ਓਡਿਸ਼ਾ ਦੇ ਸਿਹਤ ਮੰਤਰੀ ਦੀ ਹੱਤਿਆ, ਸੁਰੱਖਿਆ ਫੋਰਸਾਂ ਦੀ ਸਿਹਤ ’ਤੇ ਸਵਾਲੀਆ ਨਿਸ਼ਾਨ!

Tuesday, Jan 31, 2023 - 03:11 AM (IST)

ਓਡਿਸ਼ਾ ਦੇ ਸਿਹਤ ਮੰਤਰੀ ਦੀ ਹੱਤਿਆ, ਸੁਰੱਖਿਆ ਫੋਰਸਾਂ ਦੀ ਸਿਹਤ ’ਤੇ ਸਵਾਲੀਆ ਨਿਸ਼ਾਨ!

29 ਜਨਵਰੀ ਨੂੰ ਇਕ ਪ੍ਰੋਗਰਾਮ ’ਚ ਸ਼ਾਮਲ ਹੋਣ ਜਾ ਰਹੇ ਓਡਿਸ਼ਾ ਦੇ ਸਿਹਤ ਮੰਤਰੀ ਨਬ ਕਿਸ਼ੋਰ ਦਾਸ ’ਤੇ ‘ਬ੍ਰਜਰਾਜਨਗਰ’ ਵਿਚ ਗੋਪਾਲ ਦਾਸ ਨਾਮੀ ਏ. ਐੱਸ. ਆਈ. ਨੇ ਅਚਾਨਕ ਉਨ੍ਹਾਂ ਦੇ ਨੇੜੇ ਆ ਕੇ ਆਪਣੀ ਸਰਵਿਸ ਰਿਵਾਲਵਰ ਨਾਲ ਉਨ੍ਹਾਂ ’ਤੇ ਦੋ ਗੋਲੀਆਂ ਦਾਗ ਦਿੱਤੀਆਂ। ਇਸ ਨਾਲ ਉਹ ਜ਼ਖਮੀ ਹੋ ਗਏ ਅਤੇ ਇਲਾਜ ਦੌਰਾਨ ਉਨ੍ਹਾਂ ਦਮ ਤੋੜ ਦਿੱਤਾ।

ਇਸ ਘਟਨਾ ਦੇ ਸਿੱਟੇ ਵਜੋਂ ਮੁਲਜ਼ਮ ਏ. ਐੱਸ. ਆਈ. ਗੋਪਾਲ ਦਾਸ ਦੀ ਪਤਨੀ ਜਯੰਤੀ ਦੇ ਬਿਆਨ ਨਾਲ ਦੇਸ਼ ਦੀਆਂ ਸੁਰੱਖਿਆ ਫੋਰਸਾਂ ਦੀ ਮਾਨਸਿਕ ਅਤੇ ਸਰੀਰਕ ਸਿਹਤ ਨੂੰ ਲੈ ਕੇ ਵੀ ਸਵਾਲ ਉੱਠ ਖੜ੍ਹੇ ਹੋਏ ਹਨ। ਜਯੰਤੀ ਨੇ ਕਿਹਾ ਹੈ ਕਿ ਉਸ ਦਾ ਪਤੀ ਮਾਨਸਿਕ ਪੱਖੋਂ ਬੀਮਾਰ ਹੈ, ਜਿਸ ਦਾ 7-8 ਸਾਲ ਤੋਂ ਇਲਾਜ ਚੱਲ ਰਿਹਾ ਹੈ। ਗੋਪਾਲ ਦਾਸ ‘ਬਾਈਪੋਲਰ ਡਿਸਆਰਡਰ’ ਨਾਮੀ ਬੀਮਾਰੀ ਤੋਂ ਪੀੜਤ ਦੱਸਿਆ ਜਾਂਦਾ ਹੈ।

