‘ਤਾਰੀਖ ਪੇ ਤਾਰੀਖ’ ਦੇ ਗਲਤ ਰੁਝਾਨ ’ਤੇ ਜਸਟਿਸ ਚੰਦਰਚੂੜ ਦੀ ਸਹੀ ਟਿੱਪਣੀ

09/14/2022 3:14:30 AM

ਦੇਸ਼ ਦੀਆਂ ਅਦਾਲਤਾਂ ’ਚ ਦਹਾਕਿਆਂ ਤੋਂ ਲਟਕਦੇ ਆ ਰਹੇ ਮੁਕੱਦਮਿਆਂ ਦੇ ਕਾਰਨ ਆਮ ਆਦਮੀ ਦੀ ਨਿਆਂ ਲਈ ਉਡੀਕ ਲੰਬੀ ਅਤੇ ਔਖੀ ਹੁੰਦੀ ਜਾ ਰਹੀ ਹੈ। ਮੁਕੱਦਮੇ ਲਟਕਣ ਦਾ ਇਕ ਵੱਡਾ ਕਾਰਨ ਅਦਾਲਤਾਂ ’ਚ ਗਵਾਹਾਂ ਦਾ ਨਾ ਪਹੁੰਚਣਾ ਵੀ ਹੈ, ਜਿਸ ਦੇ ਕਾਰਨ ਗਵਾਹਾਂ ਨਾਲ ਜਿਰਹਾ ’ਚ ਦੇਰੀ ’ਤੇ ਨਾਰਾਜ਼ਗੀ ਪ੍ਰਗਟਾਉਂਦੇ ਹੋਏ ਸੁਪਰੀਮ ਕੋਰਟ ਦੇ ਜਸਟਿਸ ਐੱਸ. ਕੇ. ਕੌਲ ਤੇ ਜਸਟਿਸ ਐੱਮ. ਐੱਸ. ਸੁੰਦ੍ਰੇਸ਼ ਨੇ 19 ਅਗਸਤ ਨੂੰ ਕਿਹਾ :

‘‘ਇਹ ਯਕੀਨੀ ਬਣਾਉਣਾ ਟ੍ਰਾਇਲ ਕੋਰਟ ਦੀ ਜ਼ਿੰਮੇਵਾਰੀ ਹੈ ਕਿ ਮੁਕੱਦਮਾ ਲੰਬਾ ਨਾ ਚੱਲੇ ਕਿਉਂਕਿ ਸਮੇਂ ਦਾ ਵਕਫਾ ਵਧਣ ਨਾਲ ਗਵਾਹੀ ’ਚ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਇਸ ਲਈ ਟ੍ਰਾਇਲ ਕੋਰਟ ਨੂੰ ਕਿਸੇ ਵੀ ਧਿਰ ਦੀ ਦੇਰੀ ਕਰਨ ਦੀਆਂ ਚਾਲਾਂ ’ਤੇ ਕਾਬੂ ਪਾਉਣਾ ਚਾਹੀਦਾ ਹੈ।’’ ਇਸੇ ਸਿਲਸਿਲੇ ’ਚ ਹੁਣ ਵਕੀਲਾਂ ਦੀ ਵਾਰ-ਵਾਰ ਸੁਣਵਾਈ ਮੁਲਤਵੀ ਦੀ ਬੇਨਤੀ ’ਤੇ ਨਾਰਾਜ਼ਗੀ ਪ੍ਰਗਟ ਕਰਦਿਆਂ ਸੁਪਰੀਮ ਕੋਰਟ ਦੇ ਜੱਜ ਜਸਟਿਸ ਡੀ. ਵਾਈ. ਚੰਦਰਚੂੜ ਨੇ ‘ਦਾਮਿਨੀ’ ਫਿਲਮ ਦਾ ਇਕ ਪ੍ਰਸਿੱਧ ਡਾਇਲਾਗ ਦੋਹਰਾਇਆ ਅਤੇ ਕਿਹਾ, ‘‘ਹਮ ਨਹੀਂ ਚਾਹਤੇ ਕਿ ਸੁਪਰੀਮ ਕੋਰਟ ‘ਤਾਰੀਖ ਪੇ ਤਾਰੀਖ’ ਵਾਲੀ ਅਦਾਲਤ ਬਨੇ।’’

ਇਕ ਵਕੀਲ ਵੱਲੋਂ ਮਾਮਲੇ ’ਤੇ ਬਹਿਸ ਲਈ ਸਮਾਂ ਮੰਗਣ ਅਤੇ ਸੁਣਵਾਈ ਦੇ ਮੁਲਤਵੀ ਦੇ ਲਈ ਪੱਤਰ ਦੇਣ ਦੀ ਗੱਲ ਕਹਿਣ ’ਤੇ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਮਾਣਯੋਗ ਜੱਜਾਂ ਡੀ. ਵਾਈ. ਚੰਦਰਚੂੜ ਅਤੇ ਹਿਮਾ ਕੋਹਲੀ ਦੀ ਬੈਂਚ ਨੇ ਕਿਹਾ, ‘‘ਅਸੀਂ ਸੁਣਵਾਈ ਮੁਲਤਵੀ ਨਹੀਂ ਕਰਾਂਗੇ। ਵੱਧ ਤੋਂ ਵੱਧ ਅਸੀਂ ਕੁਝ ਦੇਰ ਲਈ ਸੁਣਵਾਈ ਰੋਕ ਸਕਦੇ ਹਾਂ ਪਰ ਤੁਹਾਨੂੰ ਬਹਿਸ ਕਰਨੀ ਹੋਵੇਗੀ।’’ ਜਸਟਿਸ ਚੰਦਰਚੂੜ ਨੇ ਇਕ ਦੀਵਾਨੀ ਅਪੀਲ ’ਚ ਪੇਸ਼ ਵਕੀਲ ਨੂੰ ਕਿਹਾ, ‘‘ਇਹ ਚੋਟੀ ਦੀ ਅਦਾਲਤ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਇਸ ਅਦਾਲਤ ਦਾ ਵੱਕਾਰ ਬਣਿਆ ਰਹੇ।’’

