ਸਮਾਜ ’ਚ ਵਧਦੀ ਅਸਹਿਣਸ਼ੀਲਤਾ ਕਾਨੂੰਨ ਹੱਥ ’ਚ ਲੈ ਕੇ ‘ਭੀੜ ਕਰ ਰਹੀ ਇਨਸਾਫ’

08/19/2022 1:09:40 AM

ਦੇਸ਼ ’ਚ ਇਨ੍ਹੀਂ ਦਿਨੀਂ ਇਕ ਗਲਤ ਰੁਝਾਨ ਚੱਲ ਪਿਆ ਹੈ ਜਿਸ ਦੇ ਅਧੀਨ ਲੋਕ ਜ਼ਰਾ-ਜ਼ਰਾ ਜਿੰਨੀ ਗੱਲ ’ਤੇ ਆਪਾ ਗੁਆ ਕੇ ਇਕ-ਦੂਜੇ ’ਤੇ ਹਮਲੇ ਕਰਨ ਲੱਗੇ ਹਨ ਜਿਸ ਦਾ ਨਤੀਜਾ ਦੁਖਦਾਈ ਘਟਨਾਵਾਂ ਦੇ ਰੂਪ ’ਚ ਨਿਕਲ ਰਿਹਾ ਹੈ। ਇਸੇ ਮਹੀਨੇ ਸਾਹਮਣੇ ਆਈਆਂ ਅਜਿਹੀਆਂ ਹੀ ਕੁਝ ਹੇਠਲੀਆਂ ਘਟਨਾਵਾਂ :
* 1 ਅਗਸਤ ਨੂੰ ਰਾਜਸਥਾਨ ਦੇ ਦਾਂਗੀਪੁਰਾ ਇਲਾਕੇ ਦੇ ‘ਕੋਲੂਖੇੜੀ’ ਪਿੰਡ ’ਚ ਇਕ ਵਿਧਵਾ ਔਰਤ ਦੇ ਨਾਲ ਨਾਜਾਇਜ਼ ਸਬੰਧਾਂ ਦੇ ਸ਼ੱਕ ’ਚ ਪਿੰਡ ਵਾਲਿਆਂ ਨੇ ਗੋਪਾਲ ਨਾਂ ਦੇ ਇਕ ਲੜਕੇ ਦੇ ਹੱਥ ਬੰਨ੍ਹ ਕੇ ਉਸ ਨੂੰ ਨਗਨ ਹਾਲਤ ’ਚ ਪੂਰੇ ਪਿੰਡ ’ਚ ਘੁਮਾਇਆ ਅਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। 
* 5 ਅਗਸਤ ਨੂੰ  ਬਿਹਾਰ ਦੇ ਅਰਰੀਆ ਜ਼ਿਲੇ ਦੇ ‘ਪੋਥੀਆ’ ਪਿੰਡ ’ਚ ਪਸ਼ੂ ਚੋਰੀ ਕਰਨ ਦੇ ਸ਼ੱਕ ’ਚ ਲਾਖਨ ਰਾਮ ਨਾਂ ਦੇ ਇਕ ਵਿਅਕਤੀ ਨੂੰ  ਫੜਨ ਦੇ ਬਾਅਦ ਪਿੰਡ ਵਾਲਿਆਂ ਨੇ ਇੰਨਾ ਕੁੱਟਿਆ ਕਿ ਉਸ ਦੀ ਮੌਤ ਹੋ ਗਈ। 
* 5 ਅਗਸਤ ਨੂੰ ਹੀ ਵਾਰਾਣਸੀ ਜ਼ਿਲੇ ਦੇ ‘ਕਪਸੇਠੀ’ ਥਾਣਾ ਇਲਾਕੇ ਦੇ ਪਿੰਡ ‘ਉਈਲਰਾ’ ’ਚ ਚੋਰੀ ਦੇ ਦੋਸ਼ ’ਚ ਕੁਝ ਲੋਕਾਂ ਨੇ ਵਿਜੇ ਕੁਮਾਰ ਗੌਤਮ ਨਾਂ ਦੇ 14 ਸਾਲਾ  ਦਲਿਤ ਲੜਕੇ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। 
