ਹਵਾਈ ਫੌਜ ਦੇ ‘ਪਾਇਲਟਾਂ ਦੀ ਅਧੂਰੀ ਸਿਖਲਾਈ’ ਜਹਾਜ਼ ‘ਹਾਦਸਿਆਂ ਦੇ ਲਈ ਜ਼ਿੰਮੇਵਾਰ?’

01/29/2023 12:43:37 AM

ਹਾਲਾਂਕਿ ਭਾਰਤੀ ਹਵਾਈ ਫੌਜ ਵਿਸ਼ਵ ਦੀ ਚੌਥੀ ਸਭ ਤੋਂ ਵੱਡੀ ਹਵਾਈ ਫੌਜ ਹੈ, ਜਿਸ ਦੇ ਜਵਾਨਾਂ ਨੇ ਦੇਸ਼-ਵਿਦੇਸ਼ ’ਚ ਨਾਂ ਕਮਾਇਆ ਹੈ ਪਰ ਵਾਰ-ਵਾਰ ਭਾਰਤੀ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਦਾ ਹਾਦਸਾਗ੍ਰਸਤ ਹੋਣਾ ਚਿੰਤਾ ਦਾ ਵਿਸ਼ਾ ਬਣ ਰਿਹਾ ਹੈ ਕਿਉਂਕਿ ਇਨ੍ਹਾਂ ਦੇ ਨਤੀਜੇ ਵਜੋਂ ਵੱਡੀ ਗਿਣਤੀ ’ਚ ਸਾਡੇ ਪਾਇਲਟਾਂ ਦੀ ਜਾਨ ਵੀ ਜਾ ਰਹੀ ਹੈ।

5 ਜਨਵਰੀ ਨੂੰ ਰੀਵਾ ’ਚ ਹਵਾਈ ਫੌਜ ਦੇ ਇਕ ਟ੍ਰੇਨੀ ਜਹਾਜ਼ ਦੇ ਹਾਦਸਾਗ੍ਰਸਤ ਹੋ ਜਾਣ ਨਾਲ ਸਿਖਾਂਦਰੂ ਕੈਪਟਨ ਵਿਮਲ ਕੁਮਾਰ ਦੀ ਮੌਤ ਅਤੇ ਟ੍ਰੇਨੀ ਪਾਇਲਟ ਕੈਪਟਨ ਸੋਨੂੰ ਯਾਦਵ ਗੰਭੀਰ ਤੌਰ ’ਤੇ ਜ਼ਖਮੀ ਹੋ ਗਏ ਸਨ।

ਅਤੇ ਹੁਣ 28 ਜਨਵਰੀ ਦੀ ਸਵੇਰ ਮੱਧ ਪ੍ਰਦੇਸ਼ ’ਚ ਭਾਰਤੀ ਹਵਾਈ ਫੌਜ ਦੇ ਦੋ ਸ਼ਕਤੀਸ਼ਾਲੀ ‘ਫਰੰਟ ਲਾਈਨ’ ਦੇ ਲੜਾਕੂ ਜਹਾਜ਼ ਸੁਖੋਈ-30 ਅਤੇ ਮਿਰਾਜ-2000 ਗਵਾਲੀਅਰ ਦੇ ਏਅਰਬੇਸ ਤੋਂ ਨਿਯਮਿਤ ਸੰਚਾਲਨ ਦੇ ਲਈ ਅਭਿਆਸ ਉਡਾਣ ਭਰਨ ਦੇ ਕੁਝ ਹੀ ਸਮੇਂ ਦੇ ਅੰਦਰ ਹਾਦਸਾਗ੍ਰਸਤ ਹੋ ਕੇ ਟੁਕੜੇ-ਟੁਕੜੇ ਹੋ ਗਏ।

ਜਹਾਜ਼ਾਂ ਦਾ ਮਲਬਾ ਮੁਰੈਨਾ ਦੇ ਜੰਗਲ ਤੇ ਰਾਜਸਥਾਨ ਦੇ ਭਰਤਪੁਰ ’ਚ ਮਿਲਿਆ ਹੈ। ਚਸ਼ਮਦੀਦਾਂ ਦੇ ਅਨੁਸਾਰ ਪਹਾੜਗੰਜ ਇਲਾਕੇ ’ਚ ਉਨ੍ਹਾਂ ਨੇ ਆਕਾਸ਼ ’ਚ ਇਕ ਜਹਾਜ਼ ਸੜਦਾ ਹੋਇਆ ਦੇਖਿਆ ਅਤੇ ਫਿਰ ਉਸ ਦੇ ਟੁਕੜੇ ਜ਼ਮੀਨ ’ਤੇ ਡਿੱਗੇ। ਉਸ ਸਮੇਂ ਇਹ ਜਹਾਜ਼ ‘ਕੇਲਾਰਸ’ ਕਸਬੇ ਦੇ ਉਪਰੋਂ ਲੰਘ ਰਹੇ ਸਨ।

