ਭਾਰਤੀ ਫੌਜ ਕੋਲ ਆਧੁਨਿਕ ਛੋਟੇ ਹਥਿਆਰਾਂ ਦੀ ਭਾਰੀ ਘਾਟ

10/21/2017 2:25:53 AM

122 ਸਾਲ ਪਹਿਲਾਂ 1 ਅਪ੍ਰੈਲ 1895 ਨੂੰ ਸਥਾਪਿਤ ਭਾਰਤੀ ਫੌਜ ਨੂੰ ਦੁਨੀਆ ਦੀਆਂ ਸਭ ਤੋਂ ਵੱਧ ਤਾਕਤਵਰ ਫੌਜਾਂ 'ਚੋਂ ਇਕ ਮੰਨਿਆ ਜਾਂਦਾ ਹੈ। ਭਾਰਤੀ ਫੌਜ ਚੀਨ ਤੋਂ ਬਾਅਦ ਦੁਨੀਆ ਦੀ ਸਭ ਤੋਂ ਵੱਡੀ ਫੌਜ ਹੈ। ਇਸ ਵਿਚ 41162 ਅਧਿਕਾਰੀ ਅਤੇ 11.6 ਲੱਖ ਜਵਾਨ ਹਨ, ਜਿਨ੍ਹਾਂ 'ਚੋਂ ਪੈਦਲ ਫੌਜੀਆਂ ਦੀ ਗਿਣਤੀ 4.8 ਲੱਖ ਹੈ। ਇਸ ਦੀਆਂ 6 ਆਪ੍ਰੇਸ਼ਨਲ (ਖੇਤਰੀ) ਕਮਾਨਾਂ ਹਨ ਅਤੇ 1 ਟ੍ਰੇਨਿੰਗ ਕਮਾਨ ਹੈ। ਭਾਰਤੀ ਫੌਜ ਦੀਆਂ 382 ਬਟਾਲੀਅਨਾਂ ਅਤੇ 63 ਰਾਸ਼ਟਰੀ ਰਾਈਫਲਜ਼ ਦੇ ਯੂਨਿਟ ਹਨ। 
ਇੰਨੀ ਵਿਸ਼ਾਲ ਫੌਜ ਹੋਣ ਦੇ ਬਾਵਜੂਦ ਆਧੁਨਿਕ ਹਥਿਆਰਾਂ ਦੀ ਉਪਲੱਬਧਤਾ ਦੇ ਮਾਮਲੇ 'ਚ ਭਾਰਤੀ ਫੌਜ ਦੀ ਸਥਿਤੀ ਚੰਗੀ ਨਹੀਂ। ਹੁਣੇ ਜਿਹੇ ਛਪੀ ਇਕ ਰਿਪੋਰਟ ਅਨੁਸਾਰ ਫੌਜ ਦੇ ਜਵਾਨਾਂ ਕੋਲ ਆਧੁਨਿਕ ਹਥਿਆਰਾਂ ਦੀ ਭਾਰੀ ਘਾਟ ਹੈ। 
ਪਿਛਲੇ ਇਕ ਦਹਾਕੇ ਤੋਂ ਹਥਿਆਰਾਂ ਦੀ ਖਰੀਦ ਸੰਬੰਧੀ ਪ੍ਰਾਜੈਕਟ ਵਾਰ-ਵਾਰ ਰੱਦ ਹੋਣ ਅਤੇ ਹੁਣ ਤਕ ਇਨ੍ਹਾਂ ਦੇ ਭਾਰਤੀ ਬਦਲਾਂ ਦੀ ਭਾਲ 'ਚ ਨਾਕਾਮੀ ਕਾਰਨ ਭਾਰਤੀ ਫੌਜ ਦੇ ਜਵਾਨਾਂ ਕੋਲ ਅਸਾਲਟ ਰਾਈਫਲਾਂ, ਸਨਾਈਪਰ ਰਾਈਫਲਾਂ ਅਤੇ ਹਲਕੀਆਂ ਮਸ਼ੀਨਗੰਨਜ਼ ਤੋਂ ਲੈ ਕੇ ਜੰਗ ਵਿਚ ਇਸਤੇਮਾਲ ਹੋਣ ਵਾਲੀਆਂ ਕਾਰਬਾਈਨਾਂ ਵਰਗੇ ਬੁਨਿਆਦੀ ਹਥਿਆਰ ਵੀ ਸਟੈਂਡਰਡ ਪੱਧਰ ਦੇ ਨਹੀਂ ਹਨ ਅਤੇ ਬਦਲ ਵਜੋਂ ਵਿਕਸਿਤ ਕੀਤੇ ਗਏ ਸਵਦੇਸ਼ੀ ਹਥਿਆਰ ਕਸੌਟੀ 'ਤੇ ਖਰੇ ਉਤਰਨ 'ਚ ਬਹੁਤੇ ਸਫਲ ਨਹੀਂ ਰਹੇ। 
