ਮਮਤਾ ਦੀ ਜਿੱਤ ਭਾਜਪਾ ਲਈ ਇਕ ਸੰਦੇਸ਼

10/05/2021 3:14:30 AM

ਇਸ ਸਾਲ ਪੱਛਮੀ ਬੰਗਾਲ ਵਿਧਾਨ ਸਭਾ ਦੀਆਂ ਚੋਣਾਂ ’ਚ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਨੇ 213 ਸੀਟਾਂ ਜਿੱਤ ਕੇ ਭਾਜਪਾ ਨੂੰ ਕਰਾਰੀ ਹਾਰ ਦਿੱਤੀ ਪਰ ਮਮਤਾ ਬੈਨਰਜੀ ਖੁਦ ਚੋਣਾਂ ’ਚ ਨਹੀਂ ਜਿੱਤ ਸਕੀ।

ਹਾਲਾਂਕਿ ਉਨ੍ਹਾਂ ਨੂੰ 3 ਮਈ ਨੂੰ ਵਿਧਾਇਕ ਦਲ ਦੀ ਨੇਤਾ ਚੁਣ ਲਿਆ ਗਿਆ ਅਤੇ 5 ਮਈ ਨੂੰ ਉਨ੍ਹਾਂ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਵੀ ਚੁੱਕ ਲਈ ਪਰ ਇਸ ਅਹੁਦੇ ’ਤੇ ਟਿਕੇ ਰਹਿਣ ਲਈ ਮਮਤਾ ਨੂੰ 6 ਮਹੀਨਿਆਂ ਅੰਦਰ ਚੋਣ ਜਿੱਤਣੀ ਜ਼ਰੂਰੀ ਸੀ।

ਇਸੇ ਲਈ ਉਨ੍ਹਾਂ ਆਪਣੀ ਪੁਰਾਣੀ ਭਵਾਨੀਪੁਰ ਸੀਟ ਤੋਂ ਪਾਰਟੀ ਦੇ ਵਿਧਾਇਕ ਸ਼ੋਭਨ ਚਟੋਪਾਧਿਆਏ ਤੋਂ ਅਸਤੀਫਾ ਦਿਵਾ ਕੇ ਉਪ ਚੋਣ ਲੜੀ, ਜਿਸ ’ਚ ਉਨ੍ਹਾਂ ਭਾਜਪਾ ਦੀ ਪ੍ਰਿਯੰਕਾ ਟਿਬਰੇਵਾਲ ਨੂੰ 58,835 ਵੋਟਾਂ ਦੇ ਭਾਰੀ ਫਰਕ ਨਾਲ ਹਰਾ ਕੇ 2011 ’ਚ ਇਸੇ ਸੀਟ ’ਤੇ ਦਰਜ ਆਪਣਾ ਜਿੱਤ ਦਾ ਰਿਕਾਰਡ ਤੋੜ ਦਿੱਤਾ।

ਇਸ ਦੌਰਾਨ ਪ੍ਰਿਯੰਕਾ ਟਿਬਰੇਵਾਲ ਨੇ ਇਸ ਚੋਣ ’ਚ ਤ੍ਰਿਣਮੂਲ ਕਾਂਗਰਸ ’ਤੇ ਫਰਜ਼ੀ ਪੋਲਿੰਗ ਦਾ ਦੋਸ਼ ਲਾਇਆ ਹੈ, ਉਥੇ ਹੀ ਮਮਤਾ ਬੈਨਰਜੀ ਨੇ ਇਸ ਜਿੱਤ ਨੂੰ ਇਸ ਸਾਜ਼ਿਸ਼ ਵਿਰੁੱਧ ਦੱਸਿਆ, ਜੋ ਨੰਦੀਗ੍ਰਾਮ ’ਚ ਉਨ੍ਹਾਂ ਨੂੰ ਹਰਾਉਣ ਲਈ ਰਚੀ ਗਈ ਸੀ।

ਚੋਣਾਂ ਤੋਂ ਪਹਿਲਾਂ ਤ੍ਰਿਣਮੂਲ ਕਾਂਗਰਸ ’ਚ ਮਚੀ ਭਾਜੜ ਕਾਰਨ ਵੱਡੀ ਗਿਣਤੀ ’ਚ ਵਿਧਾਇਕ ਅਤੇ ਹੋਰ ਨੇਤਾ ਪਾਰਟੀ ਛੱਡ ਕੇ ਭਾਜਪਾ ’ਚ ਚਲੇ ਗਏ ਸਨ ਪਰ ਭਾਜਪਾ ਨੇ 34 ਦਲ-ਬਦਲੂ ਵਿਧਾਇਕਾਂ ’ਚੋਂ ਜਿਨ੍ਹਾਂ 13 ਵਿਧਾਇਕਾਂ ਨੂੰ ਟਿਕਟ ਦੇ ਕੇ ਚੋਣਾਂ ’ਚ ਉਤਾਰਿਆ, ਉਨ੍ਹਾਂ ’ਚੋਂ ਸਿਰਫ 5 ਹੀ ਜਿੱਤ ਸਕੇ ਸਨ।

