ਲਾਲਾ ਜੀ ਦੇ 38ਵੇਂ ਬਲੀਦਾਨ ਦਿਵਸ ''ਤੇ ''ਸਮੇਂ ਦੇ ਸੱਤਾਧਾਰੀਆਂ ਨੂੰ ਸਹੀ ਸਲਾਹ''

09/09/2019 1:34:50 AM

ਪੂਜਨੀਕ ਪਿਤਾ ਲਾਲਾ ਜਗਤ ਨਾਰਾਇਣ ਜੀ ਨੂੰ ਸਾਡੇ ਤੋਂ ਵਿਛੜਿਆਂ ਅੱਜ 37 ਵਰ੍ਹੇ ਹੋ ਚੁੱਕੇ ਹਨ। ਬਿਨਾਂ ਸ਼ੱਕ ਉਹ ਅੱਜ ਸਰੀਰਕ ਤੌਰ 'ਤੇ ਸਾਡੇ ਦਰਮਿਆਨ ਮੌਜੂਦ ਨਹੀਂ ਹਨ ਪਰ 'ਪੰਜਾਬ ਕੇਸਰੀ ਪੱਤਰ ਸਮੂਹ' ਉੱਤੇ ਉਨ੍ਹਾਂ ਦਾ ਪੂਰਾ ਆਸ਼ੀਰਵਾਦ ਅੱਜ ਵੀ ਬਣਿਆ ਹੋਇਆ ਹੈ।
ਪੂਜਨੀਕ ਪਿਤਾ ਜੀ ਨੇ ਜਿੱਥੇ ਆਪਣੇ ਸੰਪਾਦਕੀ ਲੇਖਾਂ 'ਚ ਦੇਸ਼-ਵਿਦੇਸ਼ ਦੀਆਂ ਸਮੱਸਿਆਵਾਂ, ਸਿਆਸੀ ਅਤੇ ਸਮਾਜਿਕ ਮੁੱਦਿਆਂ 'ਤੇ ਆਪਣੇ ਨਿਡਰ ਅਤੇ ਸਟੀਕ ਵਿਚਾਰ ਬਿਨਾਂ ਝਿਜਕ ਪ੍ਰਗਟਾਏ, ਉਥੇ ਹੀ ਆਪਣੀ ਵਿਚਾਰਧਾਰਾ ਨਾਲ ਜੁੜੇ ਹਰ ਵਿਸ਼ੇ 'ਤੇ ਦ੍ਰਿੜ੍ਹਤਾ ਨਾਲ ਲਿਖਿਆ।
ਲਾਲਾ ਜੀ ਦੇ ਬਲੀਦਾਨ ਦਿਵਸ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੀ ਦੂਰਅੰਦੇਸ਼ੀ ਦੇ ਇਸੇ ਪਹਿਲੂ ਨੂੰ ਉਜਾਗਰ ਕਰਦਾ 'ਪੰਜਾਬ ਕੇਸਰੀ' ਦੇ 22 ਜੁਲਾਈ 1978 ਦੇ ਅੰਕ 'ਚ ਪ੍ਰਕਾਸ਼ਿਤ ਉਨ੍ਹਾਂ ਦਾ ਸੰਪਾਦਕੀ ਲੇਖ ਇਥੇ ਪੇਸ਼ ਹੈ :

ਸੱਤਾਧਾਰੀਆਂ ਦਾ ਆਖਰੀ ਨਤੀਜਾ
''ਦੁੱਖ ਅਤੇ ਸੁੱਖ, ਉੱਥਾਨ ਅਤੇ ਪਤਨ–ਇਹ ਸਭ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਦਾ ਸਬੰਧ ਇਸ ਦੁਨੀਆ 'ਚ ਜਨਮ-ਜਨਮ ਤੋਂ ਸਥਾਈ ਰਿਹਾ ਹੈ। ਜੇ ਦੁਨੀਆ ਦੇ ਇਤਿਹਾਸ ਨੂੰ ਚੁੱਕ ਕੇ ਅਸੀਂ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਜਿਹੜੇ ਲੋਕਾਂ ਦੀ ਕਦੇ ਪੂਰੀ ਦੁਨੀਆ 'ਚ ਤੂਤੀ ਬੋਲਦੀ ਸੀ, ਅੱਜ ਉਨ੍ਹਾਂ ਦਾ ਨਾਂ ਲੈਣ ਵਾਲਾ ਵੀ ਇਸ ਦੁਨੀਆ 'ਚ ਕੋਈ ਨਹੀਂ ਬਚਿਆ। ਸ਼ਾਇਰ ਨੇ ਠੀਕ ਹੀ ਕਿਹਾ ਹੈ :

ਜਿਨਕੇ ਮਹੱਲੋਂ ਮੇਂ ਹਜ਼ਾਰੋਂ ਰੰਗ ਕੇ ਫਾਨੂਸ ਥੇ,
ਝਾੜ ਉਨਕੀ ਕਬਰ ਪਰ ਹੈਂ ਔਰ ਨਿਸ਼ਾਂ ਕੁਛ ਭੀ ਨਹੀਂ।


'ਪੰਜਾਬ ਕੇਸਰੀ' ਲਾਲਾ ਲਾਜਪਤ ਰਾਏ ਭਾਰਤ ਦੇ ਉਨ੍ਹਾਂ ਮਹਾਨ ਆਗੂਆਂ 'ਚੋਂ ਇਕ ਸਨ, ਜਿਨ੍ਹਾਂ ਦਾ ਨਾਂ ਇਸ ਦੇਸ਼ ਦੇ ਇਤਿਹਾਸ 'ਚ ਹਮੇਸ਼ਾ ਸੁਨਹਿਰੀ ਅੱਖਰਾਂ 'ਚ ਲਿਖਿਆ ਜਾਵੇਗਾ ਪਰ ਉਨ੍ਹਾਂ ਦੇ ਜੀਵਨ ਦੇ ਆਖਰੀ ਦਿਨ ਕਿੰਨੇ ਦਰਦ ਭਰੇ ਸਨ, ਇਸ ਦੀ ਚਰਚਾ ਪਾਠਕਾਂ ਦੀ ਸੇਵਾ 'ਚ ਮੈਂ ਕਈ ਵਾਰ ਪੇਸ਼ ਕਰ ਚੁੱਕਾ ਹਾਂ ਕਿ ਲਾਲਾ ਲਾਜਪਤ ਰਾਏ ਜੀ ਨੂੰ ਆਪਣੇ ਆਖਰੀ ਦਿਨਾਂ 'ਚ ਇਹ ਦੁਨੀਆ ਇਕਦਮ ਸੁੰਨੀ-ਸੁੰਨੀ, ਸੁਆਰਥੀ ਅਤੇ ਕਿਸੇ ਵੀ ਚੰਗੇ ਆਦਮੀ ਦਾ ਮਾਣ ਤੇ ਮੁੱਲ ਨਾ ਪਾਉਣ ਵਾਲੀ ਨਜ਼ਰ ਆਉਣ ਲੱਗੀ ਸੀ।
ਠੀਕ ਅਜਿਹਾ ਹੀ ਹਾਲ ਰਾਸ਼ਟਰਪਿਤਾ ਮਹਾਤਮਾ ਗਾਂਧੀ ਦਾ ਵੀ ਹੋਇਆ। ਉਨ੍ਹਾਂ ਦੇ ਆਖਰੀ ਦਿਨਾਂ ਦੀਆਂ ਯਾਦਾਂ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਦਿਲ ਦੁੱਖ ਨਾਲ ਭਰ ਜਾਂਦਾ ਹੈ। ਭਾਰਤ 'ਚ ਜੋ ਸਿਆਸੀ ਹਾਲਾਤ ਉਨ੍ਹਾਂ ਦੇ ਜਿਊਂਦੇ-ਜੀਅ ਪੈਦਾ ਹੋ ਗਏ ਸਨ, ਉਹ ਉਨ੍ਹਾਂ ਤੋਂ ਬੇਹੱਦ ਦੁਖੀ ਸਨ ਤੇ ਇਸ ਦਾ ਪ੍ਰਗਟਾਵਾ ਉਨ੍ਹਾਂ ਨੇ ਆਪਣੇ ਨੇੜਲੇ ਸਾਥੀਆਂ ਕੋਲ ਵੀ ਕੀਤਾ ਸੀ।