ਬੈਂਚ ਨੇ ਕਿਹਾ, ‘‘ਜਿੱਥੇ ਜੱਜ ਮਾਮਲੇ ਦੀ ਫਾਈਲ ਨੂੰ ਧਿਆਨ ਨਾਲ ਪੜ੍ਹ ਕੇ ਅਗਲੇ ਦਿਨ ਦੀ ਸੁਣਵਾਈ ਲਈ ਅੱਧੀ ਰਾਤ ਤੱਕ ਤਿਆਰੀ ਕਰਦੇ ਰਹਿੰਦੇ ਹਨ, ਓਧਰ ਵਕੀਲ ਆਉਂਦੇ ਹਨ ਅਤੇ ਸੁਣਵਾਈ ਮੁਲਤਵੀ ਦੀ ਮੰਗ ਕਰਦੇ ਹਨ।’’ ਜਸਟਿਸ ਚੰਦਰਚੂੜ ਨੇ ਕਿਹਾ ਕਿ ਉਹ ਕੋਰਟ ’ਚ ‘ਤਾਰੀਖ ਪੇ ਤਾਰੀਖ’ ਵਾਲੇ ਅਕਸ ਨੂੰ ਬਦਲਣ ਲਈ ਹਰ ਕੋਸ਼ਿਸ਼ ਕਰਨਗੇ ਕਿਉਂਕਿ ਲੰਬੇ ਸਮੇਂ ਤੋਂ ਲੋਕਾਂ ਦੀ ਇਹ ਧਾਰਨਾ ਬਣ ਗਈ ਹੈ ਕਿ ਅਦਾਲਤਾਂ ’ਚ ਨਿਆਂ ਦੇ ਬਦਲੇ ਸਿਰਫ ਤਾਰੀਖ ਹੀ ਮਿਲਦੀ ਹੈ।

ਸੁਪਰੀਮ ਕੋਰਟ ਦੇ ਵਕੀਲਾਂ ਦੀ ਇਹ ਆਮ ਰਾਏ ਹੈ ਕਿ ਜਸਟਿਸ ਚੰਦਰਚੂੜ ਦਲੀਲਾਂ ਨੂੰ ਤਸੱਲੀ ਨਾਲ ਸੁਣਦੇ ਹਨ ਅਤੇ ਉਨ੍ਹਾਂ ਦੀ ਜਿੰਨੀ ਸੰਭਵ ਹੋ ਸਕੇ ਕੋਸ਼ਿਸ਼ ਰਹਿੰਦੀ ਹੈ ਕਿ ਮਾਮਲੇ ਦੀ ਸੁਣਵਾਈ ਨਿਸ਼ਚਿਤ ਤਰੀਕ ’ਤੇ ਹੋਵੇ। ਉਨ੍ਹਾਂ ਦਾ ਮੰਨਣਾ ਹੈ ਕਿ ਜੱਜ ਨੇ ਦੇਰ ਰਾਤ ਤੱਕ ਮਾਮਲੇ ਨਾਲ ਸਬੰਧਤ ਦਸਤਾਵੇਜ਼ਾਂ ਨੂੰ ਪੜ੍ਹਿਆ ਹੁੰਦਾ ਹੈ, ਇਸ ਲਈ ਵਕੀਲਾਂ ਵੱਲੋਂ ਬੇਲੋੜੀ ਮੁਲਤਵੀ ਦੀ ਮੰਗ ਨੂੰ ਸਰਾਹਿਆ ਨਹੀਂ ਜਾ ਸਕਦਾ। ਜੇਕਰ ਅਜਿਹਾ ਨਜ਼ਰੀਆ ਨਿਆਪਾਲਿਕਾ ਨਾਲ ਜੁੜੇ ਸਾਰੇ ਜੱਜ ਅਪਣਾ ਲੈਣ ਤਾਂ ਬੇਲੋੜੇ ਤੌਰ ’ਤੇ ਮਾਮਲਿਆਂ ਦੀ ਸੁਣਵਾਈ ਰੁਕਵਾਉਣ ਦੀਆਂ ਕੋਸ਼ਿਸ਼ਾਂ ’ਚ ਕਮੀ ਲਿਆ ਕੇ ਅਦਾਲਤਾਂ ਦਾ ਬੋਝ ਕੁਝ ਘੱਟ ਜ਼ਰੂਰ ਕੀਤਾ ਜਾ ਸਕਦਾ ਹੈ।

-ਵਿਜੇ ਕੁਮਾਰ 


Mukesh

Content Editor

Related News