ਪੁਲਸ ਕਰਮਚਾਰੀਆਂ ’ਚ ਦਿਨੋ-ਦਿਨ ਵਧ ਰਹੀ ‘ਅਨੁਸ਼ਾਸਨਹੀਣਤਾ ਅਤੇ ਮਨਮਰਜ਼ੀਆਂ’
Tuesday, Nov 26, 2019 - 01:27 AM (IST)

ਹਾਲਾਂਕਿ ਪੁਲਸ ਵਿਭਾਗ ’ਤੇ ਦੇਸ਼ਵਾਸੀਆਂ ਦੀ ਸੁਰੱਖਿਆ ਦਾ ਜ਼ਿੰਮਾ ਹੋਣ ਦੇ ਨਾਤੇ ਇਨ੍ਹਾਂ ਤੋਂ ਅਨੁਸ਼ਾਸਿਤ ਅਤੇ ਫਰਜ਼ਾਂ ਦੀ ਪਾਲਣਾ ਪ੍ਰਤੀ ਨਿਸ਼ਠਾ ਹੋਣ ਦੀ ਆਸ ਕੀਤੀ ਜਾਂਦੀ ਹੈ ਪਰ ਅੱਜ ਦੇਸ਼ ਵਿਚ ਅਨੇਕ ਪੁਲਸ ਕਰਮਚਾਰੀ ਆਪਣੇ ਆਦਰਸ਼ਾਂ ਤੋਂ ਭਟਕ ਕੇ ਵੱਖ-ਵੱਖ ਅਪਰਾਧਾਂ ਵਿਚ ਸ਼ਾਮਿਲ ਹੋ ਕੇ ਪੁਲਸ ਵਿਭਾਗ ਦੀ ਬਦਨਾਮੀ ਦਾ ਕਾਰਣ ਬਣ ਰਹੇ ਹਨ, ਜੋ 4 ਦਿਨਾਂ ਦੀਆਂ ਹੇਠ ਲਿਖੀਆਂ ਉਦਾਹਰਣਾਂ ਤੋਂ ਸਪੱਸ਼ਟ ਹੈ :
* 21 ਨਵੰਬਰ ਨੂੰ ਹੀ ਵਿਜੀਲੈਂਸ ਬਿਊਰੋ ਮੁਕਤਸਰ ਨੇ 5000 ਰੁਪਏ ਰਿਸ਼ਵਤ ਲੈਂਦੇ ਹੋਏ ਬਠਿੰਡਾ ਦੇ ਏ. ਐੱਸ. ਆਈ. ਤਜਿੰਦਰ ਕੁਮਾਰ ਉਰਫ ਛਿੰਦਾ ਨੂੰ ਫੜਿਆ।
* 21 ਨਵੰਬਰ ਨੂੰ ਵਿਜੀਲੈਂਸ ਬਿਊਰੋ ਅੰਮ੍ਰਿਤਸਰ ਰੇਂਜ ਨੇ ਮਾਮੂਨ ਛਾਉਣੀ ਥਾਣੇ ਦੇ ਏ. ਐੱਸ. ਆਈ. ਰਘੁਵੀਰ ਸਿੰਘ ਨੂੰ 4000 ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ।
* 21 ਨਵੰਬਰ ਨੂੰ ਬਰਨਾਲਾ ’ਚ ਇਕ ਔਰਤ ਨਾਲ ਸਮੂਹਿਕ ਬਲਾਤਕਾਰ ਕਰਨ ਦੇ ਦੋਸ਼ ’ਚ ਬਰਨਾਲਾ ਦੇ ਥਾਣਾ ਟਾਲੇਵਾਲ ਦੇ ਥਾਣੇਦਾਰ ਬਲਦੇਵ ਸਿੰਘ, ਸਿਪਾਹੀ ਤਰੁਣ ਕੁਮਾਰ ਅਤੇ ਇਕ ਹੋਰ ਵਿਅਕਤੀ ਜਗਦੇਵ ਸਿੰਘ ਦੇ ਵਿਰੁੱਧ ਕੇਸ ਦਰਜ ਕਰ ਕੇ ਬਲਦੇਵ ਸਿੰਘ ਅਤੇ ਜਗਦੇਵ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ।