* 6 ਅਗਸਤ ਨੂੰ ਬਿਜਨੌਰ ਜ਼ਿਲੇ ਦੇ ‘ਸ਼ੇਰਕੋਟ’ ਥਾਣਾ ਇਲਾਕੇ ਦੇ ‘ਮਨੋਕਾਮਨਾ ਮੰਦਿਰ’ ’ਚ 20 ਸਾਲ ਤੋਂ ਪੁਜਾਰੀ ਦੀ ਜ਼ਿੰਮੇਵਾਰੀ ਨਿਭਾਉਂਦੇ ਆ ਰਹੇ ‘ਬੇਗ ਰਾਮ’ ਨੂੰ ਕੁਝ ਲੋਕਾਂ ਨੇ ਪੁਰਾਣੀ ਰੰਜਿਸ਼ ਕਾਰਨ ਡੰਡਿਆਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ। 
* 10  ਅਗਸਤ ਨੂੰ ਜੈਪੁਰ ਦੇ ਪਿੰਡ ਰਾਏਸਰ ’ਚ ਅਨੀਤਾ ਰੇਗਰ ਨਾਂ ਦੀ ਦਲਿਤ ਅਧਿਆਪਿਕਾ ਨੇ ਸੁਨੀਲ ਨਾਂ ਦੇ ਇਕ ਜਾਣੂ ਨੂੰ ਉਧਾਰ ਦਿੱਤੇ ਢਾਈ ਲੱਖ ਰੁਪਏ ਵਾਪਸ ਮੰਗੇ ਤਾਂ ਨਾਰਾਜ਼ ਸੁਨੀਲ ਅਤੇ ਉਸ ਦੇ ਸਾਥੀਆਂ ਨੇ ਉਸ ਨੂੰ 6 ਸਾਲਾ ਬੇਟੇ ਦੇ ਸਾਹਮਣੇ ਪੈਟਰੋਲ ਪਾ ਕੇ ਜ਼ਿੰਦਾ ਸਾੜ ਦਿੱਤਾ। 
* 11 ਅਗਸਤ ਨੂੰ ਲਖਨਊ ’ਚ ਰੇਲਵੇ ਦੇ ਰਿਟਾਇਰ ਇੰਜੀਨੀਅਰ ਰਾਮਪਾਲ ਸਿੰਘ ਨੂੰ ਇਕ ਠੇਕੇਦਾਰ ਨੇ ਆਪਣੇ 2 ਸਾਥੀਆਂ ਨਾਲ ਮਿਲ ਕੇ ਰਾਤ ਭਰ ਬੰਧਕ ਬਣਾ ਕੇ ਰੱਖਣ ਦੇ ਬਾਅਦ ਬੁਰੀ ਤਰ੍ਹਾਂ ਕੁੱਟਿਆ ਅਤੇ ਫਿਰ ਜਾਨ ਤੋਂ ਮਾਰਨ ਦੀ ਧਮਕੀ ਦੇ ਕੇ ਉਸ ਦਾ ਨਗਨ ਵੀਡੀਓ ਬਣਾਇਆ ਅਤੇ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਤੋਂ 10 ਲੱਖ ਰੁਪਏ ਦੀ ਫਿਰੌਤੀ ਮੰਗੀ।  
* 14 ਅਗਸਤ ਨੂੰ ਨਵੀਂ ਦਿੱਲੀ ’ਚ 2 ਭਰਾਵਾਂ ਦੇ ਝਗੜੇ ’ਚ ਬਚਾਅ ਕਰਨ ਆਏ ਇਕ ਨੌਜਵਾਨ ਦੀ ਅੱਧਾ ਦਰਜਨ ਲੜਕਿਆਂ ਨੇ ਬੇਰਹਿਮੀ ਨਾਲ ਕੁੱਟਮਾਰ ਕਰ ਦਿੱਤੀ ਜਿਸ ਨਾਲ ਉਸ ਦੀ ਮੌਤ ਹੋ ਗਈ। 
