ਪੰਜਾਬ ਵਾਂਗ ਹਿਮਾਚਲ ਤੇ ਹਰਿਆਣਾ ’ਚ ਵੀ ਨਸ਼ਿਆਂ ਦੇ ਸੇਵਨ ’ਚ ਭਾਰੀ ਵਾਧਾ

06/19/2019 6:23:24 AM

ਪੰਜਾਬ, ਹਰਿਆਣਾ ਅਤੇ ਹਿਮਾਚਲ ’ਚ ਜਿੱਥੇ ਕਦੇ ਦੁੱਧ ਅਤੇ ਘਿਓ ਦੀਆਂ ਨਦੀਆਂ ਵਹਿੰਦੀਆਂ ਸਨ, ਉਥੇ ਹੀ ਅੱਜ ਇਹ ਤਿੰਨੋਂ ਸੂਬੇ ਬੁਰੀ ਤਰ੍ਹਾਂ ਸ਼ਰਾਬ ਦੇ ਦਰਿਆ ਅਤੇ ਹੋਰ ਨਸ਼ਿਆਂ ਦੀ ਦਲਦਲ ’ਚ ਧਸਦੇ ਜਾ ਰਹੇ ਹਨ।

ਪੰਜਾਬ ’ਚ ਤਾਂ ਨੌਜਵਾਨ ਪਹਿਲਾਂ ਹੀ ਵੱਡੇ ਪੱਧਰ ’ਤੇ ਨਸ਼ੇ ਦੀ ਆਦਤ ਦਾ ਸ਼ਿਕਾਰ ਹੋ ਚੁੱਕੇ ਸਨ, ਪਿਛਲੇ ਕੁਝ ਸਮੇਂ ਦੌਰਾਨ ਹਿਮਾਚਲ ਦੇ ਨੌਜਵਾਨਾਂ ’ਚ ਵੀ ਨਸ਼ਿਆਂ ਦੀ ਆਦਤ ਵਧ ਗਈ ਹੈ ਅਤੇ ਇਹੀ ਹਾਲ ਹੁਣ ਹਰਿਆਣਾ ਦਾ ਹੋ ਰਿਹਾ ਹੈ।

ਹਾਲ ਹੀ ’ਚ ਰੋਹਤਕ ਦੇ ਪੀ. ਜੀ. ਆਈ. ਐੱਮ. ਐੱਸ. ਸਥਿਤ ‘ਬੁਰੀਅਾਂ ਆਦਤਾਂ ਨੂੰ ਦੂਰ ਕਰਨ ਲਈ ਸੂਬਾਈ ਇਲਾਜ ਕੇਂਦਰ’ (ਐੱਸ. ਡੀ. ਡੀ. ਟੀ. ਸੀ.) ਵਿਚ ਇਲਾਜ ਕਰਵਾਉਣ ਲਈ ਆਉਣ ਵਾਲੇ ਨਸ਼ੇੜੀਆਂ ਦੀ ਗਿਣਤੀ ’ਚ ਹੋਇਆ ਭਾਰੀ ਵਾਧਾ ਇਹ ਸੰਕੇਤ ਦੇ ਰਿਹਾ ਹੈ ਕਿ ਹਰਿਆਣਾ ਬੜੀ ਤੇਜ਼ੀ ਨਾਲ ਸ਼ਰਾਬ ਅਤੇ ਨਸ਼ਿਆਂ ਦੀ ਗ੍ਰਿਫਤ ਵਿਚ ਫਸਦਾ ਜਾ ਰਿਹਾ ਹੈ।

ਇਸ ਦਾ ਪ੍ਰਮਾਣ ਇਹ ਹੈ ਕਿ ਪਿਛਲੇ 10 ਸਾਲਾਂ ਦੌਰਾਨ ਇਥੇ ਸ਼ਰਾਬ ਅਤੇ ਹੋਰ ਨਸ਼ਿਆਂ ਤੋਂ ਮੁਕਤੀ ਲਈ ਇਲਾਜ ਕਵਾਉਣ ਸੂਬੇ ਭਰ ਤੋਂ ਆਉਣ ਵਾਲੇ ਰੋਗੀਆਂ ਦੀ ਗਿਣਤੀ ’ਚ 10 ਗੁਣਾ ਵਾਧਾ ਹੋ ਗਿਆ ਹੈ।

