ਬਿਜਲੀ ਸੰਕਟ ਨਾਲ ਨਜਿੱਠਣ ਲਈ ਸੋਲਰ ਪੈਨਲ ਲਾਏ ਜਾਣ

10/12/2021 3:39:27 AM

ਕੋਲੇ ਦੀ ਕਮੀ ਕਾਰਨ ਰਾਜਧਾਨੀ ਦਿੱਲੀ ਸਮੇਤ ਕਈ ਸੂਬਿਆਂ ਪੰਜਾਬ, ਮੱਧ ਪ੍ਰਦੇਸ਼, ਬੰਗਾਲ, ਉੱਤਰ ਪ੍ਰਦੇਸ਼, ਰਾਜਸਥਾਨ, ਬਿਹਾਰ, ਝਾਰਖੰਡ, ਮਹਾਰਾਸ਼ਟਰ, ਕੇਰਲ, ਤਾਮਿਲਨਾਡੂ, ਓਡਿਸ਼ਾ ਅਤੇ ਆਂਧਰਾ ਪ੍ਰਦੇਸ਼ ਆਦਿ ’ਚ ਬਿਜਲੀ ਦਾ ਗੰਭੀਰ ਸੰਕਟ ਪੈਦਾ ਹੋ ਗਿਆ ਹੈ।

ਜਿਥੇ ਪੰਜਾਬ ’ਚ ਬਿਜਲੀ ਪਲਾਂਟ 50 ਫੀਸਦੀ ਸਮਰਥਾ ਨਾਲ ਚੱਲਣ ਕਾਰਨ 13 ਅਕਤੂਬਰ ਤਕ ਰੋਜ਼ਾਨਾ ਤਿੰਨ ਘੰਟਿਆਂ ਦੀ ਬਿਜਲੀ ਕਟੌਤੀ ਲਾਗੂ ਕੀਤੀ ਗਈ ਹੈ, ਉਥੇ ਕੇਰਲ ’ਚ ਬਿਜਲੀ ਮੰਤਰੀ ਕੇ. ਕ੍ਰਿਸ਼ਣਨਕੁੱਟੀ ਨੇ ਵੀ ਕੱਟ ਲਾਉਣ ਦਾ ਸੰਕੇਤ ਦੇ ਦਿੱਤਾ ਹੈ।

ਦੇਸ਼ ’ਚ ਕੋਲੇ ਦੀ ਉਪਲਬਧਤਾ ਨੂੰ ਲੈ ਕੇ ਭੁਲੇਖੇ ਵਾਲੀ ਸਥਿਤੀ ਬਣੀ ਹੋਈ ਹੈ। ਜਿਥੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਨੂੰ ਬਿਜਲੀ ਸਪਲਾਈ ਕਰਨ ਵਾਲੇ ਪਲਾਂਟਾਂ ਨੂੰ ਲੋੜੀਂਦੇ ਕੋਲੇ ਤੋਂ ਇਲਾਵਾ ਗੈਸ ਦੇਣ ਲਈ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਹੈ, ਉਥੇ ਕੇਂਦਰੀ ਊਰਜਾ ਮੰਤਰੀ ਆਰ. ਕੇ. ਸਿੰਘ ਨੇ ਕਿਹਾ ਹੈ ਕਿ ਦੇਸ਼ ’ਚ ਕੋਲੇ ਦੀ ਕਮੀ ਨਹੀਂ ਅਤੇ ਕੇਂਦਰੀ ਕੋਲਾ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਵੀ ਇਹੀ ਗੱਲ ਦੁਹਰਾਈ ਹੈ।

ਹਾਲਾਂਕਿ ਕੇਂਦਰੀ ਮੰਤਰੀਆਂ ਨੇ ਦਿਲਾਸਾ ਦੇਣ ਦੀ ਕੋਸ਼ਿਸ਼ ਕੀਤੀ ਹੈ ਪਰ ਅਸਲੀਅਤ ਕੁਝ ਵੱਖਰੀ ਹੈ। ਦਿੱਲੀ ਦੇ ਊਰਜਾ ਮੰਤਰੀ ਸਤੇਂਦਰ ਜੈਨ ਨੇ ਪੁੱਛਿਆ ਹੈ ਕਿ ਜੇ ਬਿਜਲੀ ਦਾ ਸੰਕਟ ਨਹੀਂ ਹੈ ਤਾਂ ਪੂਰੇ ਦੇਸ਼ ’ਚ ਬਿਜਲੀ ਦੇ ਕੱਟ ਕਿਉਂ ਲੱਗ ਰਹੇ ਹਨ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਸ ਸੰਬੰਧੀ ਮੋਦੀ ਸਰਕਾਰ ਨੂੰ ਚਿੱਠੀ ਕਿਉਂ ਲਿਖੀ?

