ਬੱਸਾਂ ’ਚ ਅੱਗ ਲੱਗਣ ਦੀਆਂ ਘਟਨਾਵਾਂ ਲਾਪ੍ਰਵਾਹੀ ਬਣ ਰਹੀ ਯਾਤਰੀਆਂ ਦੀ ਜਾਨ ਦੀ ਦੁਸ਼ਮਣ

12/10/2023 5:14:51 AM

ਹੁਣ ਤੱਕ ਤਾਂ ਰੇਲਗੱਡੀਆਂ ’ਚ ਹੀ ਅੱਗ ਲੱਗਣ ਦੀਆਂ ਘਟਨਾਵਾਂ ਸੁਣਨ ’ਚ ਆਉਂਦੀਆਂ ਸਨ ਪਰ ਪਿਛਲੇ ਕੁਝ ਸਮੇਂ ਤੋਂ ਯਾਤਰੀ ਬੱਸਾਂ ’ਚ ਅੱਗ ਲੱਗਣ ਦੀਆਂ ਘਟਨਾਵਾਂ ’ਚ ਭਾਰੀ ਵਾਧਾ ਦੇਖਣ ’ਚ ਆਇਆ ਹੈ, ਜਿਸ ਨਾਲ ਯਾਤਰੀਆਂ ਦੀ ਜਾਨ ਜੋਖਮ ’ਚ ਪੈ ਰਹੀ ਹੈ।

* 1 ਜੁਲਾਈ ਨੂੰ ਦੇਰ ਰਾਤ ਨਾਗਪੁਰ (ਮਹਾਰਾਸ਼ਟਰ) ਤੋਂ ਪੁਣੇ ਜਾ ਰਹੀ ਇਕ ਬੱਸ ’ਚ ਬੁਲਢਾਣਾ ਦੇ ਨੇੜੇ ਅੱਗ ਲੱਗ ਜਾਣ ਨਾਲ ਉਸ ’ਚ ਸਵਾਰ 33 ਯਾਤਰੀਆਂ ’ਚੋਂ 3 ਬੱਚਿਆਂ ਸਮੇਤ 25 ਯਾਤਰੀਆਂ ਦੀ ਸੜ ਕੇ ਮੌਤ ਹੋ ਗਈ।

* 8 ਨਵੰਬਰ ਰਾਤ ਨੂੰ ਦਿੱਲੀ ਤੋਂ ਜੈਪੁਰ ਜਾ ਰਹੀ ਇਕ ਚੱਲਦੀ ਸਲੀਪਰ ਬੱਸ ’ਚ ਗੁਰੂਗ੍ਰਾਮ ਦੇ ਨੇੜੇ ਅੱਗ ਲੱਗ ਜਾਣ ਨਾਲ ਬੱਸ ਸੜ ਕੇ ਸਵਾਹ ਹੋ ਗਈ ਅਤੇ ਉਸ ’ਚ ਸਵਾਰ 2 ਯਾਤਰੀਆਂ ਦੀ ਮੌਤ ਅਤੇ 12 ਹੋਰ ਗੰਭੀਰ ਰੂਪ ’ਚ ਜ਼ਖਮੀ ਹੋ ਗਏ।

* 27 ਨਵੰਬਰ ਨੂੰ ਲਖਨਊ ’ਚ ਇਕ ਏਅਰ ਕੰਡੀਸ਼ਨਡ ਬੱਸ ਅਚਾਨਕ ਅੱਗ ਦੀਆਂ ਲਪਟਾਂ ’ਚ ਘਿਰ ਗਈ ਅਤੇ ਬੜੀ ਮੁਸ਼ਕਲ ਨਾਲ ਖਿੜਕੀਆਂ ਦੇ ਰਸਤੇ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ। ਇਸ ਘਟਨਾ ਦੌਰਾਨ ਬੱਸ ਕੰਡਕਟਰ ਬੁਰੀ ਤਰ੍ਹਾਂ ਝੁਲਸ ਗਿਆ।

* 27 ਨਵੰਬਰ ਨੂੰ ਹੀ ਪ੍ਰਯਾਗਰਾਜ (ਉੱਤਰ ਪ੍ਰਦੇਸ਼) ਤੋਂ ਲਖਨਊ ਜਾ ਰਹੀ ਰੋਡਵੇਜ਼ ਦੀ ਸ਼ਤਾਬਦੀ ਬੱਸ ਅੱਗ ਲੱਗਣ ਕਾਰਨ ਸੜ ਕੇ ਸਵਾਹ ਹੋ ਗਈ ਪਰ ਕਿਸੇ ਤਰ੍ਹਾਂ ਸਵਾਰੀਆਂ ਨੇ ਬਾਹਰ ਨਿਕਲ ਕੇ ਆਪਣੀ ਜਾਨ ਬਚਾਅ ਲਈ।

