ਗ੍ਰਹਿਸਥੀ ਸੰਤ ਨੂੰ ਮਾਨਤਾ ਦੇ ਫੈਸਲੇ ''ਤੇ ਅਖਾੜਾ ਪ੍ਰੀਸ਼ਦ ਮੁੜ ਵਿਚਾਰ ਕਰੇ

06/19/2018 3:45:23 AM

ਸਮੇਂ ਦੇ ਨਾਲ-ਨਾਲ ਕੁਝ ਬਾਬਿਆਂ ਦੀ ਪੋਲ ਖੁੱਲ੍ਹ ਰਹੀ ਹੈ। ਸਵਾਮੀ ਪ੍ਰੇਮਾਨੰਦ, ਸਵਾਮੀ ਸਦਾਚਾਰੀ, ਸਵਾਮੀ ਭੀਮਾਨੰਦ, ਸੰਤ ਆਸਾ ਰਾਮ, ਗੁਰਮੀਤ ਰਾਮ ਰਹੀਮ, ਨਾਰਾਇਣ ਸਾਈਂ, ਵੀਰੇਂਦਰ ਦੇਵ ਦੀਕਸ਼ਿਤ, ਨਿੱਤਿਆਨੰਦ, ਕੌਸ਼ਲੇਂਦਰ ਫਲਾਹਾਰੀ ਮਹਾਰਾਜ, ਮਦਨ ਦਾਤੀ (ਦਾਤੀ ਮਹਾਰਾਜ) ਆਦਿ ਵਿਰੁੱਧ ਬਲਾਤਕਾਰ ਦੇ ਦੋਸ਼ਾਂ ਤੋਂ ਸਮਾਜ ਹੱਕਾ-ਬੱਕਾ ਹੈ। 
ਇਸੇ ਨੂੰ ਦੇਖਦਿਆਂ ਜਿਥੇ ਮਦਨ ਦਾਤੀ ਮਹਾਰਾਜ 'ਤੇ ਯੌਨ ਸ਼ੋਸ਼ਣ ਦਾ ਦੋਸ਼ ਲੱਗਣ ਨਾਲ ਅਸਹਿਜ ਸਾਧੂ-ਸੰਤਾਂ ਦੇ 13 ਪ੍ਰਮੁੱਖ ਅਖਾੜਿਆਂ ਦੀ ਚੋਟੀ ਦੀ ਸੰਸਥਾ 'ਅਖਿਲ ਭਾਰਤੀ ਅਖਾੜਾ ਪ੍ਰੀਸ਼ਦ' ਦੇ ਮੁਖੀ ਮਹੰਤ ਨਰੇਂਦਰ ਗਿਰੀ ਜੀ ਨੇ ਸੰਤਾਂ-ਮਹਾਤਮਾਵਾਂ ਅਤੇ ਬਾਬਿਆਂ ਦੀ ਕਾਰਜ ਪ੍ਰਣਾਲੀ ਦੀ ਜਾਂਚ ਕਰਨ ਦਾ ਸੰਕੇਤ ਦਿੱਤਾ ਹੈ, ਉਥੇ ਹੀ ਉਨ੍ਹਾਂ ਨੇ ਕਥਿਤ ਪਰਿਵਾਰਕ ਕਲੇਸ਼ ਕਾਰਨ ਭਈਯੂ ਮਹਾਰਾਜ ਦੀ ਖ਼ੁਦਕੁਸ਼ੀ ਤੋਂ ਬਾਅਦ ਗ੍ਰਹਿਸਥੀ ਸੰਤਾਂ ਬਾਰੇ ਇਕ ਅਹਿਮ ਬਿਆਨ ਦਿੱਤਾ ਹੈ। 
ਮਹੰਤ ਨਰੇਂਦਰ ਗਿਰੀ ਜੀ ਅਨੁਸਾਰ ਮੌਜੂਦਾ ਸਥਿਤੀਆਂ ਵਿਚ ਸਾਰੇ ਅਖਾੜਿਆਂ ਵਲੋਂ ਆਪਣੇ ਮਹਾਤਮਾਵਾਂ ਦੀ ਕਾਰਜ ਪ੍ਰਣਾਲੀ ਦੀ ਜਾਂਚ ਕਰਵਾਉਣਾ ਜ਼ਰੂਰੀ ਹੋ ਗਿਆ ਹੈ। ਉਨ੍ਹਾਂ ਨੇ ਮਦਨ ਦਾਤੀ 'ਤੇ ਲਾਏ ਗਏ ਦੋਸ਼ਾਂ ਦੀ ਨਿਰਪੱਖ ਜਾਂਚ ਕਰਵਾਉਣ ਤੋਂ ਬਾਅਦ ਉਨ੍ਹਾਂ ਵਿਰੁੱਧ ਕਾਰਵਾਈ ਤੇ ਇਸ ਗੱਲ ਨੂੰ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ ਤਾਂ ਕਿ ਭਵਿੱਖ ਵਿਚ ਮੁੜ ਕੋਈ ਅਜਿਹੀ ਘਟਨਾ ਨਾ ਦੁਹਰਾਵੇ। 
ਇਸ ਦੇ ਨਾਲ ਹੀ ਜਿਥੇ 'ਅਖਾੜਾ ਪ੍ਰੀਸ਼ਦ' ਨੇ 13 ਅਖਾੜਿਆਂ ਦੇ ਆਚਾਰੀਆ ਪੀਠਾਧੀਸ਼ਵਰਾਂ, ਅਹੁਦੇਦਾਰਾਂ ਤੋਂ ਆਪੋ-ਆਪਣੇ ਮਹੰਤ, ਸ਼੍ਰੀ ਮਹੰਤ, ਮੰਡਲੇਸ਼ਵਰ, ਮਹਾਮੰਡਲੇਸ਼ਵਰ ਅਤੇ ਨਾਗਾ ਸੰਨਿਆਸੀਆਂ ਦੀ ਸਮਾਜਿਕ, ਚਰਿੱਤਰਿਕ ਅਤੇ ਆਰਥਿਕ ਪੜਤਾਲ ਕਰਵਾਉਣ ਦੀ ਯੋਜਨਾ ਬਣਾਈ ਹੈ, ਉਥੇ ਹੀ ਇਸ ਨੇ 'ਗ੍ਰਹਿਸਥ ਸੰਤਾਂ' ਦੀ ਧਾਰਨਾ 'ਤੇ ਵੀ ਨਾਖੁਸ਼ੀ ਜ਼ਾਹਿਰ ਕਰਦਿਆਂ ਦੋ-ਟੁੱਕ ਕਿਹਾ ਹੈ ਕਿ ਪ੍ਰੀਸ਼ਦ ਧਰਮ ਅਤੇ ਅਧਿਆਤਮ ਖੇਤਰ ਦੀਆਂ ਵਿਆਹੁਤਾ ਹਸਤੀਆਂ ਨੂੰ ਸੰਤ ਦਾ ਦਰਜਾ ਨਹੀਂ ਦਿੰਦੀ। 
ਆਪਣੇ ਭਗਤਾਂ ਵਿਚ 'ਰਾਸ਼ਟਰ ਸੰਤ' ਵਜੋਂ ਮਸ਼ਹੂਰ ਭਈਯੂ ਮਹਾਰਾਜ ਦੇ ਕਥਿਤ ਪਰਿਵਾਰਕ ਕਲੇਸ਼ ਕਾਰਨ ਖ਼ੁਦਕੁਸ਼ੀ ਕਰਨ ਤੋਂ ਬਾਅਦ ਸੰਤਾਂ ਦੀ ਭੂਮਿਕਾ 'ਤੇ ਜਾਰੀ ਬਹਿਸ ਦਰਮਿਆਨ ਮਹੰਤ ਨਰੇਂਦਰ ਗਿਰੀ ਜੀ ਨੇ ਕਿਹਾ, ''ਭਈਯੂ ਮਹਾਰਾਜ ਦੀ ਮੌਤ ਦਾ ਸਾਨੂੰ ਦੁੱਖ ਹੈ। ਉਹ ਇਕ ਸਨਮਾਨਜਨਕ ਵਿਅਕਤੀ ਸਨ ਪਰ ਸਾਡਾ ਸਪੱਸ਼ਟ ਤੌਰ 'ਤੇ ਮੰਨਣਾ ਹੈ ਕਿ ਧਰਮ-ਅਧਿਆਤਮ ਜਗਤ ਦੀਆਂ ਵਿਆਹੁਤਾ ਹਸਤੀਆਂ ਨੂੰ ਸੰਤ ਨਹੀਂ ਕਹਿਣਾ ਚਾਹੀਦਾ।''
ਉਨ੍ਹਾਂ ਇਹ ਸਲਾਹ ਵੀ ਦਿੱਤੀ ਕਿ ਭਈਯੂ ਮਹਾਰਾਜ ਦੀ ਖ਼ੁਦਕੁਸ਼ੀ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੂੰ ਆਪਸ ਵਿਚ ਝਗੜਾ ਨਹੀਂ ਕਰਨਾ ਚਾਹੀਦਾ, ਨਹੀਂ ਤਾਂ ਉਨ੍ਹਾਂ ਦੇ ਹਜ਼ਾਰਾਂ ਪੈਰੋਕਾਰਾਂ ਦੀ ਆਸਥਾ ਨੂੰ ਠੇਸ ਲੱਗੇਗੀ। 
