ਇਕ ਭੋਜਨ-ਘਰ ਅਜਿਹਾ ਵੀ ਖਾਓ ਜਿੰਨਾ ਮਨ ਚਾਹੇ ਪਰ ਜੂਠ ਛੱਡੀ ਤਾਂ ਦੇਣਾ ਪੈਂਦਾ ਹੈ ਜੁਰਮਾਨਾ

02/12/2019 6:49:44 AM

ਦੇਸ਼ ਨੇ ਬੇਸ਼ੱਕ ਹੀ ਵੱਖ-ਵੱਖ ਖੇਤਰਾਂ 'ਚ ਵੱਡੀਆਂ ਸਫਲਤਾਵਾਂ ਹਾਸਿਲ ਕਰ ਲਈਆਂ ਹੋਣ ਪਰ ਅਜੇ ਵੀ ਸਾਡੀ ਆਬਾਦੀ ਦੇ ਇਕ ਵੱਡੇ ਹਿੱਸੇ ਨੂੰ ਭੁੱਖੇ ਢਿੱਡ ਸੌਣਾ ਪੈਂਦਾ ਹੈ ਕਿਉਂਕਿ ਖਰੀਦਣ ਦੀ ਸਮਰੱਥਾ ਨਾ ਹੋਣ ਕਰਕੇ ਕਾਫੀ ਅਨਾਜ ਪੈਦਾ ਹੋਣ ਦੇ ਬਾਵਜੂਦ ਇਹ ਲੋੜਵੰਦਾਂ ਤਕ ਨਹੀਂ ਪਹੁੰਚਦਾ।
ਸੰਯੁਕਤ ਰਾਸ਼ਟਰ ਦੇ ਖੁਰਾਕ ਅਤੇ ਖੇਤੀਬਾੜੀ ਸੰਗਠਨ ਅਨੁਸਾਰ ਭਾਰਤੀ ਰੋਜ਼ਾਨਾ 244 ਕਰੋੜ ਰੁਪਏ ਦਾ ਭੋਜਨ ਬਰਬਾਦ ਕਰ ਦਿੰਦੇ ਹਨ। ਕੁਲ ਪੈਦਾ ਖੁਰਾਕ ਸਮੱਗਰੀ ਦਾ 40 ਫੀਸਦੀ ਹਿੱਸਾ ਹਰ ਸਾਲ ਨਸ਼ਟ ਹੋ ਜਾਂਦਾ ਹੈ ਅਤੇ ਭਾਰਤ 'ਚ ਰੋਜ਼ਾਨਾ 19 ਕਰੋੜ 40 ਲੱਖ ਲੋਕ ਭੁੱਖੇ ਢਿੱਡ ਸੌਂਦੇ ਹਨ।
ਅੰਨ ਦੀ ਇਸੇ ਬਰਬਾਦੀ ਨੂੰ ਦੇਖਦਿਆਂ ਤੇਲੰਗਾਨਾ ਦੇ ਵਾਰੰਗਲ ਸ਼ਹਿਰ 'ਚ ਇਕ ਭੋਜਨ-ਘਰ ਦੇ ਮਾਲਕ 'ਲਿੰਗਾਲਾ ਕੇਦਾਰੀ' ਨੇ ਆਪਣੇ ਹੋਟਲ 'ਚ ਖਾਣਾ ਖਾਣ ਲਈ ਆਉਣ ਵਾਲੇ ਗਾਹਕਾਂ ਨੂੰ ਜੂਠ ਨਾ ਛੱਡਣ ਲਈ ਉਤਸ਼ਾਹਿਤ ਕਰਨਾ ਸ਼ੁਰੂ ਕੀਤਾ ਹੋਇਆ ਹੈ।
'ਲਿੰਗਾਲਾ ਕੇਦਾਰੀ' ਵਾਰੰਗਲ ਵਿਚ 'ਲਿੰਗਾਲਾ ਕੇਦਾਰੀ ਫੂਡ ਕੋਰਟ' ਦੇ ਨਾਂ ਨਾਲ ਇਕ ਭੋਜਨ-ਘਰ ਚਲਾਉਂਦੇ ਹਨ। ਇਥੇ ਉਹ ਭੋਜਨ ਲਈ 60 ਰੁਪਏ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਲੈਂਦੇ ਹਨ, ਜਦਕਿ ਹੋਰਨਾਂ ਭੋਜਨ-ਘਰਾਂ ਵਾਲੇ 200 ਰੁਪਏ ਪ੍ਰਤੀ ਗਾਹਕ ਲੈਂਦੇ ਹਨ।