ਪਿਛਲੇ ਹਫਤੇ ਫੌਜ ਦੇ ਕਮਾਂਡਰਾਂ ਦੀ ਮੀਟਿੰਗ 'ਚ ਮੁੜ ਇਹ ਮੁੱਦਾ ਉਠਾਇਆ ਗਿਆ ਕਿ ਛੋਟੇ ਹਥਿਆਰਾਂ ਨੂੰ ਯੁੱਧ ਖੇਤਰ ਤਕ ਲਿਜਾਣ 'ਚ ਕਾਫੀ ਸਮਾਂ ਲੱਗਦਾ ਹੈ। ਮੀਟਿੰਗ ਦੌਰਾਨ ਫੌਜ ਦੇ ਮੁਖੀ ਜਨਰਲ ਬਿਪਨ ਰਾਵਤ ਨੇ ਸੀਨੀਅਰ ਲੈਫਟੀਨੈਂਟ ਜਨਰਲਾਂ ਨੂੰ ਦੱਸਿਆ ਕਿ ''ਹਥਿਆਰ ਪ੍ਰਾਪਤ ਕਰਨ ਦੀ ਪ੍ਰਕਿਰਿਆ ਦੇ ਸੰਬੰਧ ਵਿਚ ਸਾਡੀ ਅਪਰੋਚ ਸੰਤੁਲਿਤ ਕਰਨ ਦੀ ਲੋੜ ਹੈ।''
ਹਾਲਾਂਕਿ ਵੱਡੀ ਮੁਹਿੰਮ ਲਈ ਤੋਪਖਾਨੇ, ਬੰਦੂਕ, ਏਅਰ ਡਿਫੈਂਸ ਮਿਜ਼ਾਈਲ ਅਤੇ ਹੈਲੀਕਾਪਟਰ ਸੰਬੰਧੀ ਕੁਝ ਯੋਜਨਾਵਾਂ ਪਟੜੀ 'ਤੇ ਹਨ ਪਰ 'ਛੋਟੇ ਹਥਿਆਰ' ਅਜੇ ਵੀ ਵੱਡੀ ਸਮੱਸਿਆ ਦਾ ਵਿਸ਼ਾ ਬਣੇ ਹੋਏ ਹਨ। 
ਯੋਜਨਾ ਮੁਤਾਬਿਕ ਲੱਗਭਗ 12 ਲੱਖ ਦੀ ਸਮਰੱਥਾ ਵਾਲੀ ਫੌਜ ਲਈ 8,18,500 ਨਵੀਂ ਪੀੜ੍ਹੀ ਦੀਆਂ ਅਸਾਲਟ ਰਾਈਫਲਾਂ, 4,18,300 ਕਲੋਜ਼ ਕੁਆਰਟਰ ਲੜਾਕੂ ਕਾਰਬਾਈਨਾਂ (ਕਿਊ. ਆਰ. ਬੀ.), 43,700 ਲਾਈਟ ਮਸ਼ੀਨਗੰਨਜ਼ ਅਤੇ 5679 ਸਨਾਈਪਰ ਰਾਈਫਲਾਂ ਦੀ ਲੋੜ ਪੂਰੀ ਕਰਨ ਲਈ ਸ਼ੁਰੂ ਵਿਚ ਇਨ੍ਹਾਂ ਦੀ ਕੁਝ ਗਿਣਤੀ ਕਿਸੇ ਵਿਦੇਸ਼ੀ ਵਿਕ੍ਰੇਤਾ ਤੋਂ ਸਿੱਧੇ ਤੌਰ 'ਤੇ ਖਰੀਦ ਕੇ ਫੌਜ ਨੂੰ ਦੇਣ ਅਤੇ ਬਾਅਦ ਵਿਚ ਵੱਡੇ ਪੱਧਰ 'ਤੇ ਟੈਕਨਾਲੋਜੀ ਦੇ ਟਰਾਂਸਫਰ ਦੇ ਜ਼ਰੀਏ ਇਨ੍ਹਾਂ ਦਾ ਆਪਣੇ ਹੀ ਦੇਸ਼ 'ਚ ਨਿਰਮਾਣ ਕਰਨਾ ਸੀ ਪਰ ਇਹ ਯੋਜਨਾ ਅਜੇ ਤਕ ਸਿਰੇ ਨਹੀਂ ਚੜ੍ਹੀ।
ਪਿਛਲੇ ਸਾਲ ਸਤੰਬਰ 'ਚ ਫੌਜ ਨੂੰ ਤਰੁੱਟੀਪੂਰਨ 5.56 ਐੱਮ. ਐੱਮ. ਇੰਸਾਸ (ਭਾਰਤੀ ਛੋਟੀ ਹਥਿਆਰ ਪ੍ਰਣਾਲੀ) ਰਾਈਫਲਾਂ ਦੀ ਥਾਂ ਨਵੀਂ ਪੀੜ੍ਹੀ ਦੀ 7.62*51 ਐੱਮ. ਐੱਮ. ਅਸਾਲਟ ਰਾਈਫਲ ਨੂੰ ਰੀ-ਲਾਂਚ ਕਰਨ ਦੇ ਉਦੇਸ਼ ਨਾਲ ਇਸ ਦੀ ਵਿਸ਼ਵਵਿਆਪੀ ਖੋਜ ਲਈ ਇਸ ਕਰਕੇ ਮਜਬੂਰ ਹੋਣਾ ਪਿਆ ਕਿਉਂਕਿ ਪਿਛਲੇ ਇਕ ਦਹਾਕੇ ਦੌਰਾਨ ਇਸ ਸੰਬੰਧ ਵਿਚ ਲਏ ਗਏ ਸਾਰੇ ਟੈਂਡਰ ਰੱਦ ਕਰ ਦਿੱਤੇ ਗਏ ਸਨ। ਜ਼ਿਕਰਯੋਗ ਹੈ ਕਿ ਪੁਰਾਣੀਆਂ ਇੰਸਾਸ ਰਾਈਫਲਾਂ ਨੂੰ ਪਿਛਲੇ ਦਹਾਕੇ 'ਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਅਤੇ ਇਨ੍ਹਾਂ 'ਚ ਗੈਰ-ਅਮਲੀ ਤਕਨੀਕਾਂ ਦੀ ਵਰਤੋਂ ਆਦਿ ਕਾਰਨਾਂ ਕਰਕੇ ਹਟਾਉਣਾ ਪਿਆ ਸੀ। 
ਭਾਰਤੀ ਫੌਜ ਕੋਲ ਹਥਿਆਰਾਂ ਅਤੇ ਗੋਲਾ-ਬਾਰੂਦ ਦੀ ਘਾਟ ਲੰਮੇ ਸਮੇਂ ਤੋਂ ਚੱਲੀ ਆ ਰਹੀ ਹੈ। ਇਸੇ ਸਾਲ ਜੁਲਾਈ ਵਿਚ 'ਕੈਗ' ਦੀ ਇਕ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਜੰਗ ਦੀ ਸਥਿਤੀ ਵਿਚ ਫੌਜ ਦਾ ਗੋਲਾ-ਬਾਰੂਦ ਸਿਰਫ 10 ਦਿਨ ਹੀ ਚੱਲ ਸਕੇਗਾ। 
ਸੰਸਦ 'ਚ ਰੱਖੀ ਗਈ ਇਸ ਰਿਪੋਰਟ ਵਿਚ ਇਹ ਵੀ ਕਿਹਾ ਗਿਆ ਸੀ ਕਿ ਫੌਜੀ ਹੈੱਡਕੁਆਰਟਰ ਵਲੋਂ 2009 ਤੋਂ 2013 ਤਕ ਖਰੀਦਦਾਰੀ ਦੀਆਂ ਜੋ ਪ੍ਰਕਿਰਿਆਵਾਂ ਸ਼ੁਰੂ ਕੀਤੀਆਂ ਗਈਆਂ, ਉਨ੍ਹਾਂ 'ਚੋਂ ਬਹੁਤੀਆਂ 2017 ਤਕ ਵੀ ਪੂਰੀਆਂ ਨਹੀਂ ਕੀਤੀਆਂ ਜਾ ਸਕੀਆਂ।
ਅੱਜ ਜਦੋਂ ਭਾਰਤ ਨੂੰ 2-2 ਖਤਰਨਾਕ ਗੁਆਂਢੀਆਂ ਪਾਕਿਸਤਾਨ ਤੇ ਚੀਨ ਵਲੋਂ ਲਗਾਤਾਰ ਬਹੁਤ ਗੰਭੀਰ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਫੌਜ ਕੋਲ ਛੋਟੇ ਹਥਿਆਰਾਂ ਦੀ ਘਾਟ ਹੋਣਾ ਭਾਰੀ ਚਿੰਤਾ ਦਾ ਵਿਸ਼ਾ ਹੈ। 
ਜੇ ਇਸ ਸਥਿਤੀ ਵਿਚ ਸੁਧਾਰ ਲਈ ਛੇਤੀ ਠੋਸ ਉਪਾਅ ਨਾ ਕੀਤੇ ਗਏ ਤਾਂ ਇਸ ਦਾ ਅਸਰ ਦੇਸ਼ ਦੀ ਰੱਖਿਆ ਸਮਰੱਥਾ 'ਤੇ ਪਵੇਗਾ, ਜਿਸ ਨਾਲ ਦੇਸ਼ ਦੀ ਸੁਰੱਖਿਆ ਖਤਰੇ 'ਚ ਪੈ ਸਕਦੀ ਹੈ। ਇਸ ਲਈ ਇਸ ਘਾਟ ਜਾਂ ਕਿਸੇ ਵੀ ਤਰ੍ਹਾਂ ਦੀ ਹੋਰ ਘਾਟ ਨੂੰ ਜਿੰਨੀ ਛੇਤੀ ਦੂਰ ਕੀਤਾ ਜਾ ਸਕੇ, ਓਨਾ ਹੀ ਦੇਸ਼ ਦੀ ਸੁਰੱਖਿਆ ਲਈ ਚੰਗਾ ਹੋਵੇਗਾ। 
—ਵਿਜੇ ਕੁਮਾਰ


Vijay Kumar Chopra

Chief Editor

Related News