ਦੂਰ ਜਾਣ ਦੀ ਲੋੜ ਨਹੀਂ ਹੈ, ਐਮਰਜੈਂਸੀ ਦੇ ਕਾਲੇ ਦੌਰ ਦੀ ਸਮਾਪਤੀ 'ਤੇ ਲੋਕਨਾਇਕ ਸ਼੍ਰੀ ਜੈਪ੍ਰਕਾਸ਼ ਨਾਰਾਇਣ ਅਤੇ ਦੇਸ਼ ਦੇ ਬਜ਼ੁਰਗ ਆਗੂ ਆਚਾਰੀਆ ਕ੍ਰਿਪਲਾਨੀ ਨੇ ਜਨਤਾ ਪਾਰਟੀ ਨੂੰ ਬਣਾਉਣ ਅਤੇ ਉਸ ਨੂੰ ਸੱਤਾ 'ਚ ਲਿਆਉਣ ਲਈ ਜੋ ਅਹਿਮ ਭੂਮਿਕਾ ਨਿਭਾਈ, ਅੱਜ ਉਹ ਕਿਸੇ ਤੋਂ ਲੁਕੀ ਨਹੀਂ ਹੈ ਪਰ ਇਸ ਤੋਂ ਵੱਡੀ ਮੰਦਭਾਗੀ ਗੱਲ ਹੋਰ ਕੋਈ ਨਹੀਂ ਹੋ ਸਕਦੀ ਕਿ ਜਨਤਾ ਪਾਰਟੀ 'ਚ ਜੋ ਅੰਦਰੂਨੀ ਝਗੜਾ ਅੱਜਕਲ ਚੱਲ ਰਿਹਾ ਹੈ ਅਤੇ ਜਿਸ ਦੀ ਵਜ੍ਹਾ ਕਰਕੇ ਜਨਤਾ ਪਾਰਟੀ ਇਕ ਅਜਿਹੇ ਖਤਰਨਾਕ ਮੋੜ 'ਤੇ ਆ ਖੜ੍ਹੀ ਹੋਈ ਹੈ ਕਿ ਉਸ ਦਾ ਹਸ਼ਰ ਵੀ ਰੱਬ ਨਾ ਕਰੇ ਕਾਂਗਰਸ ਵਰਗਾ ਹੋ ਸਕਦਾ ਹੈ ਪਰ ਜਨਤਾ ਪਾਰਟੀ ਦੇ ਨੇਤਾ ਆਚਾਰੀਆ ਕ੍ਰਿਪਲਾਨੀ ਅਤੇ ਲੋਕਨਾਇਕ ਤੋਂ ਕੋਈ ਮਸ਼ਵਰਾ ਅਤੇ ਮਾਰਗਦਰਸ਼ਨ ਲੈਣ ਲਈ ਤਿਆਰ ਨਹੀਂ ਹਨ।
ਭਾਰਤ ਵਿਚ ਹੀ ਅਜਿਹਾ ਹੋਵੇ, ਅਜਿਹੀ ਗੱਲ ਨਹੀਂ ਹੈ, ਰੂਸ ਵਿਚ ਵੀ ਜਦੋਂ ਸਟਾਲਿਨ ਤੋਂ ਬਾਅਦ ਖਰੁਸ਼ਚੇਵ ਸੱਤਾ ਵਿਚ ਆਏ ਤਾਂ ਉਨ੍ਹਾਂ ਨੇ ਉਸੇ ਸਟਾਲਿਨ ਦੀ ਕਬਰ ਪੁਟਵਾ ਕੇ ਅਤੇ ਲੈਨਿਨ ਨੇੜਿਓਂ ਕਢਵਾ ਕੇ ਆਮ ਰੂਸੀ ਨੇਤਾਵਾਂ ਦੇ ਕਬਰਿਸਤਾਨ 'ਚ ਦਫਨ ਕਰਵਾ ਦਿੱਤਾ, ਜਿਸ ਦੇ ਹੁਕਮ 'ਤੇ ਇਕ ਵਾਰ ਉਹ ਘੱਗਰਾ ਪਹਿਨ ਕੇ ਨੱਚਣ ਲਈ ਮਜਬੂਰ ਹੋ ਗਏ ਸਨ ਅਤੇ ਉਸ ਅੱਗੇ ਜ਼ੁਬਾਨ ਤਕ ਖੋਲ੍ਹਣ ਦੀ ਉਨ੍ਹਾਂ ਦੀ ਹਿੰਮਤ ਨਹੀਂ ਪੈਂਦੀ ਸੀ।
ਜਰਮਨੀ ਦਾ ਇਤਿਹਾਸ ਵੀ ਲੱਗਭਗ ਅਜਿਹਾ ਹੀ ਹੈ। ਇਕ ਜ਼ਮਾਨਾ ਸੀ, ਜਦੋਂ ਇਹ ਪੜ੍ਹਾਇਆ ਜਾਂਦਾ ਸੀ ਕਿ ਹਿਟਲਰ ਕਦੇ ਗਲਤ ਨਹੀਂ ਬੋਲਦਾ, ਹਿਟਲਰ ਕਦੇ ਗਲਤ ਨਹੀਂ ਸੋਚਦਾ ਅਤੇ ਹਿਟਲਰ ਕਦੇ ਗਲਤ ਕੰਮ ਨਹੀਂ ਕਰਦਾ ਪਰ ਅੱਜ ਉਸੇ ਹਿਟਲਰ ਦਾ ਨਾਂ ਲੈਣਾ ਜਰਮਨੀ 'ਚ ਇਕ ਸਜ਼ਾਯੋਗ ਅਪਰਾਧ ਮੰਨਿਆ ਜਾਂਦਾ ਹੈ।
ਬਿਲਕੁਲ ਠੀਕ ਇਹੋ ਹਾਲ ਇਟਲੀ ਦੇ ਡਿਕਟੇਟਰ ਮੁਸੋਲਿਨੀ ਦਾ ਹੋਇਆ। ਦੁਨੀਆ ਦਾ ਸਾਰਾ ਇਤਿਹਾਸ ਹੀ ਅਜਿਹੀਆਂ ਮਿਸਾਲਾਂ ਨਾਲ ਭਰਿਆ ਪਿਆ ਹੈ।
ਅੱਜ ਮੈਂ ਇਨ੍ਹਾਂ ਕਾਲਮਾਂ 'ਚ ਚੀਨ ਦੇ ਸਵ. ਡਿਕਟੇਟਰ ਮਾਓ-ਤਸੇ-ਤੁੰਗ ਬਾਰੇ ਕੁਝ ਲਿਖਣਾ ਚਾਹੁੰਦਾ ਹਾਂ। ਇਕ ਜ਼ਮਾਨਾ ਸੀ, ਜਦੋਂ ਮਾਓ ਨੂੰ ਚੀਨ ਦਾ ਪ੍ਰਮਾਤਮਾ ਸਮਝਿਆ ਜਾਂਦਾ ਸੀ ਅਤੇ ਕਿਸੇ ਵੀ ਵੱਡੇ ਤੋਂ ਵੱਡੇ ਆਦਮੀ ਦੀ ਇਹ ਹਿੰਮਤ ਨਹੀਂ ਸੀ ਕਿ ਉਹ ਉਸ ਅੱਗੇ ਜ਼ੁਬਾਨ ਖੋਲ੍ਹ ਸਕੇ। ਇਥੋਂ ਤਕ ਕਿ ਜਦੋਂ ਵੀ ਚੀਨ ਦੇ ਲੋਕ ਖਾਣਾ ਖਾਂਦੇ ਤਾਂ ਕਹਿੰਦੇ ਸਨ ਕਿ ਇਹ ਖਾਣਾ ਮਾਓ ਦੀ ਬਦੌਲਤ ਹੀ ਉਨ੍ਹਾਂ ਨੂੰ ਮਿਲ ਰਿਹਾ ਹੈ। ਮਾਓ ਬਾਰੇ ਹੁਣੇ ਜਿਹੇ ਇਕ ਖ਼ਬਰ ਅਖ਼ਬਾਰਾਂ ਵਿਚ ਛਪੀ ਹੈ, ਜਿਸ ਦੇ ਕੁਝ ਅੰਸ਼ ਮੈਂ ਹੇਠਾਂ ਦਰਜ ਕਰਨਾ ਜ਼ਰੂਰੀ ਸਮਝਦਾ ਹਾਂ। ਖ਼ਬਰ ਇਸ ਤਰ੍ਹਾਂ ਹੈ :