ਇਸ ਲਈ ਸਾਡਾ ਸੁਝਾਅ ਹੈ ਕਿ ਦੂਜੇ ਦੇਸ਼ਾਂ ਵਾਂਗ ਸਾਡੇ ਦੇਸ਼ ’ਚ ਵੀ ਕੁਦਰਤੀ ਸੋਮਿਆਂ ਤੋਂ ਪ੍ਰਾਪਤ ਊਰਜਾ ਦੀ ਵੱਧ ਤੋਂ ਵੱਧ ਵਰਤੋਂ ਨੂੰ ਹੱਲਾਸ਼ੇਰੀ ਦਿੱਤੀ ਜਾਵੇ ਅਤੇ ਕੇਂਦਰ ਤੇ ਸੂਬਾਈ ਸਰਕਾਰਾਂ ਜਲਦੀ ਤੋਂ ਜਲਦੀ ਸਰਕਾਰੀ ਦਫਤਰਾਂ, ਹਸਪਤਾਲਾਂ, ਸਕੂਲਾਂ ਆਦਿ ਦੀਆਂ ਛੱਤਾਂ ’ਤੇ ਵੱਧ ਤੋਂ ਵੱਧ ਸੋਲਰ ਪੈਨਲ ਲਵਾਉਣ।

ਨਿੱਜੀ ਉਦਯੋਗਾਂ ਦੇ ਸੰਚਾਲਕਾਂ ਅਤੇ ਵੱਡੀਆਂ ਇਮਾਰਤਾਂ ਦੇ ਮਾਲਕਾਂ ਨੂੰ ਵੀ ਆਪਣੇ ਟਿਕਾਣਿਆਂ ’ਤੇ ਸੋਲਰ ਪੈਨਲ ਲਾਉਣੇ ਚਾਹੀਦੇ ਹਨ। ਇਸ ਨਾਲ ਕਿਸੇ ਹੱਦ ਤਕ ਬਿਜਲੀ ਦੀ ਕਮੀ ਪੂਰੀ ਹੋ ਸਕੇਗੀ ਅਤੇ ਇਨ੍ਹਾਂ ਰਾਹੀਂ ਊਰਜਾ ਪ੍ਰਾਪਤ ਕਰਨ ’ਤੇ ਸਿਵਾਏ ਇੰਸਟਾਲੇਸ਼ਨ ’ਤੇ ਆਉਣ ਵਾਲੇ ਖਰਚ ਤੋਂ ਵੱਧ ਖਰਚ ਵੀ ਨਹੀਂ ਆਉਂਦਾ।

ਕਿਉਂਕਿ ਪ੍ਰਮਾਣੂ ਬਿਜਲੀ ਵਰਗੇ ਊਰਜਾ ਪਲਾਂਟ ਮਹਿੰਗੇ ਅਤੇ ਖਤਰੇ ਨਾਲ ਭਰਪੂਰ ਹਨ, ਇਸ ਲਈ ਸਰਕਾਰ ਵਲੋਂ ਸੂਰਜੀ ਊਰਜਾ ਦੇ ਨਾਲ-ਨਾਲ ਪਵਨ ਊਰਜਾ, ਬਾਇਓਗੈਸ ਪਲਾਂਟਾਂ ਨੂੰ ਵੀ ਸਬਸਿਡੀ ਆਦਿ ਰਾਹੀਂ ਹੱਲਾਸ਼ੇਰੀ ਦੇਣ ਦੀ ਲੋੜ ਹੈ।

ਘਰ-ਘਰ ਏ.ਸੀ. ਅਤੇ ਹੋਰ ਉਪਕਰਣ ਪਹੁੰਚ ਜਾਣ ਕਾਰਨ ਬਿਜਲੀ ਦੀ ਖਪਤ ਪਹਿਲਾਂ ਹੀ ਵਧ ਚੁੱਕੀ ਹੈ ਅਤੇ ਭਵਿੱਖ ’ਚ ਇਸ ’ਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਇਸ ਲਈ ਸਰਕਾਰ ਨੂੰ ਸੂਰਜੀ ਊਰਜਾ ਅਤੇ ਪਵਨ ਊਰਜਾ ਵਰਗੀਆਂ ਯੋਜਨਾਵਾਂ ਕਾਇਮ ਕਰਨ ਲਈ ਵੱਧ ਤੋਂ ਵੱਧ ਰਿਆਇਤਾਂ ਦੇਣੀਆਂ ਅਤੇ ਸਬਸਿਡੀ ਦੇਣ ਦੀ ਪ੍ਰਕਿਰਿਆ ਨੂੰ ਸੌਖਾ ਬਣਾਉਣਾ ਚਾਹੀਦਾ ਹੈ ਤਾਂ ਜੋ ਲਗਾਤਾਰ ਵਧ ਰਹੀ ਬਿਜਲੀ ਦੀ ਮੰਗ ਨੂੰ ਪੂਰਾ ਕੀਤਾ ਜਾ ਸਕੇ।

–ਵਿਜੇ ਕੁਮਾਰ


Bharat Thapa

Content Editor

Related News