* 14 ਅਗਸਤ ਨੂੰ ਹੀ ਅਲਵਰ ’ਚ ਗੋਬਿੰਦਗੜ੍ਹ ਕਸਬੇ ਦੇ ‘ਰਾਮਬਾਸ’ ਪਿੰਡ ’ਚ 15-20 ਨੌਜਵਾਨਾਂ ਨੇ ਟਰੈਕਟਰ ਚੋਰੀ ਦੇ ਸ਼ੱਕ ’ਚ ਚਿਰੰਜੀ ਲਾਲ ਨਾਂ ਦੇ ਇਕ ਵਿਅਕਤੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। 
* 16 ਅਗਸਤ ਨੂੰ ਮੁੰਬਈ ’ਚ ਸ਼ਿਵਸੈਨਾ ਦੇ ਵਿਧਾਇਕ ਸੰਤੋਸ਼ ਬਾਂਗਰ ਨੇ ਮਜ਼ਦੂਰਾਂ ਨੂੰ ਘਟੀਆ ਭੋਜਨ ਦੇਣ ਦੇ ਸ਼ੱਕ ’ਚ ‘ਭੋਜਨ ਪ੍ਰਬੰਧਕ’ ਨੂੰ ਨਾ ਸਿਰਫ ਗਾਲ੍ਹਾਂ ਕੱਢੀਆਂ ਸਗੋਂ ਤਾਬੜਤੋੜ ਥੱਪੜ ਵੀ ਜੜ ਦਿੱਤੇ। 
* 16 ਅਗਸਤ ਨੂੰ ਹੀ ਦਿੱਲੀ ਦੇ ‘ਮਦਨਪੁਰ ਖਾਦਰ’ ’ਚ ਜਨਮਦਿਨ ਦੀ ਪਾਰਟੀ ’ਚ ਮਾਮੂਲੀ ਝਗੜੇ ਕਾਰਨ ਫੈਜ਼ਾਨ ਅਲੀ ਨਾਂ ਦੇ 15 ਸਾਲਾ ਲੜਕੇ ਦੀ ਉਸ ਦੇ ਦੋਸਤ ਮੋਨੂੰ ਨੇ ਲੋਹੇ ਦੀ ਛੜ ਨਾਲ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। 
*   17 ਅਗਸਤ ਨੂੰ ਝਾਰਖੰਡ ਦੇ ਦੁਮਕਾ ’ਚ ਮਾਮੂਲੀ ਝਗੜੇ ਕਾਰਨ 5 ਵਿਅਕੀਤਆਂ ਨੇ ਇਕ ਨੌਜਵਾਨ ਨੂੰ ਇੰਨੀ ਬੇਰਹਿਮੀ ਨਾਲ ਕੁੱਟਿਆ ਕਿ ਉਸ ਦੀ ਜਾਨ ਚਲੀ ਗਈ। 
ਇਹੀ ਨਹੀਂ, ਰਾਜਸਥਾਨ ਦੇ ਜਾਲੌਰ ਜ਼ਿਲੇ ਦੇ ਸੁਰਾਣਾ ਪਿੰਡ ’ਚ ਇਕ ਨਿੱਜੀ ਸਕੂਲ  ਦੇ ਪ੍ਰਿੰਸੀਪਲ ‘ਛੈਲ ਸਿੰਘ’ ਵੱਲੋਂ ਬੀਤੀ 20 ਜੁਲਾਈ ਨੂੰ ਇੰਦਰ ਮੇਘਵਾਲ ਨਾਂ ਦੇ 9 ਸਾਲਾ ਦਲਿਤ ਵਿਦਿਆਰਥੀ ਦੀ ਕੁੱਟਮਾਰ ਅਤੇ ਫਿਰ 13 ਅਗਸਤ ਨੂੰ ਹੋਈ ਉਸ ਦੀ ਮੌਤ ਦੇ ਮਾਮਲੇ ਨਾਲ ਸੂਬੇ ’ਚ ਘਮਾਸਾਨ ਮਚਿਆ ਹੋਇਆ ਹੈ।  