ਮਾਓਵਾਦੀਆਂ ਵਿਚ ''ਵਧ ਰਹੀ ਫੁੱਟ ਅਤੇ ਕਲੇਸ਼'' ਸੁਰੱਖਿਆ ਬਲਾਂ ਲਈ ''ਚੰਗਾ ਮੌਕਾ''

02/28/2018 6:28:25 AM

ਨਕਸਲਵਾਦ (ਜਾਂ ਮਾਓਵਾਦ) ਕਮਿਊਨਿਸਟ ਕ੍ਰਾਂਤੀਕਾਰੀਆਂ ਦੇ ਉਸ ਅੰਦੋਲਨ ਦਾ ਗ਼ੈਰ-ਰਸਮੀ ਨਾਂ ਹੈ, ਜੋ ਭਾਰਤੀ ਕਮਿਊਨਿਸਟ ਅੰਦੋਲਨ ਦੇ ਸਿੱਟੇ ਵਜੋਂ ਪੈਦਾ ਹੋਇਆ। 'ਨਕਸਲ' ਸ਼ਬਦ ਦੀ ਉਤਪਤੀ ਪੱਛਮੀ ਬੰਗਾਲ ਦੇ ਛੋਟੇ ਜਿਹੇ ਪਿੰਡ ਨਕਸਲਬਾੜੀ ਤੋਂ ਹੋਈ ਸੀ, ਜਿਥੇ ਭਾਰਤੀ ਕਮਿਊਨਿਸਟ ਪਾਰਟੀ ਦੇ ਨੇਤਾਵਾਂ ਚਾਰੂ ਮਜੂਮਦਾਰ (ਜੋ ਮਾਓ ਤਸੇ ਤੁੰਗ ਦਾ ਬਹੁਤ ਵੱਡਾ ਪ੍ਰਸ਼ੰਸਕ ਸੀ) ਅਤੇ ਕਾਨੂ ਸਾਨਿਆਲ ਨੇ 1967 'ਚ ਸੱਤਾ ਦੇ ਵਿਰੁੱਧ ਹਥਿਆਰਬੰਦ ਅੰਦੋਲਨ ਦੀ ਸ਼ੁਰੂਆਤ ਕੀਤੀ। 
1971 ਦੀ ਅੰਦਰੂਨੀ ਬਗਾਵਤ ਅਤੇ ਮਜੂਮਦਾਰ ਦੀ ਮੌਤ ਤੋਂ ਬਾਅਦ ਇਹ ਅੰਦੋਲਨ ਕਈ ਸ਼ਾਖਾਵਾਂ 'ਚ ਵੰਡਿਆ ਗਿਆ। ਇਸ ਸਮੇਂ ਕਈ ਨਕਸਲਵਾਦੀ/ਮਾਓਵਾਦੀ ਗਿਰੋਹ ਨਾ ਸਿਰਫ ਸਰਕਾਰ ਦੇ ਵਿਰੁੱਧ ਅਸਿੱਧੀ ਲੜਾਈ ਲੜ ਰਹੇ ਹਨ ਸਗੋਂ ਕੰਗਾਰੂ ਅਦਾਲਤਾਂ ਲਾ ਕੇ ਮਨਮਰਜ਼ੀ ਦੇ ਫੈਸਲੇ ਵੀ ਸੁਣਾ ਰਹੇ ਹਨ। ਮਾਓਵਾਦੀ ਹਿੰਸਾ ਨੂੰ ਭਾਰਤ ਦੀ ਸਭ ਤੋਂ ਮੁਸ਼ਕਿਲ ਅੰਦਰੂਨੀ ਸੁਰੱਖਿਆ ਚੁਣੌਤੀ ਮੰਨਿਆ ਜਾਂਦਾ ਹੈ।