ਇਸ ਪ੍ਰਗਟਾਵੇ ਨੇ ਸੁਰੱਖਿਆ ਫੋਰਸਾਂ ਦੀ ਸਿਹਤ ਅਤੇ ਉਨ੍ਹਾਂ ਦੇ ਕੰਮ ਦੇ ਹਾਲਾਤ ਵੱਲ ਧਿਆਨ ਦਿਵਾਇਆ ਹੈ। ‘ਸਟੇਟਸ ਆਫ ਪੋਲਿਸਿੰਗ ਇਨ ਇੰਡੀਆ’ ਸਿਰਲੇਖ ਹੇਠ ਇਕ ਰਿਪੋਰਟ ’ਚ ਦੱਸਿਆ ਗਿਆ ਹੈ ਕਿ ‘‘ਭਾਰਤ ’ਚ ਲਗਭਗ 24 ਫੀਸਦੀ ਪੁਲਸ ਮੁਲਾਜ਼ਮ 16 ਘੰਟੇ ਤੋਂ ਅਤੇ 44 ਫੀਸਦੀ ਪੁਲਸ ਮੁਲਾਜ਼ਮ 12 ਘੰਟੇ ਤੋਂ ਵੱਧ ਕੰਮ ਕਰਦੇ ਹਨ।’’

ਇਕ ਹੋਰ ਰਿਪੋਰਟ ਅਨੁਸਾਰ, ‘‘21 ਸੂਬਿਆਂ ’ਚ ਪੁਲਸ ਮੁਲਾਜ਼ਮ ਔਸਤ 11-18 ਘੰਟੇ ਕੰਮ ਕਰਦੇ ਹਨ। ਓਡਿਸ਼ਾ ’ਚ ਕੰਮ ਦੇ ਘੰਟੇ ਸਭ ਤੋਂ ਵੱਧ (18) ਹਨ।’’

ਇਕ ਹੋਰ ਐੱਨ. ਜੀ. ਓ. ਅਨੁਸਾਰ, ‘‘73 ਫੀਸਦੀ ਪੁਲਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕੰਮ ਦੇ ਬੋਝ ਦਾ ਗੰਭੀਰ ਪ੍ਰਭਾਵ ਉਨ੍ਹਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ’ਤੇ ਪੈ ਰਿਹਾ ਹੈ।’’

ਇਕ ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ‘‘ਕੌਮੀ ਪੱਧਰ ’ਤੇ 74 ਫੀਸਦੀ ਪੁਲਸ ਸਟੇਸ਼ਨ ਸਟਾਫ ਅਤੇ 76.3 ਫੀਸਦੀ ਐੱਸ. ਐੱਚ. ਓ. ਨੇ ਮਹਿਸੂਸ ਕੀਤਾ ਹੈ ਕਿ ਮੌਜੂਦਾ ਕੰਮ ਕਰਨ ਦੀ ਸਥਿਤੀ ਉਨ੍ਹਾਂ ਦੀ ਸਿਹਤ ਨੂੰ ਪ੍ਰਭਾਵਿਤ ਕਰਦੀ ਹੈ।’’ ਪੁਲਸ ਵਿਭਾਗ ’ਚ ਮੁਲਾਜ਼ਮਾਂ ਦੀ ਛੁੱਟੀ ਦੀ ਵੀ ਸਮੱਸਿਆ ਹੈ।

ਸੁਰੱਖਿਆ ਮੁਲਾਜ਼ਮ ਹੱਥੋਂ ਓਡਿਸ਼ਾ ਦੇ ਸਿਹਤ ਮੰਤਰੀ ਦੀ ਹੱਤਿਆ ਦੁਖਦਾਈ ਹੈ ਪਰ ਜਦੋਂ ਮੁਲਜ਼ਮ ਏ. ਐੱਸ. ਆਈ. 7 ਸਾਲ ਤੋਂ ਆਪਣਾ ਦਿਮਾਗੀ ਇਲਾਜ ਕਰਵਾ ਰਿਹਾ ਸੀ ਤਾਂ ਉਸ ਨੂੰ ਡਿਊਟੀ ’ਤੇ ਕਿਉਂ ਰੱਖਿਆ ਗਿਆ?

ਇਸ ਲਈ ਕੌਣ ਜ਼ਿੰਮੇਵਾਰ ਹੈ? ਜੇ ਪੁਲਸ ਪ੍ਰਣਾਲੀ ’ਚ ਕੋਈ ਗੜਬੜ ਹੈ ਤਾਂ ਉਸ ਨੂੰ ਤੁਰੰਤ ਦੂਰ ਕੀਤਾ ਜਾਏ ਤਾਂ ਜੋ ਅਜਿਹੀ ਘਟਨਾ ਮੁੜ ਨਾ ਵਾਪਰੇ।

–ਵਿਜੇ ਕੁਮਾਰ


author

Anmol Tagra

Content Editor

Related News