ਪਾਕਿਸਤਾਨ ਨੂੰ ‘ਮੁਫਤ ਕੋਰੋਨਾ ਵੈਕਸੀਨ ਦਿੱਤੀ’‘ਭਾਰਤ ਸਰਕਾਰ ਦੀ ਸ਼ਲਾਘਾਯੋਗ ਪਹਿਲ’
Friday, Mar 12, 2021 - 04:14 AM (IST)

ਹੋਂਦ ’ਚ ਆਉਣ ਦੇ ਸਮੇਂ ਤੋਂ ਹੀ ਪਾਕਿਸਤਾਨ ਦੇ ਵਧੇਰੇ ਹਾਕਮਾਂ ਨੇ ਭਾਰਤ ਦੇ ਵਿਰੁੱਧ ਪ੍ਰਤੱਖ ਤੇ ਅਪ੍ਰਤੱਖ ਜੰਗ ਛੇੜੀ ਹੋਈ ਹੈ ਅਤੇ ਭਾਰਤ ਦੇ ਵਿਰੁੱਧ ਹਿੰਸਕ ਸਰਗਰਮੀਆਂ ਲਈ ਭਾਰਤ ’ਚ ਆਪਣੇ ਪਾਲੇ ਹੋਏ ਅੱਤਵਾਦੀਆਂ ਦੀ ਘੁਸਪੈਠ ਕਰਵਾ ਕੇ, ਨਕਲੀ ਕਰੰਸੀ, ਨਸ਼ੀਲੇ ਪਦਾਰਥ ਅਤੇ ਹਥਿਆਰ ਭੇਜ ਕੇ ਸਾਨੂੰ ਨੁਕਸਾਨ ਪਹੁੰਚਾ ਰਹੇ ਹਨ।
ਪਾਕਿਸਤਾਨ ਦੇ ਹਾਕਮਾਂ ’ਚੋਂ ਸਿਰਫ 2 ਪ੍ਰਧਾਨ ਮੰਤਰੀਆਂ ਨੇ ਭਾਰਤ ਨਾਲ ਸਬੰਧ ਸੁਧਾਰਨ ਦੀ ਦਿਸ਼ਾ ’ਚ ਕੁਝ ਪਹਿਲ ਕੀਤੀ। ਉਨ੍ਹਾਂ ’ਚੋਂ ਇਕ ਨਵਾਜ਼ ਸ਼ਰੀਫ ਨੇ 21 ਫਰਵਰੀ, 1999 ਨੂੰ ਸ਼੍ਰੀ ਅਟਲ ਬਿਹਾਰੀ ਵਾਜਪਾਈ ਨੂੰ ਲਾਹੌਰ ਸੱਦ ਕੇ ਆਪਸੀ ਮਿੱਤਰਤਾ ਅਤੇ ਸ਼ਾਂਤੀ ਲਈ ਲਾਹੌਰ ਐਲਾਨ ਪੱਤਰ ’ਤੇ ਦਸਤਖਤ ਕੀਤੇ ਸਨ।
ਤਦ ਆਸ ਬੱਝੀ ਸੀ ਕਿ ਹੁਣ ਇਸ ਖੇਤਰ ’ਚ ਸ਼ਾਂਤੀ ਦਾ ਨਵਾਂ ਅਧਿਆਏ ਸ਼ੁਰੂ ਹੋਵੇਗਾ ਪਰ ਇਸ ਦੇ ਕੁਝ ਹੀ ਸਮੇਂ ਬਾਅਦ ਮੁਸ਼ੱਰਫ ਨੇ ਨਵਾਜ਼ ਦਾ ਤਖਤਾ ਪਲਟ ਕੇ ਉਨ੍ਹਾਂ ਨੂੰ ਜੇਲ ’ਚ ਸੁੱਟ ਦਿੱਤਾ ਅਤੇ ਸੱਤਾ ’ਤੇ ਕਬਜ਼ਾ ਕਰ ਕੇ ਉਨ੍ਹਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ। ਉਸੇ ਸਾਲ ਭਾਰਤ ਦੇ ਕਾਰਗਿਲ ’ਤੇ ਹਮਲੇ ਦੇ ਪਿੱਛੇ ਵੀ ਮੁਸ਼ੱਰਫ ਹੀ ਸੀ।
