੇ ਕਾਰਨ ਵਿਸ਼ਾਲ ਝੌਂਪੜਪੱਟੀਆਂ ਉਭਰ ਕੇ ਆਈਆਂ। ਇੱਥੇ ਲੱਕੜੀ ਤੇ ਕੋਲਾ ਬਾਲ ਕੇ ਖਾਣਾ ਬਣਾਉਣ ਦੇ ਕਾਰਨ ਪ੍ਰਦੂਸ਼ਣ ਹੋ ਰਿਹਾ ਹੈ। ਦੂਸਰੇ, ਉਥੇ ਚੱਲ ਰਹੀਆਂ ਉਸਾਰੀ ਸਰਗਰਮੀਆਂ ਅਤੇ ਟੁੱਟੀਆਂ ਸੜਕਾਂ ’ਤੇ ਆਵਾਜਾਈ ਪ੍ਰਬੰਧਨ ਤਸੱਲੀਬਖਸ਼ ਨਾ ਹੋਣ ਕਾਰਨ ਪ੍ਰਦੂਸ਼ਣ ਦਾ ਕਾਰਨ ਬਣ ਰਿਹਾ ਹੈ ਅਤੇ ਤੀਜਾ ਹਰਿਆਲੀ ਵਾਲੇ ਇਲਾਕੇ ਤੇਜ਼ੀ ਨਾਲ ਗਾਇਬ ਹੋਣ ਦੇ ਕਾਰਨ ਤਾਪਮਾਨ ਡਿੱਗ ਰਿਹਾ ਹੈ।
ਸਿੱਟਾ ਇਹੀ ਹੈ ਕਿ ਬੁਲੇਟ ਟ੍ਰੇਨ ਪ੍ਰਾਜੈਕਟ ਚੰਗਾ ਹੋਣ ਦੇ ਕਾਰਨ ‘ਅਨਿਯੋਜਿਤ’ ਹੈ ਕਿਉਂਕਿ ਭਰੋਸੇ ਦੇ ਅਨੁਸਾਰ 5 ਗੁਣਾ ਰੱੁੱਖ ਨਹੀਂ ਲਗਾ ਰਹੇ ਅਤੇ ਜੋ ਰੁੱਖ ਬਾਕੀ ਬਚੇ ਹਨ ਉਨ੍ਹਾਂ ਨੂੰ ਵੀ ਵੱਢਿਆ ਜਾ ਰਿਹਾ ਹੈ ਇਸ ਨਾਲ ਵਾਤਾਵਰਣ ਹੋਰ ਵਿਗੜ ਸਕਦਾ ਹੈ ਜਿਸ ਦਾ ਅਸਰ ਲੋਕਾਂ ਦੀ ਸਿਹਤ ’ਤੇ ਵੀ ਪਵੇਗਾ। ਨਵੇਂ ਪ੍ਰਾਜੈਕਟਾਂ ਦੇ ਨਾਲ-ਨਾਲ ਇਥੇ ਵਾਤਾਵਰਣ ਸੰਭਾਲ ਦੇ ਉਪਾਅ ਕਰਨਾ ਵੀ ਜ਼ਰੂਰੀ ਹੈ।