60 ਰੁਪਏ 'ਚ ਗਾਹਕ ਜਿੰਨਾ ਚਾਹੇ ਖਾਣਾ ਖਾ ਸਕਦਾ ਹੈ ਪਰ ਜੂਠ ਛੱਡਣੀ ਮਨ੍ਹਾ ਹੈ। ਭੋਜਨ-ਘਰ ਅੰਦਰ ਇਕ ਬੋਰਡ ਲਗਾਇਆ ਗਿਆ ਹੈ, ਜਿਸ 'ਤੇ ਖਾਣਾ ਖਾਣ ਲਈ ਆਉਣ ਵਾਲੇ ਗਾਹਕਾਂ ਨੂੰ ਚੌਕਸ ਕਰਦਿਆਂ ਲਿਖਿਆ ਹੈ ਕਿ ''ਖਾਓ ਜਿੰਨਾ ਮਨ ਚਾਹੇ ਪਰ ਜੂਠ ਬਿਲਕੁਲ ਨਾ ਛੱਡੋ ਅਤੇ ਜੇ ਜੂਠ ਛੱਡੀ ਤਾਂ ਇਸ ਦੇ ਲਈ 50 ਰੁਪਏ ਜੁਰਮਾਨਾ ਭਰਨਾ ਪਵੇਗਾ।''
ਇੰਨਾ ਹੀ ਨਹੀਂ, ਜੇ ਜੂਠ ਛੱਡਣ ਵਾਲਾ ਕੋਈ ਗਾਹਕ 'ਜੁਰਮਾਨਾ' ਦੇਣ 'ਚ ਆਨਾਕਾਨੀ ਕਰੇ ਤਾਂ ਉਸ ਨੂੰ ਲੋਹੇ ਦੀ ਇਕ ਗਰਿੱਲ ਪਿੱਛੇ 'ਬੰਦ' ਕਰ ਦਿੱਤਾ ਜਾਂਦਾ ਹੈ ਅਤੇ ਉਦੋਂ ਤਕ ਨਹੀਂ ਛੱਡਿਆ ਜਾਂਦਾ, ਜਦੋਂ ਤਕ ਉਹ ਜੁਰਮਾਨਾ ਨਾ ਦੇ ਦੇਵੇ। ਦੂਜੇ ਪਾਸੇ ਜੂਠ ਨਾ ਛੱਡਣ ਵਾਲੇ ਗਾਹਕਾਂ ਨੂੰ ਭੋਜਨ-ਘਰ ਵਲੋਂ ਸ਼ੁਕਰੀਆ ਦੇ ਤੌਰ 'ਤੇ 10 ਰੁਪਏ ਦੀ ਸੰਕੇਤਕ ਛੋਟ ਦਿੱਤੀ ਜਾਂਦੀ ਹੈ।
ਸ਼੍ਰੀ 'ਲਿੰਗਾਲਾ ਕੇਦਾਰੀ' ਨੇ ਇਹ ਪ੍ਰਯੋਗ ਡੇਢ ਦਹਾਕਾ ਪਹਿਲਾਂ ਸ਼ੁਰੂ ਕੀਤਾ ਸੀ। ਉਨ੍ਹਾਂ ਦਾ ਕਹਿਣਾ ਹੈ, ''ਸਾਡੇ ਦੇਸ਼ 'ਚ ਕਰੋੜਾਂ ਲੋਕ ਭੁੱਖੇ ਢਿੱਡ ਸੌਂਦੇ ਹਨ, ਲਿਹਾਜ਼ਾ ਮੇਰੇ ਤੋਂ ਭੋਜਨ ਬਰਬਾਦ ਕਰਨ ਵਾਲੇ ਗਾਹਕ ਬਰਦਾਸ਼ਤ ਨਹੀਂ ਹੁੰਦੇ। ਮੈਂ ਤਾਂ ਕਾਗਜ਼ ਦੀਆਂ ਇਸਤੇਮਾਲ ਕੀਤੀਆਂ ਪਲੇਟਾਂ ਵੀ ਨਹੀਂ ਸੁੱਟਦਾ ਅਤੇ ਉਨ੍ਹਾਂ ਨੂੰ ਬਾਲਣ ਵਜੋਂ ਇਸਤੇਮਾਲ ਕਰਦਾ ਹਾਂ।''