ਹਾਦਸੇ ਦੇ ਸਮੇਂ ਸੁਖੋਈ-30 ’ਚ 2 ਅਤੇ ਮਿਰਾਜ-2000 ’ਚ ਇਕ ਪਾਇਲਟ ਸੀ ਕਿਉਂਕਿ ਮਿਰਾਜ-2000 ਨੂੰ ਉਡਾਉਣ ਦੇ ਲਈ ਸਿਰਫ ਇਕ ਹੀ ਪਾਇਲਟ ਦੀ ਲੋੜ ਹੁੰਦੀ ਹੈ।

ਜਹਾਜ਼ ’ਚ ਅੱਗ ਲੱਗਦੇ ਹੀ ਸੁਖੋਈ-30 ਦੇ 2 ਪਾਇਲਟ ਬਾਹਰ ਨਿਕਲ ਆਏ ਪਰ ਉਨ੍ਹਾਂ ਦਾ ਪੈਰਾਸ਼ੂਟ ਝਾੜੀਆਂ ’ਚ ਫਸ ਗਿਆ ਜਿਸ ਨਾਲ ਉਹ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਪਿੰਡ ਵਾਲਿਆਂ ਨੇ ਬਾਹਰ ਕੱਢਿਆ ਅਤੇ ਬਾਅਦ ’ਚ ਉਨ੍ਹਾਂ ਨੂੰ ਇਲਾਜ ਦੇ ਲਈ ਹੈਲੀਕਾਪਟਰ ਰਾਹੀਂ ਗਵਾਲੀਅਰ ਲਿਜਾਇਆ ਗਿਆ। ਇਨ੍ਹਾਂ ’ਚੋਂ ਇਕ ਜ਼ਖਮੀ ਪਾਇਲਟ ਨੂੰ ਘਾਤਕ ਸੱਟਾਂ ਲੱਗੀਆਂ ਜਦਕਿ ਮਿਰਾਜ-2000 ਦੇ ਪਾਇਲਟ ਦੀ ਮੌਤ ਹੋ ਗਈ।

ਭਾਰਤੀ ਹਵਾਈ ਫੌਜ ਦੀ ਸ਼ਕਤੀ ਅਖਵਾਉਣ ਵਾਲੇ ਇਹ ਦੋਵੇਂ ਹੀ ਜਹਾਜ਼ ਲੰਬੇ ਸਮੇਂ ਤੋਂ ਇਸ ਦਾ ਹਿੱਸਾ ਰਹੇ ਹਨ। ਜੈਸ਼-ਏ-ਮੁਹੰਮਦ ਦੇ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰਨ ਦੇ ਲਈ 26 ਫਰਵਰੀ, 2019 ਨੂੰ ਕੰਟਰੋਲ ਰੇਖਾ ਪਾਰ ਕਰਨ ਵਾਲੇ ਭਾਰਤੀ ਹਵਾਈ ਫੌਜ ਦੇ 12 ਲੜਾਕੂ ਜੈੱਟ ਜਹਾਜ਼ ਮਿਰਾਜ-2000 ਹੀ ਸਨ।

ਇਸ ਤੋਂ ਪਹਿਲਾਂ 1999 ਦੀ ਕਾਰਗਿਲ ਜੰਗ ’ਚ ਵੀ ਪਾਕਿਸਤਾਨ ਦੇ ਵਿਰੁੱਧ ਮਿਰਾਜ- 2000 ਜਹਾਜ਼ਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਸੁਖੋਈ ਲੜਾਕੂ ਜਹਾਜ਼ ਵੀ ਲਗਭਗ 20 ਸਾਲਾਂ ਤੋਂ ਭਾਰਤੀ ਹਵਾਈ ਫੌਜ ਦੇ ਕੋਲ ਹਨ।

ਫੌਜੀ ਮਾਮਲਿਆਂ ਦੇ ਮਾਹਿਰ ਬੀ. ਐੱਸ. ਜਸਵਾਲ ਦੇ ਅਨੁਸਾਰ, ‘‘ਸੁਖੋਈ-30 ਅਤੇ ਮਿਰਾਜ-2000 ਦੋਵਾਂ ’ਚ ਇਕੱਠੀ ਤਕਨੀਕੀ ਖਰਾਬੀ ਆਉਣੀ ਅਸੰਭਵ ਹੈ। ਹੋ ਸਕਦਾ ਹੈ ਕਿ ਕੋਈ ਅਭਿਆਸ ਕਰ ਰਹੇ ਹੋਣ ਜਿਸ ਦੇ ਦੌਰਾਨ ਕਿਸੇ ਇਕ ਜਹਾਜ਼ ’ਚ ਗੜਬੜੀ ਆ ਜਾਣ ਨਾਲ ਉਹ ਦੂਜੇ ਜਹਾਜ਼ ਨਾਲ ਟਕਰਾਅ ਗਿਆ ਹੋਵੇ।’’

