ਸੁਰੱਖਿਆ ਬਲਾਂ ਲਈ ''ਮੌਤ ਦਾ ਜਾਲ'' ਬਣਿਆ ਜੰਮੂ-ਸ਼੍ਰੀਨਗਰ ਕੌਮੀ ਰਾਜਮਾਰਗ

07/01/2016 7:22:24 AM

ਬੀਤੀ 25 ਜੂਨ ਨੂੰ ਜੰਮੂ-ਸ਼੍ਰੀਨਗਰ ਕੌਮੀ ਰਾਜਮਾਰਗ ''ਤੇ ਪੰਪੋਰ ਇਲਾਕੇ ''ਚ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐੱਫ.) ਦੇ ਕਾਫਿਲੇ ''ਤੇ ਫਿਦਾਈਨ ਹਮਲੇ ਦੀ ਘਟਨਾ ਤੋਂ ਬਾਅਦ ''ਜੰਮੂ-ਸ਼੍ਰੀਨਗਰ ਕੌਮੀ ਰਾਜਮਾਰਗ 1-ਏ'' ਚਰਚਾ ''ਚ ਹੈ। ਕਸ਼ਮੀਰ ਵਾਦੀ ਨੂੰ ਜੰਮੂ ਨਾਲ ਜੋੜਨ ਵਾਲਾ ਇਹ 300 ਕਿਲੋਮੀਟਰ ਲੰਬਾ ਰਾਜਮਾਰਗ ਇਥੋਂ ਲੰਘਣ ਵਾਲੇ ਸੁਰੱਖਿਆ ਬਲਾਂ ਦੀਆਂ ਗੱਡੀਆਂ ਆਦਿ ''ਤੇ ਅੱਤਵਾਦੀਆਂ ਵਲੋਂ ਇਕ ਹੀ ਢੰਗ ਨਾਲ ਕੀਤੇ ਗਏ ਕਈ ਹਮਲਿਆਂ ਦਾ ਗਵਾਹ ਹੈ।
ਉਂਝ ਤਾਂ ਇਹ ਸਾਰਾ ਰਾਜਮਾਰਗ ਹੀ ਅੱਤਵਾਦੀਆਂ ਦੇ ਨਿਸ਼ਾਨੇ ''ਤੇ ਆਇਆ ਹੋਇਆ ਹੈ ਪਰ ਬੀਜਬਹੇੜਾ ਤੋਂ ਦੱਖਣੀ ਕਸ਼ਮੀਰ ''ਚ ਪੰਪੋਰ ਤਕ ਦੀ 35 ਕਿਲੋਮੀਟਰ ਲੰਬੀ ਪੱਟੀ ਸਾਡੇ ਸੁਰੱਖਿਆ ਬਲਾਂ ਲਈ ਵੱਡੀ ਸਿਰਦਰਦੀ ਸਿੱਧ ਹੋ ਰਹੀ ਹੈ।
ਸਿਰਫ ਪਿਛਲੇ 7 ਮਹੀਨਿਆਂ ''ਚ ਅੱਤਵਾਦੀ ਇਸ 35 ਕਿਲੋਮੀਟਰ ਇਲਾਕੇ ''ਚ ਸਾਡੇ ਸੁਰੱਖਿਆ ਬਲਾਂ ''ਤੇ ਘੱਟੋ-ਘੱਟ 5 ਵਾਰ ਹਮਲਾ ਕਰਕੇ ਇਕ ਦਰਜਨ ਤੋਂ ਜ਼ਿਆਦਾ ਲੋਕਾਂ ਨੂੰ ਸ਼ਹੀਦ ਕਰ ਚੁੱਕੇ ਹਨ, ਜੋ ਹੇਠਾਂ ਦਰਜ ਹਨ :
* ਦਸੰਬਰ 2015 ''ਚ ਸੂਬਾਈ ਪੁਲਸ ਦੇ 2 ਅਧਿਕਾਰੀ ਜ਼ਖਮੀ ਕੀਤੇ।
* ਫਰਵਰੀ 2016 ''ਚ ਸੀ. ਆਰ. ਪੀ. ਐੱਫ. ਦੇ 2 ਜਵਾਨ ਮਾਰੇ ਗਏ।