ਜ਼ਿਕਰਯੋਗ ਹੈ ਕਿ 90 ਦੇ ਦਹਾਕੇ 'ਚ ਸ਼੍ਰੀ 'ਲਿੰਗਾਲਾ ਕੇਦਾਰੀ' ਫੁੱਟਪਾਥ 'ਤੇ ਮਿੱਟੀ ਦੇ ਭਾਂਡੇ ਵੇਚਦੇ ਸਨ ਪਰ ਉਸ ਜਗ੍ਹਾ ਨੂੰ ਢਾਹ ਦਿੱਤੇ ਜਾਣ ਕਰਕੇ ਉਨ੍ਹਾਂ ਨੂੰ ਆਪਣਾ ਧੰਦਾ ਬੰਦ ਕਰਨਾ ਪੈ ਗਿਆ ਤਾਂ ਉਨ੍ਹਾਂ ਨੇ ਇਕ ਰੇਹੜੀ 'ਤੇ ਨਮਕੀਨ ਵੇਚਣਾ ਸ਼ੁਰੂ ਕੀਤਾ। ਫਿਰ ਕੁਝ ਸਮੇਂ ਬਾਅਦ ਉਨ੍ਹਾਂ ਨੇ ਘਾਟੇ 'ਚ ਚੱਲ ਰਿਹਾ ਇਕ ਰੈਸਟੋਰੈਂਟ ਖਰੀਦ ਕੇ ਉਸ ਨੂੰ 'ਲਿੰਗਾਲਾ ਕੇਦਾਰੀ ਫੂਡ ਕੋਰਟ' ਦਾ ਨਵਾਂ ਨਾਂ ਦੇ ਕੇ ਚਲਾਇਆ।
ਇਥੇ ਲੰਚ-ਬਫੇ ਦੁਪਹਿਰੇ 1 ਵਜੇ ਸ਼ੁਰੂ ਹੋ ਕੇ 3 ਵਜੇ ਤਕ ਜਾਰੀ ਰਹਿੰਦਾ ਹੈ ਅਤੇ ਕੂੜਾਦਾਨ 'ਚ ਸੁੱਟਣ ਤੋਂ ਪਹਿਲਾਂ ਗਾਹਕਾਂ ਨੂੰ ਆਪਣੀਆਂ ਪਲੇਟਾਂ ਸ਼੍ਰੀ 'ਕੇਦਾਰੀ' ਨੂੰ ਦਿਖਾਉਣੀਆਂ ਪੈਂਦੀਆਂ ਹਨ। ਉਨ੍ਹਾਂ ਨੇ 2 ਸਾਲਾਂ 'ਚ ਜੂਠ ਛੱਡਣ ਵਾਲੇ 300 ਤੋਂ ਜ਼ਿਆਦਾ ਗਾਹਕਾਂ ਨੂੰ 'ਜੁਰਮਾਨਾ' ਕੀਤਾ ਅਤੇ ਉਨ੍ਹਾਂ ਦੀਆਂ ਫੋਟੋਆਂ ਆਪਣੇ ਮੋਬਾਇਲ ਫੋਨ ਵਿਚ 'ਸੇਵ' ਕੀਤੀਆਂ ਹੋਈਆਂ ਹਨ। ਇਨ੍ਹਾਂ 'ਚ ਇਕ ਜੱਜ ਅਤੇ ਇਕ ਥਾਣੇਦਾਰ ਤੋਂ ਇਲਾਵਾ ਕਈ ਹੋਰ ਸਰਕਾਰੀ ਅਧਿਕਾਰੀ ਸ਼ਾਮਿਲ ਹਨ। ਜੁਰਮਾਨੇ ਤੋਂ ਪ੍ਰਾਪਤ ਰਕਮ ਉਹ ਲੋੜਵੰਦ ਸਮਾਜ ਸੇਵੀ ਸੰਗਠਨਾਂ ਨੂੰ ਦਾਨ ਕਰ ਦਿੰਦੇ ਹਨ।
ਸ਼੍ਰੀ 'ਕੇਦਾਰੀ' ਦੀ ਧਰਮ ਪਤਨੀ ਪੁਸ਼ਪ ਲਤਾ ਖਾਣਾ ਪਕਾਉਣ ਦੇ ਕੰਮ 'ਚ ਉਨ੍ਹਾਂ ਦੀ ਸਹਾਇਤਾ ਕਰਦੀ ਹੈ। ਪੁਸ਼ਪ ਲਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਤੀ ਵਲੋਂ ਸ਼ੁਰੂ ਕੀਤੀ ਗਈ ਇਹ 'ਜੂਠ ਬਚਾਓ ਯੋਜਨਾ' ਇੰਨੀ ਹਰਮਨਪਿਆਰੀ ਹੋਈ ਹੈ ਕਿ ਜਿੱਥੇ ਪਹਿਲਾਂ ਉਨ੍ਹਾਂ ਦੇ ਭੋਜਨ-ਘਰ 'ਚ ਰੋਜ਼ਾਨਾ 300 ਗਾਹਕਾਂ ਲਈ ਖਾਣਾ ਬਣਦਾ ਸੀ, ਹੁਣ ਉਨ੍ਹਾਂ ਦੀ ਗਿਣਤੀ ਵਧ ਕੇ ਲੱਗਭਗ 800 ਹੋ ਗਈ ਹੈ। ਸ਼੍ਰੀ 'ਲਿੰਗਾਲਾ ਕੇਦਾਰੀ' ਦੇ ਕਈ ਰਿਸ਼ਤੇਦਾਰਾਂ ਤੇ ਗਾਹਕਾਂ ਨੇ ਵੀ ਇਸ ਨੂੰ ਆਪਣੇ ਘਰਾਂ 'ਚ ਲਾਗੂ ਕੀਤਾ ਹੋਇਆ ਹੈ।