ਸਾਲ 2009 ’ਚ ਇਥੇ ਇਲਾਜ ਲਈ 573 ਰੋਗੀ ਆਏ, ਜਦਕਿ 2018 ’ਚ ਇਨ੍ਹਾਂ ਦੀ ਗਿਣਤੀ ਵਧ ਕੇ 5824 ਹੋ ਗਈ। ਇਹੋ ਨਹੀਂ, ਇਸ ਸਾਲ 1 ਜਨਵਰੀ ਤੋਂ 31 ਮਈ ਤਕ ਇਥੇ 3641 ਰੋਗੀ ਆ ਚੁੱਕੇ ਹਨ, ਜਿਸ ਦਾ ਸਿੱਧਾ ਜਿਹਾ ਮਤਲਬ ਹੈ ਕਿ ਸਾਲ 2019 ਦੇ ਅਖੀਰ ਤਕ ਇਥੇ ਆਉਣ ਵਾਲੇ ਰੋਗੀਆਂ ਦੀ ਗਿਣਤੀ 2018 ਤੋਂ ਵੱਧ ਹੋਵੇਗੀ।

ਬੇਸ਼ੱਕ ਇਨ੍ਹਾਂ ਤਿੰਨਾਂ ਸੂਬਿਆਂ ’ਚ ਨਸ਼ਾ ਜ਼ਿਆਦਾਤਰ ਪਾਕਿਸਤਾਨ ਤੋਂ ਹੀ ਆਉਂਦਾ ਹੈ ਪਰ ਇਨ੍ਹਾਂ ਨੂੰ ਫੈਲਾਉਣ ਵਾਲੇ ਤਾਂ ਸਾਡੇ ਆਪਣੇ ਹੀ ਲੋਕ ਹਨ, ਜਿਨ੍ਹਾਂ ’ਚ ਪੁਲਸ ਵਿਭਾਗ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਤੋਂ ਇਲਾਵਾ ਕੁਝ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਸ਼ਾਮਲ ਹਨ।

ਇਸ ਦਾ ਪ੍ਰਮਾਣ ਹਾਲ ਹੀ ’ਚ ਪੰਜਾਬ ਵਿਚ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ’ਚ ਸ਼ਾਮਲ ਇਕ ਮਹਿਲਾ ਥਾਣੇਦਾਰ ਸਮੇਤ 6 ਥਾਣੇਦਾਰਾਂ ਅਤੇ 5 ਹੋਰ ਪੁਲਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖਾਸਤ ਕੀਤੇ ਜਾਣ ਤੋਂ ਮਿਲਦਾ ਹੈ।

ਉਕਤ ਤੱਥਾਂ ਦੇ ਮੱਦੇਨਜ਼ਰ ਸਮੇਂ ਦੀ ਮੰਗ ਹੈ ਕਿ ਨਸ਼ਿਆਂ ਦਾ ਪ੍ਰਚਲਨ ਵਧਣ ਤੋਂ ਰੋਕ ਕੇ ਨੌਜਵਾਨ ਪੀੜ੍ਹੀ ਨੂੰ ਨਸ਼ਟ ਹੋਣ ਤੋਂ ਬਚਾਉਣ ਦੀ ਬਹੁਤ ਜ਼ਿਆਦਾ ਲੋੜ ਹੈ। ਅਜਿਹਾ ਨਸ਼ਿਆਂ ਦੀ ਸਪਲਾਈ ਲਾਈਨ ਨੂੰ ਤੋੜ ਕੇ ਅਤੇ ਨਸ਼ੇ ਦੇ ਧੰਦੇ ’ਚ ਸ਼ਾਮਲ ਸਾਰੇ ਲੋਕਾਂ ਵਿਰੁੱਧ ਸਖਤ ਕਾਰਵਾਈ ਅਤੇ ਨਸ਼ਿਆਂ ਦਾ ਕਾਰੋਬਾਰ ਰੋਕਣ ਲਈ ਸਬੰਧਿਤ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕਰਨ ਨਾਲ ਹੀ ਸੰਭਵ ਹੈ।

–ਵਿਜੇ ਕੁਮਾਰ
 


Bharat Thapa

Content Editor

Related News