* 28 ਨਵੰਬਰ ਨੂੰ ਏਟਾ (ਉੱਤਰ ਪ੍ਰਦੇਸ਼) ਤੋਂ ਆਗਰਾ ਜਾ ਰਹੀ ਉੱਤਰ ਪ੍ਰਦੇਸ਼ ਟ੍ਰਾਂਸਪੋਰਟ ਦੀ ਬੱਸ ’ਚ ਰਾਤ 3 ਵਜੇ ਅਗਿਆਤ ਕਾਰਨਾਂ ਕਾਰਨ ਅੱਗ ਲੱਗ ਗਈ ਅਤੇ ਬੜੀ ਮੁਸ਼ਕਲ ਨਾਲ ਯਾਤਰੀਆਂ ਨੇ ਖਿੜਕੀ ਅਤੇ ਦਰਵਾਜ਼ੇ ਤੋਂ ਛਾਲ ਮਾਰ ਕੇ ਜਾਨ ਬਚਾਈ। ਅੱਗ ਨਾਲ ਬੱਸ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਈ।

* 28 ਨਵੰਬਰ ਨੂੰ ਹੀ ਬੈਂਗਲੁਰੂ (ਕਰਨਾਟਕ) ਤੋਂ ਕੇਰਲ ਜਾ ਰਹੀ ਇਕ ਪ੍ਰਾਈਵੇਟ ਬੱਸ ’ਚ ਅੱਗ ਲੱਗ ਜਾਣ ਨਾਲ ਡਰਾਈਵਰ ਅਤੇ ਕੰਡਕਟਰ ਨੇ ਹੇਠਾਂ ਛਾਲ ਮਾਰ ਕੇ ਜਾਨ ਬਚਾਈ। ਹਾਦਸੇ ਕਾਰਨ ਹਾਈਵੇ ’ਤੇ ਲੰਬਾ ਜਾਮ ਲੱਗ ਗਿਆ। ਅੱਗ ਇੰਨੀ ਭਿਆਨਕ ਸੀ ਕਿ ਕਾਫੀ ਦੂਰ ਤੋਂ ਲਪਟਾਂ ਅਤੇ ਧੂੰਏਂ ਦਾ ਗੁਬਾਰ ਦਿਖਾਈ ਦੇ ਰਿਹਾ ਸੀ।

* 28 ਨਵੰਬਰ ਨੂੰ ਹੀ ਮੁਜ਼ੱਫਰਨਗਰ (ਉੱਤਰ ਪ੍ਰਦੇਸ਼) ’ਚ ‘ਨਗਲਾ ਰਾਈ’ ਪਿੰਡ ਦੇ ਨੇੜੇ ਯਾਤਰੀਆਂ ਨਾਲ ਭਰੀ ਇਕ ਪ੍ਰਾਈਵੇਟ ਬੱਸ ’ਚ ਅੱਗ ਲੱਗ ਜਾਣ ਨਾਲ ਭੜਥੂ ਪੈ ਗਿਆ ਅਤੇ ਪੇਂਡੂਆਂ ਨੇ ਸਖਤ ਮੁਸ਼ੱਕਤ ਪਿੱਛੋਂ ਪਾਣੀ ਪਾ ਕੇ ਅੱਗ ’ਤੇ ਕਾਬੂ ਤਾਂ ਪਾ ਲਿਆ ਪਰ ਇਸ ਦੌਰਾਨ ਕਈ ਯਾਤਰੀਆਂ ਦਾ ਸਾਮਾਨ ਸੜ ਕੇ ਸਵਾਹ ਹੋ ਗਿਆ ਅਤੇ ਬੱਸ ਦਾ ਅਗਲਾ ਹਿੱਸਾ ਵੀ ਨਸ਼ਟ ਹੋ ਗਿਆ।

* 30 ਨਵੰਬਰ ਨੂੰ ਬਠਿੰਡਾ (ਪੰਜਾਬ) ਤੋਂ ਬਰਨਾਲਾ ਆ ਰਹੀ ਇਕ ਬੱਸ ’ਚ ਬਰਨਾਲਾ ਦੇ ਨੇੜੇ ਅਚਾਨਕ ਅੱਗ ਲੱਗ ਗਈ ਅਤੇ ਯਾਤਰੀਆਂ ਨੇ ਬੜੀ ਮੁਸ਼ਕਲ ਨਾਲ ