ਮੱਧ ਪ੍ਰਦੇਸ਼ ਵਿਚ ‘ਮਹਿਲਾਵਾਂ ਲਈ ਸ਼ਰਾਬ ਦੀਆਂ ਦੁਕਾਨਾਂ’ ‘ਗਾਂਧੀ ਜੀ ਦੇ ਸਿਧਾਂਤਾਂ ਦੀ ਹੱਤਿਆ’

03/10/2020 1:31:53 AM

ਅੱਜ ਸਮੁੱਚੇ ਦੇਸ਼ ’ਚ ਸ਼ਰਾਬ ਅਤੇ ਹੋਰ ਨਸ਼ਿਆਂ ਦੀ ਵਰਤੋਂ ਲਗਾਤਾਰ ਵਧ ਰਹੀ ਹੈ ਅਤੇ ਉਸੇ ਅਨੁਪਾਤ ’ਚ ਜੁਰਮ ਵੀ ਵਧ ਰਹੇ ਹਨ। ਸ਼ਰਾਬ ਦੀ ਵਰਤੋਂ ਨਾਲ ਵੱਡੀ ਗਿਣਤੀ ’ਚ ਔਰਤਾਂ ਦੇ ਸੁਹਾਗ ਉੱਜੜ ਰਹੇ ਹਨ, ਬੱਚੇ ਅਨਾਥ ਹੋ ਰਹੇ ਹਨ ਅਤੇ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦਾ ਘੁਣ ਖੋਖਲਾ ਕਰ ਰਿਹਾ ਹੈ। ਸ਼ਰਾਬ ਦੇ ਭੈੜੇ ਅਸਰਾਂ ਨੂੰ ਦੇਖਦੇ ਹੋਏ ਹੀ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਗੁਲਾਮੀ ਦੇ ਯੁੱਗ ’ਚ ਐਲਾਨ ਕੀਤਾ ਸੀ ਕਿ ‘‘ਜੇਕਰ ਭਾਰਤ ਦਾ ਸ਼ਾਸਨ ਅੱਧੇ ਘੰਟੇ ਲਈ ਵੀ ਮੇਰੇ ਹੱਥ ਵਿਚ ਆ ਜਾਵੇ ਤਾਂ ਮੈਂ ਸ਼ਰਾਬ ਦੀਆਂ ਸਾਰੀਆਂ ਡਿਸਟਿੱਲਰੀਆਂ ਅਤੇ ਦੁਕਾਨਾਂ ਨੂੰ ਬਿਨਾਂ ਮੁਆਵਜ਼ਾ ਦਿੱਤੇ ਹੀ ਬੰਦ ਕਰ ਦਿਆਂਗਾ।’’ ਇਹੀ ਨਹੀਂ, ਗਾਂਧੀ ਜੀ ਨੇ ਮਹਿਲਾਵਾਂ ਨੂੰ ਵੀ ਆਜ਼ਾਦੀ ਅੰਦੋਲਨ ਨਾਲ ਜੋੜਿਆ ਅਤੇ ਦੇਸ਼ ਦੇ ਕੋਨੇ-ਕੋਨੇ ’ਚ ਮਹਿਲਾਵਾਂ ਦੇ ਛੋਟੇ ਦੁੱਧ ਪੀਂਦੇ ਬੱਚਿਆਂ ਤਕ ਨੂੰ ਗੋਦ ’ਚ ਲੈ ਕੇ ਸ਼ਰਾਬਬੰਦੀ ਦੀ ਮੰਗ ਦੇ ਨਾਲ-ਨਾਲ ਵਿਦੇਸ਼ੀ ਕੱਪੜਿਆਂ ਦੀ ਹੋਲੀ ਸਾੜੀ ਅਤੇ ਅਨੇਕਾਂ ਮਹਿਲਾਵਾਂ ਨੇ 2-2, 3-3 ਸਾਲ ਦੀ ਕੈਦ ਵੀ ਕੱਟੀ ਸੀ। ਹੁਣ ਉਨ੍ਹਾਂ ਹੀ ਮਹਾਤਮਾ ਗਾਂਧੀ ਦੀ ਨਾਮਲੇਵਾ ਅਤੇ 15 ਸਾਲ ਬਾਅਦ ਮੱਧ ਪ੍ਰਦੇਸ਼ ’ਚ ਸੱਤਾ ’ਚ ਆਈ ਕਮਲਨਾਥ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਸੂਬੇ ਦੀਆਂ ਮਹਿਲਾਵਾਂ ਲਈ ਵੱਖਰੀਆਂ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦਾ ਫੈਸਲਾ ਲਿਆ ਹੈ ਤਾਂ ਕਿ ਉਹ ਵੀ ਬਿਨਾਂ ਕਿਸੇ ਸਮੱਸਿਆ ਦੇ ਸ਼ਰਾਬ ਖਰੀਦ ਸਕਣ। ਸਰਕਾਰ ਦੇ ਅਨੁਸਾਰ ਸ਼ੁਰੂ ’ਚ ਭੋਪਾਲ, ਇੰਦੌਰ, ਜਬਲਪੁਰ, ਗਵਾਲੀਅਰ ’ਚ ਇਕ-ਇਕ ਦੁਕਾਨ ਖੋਲ੍ਹੀ ਜਾਵੇਗੀ ਅਤੇ ਇਨ੍ਹਾਂ ਸਾਰੀਆਂ ਦੁਕਾਨਾਂ ’ਤੇ ‘ਮਹਿਲਾਵਾਂ ਦੀ ਪਸੰਦੀਦਾ’ ਵਾਈਨ ਅਤੇ ਵ੍ਹਿਸਕੀ ਦੇ ਬ੍ਰਾਂਡਜ਼ ਮੁਹੱਈਆ ਹੋਣਗੇ। ਮਹਿਲਾਵਾਂ ਵਲੋਂ ਵਰਤੀ ਜਾਣ ਵਾਲੀ ਸ਼ਰਾਬ ਦੀ ਕੁਆਲਿਟੀ ਵਧੀਆ ਰਹੇ, ਇਸ ਲਈ ਸਿਰਫ ਵਿਦੇਸ਼ੀ ਸ਼ਰਾਬਾਂ ਹੀ ਇਨ੍ਹਾਂ ਦੁਕਾਨਾਂ ’ਤੇ ਵੇਚੀਆਂ ਜਾਣਗੀਆਂ। ਇਕ ਸਰਕਾਰੀ ਅਧਿਕਾਰੀ ਦੇ ਅਨੁਸਾਰ, ‘‘ਇਹ ਦੁਕਾਨਾਂ ਸੂਬੇ ’ਚ ਮਹਿੰਗੀ ਸ਼ਰਾਬ ਦਾ ਬਾਜ਼ਾਰ ਖੋਲ੍ਹਣ ਦਾ ਕੰਮ ਵੀ ਕਰਨਗੀਆਂ ਅਤੇ ਇਨ੍ਹਾਂ ’ਚ ਉਹ ਵਿਦੇਸ਼ੀ ਬ੍ਰਾਂਡ ਵੇਚੇ ਜਾਣਗੇ, ਜੋ ਪਹਿਲਾਂ ਸੂਬੇ ’ਚ ਕਦੇ ਵੀ ਨਹੀਂ ਵੇਚੇ ਗਏ ਸਨ। ਮਾਲੀਆ ਵਧਾਉਣ ਲਈ ਸੂਬਾ ਸਰਕਾਰ ਇੰਦੌਰ, ਭੋਪਾਲ ਅਤੇ ਗਵਾਲੀਅਰ ਵਿਚ ‘ਵਾਈਨ ਫੈਸਟੀਵਲ’ ਵੀ ਆਯੋਜਿਤ ਕਰੇਗੀ।’’ ਗਾਂਧੀ ਦੀ ਨਾਮਲੇਵਾ ਕਾਂਗਰਸ ਸਰਕਾਰ ਵਲੋਂ ਉਨ੍ਹਾਂ ਦੇ ਆਦਰਸ਼ਾਂ ਨੂੰ ਤਿਲਾਂਜਲੀ ਦੇ ਕੇ ਮਹਿਲਾਵਾਂ ਲਈ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣੀਆਂ ਅਤੇ ਮਾਲੀਆ ਵਧਾਉਣ ਲਈ ‘ਵਾਈਨ ਫੈਸਟੀਵਲ’ ਆਯੋਜਿਤ ਕਰਨਾ ਸ਼ਰਮਨਾਕ ਅਤੇ ਗਾਂਧੀ ਜੀ ਦੇ ਸਿਧਾਂਤਾਂ ਦੀ ਹੱਤਿਆ ਕਰਨ ਦੇ ਹੀ ਬਰਾਬਰ ਹੈ।

-ਵਿਜੇ ਕੁਮਾਰ\\\


Bharat Thapa

Content Editor

Related News