ਇਸ ਦਾ ਇਕ ਪਹਿਲੂ ਇਹ ਵੀ ਹੈ ਕਿ ਨਾ ਸਿਰਫ ਉਹ ਭਾਂਡੇ ਸਾਫ ਕਰਨ 'ਚ ਪ੍ਰੇਸ਼ਾਨੀ ਹੁੰਦੀ ਹੈ, ਜਿਨ੍ਹਾਂ 'ਚ ਜੂਠ ਛੱਡੀ ਹੁੰਦੀ ਹੈ, ਸਗੋਂ ਨਾਲੀਆਂ 'ਚ ਜੂਠ ਸੁੱਟਣ ਨਾਲ ਗੰਦਗੀ ਵੀ ਫੈਲਦੀ ਹੈ। ਇਸ ਲਈ ਨੈਤਿਕਤਾ ਦਾ ਤਕਾਜ਼ਾ ਹੈ ਕਿ ਸਾਨੂੰ ਕਿਤੇ ਵੀ ਖਾਣਾ ਖਾਂਦੇ ਸਮੇਂ ਜੂਠ ਨਹੀਂ ਛੱਡਣੀ ਚਾਹੀਦੀ। ਜਿੰਨੀ ਲੋੜ ਹੋਵੇ, ਓਨਾ ਹੀ ਲੈਣਾ ਚਾਹੀਦਾ ਹੈ ਤੇ ਭੁੱਖ ਨਾਲੋਂ ਕੁਝ ਘੱਟ ਹੀ ਖਾਣਾ ਚਾਹੀਦਾ ਹੈ, ਜੋ ਸਿਹਤ ਲਈ ਵੀ ਚੰਗਾ ਹੈ।
ਉਂਝ ਵੀ ਭਾਰਤ 'ਚ ਅੰਨ ਨੂੰ ਦੇਵਤੇ ਦਾ ਦਰਜਾ ਪ੍ਰਾਪਤ ਹੈ ਅਤੇ ਭਾਰਤੀ ਧਰਮ-ਦਰਸ਼ਨ 'ਚ ਭੋਜਨ ਦਾ ਅਨਾਦਰ ਕਰਨਾ ਜਾਂ ਜੂਠ ਛੱਡਣਾ ਗਲਤ ਮੰਨਿਆ ਗਿਆ ਹੈ। ਜੂਠ ਨਾ ਛੱਡਣ ਨਾਲ ਜਿੱਥੇ ਇਸ ਦੇ ਵਿਅਰਥ 'ਚ ਨਸ਼ਟ ਹੋਣ ਤੋਂ ਬਚਾਅ ਹੋਵੇਗਾ, ਉਥੇ ਹੀ ਪੈਸੇ ਦੀ ਬੱਚਤ ਹੋਣ ਦੇ ਨਾਲ-ਨਾਲ ਇਹ ਸਿਹਤ ਲਈ ਵੀ ਓਨਾ ਹੀ ਚੰਗਾ ਹੋਵੇਗਾ।
ਲੋਕਾਂ ਨੂੰ ਜੂਠ ਨਾ ਛੱਡਣ ਲਈ ਪ੍ਰੇਰਿਤ ਕਰਨ ਵਾਲਾ ਇਹ ਪ੍ਰਯੋਗ ਆਪਣੇ ਆਪ 'ਚ ਅਨੋਖਾ, ਅਮਲਯੋਗ ਅਤੇ ਦਲੇਰਾਨਾ ਹੈ, ਜਿਸ ਦੇ ਲਈ ਸ਼੍ਰੀ 'ਲਿੰਗਾਲਾ ਕੇਦਾਰੀ' ਨੂੰ ਸਰਕਾਰ ਵਲੋਂ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਦੂਜਿਆਂ ਨੂੰ ਵੀ ਅਜਿਹੀ ਪਹਿਲ ਕਰਨ ਦਾ ਉਤਸ਼ਾਹ ਮਿਲੇ।                                     –ਵਿਜੇ ਕੁਮਾਰ


Bharat Thapa

Content Editor

Related News