ਉਨ੍ਹਾਂ ਦੇ ਬਾਅਦ 18 ਅਗਸਤ, 2018 ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ ਇਮਰਾਨ ਖਾਨ ਨੇ 9 ਨਵੰਬਰ, 2019 ਨੂੰ ਭਾਰਤੀ ਪੰਜਾਬ ’ਚ ਸਥਿਤ ‘ਡੇਰਾ ਬਾਬਾ ਨਾਨਕ’ ਨੂੰ ਪਾਕਿਸਤਾਨ ’ਚ ਕਰਤਾਰਪੁਰ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਨਾਲ ਜੋੜਨ ਵਾਲੇ ਕਰਤਾਰਪੁਰ ਕਾਰੀਡੋਰ ਦੀ ਸ਼ੁਰੂਆਤ ਕਰਵਾਈ ਜਿਸ ਨਾਲ ਪਾਕਿਸਤਾਨ ’ਚ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਨੂੰ ਸਹੂਲਤ ਹੋ ਗਈ।
ਇਹੀ ਨਹੀਂ ਇਸ ਸਾਲ 24 ਅਤੇ 25 ਫਰਵਰੀ ਨੂੰ ਸਰਹੱਦ ਨਾਲ ਜੁੜੇ ਮੁੱਦਿਆਂ ’ਤੇ ਚਰਚਾ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਫੌਜੀ ਮੁਹਿੰਮ ਦੇ ਮਹਾਨਿਰਦੇਸ਼ਕਾਂ ਨੇ 2003 ਦੇ ਜੰਗਬੰਦੀ ਸਮਝੌਤੇ ਦੀ ਸਖਤੀ ਨਾਲ ਪਾਲਣਾ ਕਰਨ ’ਤੇ ਸਹਿਮਤੀ ਵੀ ਪ੍ਰਗਟ ਕੀਤੀ ਹੈ। ਅਜੇ ਤਕ ਪਾਕਿਸਤਾਨ ਇਸ ਸਮਝੌਤੇ ਦੀ ਪਾਲਣਾ ਨਾ ਕਰ ਕੇ ਲਗਾਤਾਰ ਜੰਗਬੰਦੀ ਦੀ ਉਲੰਘਣਾ ਕਰ ਰਿਹਾ ਸੀ।
ਹੁਣ ਆਪਣਾ ਗੁਆਂਢੀ ਧਰਮ ਨਿਭਾਉਂਦੇ ਹੋਏ ਭਾਰਤ ਸਰਕਾਰ ਨੇ ਵੀ ਪਾਕਿਸਤਾਨ ਨੂੰ ਕੋਰੋਨਾ ਮਹਾਮਾਰੀ ਦਾ ਸਾਹਮਣਾ ਕਰਨ ’ਚ ਸਹਾਇਤਾ ਦੇਣ ਲਈ ਭਾਰਤ ’ਚ ਤਿਆਰ ਕੀਤੀ ਕੋਰੋਨਾ ਵੈਕਸੀਨ ਦੀਆਂ 4.5 ਕਰੋੜ ਖੁਰਾਕਾਂ ਮੁਫਤ ਦੇਣ ਦਾ ਐਲਾਨ ਕਰ ਦਿੱਤਾ ਹੈ। ਪੁਣੇ ਸਥਿਤ ‘ਸੀਰਮ ਇੰਸਟੀਚਿਊਟ’ ਵਲੋਂ ਤਿਆਰ ਕੀਤੀ ‘ਆਕਸਫੋਰਡ-ਐਸਟ੍ਰਾਜੇਨੇਕਾ’ ਦੀ ਕੋਰੋਨਾ ਵੈਕਸੀਨ ‘ਕੋਵੀਸ਼ੀਲਡ’ ਜਲਦੀ ਹੀ ਪਾਕਿਸਤਾਨ ਪਹੁੰਚੇਗੀ।
ਇਸ ਤੋਂ ਪਹਿਲਾਂ ਭਾਰਤ ਸਰਕਾਰ ਲਗਭਗ ਇਕ ਦਰਜਨ ਦੇਸ਼ਾਂ ਭੂਟਾਨ, ਮਾਲਦੀਵ, ਮਾਰੀਸ਼ਸ, ਬਹਿਰੀਨ, ਓਮਾਨ, ਅਫਗਾਨਿਸਤਾਨ, ਬਾਰਬਾਡੋਸ, ਡੋਮੀਨਿਕਾ, ਬੰਗਲਾਦੇਸ਼, ਨੇਪਾਲ, ਮਿਆਂਮਾਰ ਤੇ ਸੇਸ਼ਲਸ ਨੂੰ 361 ਲੱਖ ਤੋਂ ਵੱਧ ਕੋਰੋਨਾ ਵੈਕਸੀਨ ਭੇਜ ਚੁੱਕੀ ਹੈ।