* 8 ਅਪ੍ਰੈਲ ਨੂੰ ਫੌਜ ਦੀ ਗੱਡੀ ''ਤੇ ਹਮਲੇ ''ਚ 2 ਸਿਵਲੀਅਨ ਮਾਰੇ ਗਏ।
* 3 ਜੂਨ ਨੂੰ ਬੀ. ਐੱਸ. ਐੱਫ. ਦੀ ਟੁਕੜੀ ''ਤੇ ਹਮਲੇ ''ਚ 3 ਸੁਰੱਖਿਆ ਮੁਲਾਜ਼ਮ ਮਾਰੇ ਗਏ।
* 25 ਜੂਨ ਨੂੰ ਪੰਪੋਰ ''ਚ ਸੀ. ਆਰ. ਪੀ. ਐੱਫ. ਦੇ ਕਾਫਿਲੇ ''ਤੇ ਅੱਤਵਾਦੀ ਹਮਲੇ ''ਚ 8 ਜਵਾਨ ਸ਼ਹੀਦ ਹੋਏ। ਪੰਪੋਰ ਦੇ ਬਾਹਰਲੇ ਇਲਾਕੇ ''ਚ ਹੋਇਆ ਇਹ ਹਮਲਾ ਹਾਲ ਹੀ ਦੇ ਵਰ੍ਹਿਆਂ ''ਚ ਸਭ ਤੋਂ ਵੱਡਾ ਅੱਤਵਾਦੀ ਹਮਲਾ ਸੀ।
ਇਸ ਸੰਬੰਧ ''ਚ ਇਕ ਸੀਨੀਅਰ ਪੁਲਸ ਅਧਿਕਾਰੀ ਦਾ ਕਹਿਣਾ ਹੈ ਕਿ ਦਸੰਬਰ 2015 ਤੋਂ ਬਾਅਦ ਹੋਏ ਕਈ ਹਮਲਿਆਂ ਦੇ ਬਾਵਜੂਦ ਇਸ ਸੰਵੇਦਨਸ਼ੀਲ ਪੱਟੀ ''ਤੇ ਸੁਰੱਖਿਆ ਬਲਾਂ ''ਚ ਨਾਮਾਤਰ ਵਾਧਾ ਹੀ ਕੀਤਾ ਗਿਆ ਹੈ।
ਸੀ. ਆਰ. ਪੀ. ਐੱਫ. ਦੇ ਆਈ. ਜੀ. ਨਲਿਨ ਪ੍ਰਭਾਤ ਅਨੁਸਾਰ ਇਹ 35 ਕਿਲੋਮੀਟਰ ਲੰਬੀ ਪੱਟੀ ''ਮੌਤ ਦਾ ਜਾਲ'' ਸਿੱਧ ਹੋ ਰਹੀ ਹੈ, ''''ਇਥੇ ਕੌਮੀ ਰਾਜਮਾਰਗ, ਜੇਹਲਮ ਨਦੀ ਤੇ ਰੇਲਵੇ ਟ੍ਰੈਕ ਇਕ ਦੂਜੇ ਨੂੰ ਕੱਟਦੇ ਹਨ, ਜਿਸ ਕਾਰਨ ਇਥੇ ਅੱਤਵਾਦੀਆਂ ਲਈ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣਾ ਸੌਖਾ ਹੈ। ਇਸ ਤੋਂ ਇਲਾਵਾ ਇਸ ਇਲਾਕੇ ਦੀ ਸਥਿਤੀ ਵੀ ਅਜਿਹੇ ਹਮਲਿਆਂ ਲਈ ਢੁੱਕਵੀਂ ਹੈ।''''
''''ਬੀਜਬਹੇੜਾ ਅਤੇ ਪੰਪੋਰ ਦਰਮਿਆਨ ਸੜਕ ਦੇ ਦੋਵੇਂ ਪਾਸੇ ਕਈ ''ਓਵਰ ਗਰਾਊਂਡ ਵਰਕਰਸ'' (ਓ. ਜੀ. ਵੀ., ਭਾਵ ਅੱਤਵਾਦੀਆਂ ਦੇ ਹਮਦਰਦਾਂ ਦੇ ਅਰਥ ''ਚ) ਹਨ, ਜੋ ਅਜਿਹੇ ਹਮਲਿਆਂ ਦੇ ਸਮੇਂ ਅੱਤਵਾਦੀਆਂ ਦੀ ਸਹਾਇਤਾ ਕਰਦੇ ਹਨ।''''