ਮਹੰਤ ਨਰੇਂਦਰ ਗਿਰੀ ਜੀ ਨੇ ਕਿਹਾ,''ਅਸੀਂ ਗ੍ਰਹਿਸਥ ਸੰਤ ਵਰਗੀ ਕਿਸੇ ਧਾਰਨਾ ਨੂੰ ਬਿਲਕੁਲ ਮਾਨਤਾ ਨਹੀਂ ਦਿੰਦੇ। ਅਸੀਂ ਇਸ ਸ਼ਬਦਾਵਲੀ ਦਾ ਕਈ ਵਾਰ ਵਿਰੋਧ ਵੀ ਕੀਤਾ ਹੈ। ਧਰਮ-ਅਧਿਆਤਮ ਖੇਤਰ ਦੀਆਂ ਹਸਤੀਆਂ ਨੂੰ ਤੈਅ ਕਰ ਲੈਣਾ ਚਾਹੀਦਾ ਹੈ ਕਿ ਉਹ ਸੰਤਤਵ ਚਾਹੁੰਦੇ ਹਨ ਜਾਂ ਘਰ-ਗ੍ਰਹਿਸਥੀ। ਉਨ੍ਹਾਂ ਨੂੰ ਇਕੋ ਸਮੇਂ ਦੋ ਬੇੜੀਆਂ ਦੀ ਸਵਾਰੀ ਨਹੀਂ ਕਰਨੀ ਚਾਹੀਦੀ, ਨਹੀਂ ਤਾਂ ਉਹ ਪਰਿਵਾਰਕ ਤਣਾਅ-ਦਬਾਅ ਦੇ ਸੁਭਾਵਿਕ ਤੌਰ 'ਤੇ ਸ਼ਿਕਾਰ ਰਹਿਣਗੇ।''
ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਧਰਮ ਅਤੇ ਅਧਿਆਤਮ ਦੇ ਖੇਤਰ ਵਿਚ ਅੱਜ ਤੋਂ ਲੱਗਭਗ 50 ਸਾਲ ਪਹਿਲਾਂ ਅਖੌਤੀ ਗ੍ਰਹਿਸਥ ਸੰਤਾਂ ਨੂੰ ਤਵੱਜੋ ਨਹੀਂ ਦਿੱਤੀ ਜਾਂਦੀ ਸੀ ਪਰ ਹੁਣ ਸਥਿਤੀ ਇਸ ਦੇ ਪੂਰੀ ਤਰ੍ਹਾਂ ਉਲਟ ਹੋ ਗਈ ਹੈ। 
ਮਹੰਤ ਨਰੇਂਦਰ ਗਿਰੀ ਜੀ ਦਾ ਉਕਤ ਕਥਨ ਸਹੀ ਹੈ। ਪ੍ਰਾਚੀਨ ਕਾਲ ਵਿਚ ਅਜਿਹਾ ਹੀ ਸੀ ਪਰ ਅੱਜ ਦੇ ਬਦਲੇ ਹੋਏ ਹਾਲਾਤ 'ਚ ਸਮੇਂ-ਸਮੇਂ 'ਤੇ ਸਮੁੱਚੇ ਸੰਤ ਸਮਾਜ ਦੀ ਬਦਨਾਮੀ ਦਾ ਕਾਰਨ ਬਣਨ ਵਾਲੇ ਕੁਝ ਸੰਤਾਂ-ਮਹਾਤਮਾਵਾਂ ਤੇ ਬਾਬਿਆਂ ਬਾਰੇ ਪ੍ਰੇਸ਼ਾਨ ਕਰਨ ਵਾਲੀਆਂ ਖ਼ਬਰਾਂ ਲਗਾਤਾਰ ਆ ਰਹੀਆਂ ਹਨ। 
ਅਸਲ ਵਿਚ ਸਰੀਰਕ ਲੋੜਾਂ ਕਾਰਨ ਅਕਸਰ ਵੱਖ-ਵੱਖ ਧਰਮਾਂ ਵਿਚ ਸੰਤਾਂ-ਮਹਾਤਮਾਵਾਂ ਤੇ ਬਾਬਿਆਂ 'ਤੇ ਯੌਨ ਸ਼ੋਸ਼ਣ ਦੇ ਦੋਸ਼ ਲੱਗਦੇ ਰਹੇ ਹਨ। 