ਜਿਥੇ ਭਾਰਤ ਦੀ ਇਹ ਪਹਿਲ ਸ਼ਲਾਘਾਯੋਗ ਹੈ, ਉਥੇ ਕੁਝ ਸਾਲਾਂ ਤੋਂ ਦੋਵਾਂ ਦੇਸ਼ਾਂ ਦਰਮਿਆਨ ਭਾਰਤ ਦੁਆਰਾ ਪਾਕਿਸਤਾਨ ਤੋਂ ਦਰਾਮਦ ’ਤੇ 200 ਫੀਸਦੀ ਦਰਾਮਦ ਫੀਸ ਲਗਾ ਦੇਣ ਅਤੇ ਪਾਕਿਸਤਾਨ ਵਲੋਂ ਜੰਮੂ-ਕਸ਼ਮੀਰ ਬਾਰੇ ਭਾਰਤ ਦੇ ਫੈਸਲੇ ਤੋਂ ਬੌਖਲਾ ਕੇ ਦੋ-ਪੱਖੀ ਵਪਾਰ ਮੁਲਤਵੀ ਕਰਨ ਦੀ ਧਮਕੀ ਦੇਣ ਦੇ ਬਾਅਦ ਬੰਦ ਪਿਆ ਕਰੋੜਾਂ ਰੁਪਏ ਦਾ ਵਪਾਰ ਵੀ ਦੁਬਾਰਾ ਸ਼ੁਰੂ ਕਰਨ ਦੀ ਲੋੜ ਹੈ।
ਦੋਵਾਂ ਦੇਸ਼ਾਂ ’ਚ ਵਪਾਰ ਬੰਦ ਹੋਣ ਨਾਲ ਇਕੱਲੇ ਅਟਾਰੀ ਅਤੇ ਅੰਮ੍ਰਿਤਸਰ ਇਲਾਕੇ ਦੇ ਲਗਭਗ 20 ਹਜ਼ਾਰ ਪਰਿਵਾਰਾਂ ਦਾ ਰੋਜ਼ਗਾਰ ਖੁੱਸ ਗਿਆ ਹੈ ਜਿਨ੍ਹਾਂ ’ਚ ਕੁਲੀ, ਹੈਲਪਰ, ਟਰਾਂਸਪੋਰਟਰ, ਟਰਾਂਸਪੋਰਟ ਲੇਬਰ ਆਦਿ ਸ਼ਾਮਲ ਹੈ।
ਦੋਵਾਂ ਦੇਸ਼ਾਂ ’ਚ ਬਰਾਮਦ-ਦਰਾਮਦ ਬੰਦ ਹੋਣ ਦੇ ਬਾਅਦ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਵੀ ਵਧ ਗਈ ਹੈ। ਜੋ ਲੋਕ ਪਹਿਲਾਂ ਸਰਹੱਦ ’ਤੇ ਮਿਹਨਤ ਮਜ਼ਦੂਰੀ ਕਰ ਕੇ ਆਪਣੇ ਪਰਿਵਾਰਾਂ ਦਾ ਢਿੱਡ ਪਾਲ ਰਹੇ ਸਨ, ਉਨ੍ਹਾਂ ’ਚੋਂ ਕਈ ਹੁਣ ਨਸ਼ੇ ਦੀ ਸਮੱਗਲਿੰਗ ਕਰਨ ਲੱਗੇ ਹਨ।
ਵਰਣਨਯੋਗ ਹੈ ਕਿ ਸਾਲ 2020 ’ਚ ਬੀ. ਐੱਸ. ਐੱਫ. ਨੇ ਸਰਹੱਦ ਪਾਰੋਂ ਆਈ 497 ਕਿਲੋ ਹੈਰੋਇਨ ਫੜੀ ਜੋ 7 ਸਾਲਾਂ ’ਚ ਬਰਾਮਦ ਕੀਤੀ ਗਈ ਹੈਰੋਇਨ ਦੀ ਸਭ ਤੋਂ ਵੱਧ ਮਾਤਰਾ ਹੈ।