''ਚੀਨ ਦੇ ਸਾਬਕਾ ਚੇਅਰਮੈਨ ਮਾਓ-ਤਸੇ-ਤੁੰਗ ਦੇ ਇਕ ਬਿਆਨ ਨੂੰ ਛਾਪਣ ਦੀ ਜੋ ਇਜਾਜ਼ਤ ਚੀਨ ਦੀ ਮੌਜੂਦਾ ਸਰਕਾਰ ਨੇ ਦਿੱਤੀ ਹੈ, ਉਸ ਨਾਲ ਇਹ ਗੱਲ ਤਾਂ ਪੂਰੀ ਤਰ੍ਹਾਂ ਸਪੱਸ਼ਟ ਹੋ ਜਾਂਦੀ ਹੈ ਕਿ ਸਮਾਜਿਕ ਨੀਤੀ ਦੇ ਵਿਸ਼ੇ 'ਚ ਜੋ ਲੰਮੀ ਛਾਲ ਮਾਓ-ਤਸੇ-ਤੁੰਗ ਨੇ 1953 'ਚ ਮਾਰੀ ਸੀ, ਉਸ ਵਿਚ ਉਹ ਬਹੁਤ ਹੀ ਬੁਰੀ ਤਰ੍ਹਾਂ ਅਸਫਲ ਰਹੇ।
ਮਾਓ ਦਾ ਇਹ ਭਾਸ਼ਣ, ਜਿਸ ਨੂੰ ਛਾਪਣ ਦੀ ਇਜਾਜ਼ਤ ਹੁਣ ਦਿੱਤੀ ਗਈ ਹੈ, ਉਸ ਨੇ 30 ਜਨਵਰੀ 1962 ਨੂੰ 7000 ਡੈਲੀਗੇਟਾਂ ਦੀ ਮੌਜੂਦਗੀ ਵਿਚ ਦਿੱਤਾ ਸੀ। ਹੁਣ ਜਦੋਂ ਮਾਓ ਦਾ ਇਹ ਬਿਆਨ ਚੀਨ ਸਰਕਾਰ ਨੇ ਛਾਪਣ ਦੀ ਇਜਾਜ਼ਤ ਦੇ ਦਿੱਤੀ ਹੈ ਤਾਂ ਇਹ ਗੱਲ ਪੂਰੀ ਤਰ੍ਹਾਂ ਸਪੱਸ਼ਟ ਹੋ ਗਈ ਹੈ ਕਿ ਹੋਰ ਵੀ ਬਹੁਤ ਸਾਰੇ ਅਜਿਹੇ ਨੇਤਾ, ਜੋ ਮਾਓ ਦੇ ਜੀਵਨ 'ਚ ਉਨ੍ਹਾਂ ਦੇ ਨਕਸ਼ੇ-ਕਦਮ 'ਤੇ ਚੱਲਦੇ ਰਹੇ ਹਨ, ਚੀਨ ਦੇ ਸਿਆਸੀ ਜੀਵਨ 'ਚੋਂ ਖਤਮ ਕਰ ਦਿੱਤੇ ਜਾਣਗੇ।
ਆਪਣੇ ਇਸ ਭਾਸ਼ਣ 'ਚ ਮਾਓ ਨੇ ਮੰਨਿਆ ਹੈ ਕਿ ਹਰੇਕ ਉਹ ਆਦਮੀ, ਜੋ ਗਲਤੀ ਕਰਦਾ ਹੈ, ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਕਰਨਾ ਚਾਹੀਦਾ ਹੈ, ਉਨ੍ਹਾਂ ਗਲਤੀਆਂ ਨੂੰ ਕਦੇ ਲੁਕਾਉਣਾ ਨਹੀਂ ਚਾਹੀਦਾ ਅਤੇ ਨੀਤੀ ਦੇ ਮਾਮਲਿਆਂ 'ਚ ਜੋ ਗਲਤੀਆਂ ਹੋਈਆਂ ਹਨ, ਉਨ੍ਹਾਂ ਨੂੰ ਪੂਰੀ ਨਿਡਰਤਾ ਨਾਲ ਕਬੂਲਣਾ ਚਾਹੀਦਾ ਹੈ।