ਹਾਦਸੇ ਦੇ ਕਾਰਨਾਂ ਦਾ ਤਾਂ ਬਲੈਕ ਬਾਕਸ ਤੋਂ ਹੀ ਪਤਾ ਲੱਗੇਗਾ ਕਿਉਂਕਿ ਅਜਿਹੇ ਅਭਿਆਸ ’ਚ ਸੁਰੱਖਿਆ ਦਾ ਬੜਾ ਧਿਆਨ ਰੱਖਿਆ ਜਾਂਦਾ ਹੈ। ਫਿਲਹਾਲ ਹਾਦਸੇ ਦੇ ਕਾਰਨਾਂ ਦੀ ਜਾਂਚ ਦੇ ਲਈ ਹਵਾਈ ਫੌਜ ਨੇ ‘ਕੋਰਟ ਆਫ ਇਨਕੁਆਰੀ’ ਦਾ ਹੁਕਮ ਵੀ ਦੇ ਦਿੱਤਾ ਹੈ।

ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਲਈ ਭਾਰਤ ਦੇ ਕੰਪਟ੍ਰੋਲਰ ਐਂਡ ਆਡਿਟਰ ਜਨਰਲ (ਕੈਗ) ਵੀ ਅਤੀਤ ’ਚ ਆਪਣੀ ਇਕ ਿਰਪੋਰਟ ’ਚ ਪਾਇਲਟਾਂ ਦੀ ਢੁੱਕਵੀਂ ਸਿਖਲਾਈ ਦੀ ਘਾਟ ਨੂੰ ਜ਼ਿੰਮੇਵਾਰ ਠਹਿਰਾ ਚੁੱਕੇ ਹਨ।

ਕੈਗ ਦੀ ਇਹ ਰਿਪੋਰਟ ਭਾਰਤੀ ਪ੍ਰਤੀਰੱਖਿਆ ਤੰਤਰ ਦੇ ਲਈ ਇਕ ਚਿਤਾਵਨੀ ਹੈ ਕਿਉਂਕਿ ਹਵਾਈ ਫੌਜ ਦੇ ਜਹਾਜ਼ ਚਾਲਕਾਂ ਨੂੰ ਢੁੱਕਵੀਂ ਸਿਖਲਾਈ ਦਿਵਾ ਕੇ ਟਾਲੇ ਜਾਣ ਸਕਣ ਵਾਲੇ ਜਹਾਜ਼ ਹਾਦਸਿਆਂ ਨਾਲ ਨਾ ਸਿਰਫ ਬੜੀਆਂ ਕੀਮਤੀ ਜਾਨਾਂ ਦਾ ਨੁਕਸਾਨ ਹੋ ਰਿਹਾ ਹੈ ਸਗੋਂ ਜਹਾਜ਼ ਤਬਾਹ ਹੋਣ ਨਾਲ ਦੇਸ਼ ਨੂੰ ਭਾਰੀ ਆਰਥਿਕ ਹਾਨੀ ਹੋਣ ਦੇ ਨਾਲ-ਨਾਲ ਦੇਸ਼ ਦੀ ਪ੍ਰਤੀਰੱਖਿਆ ਸਮਰੱਥਾ ਵੀ ਪ੍ਰਭਾਵਿਤ ਹੋ ਰਹੀ ਹੈ।

ਇਸ ਲਈ ਜਿੱਥੇ ਸਿਖਲਾਈ ’ਚ ਖਾਮੀਆਂ ਸਬੰਧੀ ਜਾਂਚ ਕਰਨ ਦੀ ਲੋੜ ਹੈ ਇਸ ਦੇ ਨਾਲ ਹੀ ਜਹਾਜ਼ਾਂ ਦੇ ਰੱਖ-ਰਖਾਅ ’ਚ ਖਾਮੀਆਂ ਅਤੇ ਇਸ ਗੱਲ ਦੀ ਜਾਂਚ ਵੀ ਕੀਤੀ ਜਾਣੀ ਚਾਹੀਦੀ ਹੈ ਕਿ ਕਿਤੇ ਇਸ ਤਰ੍ਹਾਂ ਦੇ ਹਾਦਸਿਆਂ ਦੇ ਪਿੱਛੇ ਕਿਸੇ ਹੋਰ ਸ਼ਕਤੀ ਦਾ ਹੱਥ ਤਾਂ ਨਹੀਂ!

-ਵਿਜੇ ਕੁਮਾਰ


Anmol Tagra

Content Editor

Related News