ਪ੍ਰਿੰਸੀਪਲ ਨੇ ਉਕਤ ਵਿਦਿਆਰਥੀ ਨੂੰ ਸਿਰਫ ਇਸ ਲਈ ਬੇਰਹਿਮੀ ਨਾਲ ਕੁੱਟਿਆ ਕਿਉਂਕਿ ਉਸ ਨੇ ਅਖੌਤੀ ਉੱਚੀ ਜਾਤੀ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਲਈ ਰੱਖੇ ਹੋਏ ਘੜੇ ’ਚੋਂ ਪਾਣੀ ਪੀ ਲਿਆ ਸੀ।  
ਇਸ ਘਟਨਾ ਦੇ ਕਾਰਨ ਰਾਜਸਥਾਨ ਦੀ ਅਸ਼ੋਕ ਗਹਿਲੋਤ (ਕਾਂਗਰਸ) ਸਰਕਾਰ ਆਪਣੀ ਹੀ ਪਾਰਟੀ ਦੇ ਮੈਂਬਰਾਂ ਦੇ ਨਿਸ਼ਾਨੇ ’ਤੇ ਆ ਗਈ ਹੈ ਅਤੇ  ਰੋਸ ਵਜੋਂ ਵਿਧਾਇਕ ‘ਪਾਨਾ ਚੰਦ ਮੇਘਵਾਲ’ ਅਤੇ ‘ਬਾਰਾਂ’ ਨਗਰ ਪ੍ਰੀਸ਼ਦ ਦੇ 12 ਕਾਂਗਰਸੀ ਕੌਂਸਲਰਾਂ ਨੇ ਅਸਤੀਫਾ ਵੀ ਦੇ ਦਿੱਤਾ ਹੈ। ਸੂਬੇ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਕਿਹਾ ਹੈ ਕਿ ‘‘ਇਸ ਮਾਮਲੇ ’ਚ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਬਚ ਸਕਦੇ। ਦਲਿਤਾਂ ਦੇ ਜਾਨ-ਮਾਲ ਦੀ  ਸੁਰੱਖਿਆ ਸਰਕਾਰ ਦੀ ਜ਼ਿੰਮੇਵਾਰੀ ਹੈ।’’
ਯਕੀਨਨ ਹੀ ਇਸ ਤਰ੍ਹਾਂ ਦੀਆਂ ਘਟਨਾਵਾਂ ਲੋਕਾਂ ’ਚ ਵਧ ਰਹੀ ਮਾਨਸਿਕ ਤੰਗਦਿਲੀ ਅਤੇ ਅਸਹਿਣਸ਼ੀਲਤਾ ਦੀ ਭਾਵਨਾ ਦਾ ਨਤੀਜਾ ਹੈ। ਇਸ ਲਈ ਇਸ  ਤਰ੍ਹਾਂ ਦੇ ਅਪਰਾਧਾਂ ਚ ਸ਼ਾਮਲ ਪਾਏ ਜਾਣ ਵਾਲੇ ਲੋਕਾਂ ਨੂੰ ਕਾਨੂੰਨ ਅਨੁਸਾਰ ਸਖਤ ਸਜ਼ਾ ਦੇਣ ਦੇ ਨਾਲ-ਨਾਲ ਉਨ੍ਹਾਂ ਦਾ ਮਾਨਸਿਕ ਇਲਾਜ ਕਰਵਾਏ ਜਾਣ  ਦੀ ਵੀ ਲੋੜ ਹੈ ਤਾਂ ਕਿ ਸਮਾਜ ’ਚ ਅਜਿਹੀਆਂ ਘਟਨਾਵਾਂ ’ਤੇ ਰੋਕ ਲੱਗ ਸਕੇ। 

ਵਿਜੇ ਕੁਮਾਰ
 


Karan Kumar

Content Editor

Related News