ਇਹ ਲੋਕਾਂ ਤੋਂ ਜ਼ਬਰਦਸਤੀ ਵਸੂਲੀ, ਲੁੱਟ-ਮਾਰ ਤੇ ਕਤਲ ਕਰ ਰਹੇ ਹਨ ਪਰ ਮਾਓਵਾਦੀਆਂ ਵਿਰੁੱਧ ਕੇਂਦਰ ਸਰਕਾਰ ਅਤੇ ਸੀ. ਆਰ. ਪੀ. ਐੱਫ. ਵਲੋਂ ਰਣਨੀਤੀ 'ਚ ਤਬਦੀਲੀ ਕਾਰਨ ਇਸ 'ਚ ਕੁਝ ਕਮੀ ਜ਼ਰੂਰ ਆਈ ਹੈ ਅਤੇ ਇਸ ਸਮੇਂ ਮੁੱਖ ਤੌਰ 'ਤੇ ਇਨ੍ਹਾਂ ਨੇ ਚਾਰ ਸੂਬਿਆਂ ਬਿਹਾਰ, ਛੱਤੀਸਗੜ੍ਹ, ਝਾਰਖੰਡ ਅਤੇ ਓਡਿਸ਼ਾ 'ਚ ਹਮਲਿਆਂ ਦਾ ਸਿਲਸਿਲਾ ਜਾਰੀ ਰੱਖਿਆ ਹੋਇਆ ਹੈ।
ਹਾਲਾਂਕਿ ਭੋਪਾਲ, ਰੁੜਕੇਲਾ (ਓਡਿਸ਼ਾ) ਅਤੇ ਸ਼ੋਲਾਪੁਰ (ਮਹਾਰਾਸ਼ਟਰ) 'ਚ ਸਥਿਤ ਮਾਓਵਾਦੀਆਂ ਦੇ ਨਾਜਾਇਜ਼ ਹਥਿਆਰ ਬਣਾਉਣ ਵਾਲੇ ਤਿੰਨ ਕਾਰਖਾਨੇ ਤਬਾਹ ਕਰ ਦਿੱਤੇ ਗਏ ਹਨ ਪਰ ਅਧਿਕਾਰੀ ਮੰਨਦੇ ਹਨ ਕਿ ਬਸਤਰ-ਸੁਕਮਾ, ਆਂਧਰਾ-ਓਡਿਸ਼ਾ ਸਰਹੱਦ ਅਤੇ ਅਬੂਜਮਾਦ ਜੰਗਲ ਦੇ ਇਲਾਕੇ ਅਜਿਹੇ ਹਨ, ਜਿਥੇ ਸੁਰੱਖਿਆ ਬਲਾਂ ਦੀ ਪੂਰੀ ਤਰ੍ਹਾਂ ਪਹੁੰਚ ਨਹੀਂ ਹੋ ਸਕੀ।
ਇਸ ਦਰਮਿਆਨ ਹੁਣੇ ਜਿਹੇ ਆਪਣੀ ਮਾਓਵਾਦੀ ਪਤਨੀ ਨਾਲ ਗ੍ਰਿਫਤਾਰ ਕੀਤੇ ਗਏ ਪੁਰਾਣੇ ਅਤੇ 25 ਲੱਖ ਰੁਪਏ ਦੇ ਇਨਾਮੀ ਮਾਓਵਾਦੀ ਟੇਕ ਰਾਮੰਨਾ ਉਰਫ ਸ਼੍ਰੀਨਿਵਾਸ ਮਦਰੂ ਨੇ ਪੁਲਸ ਨੂੰ ਦੱਸਿਆ ਹੈ ਕਿ ਉਨ੍ਹਾਂ ਦੀ ਉੱਚ ਲੀਡਰਸ਼ਿਪ 'ਚ ਇਨ੍ਹੀਂ ਦਿਨੀਂ ਸੀਨੀਅਰ ਤੇ ਜੂਨੀਅਰ ਮਾਓਵਾਦੀਆਂ ਵਿਚਾਲੇ ਹੋਣ ਵਾਲੇ ਝਗੜਿਆਂ ਨੂੰ ਲੈ ਕੇ ਭਾਰੀ ਚਿੰਤਾ ਪਾਈ ਜਾ ਰਹੀ ਹੈ।
ਰਾਮੰਨਾ ਅਨੁਸਾਰ ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਮਹਾਰਾਸ਼ਟਰ ਅਤੇ ਓਡਿਸ਼ਾ ਦੀਆਂ ਹੱਦਾਂ ਨਾਲ ਲੱਗਦੇ ਦੰਡਕਾਰਣਯ ਜੰਗਲ, ਜਿਸ ਨੂੰ ਉਹ 'ਮੁਕਤ ਖੇਤਰ' ਕਹਿੰਦੇ ਹਨ, ਵਿਚ ਮਾਓਵਾਦੀਆਂ ਵਿਚਾਲੇ ਹੋਣ ਵਾਲੇ ਝਗੜਿਆਂ ਦੇ ਸਿੱਟੇ ਵਜੋਂ ਇਨ੍ਹਾਂ ਦਾ ਅਨੁਸ਼ਾਸਨ ਖਤਮ ਹੁੰਦਾ ਜਾ ਰਿਹਾ ਹੈ।
ਰਾਮੰਨਾ ਅਨੁਸਾਰ, ''ਨੌਜਵਾਨ ਮਾਓਵਾਦੀ ਹੁਣ ਆਪਣੇ ਸੀਨੀਅਰਾਂ ਦੀ ਇੱਜ਼ਤ ਨਹੀਂ ਕਰਦੇ, ਜੋ ਇਨ੍ਹਾਂ 'ਚ ਫੁੱਟ ਦੀ ਵਜ੍ਹਾ ਬਣ ਰਹੀ ਹੈ। ਜੂਨੀਅਰਾਂ ਵਲੋਂ ਸੀਨੀਅਰਾਂ ਨੂੰ ਖੁੱਡੇ ਲਾਈਨ ਲਾ ਦੇਣ ਕਾਰਨ ਉਨ੍ਹਾਂ 'ਚੋਂ ਕੁਝ ਨੇ ਤਾਂ ਖੁਦਕੁਸ਼ੀ ਤਕ ਕਰਨ ਦੀ ਕੋਸ਼ਿਸ਼ ਕੀਤੀ ਹੈ।''
''ਇਸੇ ਬੇਇੱਜ਼ਤੀ ਕਾਰਨ ਤੇਲੰਗਾਨਾ ਦੇ ਸੀਨੀਅਰ ਮਾਓਵਾਦੀ 'ਮਹਿਤਾ' ਨੇ ਖੁਦਕੁਸ਼ੀ ਕਰ ਲਈ। ਕਈ ਸੀਨੀਅਰ ਆਗੂਆਂ ਦੇ ਬੁੱਢੇ ਹੋਣ ਅਤੇ ਰਿਟਾਇਰਮੈਂਟ ਵੱਲ ਵਧਣ ਕਾਰਨ ਪਾਰਟੀ ਮੁਸ਼ਕਿਲ ਦੌਰ 'ਚੋਂ ਲੰਘ ਰਹੀ ਹੈ...ਕੁਝ ਮਾਓਵਾਦੀ ਸੰਗਠਨ ਦਾ ਪੈਸਾ ਚੋਰੀ ਕਰ ਕੇ ਆਪਣੇ ਘਰਾਂ ਨੂੰ ਭੇਜ ਰਹੇ ਹਨ, ਜੋ ਪਾਰਟੀ ਲਈ ਚਿੰਤਾ ਦਾ ਵਿਸ਼ਾ ਹੈ।''
''ਮਾਓਵਾਦੀ ਹੁਣ ਆਪਣਾ ਧਿਆਨ ਮਹਾਰਾਸ਼ਟਰ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ 'ਤੇ ਕੇਂਦ੍ਰਿਤ ਕਰ ਰਹੇ ਹਨ, ਜਿਸ ਦਾ ਨਾਂ ਉਨ੍ਹਾਂ ਨੇ ਸੁਰੱਖਿਆ ਬਲਾਂ ਨੂੰ ਗੁੰਮਰਾਹ ਕਰਨ ਤੇ ਛੱਤੀਸਗੜ੍ਹ ਦੇ ਬਸਤਰ ਇਲਾਕੇ ਵਲੋਂ ਉਨ੍ਹਾਂ ਦਾ ਧਿਆਨ ਹਟਾਉਣ ਲਈ ਐੱਮ. ਐੱਮ. ਸੀ. ਰੱਖ ਦਿੱਤਾ ਹੈ।''