ਪਾਕਿਸਤਾਨ ਤੋਂ ਆਉਣ ਵਾਲੀਆਂ ਵਸਤੂਆਂ ’ਚ ਡਰਾਈਫਰੂਟ, ਤਰਬੂਜ਼, ਫਲ, ਸੇਂਧਾ ਨਮਕ, ਸੀਮੈਂਟ, ਪੈਟਰੋਲੀਅਮ ਉਤਪਾਦਨ, ਸਲਫਰ, ਚਮੜੇ ਦਾ ਸਾਮਾਨ, ਮੈਡੀਕਲ ਯੰਤਰ ਸ਼ਾਮਲ ਸਨ।
ਇਸੇ ਤਰ੍ਹਾਂ ਭਾਰਤ ਤੋਂ ਪਾਕਿਸਤਾਨ ਨੂੰ ਜਾਣ ਵਾਲੀਆਂ ਵਸਤੂਆਂ ’ਚ ਕਪਾਹ, ਧਾਗਾ, ਕੈਮੀਕਲ, ਪਲਾਸਟਿਕ ਦੀਆਂ ਵਸਤੂਆਂ, ਖੱਡੀ ਦਾ ਧਾਗਾ, ਰੰਗ, ਰੈਡੀਮੇਡ ਕੱਪੜੇ, ਨਾਰੀਅਲ, ਕਾਜੂ, ਪਾਨ ਦੇ ਪੱਤੇ, ਸਬਜ਼ੀਆਂ ਆਦਿ ਸ਼ਾਮਲ ਸਨ।
ਇਮਰਾਨ ਖਾਨ ਖਿਡਾਰੀ ਰਹੇ ਹਨ। ਸਿਵਾਏ ਤਿੰਨ ਵਿਆਹ ਕਰਨ ਦੇ ਉਨ੍ਹਾਂ ਦੇ ਵਿਰੁੱਧ ਕੋਈ ਦੋਸ਼ ਨਹੀਂ ਹੈ ਅਤੇ 6 ਮਾਰਚ ਨੂੰ ਆਪਣੇ ਵਿਰੁੱਧ ਲਿਆਂਦੇ ਗਏ ਬੇਭਰੋਸੇਗੀ ਮਤੇ ’ਚ ਵੀ ਉਨ੍ਹਾਂ ਨੇ ਸਫਲਤਾ ਹਾਸਲ ਕੀਤੀ ਹੈ। ਇਸ ਲਈ ਉਹ ਪੂਰੇ ਆਤਮਵਿਸ਼ਵਾਸ ਨਾਲ ਭਾਰਤ ਦੇ ਨਾਲ ਸਬੰਧ ਸੁਧਾਰਨ ਦੀ ਦਿਸ਼ਾ ’ਚ ਅੱਗੇ ਵਧ ਸਕਦੇ ਹਨ।
ਜੇਕਰ ਦੋਵੇਂ ਦੇਸ਼ ਹਾਂਪੱਖੀ ਨਜ਼ਰੀਆ ਅਪਣਾ ਲੈਣ ਤਾਂ ਨਾ ਸਿਰਫ ਦੋਵਾਂ ਦੇਸ਼ਾਂ ’ਚ ਦੂਰੀਆਂ ਮਿਟਣਗੀਆਂ ਸਗੋਂ ਲੋਕਾਂ ਦਾ ਦੋਵਾਂ ਦੇਸ਼ਾਂ ’ਚ ਆਉਣਾ-ਜਾਣਾ ਸ਼ੁਰੂ ਹੋਣ ਨਾਲ ਸਦਭਾਵ ਵਧੇਗਾ। ਇਸ ਦੇ ਨਾਲ ਹੀ ਦੋਵਾਂ ਦੇਸ਼ਾਂ ’ਚ ਸਬੰਧ ਆਮ ਵਰਗੇ ਹੋਣ ਨਾਲ ਸਰਹੱਦਾਂ ਦੀ ਸੁਰੱਖਿਆ ’ਤੇ ਕੀਤੇ ਜਾਣ ਵਾਲੇ ਖਰਚ ’ਚ ਕਟੌਤੀ ਹੋਵੇਗੀ ਅਤੇ ਉਸ ਬਚੇ ਹੋਏ ਧਨ ਨੂੰ ਦੂਸਰੇ ਕੰਮਾਂ ’ਤੇ ਖਰਚ ਕੀਤਾ ਜਾ ਸਕੇਗਾ।
ਇਸ ਨਾਲ ਪਾਕਿਸਤਾਨ ’ਚ ਮਹਿੰਗਾਈ ਘੱਟ ਹੋਵੇਗੀ, ਲੋਕਾਂ ਨੂੰ ਰੋਜ਼ਗਾਰ ਮਿਲੇਗਾ ਅਤੇ ਦੋਵਾਂ ਦੇਸ਼ਾਂ ਵਿਚ ਖੁਸ਼ਹਾਲੀ ਆਵੇਗੀ।
ਦੋ ਕਦਮ ਤੁਮ ਭੀ ਚਲੋ, ਦੋ ਕਦਮ ਹਮ ਭੀ ਚਲੇਂ,
ਮੰਜ਼ਿਲੇਂ ਪਿਆਰ ਕੀ, ਆਏਂਗੀ ਚਲਤੇ-ਚਲਤੇ।
–ਵਿਜੇ ਕੁਮਾਰ