ਇਸ ਤੋਂ ਬਾਅਦ ਤ੍ਰਿਣਮੂਲ ਕਾਂਗਰਸ ’ਚੋਂ ਦਲ-ਬਦਲੂਆਂ ਨੂੰ ਸ਼ਾਮਲ ਕਰਨ ’ਤੇ ਭਾਜਪਾ ਲੀਡਰਸ਼ਿਪ ਦੀ ਆਲੋਚਨਾ ਵੀ ਹੋਈ ਸੀ ਅਤੇ ਪਾਰਟੀ ਦੇ ਸੀਨੀਅਰ ਨੇਤਾ ਤੇ ਮੇਘਾਲਿਆ ਦੇ ਸਾਬਕਾ ਰਾਜਪਾਲ ਤਥਾਗਤ ਰਾਏ ਦੀਆਂ ਟਿੱਪਣੀਆਂ ਕਾਰਨ ਵਿਵਾਦ ਖੜ੍ਹਾ ਹੋ ਗਿਆ ਸੀ।

7 ਮਈ ਨੂੰ ਤਥਾਗਤ ਰਾਏ ਨੇ ਕਿਹਾ, ‘‘80 ਦੇ ਦਹਾਕੇ ਪਿੱਛੋਂ ਬੰਗਾਲ ’ਚ ਪਾਰਟੀ ਦਾ ਆਧਾਰ ਬਣਾਉਣ ਲਈ ਮਿਹਨਤ ਕਰਨ ਵਾਲੇ ਵਰਕਰਾਂ ਨੂੰ ਅਣਡਿੱਠ ਕੀਤਾ ਗਿਆ। ਮੈਨੂੰ ਹੁਣ ਇਸੇ ਗੱਲ ਦਾ ਖਦਸ਼ਾ ਹੈ ਕਿ ਜੋ ਕਚਰਾ ਤ੍ਰਿਣਮੂਲ ਕਾਂਗਰਸ ਤੋਂ ਭਾਜਪਾ ’ਚ ਆਇਆ ਹੈ, ਉਹ ਹੁਣ ਵਾਪਸ ਜਾਵੇਗਾ ਅਤੇ ਹੋ ਸਕਦਾ ਹੈ ਕਿ ਜੇ ਭਾਜਪਾ ਵਰਕਰਾਂ ਨੂੰ ਪਾਰਟੀ ’ਚ ਤਬਦੀਲੀ ਨਜ਼ਰ ਨਾ ਆਈ ਤਾਂ ਉਹ ਵੀ ਚਲੇ ਜਾਣਗੇ। ਇਸ ਤਰ੍ਹਾਂ ਇਹ ਬੰਗਾਲ ਭਾਜਪਾ ਦਾ ਅੰਤ ਹੋਵੇਗਾ।’’

ਬੰਗਾਲ ਦੀਆਂ ਚੋਣਾਂ ਤੋਂ ਬਾਅਦ ਦਾ ਘਟਨਾਚੱਕਰ ਗਵਾਹ ਹੈ ਕਿ ਤਥਾਗਤ ਰਾਏ ਦਾ ਉਕਤ ਕਥਨ ਸਹੀ ਸਿੱਧ ਹੋਇਆ ਹੈ ਅਤੇ ਵਧੇਰੇ ਦਲ-ਬਦਲੂ ਵਾਪਸ ਤ੍ਰਿਣਮੂਲ ਕਾਂਗਰਸ ’ਚ ਪਰਤ ਚੁੱਕੇ ਹਨ। ਪੁਰਾਣੇ ਸਮੇਂ ਤੋਂ ਹੀ ਇਹ ਕਹਾਵਤ ਚਲੀ ਆ ਰਹੀ ਹੈ ਕਿ ਸਾਨੂੰ ਬਜ਼ੁਰਗਾਂ ਦੀ ਗੱਲ ਸੁਣਨੀ ਚਾਹੀਦੀ ਹੈ। ਇਸੇ ਲਈ ਪੁਰਾਣੇ ਜ਼ਮਾਨੇ ’ਚ ਲੋਕ ਆਪਣੇ ਬਜ਼ੁਰਗਾਂ ਨੂੰ ਵਿਆਹ-ਸ਼ਾਦੀ ਆਦਿ ਦੇ ਮੌਕੇ ’ਤੇ ਆਪਣੇ ਨਾਲ ਜ਼ਰੂਰ ਲੈ ਕੇ ਜਾਂਦੇ ਸਨ ਤਾਂ ਜੋ ਲੋੜ ਪੈਣ ’ਤੇ ਉਨ੍ਹਾਂ ਦੀ ਸਲਾਹ ਲੈ ਸਕਣ।

ਮਮਤਾ ਦੀ ਜਿੱਤ ਭਾਜਪਾ ਲਈ ਇਕ ਸੰਦੇਸ਼ ਹੈ ਕਿ ਇਸ ਦੇ ਆਗੂਆਂ ਨੂੰ ਤਥਾਗਤ ਰਾਏ (76) ਵਰਗੇ ਆਪਣੇ ਆਗੂਆਂ ਦੀ ਗੱਲ ਸੁਣਨੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਆਪਣੇ ਨਾਲ ਰੱਖਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੀਆਂ ਚੋਣਾਂ ’ਚ ਪਾਰਟੀ ਨੂੰ ਇਸ ਤਰ੍ਹਾਂ ਦਾ ਨੁਕਸਾਨ ਨਾ ਉਠਾਉਣਾ ਪਵੇ।

–ਵਿਜੇ ਕੁਮਾਰ


Bharat Thapa

Content Editor

Related News