ਇਸ ਰਾਜਮਾਰਗ ਦੇ ਆਸ-ਪਾਸ ਵਾਲੇ ਇਲਾਕਿਆਂ ''ਚ ਲਸ਼ਕਰ ਨੇ ਅਜਿਹੇ ਸਮੂਹਾਂ ਦਾ ਚੰਗਾ ਨੈੱਟਵਰਕ ਬਣਾਇਆ ਹੋਇਆ ਹੈ, ਜੋ ਅੱਤਵਾਦੀਆਂ ਨੂੰ ਸੁਰੱਖਿਆ ਬਲਾਂ ਦੀਆਂ ਸਰਗਰਮੀਆਂ ਦੀ ਸੂਚਨਾ ਦੇ ਦਿੰਦੇ ਹਨ। ਇਥੇ ''ਹਿਜਬ'' ਵੀ ਮੌਜੂਦ ਹੈ ਪਰ ਲਸ਼ਕਰ ਜ਼ਿਆਦਾ ਤਾਕਤਵਰ ਹੈ।
ਕਿਹਾ ਜਾਂਦਾ ਹੈ ਕਿ ਬੀਤੀ 25 ਜੂਨ ਵਾਲੇ ਹਮਲੇ ''ਚ ਵੀ 2 ਪਾਕਿਸਤਾਨੀ ਅੱਤਵਾਦੀਆਂ ਨੇ ਇਨ੍ਹਾਂ ''ਓ. ਜੀ. ਵੀ.'' ਦੀ ਸਹਾਇਤਾ ਨਾਲ ਹੀ ਹਮਲਾ ਕੀਤਾ ਸੀ। ਇਸ ਲਈ ਭਾਰਤ ਨੂੰ ਇਨ੍ਹਾਂ ''ਓ. ਜੀ. ਵੀ.'' ਵਿਰੁੱਧ ਸਖਤ ਕਾਰਵਾਈ ਕਰਨੀ ਪਵੇਗੀ।
ਪੁਲਸ ਦੇ ਉੱਚ ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਅੱਤਵਾਦੀ ਸੰਘਣੀ ਆਬਾਦੀ ਵਾਲੇ ਇਲਾਕਿਆਂ ਅਤੇ ਇਸ ਪੱਟੀ ''ਤੇ ''ਫੋਰਲੇਨਿੰਗ'' ਦਾ ਕੰਮ ਚੱਲਣ ਕਰਕੇ ਇਥੋਂ ਲੰਘਣ ਵਾਲੀਆਂ ਸੁਰੱਖਿਆ ਬਲਾਂ ਦੀਆਂ ਗੱਡੀਆਂ ਦੀ ਹੌਲੀ ਰਫਤਾਰ ਦਾ ਵੀ ਲਾਭ ਉਠਾਉਂਦੇ ਹਨ।
''''ਸੁਰੱਖਿਆ ਬਲਾਂ ਦੇ ਕਿਸੇ ਕਾਫਿਲੇ ''ਤੇ ਹਮਲਾ ਕਰਨ ਤੋਂ ਬਾਅਦ ਪਾਕਿਸਤਾਨੀ ਅੱਤਵਾਦੀ ਆਪਣੇ ਪ੍ਰਤੀ ਹਮਦਰਦੀ ਰੱਖਣ ਵਾਲਿਆਂ ਦੀ ਸਹਾਇਤਾ ਨਾਲ ਬੀਜਬਹੇੜਾ ਤੇ ਪੰਪੋਰ ਦੇ ਸੰਘਣੀ ਆਬਾਦੀ ਵਾਲੇ ਇਲਾਕਿਆਂ ''ਚ ਜਾ ਲੁਕਦੇ ਹਨ।''''