ਮਾਓ ਨੇ ਆਪਣੇ ਭਾਸ਼ਣ 'ਚ ਇਹ ਗੱਲ ਵੀ ਕਬੂਲ ਕੀਤੀ ਹੈ ਕਿ 1958 ਤੋਂ 1962 ਤਕ ਜਿਨ੍ਹਾਂ ਨੀਤੀਆਂ 'ਤੇ ਉਹ ਚੱਲਦੇ ਰਹੇ, ਜੇ ਉਹ ਪੂਰੀ ਤਰ੍ਹਾਂ ਅਸਫਲ ਵੀ ਨਹੀਂ ਰਹੀਆਂ ਤਾਂ ਘੱਟੋ-ਘੱਟ ਉਨ੍ਹਾਂ 'ਚ ਲੋੜ ਤੋਂ ਜ਼ਿਆਦਾ ਕਮੀਆਂ ਜ਼ਰੂਰ ਰਹੀਆਂ ਅਤੇ ਉਨ੍ਹਾਂ ਕਾਰਣ ਚੀਨ ਤਰੱਕੀ ਦੇ ਮਾਮਲੇ 'ਚ ਦੁਨੀਆ ਤੋਂ 100 ਸਾਲ ਪਿੱਛੇ ਪੈ ਗਿਆ ਹੈ।
ਆਬਜ਼ਰਵਰਾਂ ਦਾ ਮੰਨਣਾ ਹੈ ਕਿ ਮਾਓ ਦੇ ਇਸ ਬਿਆਨ ਨਾਲ ਚੀਨ ਦੇ ਨਵੇਂ ਨੇਤਾਵਾਂ ਨੂੰ ਸੁਧਾਰ ਦੇ ਰਾਹ 'ਤੇ ਅੱਗੇ ਚੱਲਣ 'ਚ ਬਹੁਤ ਵੱਡੀ ਸਹਾਇਤਾ ਮਿਲ ਸਕੇਗੀ ਅਤੇ ਜੋ ਰੁਕਾਵਟਾਂ ਉਹ ਆਪਣੇ ਰਾਹ 'ਚ ਮਹਿਸੂਸ ਕਰ ਰਹੇ ਹਨ, ਉਹ ਵੀ ਯਕੀਨੀ ਤੌਰ 'ਤੇ ਇਕ ਬਹੁਤ ਵੱਡੀ ਹੱਦ ਤਕ ਦੂਰ ਹੋ ਜਾਣਗੀਆਂ।''
ਇਹ ਲੇਖ ਲਿਖਣ ਦਾ ਮੇਰਾ ਉਦੇਸ਼ ਸਿਰਫ ਇਹ ਹੈ ਕਿ ਅਕਸਰ ਸੱਤਾਧਾਰੀ ਲੋਕ ਗੱਦੀ 'ਤੇ ਬੈਠਦਿਆਂ ਹੀ ਸੱਤਾ ਦੇ ਨਸ਼ੇ 'ਚ ਇੰਨੇ ਚੂਰ ਹੋ ਜਾਂਦੇ ਹਨ ਕਿ ਦੁਨੀਆ ਭਰ ਦੀ ਬੁੱਧੀ ਅਤੇ ਵਿਵੇਕ ਦਾ ਮਾਲਕ ਖ਼ੁਦ ਨੂੰ ਹੀ ਸਮਝ ਬੈਠਦੇ ਹਨ ਅਤੇ ਕਿਸੇ ਵੀ ਸ਼ੁੱਭਚਿੰਤਕ ਦੀ ਕੋਈ ਗੱਲ ਸੁਣਨ ਲਈ ਤਿਆਰ ਨਹੀਂ ਹੁੰਦੇ ਪਰ ਇਹ ਗੱਲ ਬਿਲਕੁਲ ਨਹੀਂ ਭੁੱਲਣੀ ਚਾਹੀਦੀ ਕਿ ਸੱਤਾ ਆਉਣੀ-ਜਾਣੀ ਚੀਜ਼ ਹੈ। ਇਹ ਨਾ ਕਦੇ ਹਮੇਸ਼ਾ ਰਹੀ ਹੈ ਤੇ ਨਾ ਹੀ ਰਹਿ ਸਕਦੀ ਹੈ। ਇਸ ਲਈ ਸੱਤਾ 'ਚ ਰਹਿੰਦਿਆਂ ਪੂਰੀ ਸਮਝ, ਗਿਆਨ, ਬੁੱਧੀ ਅਤੇ ਲੋਕ ਭਲਾਈ ਦੀ ਭਾਵਨਾ ਨਾਲ ਹੀ ਕੰਮ ਕਰਨ ਵਾਲੇ ਲੋਕਾਂ ਦਾ ਨਾਂ ਅਮਰ ਹੁੰਦਾ ਹੈ, ਨਹੀਂ ਤਾਂ ਉਨ੍ਹਾਂ ਦਾ ਅੰਤ ਮਾਓ, ਹਿਟਲਰ, ਮੁਸੋਲਿਨੀ ਅਤੇ ਹੋਰ ਡਿਕਟੇਟਰਾਂ ਵਰਗਾ ਹੀ ਹੁੰਦਾ ਹੈ।    

                                                                                        —ਜਗਤ ਨਾਰਾਇਣ''

ਸਮਾਂ ਗਵਾਹ ਹੈ ਕਿ ਪੂਜਨੀਕ ਲਾਲਾ ਜੀ ਨੇ ਉਕਤ ਸੰਪਾਦਕੀ 'ਚ ਜੋ ਗੱਲਾਂ ਲਿਖੀਆਂ ਹਨ, ਉਹ ਅੱਜ ਵੀ ਓਨੀਆਂ ਹੀ ਸਾਰਥਕ ਹਨ ਅਤੇ ਸਮੇਂ ਦੇ ਸ਼ਾਸਕਾਂ ਨੂੰ ਚੌਕਸ ਕਰਦੀਆਂ ਹਨ ਕਿ ਉਨ੍ਹਾਂ ਨੂੰ ਆਪਣੇ ਆਦਰਸ਼ਾਂ ਅਤੇ ਸਿਧਾਂਤਾਂ 'ਤੇ ਡਟੇ ਰਹਿ ਕੇ ਆਪਣੀ ਵੱਧ ਤੋਂ ਵੱਧ ਬੁੱਧੀ ਅਤੇ ਸਮਝ ਨਾਲ ਆਪਣੇ ਮਿਸ਼ਨ 'ਤੇ ਅੱਗੇ ਵਧਣਾ ਚਾਹੀਦਾ ਹੈ ਤਾਂ ਕਿ ਸੱਤਾ ਤੋਂ ਵਾਂਝੇ ਹੋਣ ਮਗਰੋਂ ਉਨ੍ਹਾਂ ਨੂੰ ਨਾਂਹ-ਪੱਖੀ ਹਾਲਾਤ ਦਾ ਸਾਹਮਣਾ ਨਾ ਕਰਨਾ ਪਵੇ।
ਅੱਜ ਲਾਲਾ ਜੀ ਦੇ ਉਕਤ ਸੰਪਾਦਕੀ ਨਾਲ ਉਨ੍ਹਾਂ ਨੂੰ ਯਾਦ ਕਰਦਿਆਂ ਅਸੀਂ ਮੁੜ ਸੰਕਲਪ ਲੈਂਦੇ ਹਾਂ ਕਿ ਜਿਹੜੇ ਆਦਰਸ਼ਾਂ 'ਤੇ ਉਹ ਡਟੇ ਰਹੇ, ਅਸੀਂ ਵੀ ਉਨ੍ਹਾਂ ਹੀ ਆਦਰਸ਼ਾਂ 'ਤੇ ਚੱਲਦੇ ਹੋਏ ਸੱਚ ਅਤੇ ਨਿਡਰਤਾ, ਇਨਸਾਫ-ਪਸੰਦ ਅਤੇ ਨਿਰਪੱਖ ਪੱਤਰਕਾਰੀ ਤੋਂ ਕਦੇ ਵੀ ਮੂੰਹ ਨਹੀਂ ਮੋੜਾਂਗੇ।

                                                                                          —ਵਿਜੇ ਕੁਮਾਰ


KamalJeet Singh

Content Editor

Related News