ਪਿਛਲੇ ਦਿਨੀਂ ਹੀ ਗਾਜ਼ੀਆਬਾਦ ਦੇ ਇਕ ਮਦਰੱਸੇ ਵਿਚ 10 ਸਾਲਾ ਬੱਚੀ ਨਾਲ ਬਲਾਤਕਾਰ ਦੇ ਮਾਮਲੇ ਵਿਚ ਇਕ ਮੌਲਾਨਾ ਨੂੰ ਗ੍ਰਿਫਤਾਰ ਕੀਤਾ ਗਿਆ, ਜਦਕਿ ਇਕ ਹੋਰ ਘਟਨਾ ਵਿਚ ਨਰੇਲਾ ਵਿਖੇ ਇਕ 70 ਸਾਲਾ ਮਦਰੱਸਾ ਟੀਚਰ ਨੂੰ 9 ਸਾਲਾਂ ਦੀ ਇਕ ਬੱਚੀ ਨਾਲ ਘਿਨਾਉਣਾ ਅਪਰਾਧ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ। 
ਇਸੇ ਸਥਿਤੀ ਤੋਂ ਬਚਣ ਲਈ ਕੁਝ ਸਮਾਂ ਪਹਿਲਾਂ ਅਮਰੀਕਾ ਵਿਚ ਮੈਰੋਨਾਈਟ ਕੈਥੋਲਿਕ ਗਿਰਜਾਘਰ ਵਿਚ ਇਕ ਵਿਆਹੇ ਹੋਏ ਵਿਅਕਤੀ ਨੂੰ ਪਾਦਰੀ ਬਣਾ ਕੇ ਨਵੀਂ ਪਹਿਲ ਕੀਤੀ ਗਈ ਹੈ ਅਤੇ ਇਸ ਤੋਂ ਇਲਾਵਾ ਵੀ ਪੋਪ ਫਰਾਂਸਿਸ ਨੇ ਵਿਆਹੇ ਹੋਏ ਲੋਕਾਂ ਨੂੰ ਵਿਸ਼ੇਸ਼ ਸਥਿਤੀਆਂ ਵਿਚ ਪਾਦਰੀ ਬਣਨ ਦੀ ਇਜਾਜ਼ਤ ਦੇਣ ਦੇ ਸਬੰਧ ਵਿਚ ਵਿਚਾਰ ਕਰਨ ਦੀ ਬ੍ਰਾਜ਼ੀਲ ਦੇ ਪਾਦਰੀਆਂ ਨੂੰ ਅਪੀਲ ਕੀਤੀ ਹੈ। 
ਸਾਡੇ ਵਿਚਾਰ ਅਨੁਸਾਰ ਅੱਜ ਦੇ ਹਾਲਾਤ ਵਿਚ ਸੰਤ ਸਮਾਜ ਦੇ ਮੈਂਬਰਾਂ ਦਾ ਗ੍ਰਹਿਸਥ ਜੀਵਨ ਵਿਚ ਸ਼ਾਮਿਲ ਹੋਣਾ ਸੰਤਾਂ-ਮਹਾਤਮਾਵਾਂ 'ਤੇ ਲੱਗਣ ਵਾਲੇ ਯੌਨ ਸ਼ੋਸ਼ਣ ਦੇ ਦੋਸ਼ਾਂ ਨੂੰ ਰੋਕਣ ਵਿਚ ਸਹਾਈ ਸਿੱਧ ਹੋ ਸਕਦਾ ਹੈ। ਬੇਸ਼ੱਕ ਅਖਾੜਾ ਪ੍ਰੀਸ਼ਦ ਦਾ ਫੈਸਲਾ ਆਪਣੀ ਜਗ੍ਹਾ ਠੀਕ ਹੈ ਪਰ ਬਦਲੇ ਹੋਏ ਹਾਲਾਤ ਵਿਚ ਇਸ 'ਤੇ ਮੁੜ ਵਿਚਾਰ ਕਰਨ ਦੀ ਲੋੜ ਹੈ।                                                           
—ਵਿਜੇ ਕੁਮਾਰ


Vijay Kumar Chopra

Chief Editor

Related News