''''ਇਹੋ ਨਹੀਂ, ਸੁਰੱਖਿਆ ਬਲਾਂ ਦੇ ਕਿਸੇ ਕਾਫਿਲੇ ''ਤੇ ਹਮਲਾ ਕਰਨ ਤੋਂ ਬਾਅਦ ਅੱਤਵਾਦੀ ਇਹ ਉਮੀਦ ਕਰਦੇ ਹਨ ਕਿ ਇਸ ਨਾਲ ਭਾਰਤੀ ਜਵਾਨ ਭੜਕ ਉੱਠਣ ਅਤੇ ਉਨ੍ਹਾਂ ਦੀ ਜਵਾਬੀ ਗੋਲੀਬਾਰੀ ''ਚ ਬੇਕਸੂਰ ਲੋਕ ਮਾਰੇ ਜਾਣ। ਇਸ ਲਈ ਸਿਵਲੀਅਨ ਇਲਾਕਾ ਹੋਣ ਕਰਕੇ ਅਸੀਂ ਅੱਖਾਂ ਮੀਚ ਕੇ ਅੰਨ੍ਹੇਵਾਹ ਗੋਲੀਬਾਰੀ ਨਹੀਂ ਕਰ ਸਕਦੇ।''''
ਉਕਸਾਹਟ ''ਚ ਆ ਕੇ ਅੰਨ੍ਹੇਵਾਹ ਗੋਲੀਬਾਰੀ ਨਾ ਕਰਨ ਦੀ ਭਾਰਤੀ ਨੀਤੀ ਤਾਂ ਸਹੀ ਹੈ ਪਰ ਅੱਤਵਾਦੀ ਹਮਲਿਆਂ ਨੂੰ ਰੋਕਣਾ ਵੀ ਓਨਾ ਹੀ ਜ਼ਰੂਰੀ ਹੈ, ਜਿਸ ਦੇ ਲਈ ਸਾਡੇ ਰਣਨੀਤੀ ਘਾੜਿਆਂ ਨੂੰ ਗੰਭੀਰ ਸੋਚ-ਵਿਚਾਰ ਕਰਨ ਦੀ ਲੋੜ ਹੈ।
ਅਜਿਹਾ ਭਾਰਤ ''ਚ ਅੱਤਵਾਦੀਆਂ ਦੇ ਦਾਖਲ ਹੋਣ ਵਾਲੇ ਚੋਰ ਰਸਤਿਆਂ ਨੂੰ ਅਸਰਦਾਰ ਢੰਗ ਨਾਲ ਬੰਦ ਕਰਨ, ਡੂੰਘੀ ਪੜਤਾਲ ਦੇ ਜ਼ਰੀਏ ਭਾਰਤੀ ਇਲਾਕੇ ''ਚ ਮੌਜੂਦ ਉਨ੍ਹਾਂ ਦੇ ਹਮਦਰਦਾਂ ਦਾ ਪਤਾ ਲਗਾ ਕੇ ਉਨ੍ਹਾਂ ਦਾ ਨੈੱਟਵਰਕ ਤਬਾਹ ਕਰਨ, ਸੁਰੱਖਿਆ ਬਲਾਂ ਦੀ ਗਿਣਤੀ ਹੋਰ ਜ਼ਿਆਦਾ ਵਧਾ ਕੇ ਉਨ੍ਹਾਂ ਨੂੰ ਆਧੁਨਿਕ ਹਥਿਆਰਾਂ, ਬੁਲੇਟ ਪਰੂਫ ਜੈਕੇਟਾਂ, ਬਖਤਰਬੰਦ ਗੱਡੀਆਂ ਨਾਲ ਲੈਸ ਕਰਨ ਦੇ ਨਾਲ-ਨਾਲ ਆਪਣੀ ਖੁਫੀਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਉਸ ਦੀਆਂ ਸੂਚਨਾਵਾਂ ''ਤੇ ਗੰਭੀਰਤਾ ਨਾਲ ਅਮਲ ਯਕੀਨੀ ਬਣਾਉਣ ਨਾਲ ਹੀ ਸੰਭਵ ਹੈ।        
—ਵਿਜੇ ਕੁਮਾਰ


Vijay Kumar Chopra

Chief Editor

Related News