ਜਿਥੇ ਪੁਲਸ ਰਾਮੰਨਾ ਦੇ ਬਿਆਨ ਦੀ ਸਾਵਧਾਨੀ ਨਾਲ ਪੜਤਾਲ ਕਰ ਰਹੀ ਹੈ, ਉਥੇ ਹੀ ਛੱਤੀਸਗੜ੍ਹ ਦੇ ਸਪੈਸ਼ਲ ਡੀ. ਜੀ. ਪੀ. (ਐਂਟੀ ਨਕਸਲ ਆਪ੍ਰੇਸ਼ਨਜ਼) ਡੀ. ਐੱਮ. ਅਵਸਥੀ ਅਨੁਸਾਰ, ''ਰਾਮੰਨਾ ਦੀ ਰਿਪੋਰਟ ਤੋਂ ਇਲਾਵਾ ਸਾਡੀ ਆਪਣੀ ਇੰਟੈਲੀਜੈਂਸ ਤੋਂ ਵੀ ਪਤਾ ਲੱਗਦਾ ਹੈ ਕਿ ਬਸਤਰ ਇਲਾਕੇ 'ਚ ਸੁਰੱਖਿਆ ਬਲਾਂ ਵਲੋਂ ਦਬਾਅ ਵਧਾ ਦੇਣ ਕਾਰਨ ਮਾਓਵਾਦੀਆਂ ਵਿਚਾਲੇ ਅੰਦਰੂਨੀ ਲੜਾਈ ਵਧ ਗਈ ਹੈ।''
ਮਾਓਵਾਦੀਆਂ/ਨਕਸਲਵਾਦੀਆਂ ਪ੍ਰਤੀ ਸਾਡੀਆਂ ਕੇਂਦਰ ਤੇ ਸੂਬਾਈ ਸਰਕਾਰਾਂ ਲਗਾਤਾਰ ਆਪਣਾ ਸਟੈਂਡ ਬਦਲਦੀਆਂ ਰਹੀਆਂ ਹਨ ਅਤੇ ਇਕ ਆਮ ਬਹਾਨਾ ਇਹ ਹੈ ਕਿ ਕਾਨੂੰਨ-ਵਿਵਸਥਾ ਸੂਬਿਆਂ ਦੀ ਸਮੱਸਿਆ ਹੈ। ਲਿਹਾਜ਼ਾ ਇਸ ਨਾਲ ਨਜਿੱਠਣ ਦਾ ਜ਼ਿੰਮਾ ਵੀ ਸੂਬਿਆਂ ਦਾ ਹੀ ਹੈ।
ਇਸ ਲਈ ਦੇਸ਼ ਨੂੰ ਇਨ੍ਹਾਂ ਦੇ ਖਤਰੇ ਤੋਂ ਮੁਕਤ ਕਰਵਾਉਣ ਲਈ ਮਾਓਵਾਦ ਤੋਂ ਪੀੜਤ ਇਲਾਕਿਆਂ 'ਚ ਵਿਕਾਸ ਦੀ ਰਫਤਾਰ ਤੇਜ਼ ਕਰਨ ਅਤੇ ਇਨ੍ਹਾਂ ਵਿਰੁੱਧ ਉਸੇ ਤਰ੍ਹਾਂ ਫੌਜੀ ਕਾਰਵਾਈ ਕਰਨ ਦੀ ਲੋੜ ਹੈ, ਜਿਸ ਤਰ੍ਹਾਂ ਸ਼੍ਰੀਲੰਕਾ ਸਰਕਾਰ ਨੇ ਲਿੱਟੇ ਅੱਤਵਾਦੀਆਂ ਵਿਰੁੱਧ ਕਾਰਵਾਈ ਕਰ ਕੇ 6 ਮਹੀਨਿਆਂ 'ਚ ਹੀ ਆਪਣੇ ਦੇਸ਼ 'ਚੋਂ ਉਨ੍ਹਾਂ ਦਾ ਸਫਾਇਆ ਕਰ ਦਿੱਤਾ ਸੀ। ਇਸ ਸਮੇਂ ਜਦੋਂ ਨਕਸਲੀਆਂ 'ਚ ਭਾਰੀ ਫੁੱਟ ਪਈ ਹੋਈ ਹੈ, ਅਜਿਹਾ ਕਰਨ ਦਾ ਇਹ ਚੰਗਾ ਮੌਕਾ ਕਿਹਾ ਜਾ ਸਕਦਾ ਹੈ।         —ਵਿਜੇ ਕੁਮਾਰ


Related News