* 21 ਨਵੰਬਰ ਨੂੰ ਹੀ ਥਾਣਾ ਸਦਰ ਤਰਨਤਾਰਨ ਦੀ ਪੁਲਸ ਨੇ ਪੇਸ਼ੀ ਸੈੱਲ ’ਚ ਤਾਇਨਾਤ ਹੈੱਡਕਾਂਸਟੇਬਲ ਜਸਬੀਰ ਸਿੰਘ ਨੂੰ 100 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ, ਜਦੋਂ ਉਹ ਇਸ ਨੂੰ ਕੈਦੀਆਂ ਨੂੰ ਸਪਲਾਈ ਕਰ ਰਿਹਾ ਸੀ।
* 22 ਨਵੰਬਰ ਨੂੰ ਰੋਹਤਕ ਪੁਲਸ ਨੇ ਡੀ. ਐੱਸ. ਪੀ. ਵਿਜੀਲੈਂਸ ਨਰਿੰਦਰ ਸਿੰਘ ਨੂੰ ਇਕ ਮਹਿਲਾ ਕਾਂਸਟੇਬਲ ਵਲੋਂ ਉਸ ਦੇ ਵਿਰੁੱਧ ਕੀਤੀ ਗਈ ਉਸ ਨੂੰ ਪ੍ਰੇਸ਼ਾਨ ਕਰਨ, ਦੇਰ ਰਾਤ ਤਕ ਦਫਤਰ ਵਿਚ ਰਹਿਣ ਲਈ ਕਹਿਣ, ਮੋਬਾਇਲ ’ਤੇ ਗੰਦੀਆਂ ਗੱਲਾਂ ਕਹਿਣ, ਧਮਕਾਉਣ ਆਦਿ ਦੀ ਸ਼ਿਕਾਇਤ ਵਾਪਿਸ ਲੈਣ ਲਈ ਦਬਾਅ ਪਾਉਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ।
* 23 ਨਵੰਬਰ ਨੂੰ ਵਿਜੀਲੈਂਸ ਨੇ ਫ਼ਰੀਦਕੋਟ ਆਰਥਿਕ ਅਪਰਾਧ ਸ਼ਾਖਾ ਦੇ ਇੰਚਾਰਜ ਐੱਸ. ਆਈ. ਵਕੀਲ ਸਿੰਘ ਨੂੰ 50,000 ਰੁਪਏ ਰਿਸ਼ਵਤ ਲੈਂਦੇ ਫੜਿਆ।
* 24 ਨਵੰਬਰ ਨੂੰ ਹਿਮਾਚਲ ਦੇ ਕਿੰਨੌਰ ਜ਼ਿਲੇ ਦੇ ਪਿੰਡ ‘ਮੁਰੰਗ’ ਵਿਚ ਏ. ਟੀ. ਐੱਮ. ਕੱਟ ਕੇ ਪੈਸੇ ਚੋਰੀ ਕਰਨ ਦਾ ਯਤਨ ਕਰਨ ਦੇ ਦੋਸ਼ ’ਚ ਆਈ. ਟੀ. ਬੀ. ਪੀ. ਦੇ ਇਕ ਜਵਾਨ ਸੰਦੀਪ ਕੁਮਾਰ ਅਤੇ ਉਸ ਦੇ ਸਾਥੀ ਨੂੰ ਫੜਿਆ ਗਿਆ।
ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਨਾਗਰਿਕਾਂ ਦੀ ਸੁਰੱਖਿਆ ਲਈ ਜ਼ਿੰਮੇਵਾਰ ਪੁਲਸ ਵਿਭਾਗ ਅੱਜ ਕਿਸ ਤਰ੍ਹਾਂ ਆਪਣੇ ਫਰਜ਼ ਤੋਂ ਭਟਕ ਕੇ ਰਕਸ਼ਕ ਦੀ ਬਜਾਏ ਭਕਸ਼ਕ ਬਣ ਚੁੱਕਾ ਹੈ। ਇਸ ਲਈ ਅਜਿਹੇ ਪੁਲਸ ਕਰਮਚਾਰੀਆਂ ਵਿਰੁੱਧ ਤੇਜ਼ੀ ਨਾਲ ਕਾਰਵਾਈ ਕਰ ਕੇ ਉਨ੍ਹਾਂ ਨੂੰ ਸਿੱਖਿਆਦਾਇਕ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।
–ਵਿਜੇ ਕੁਮਾਰ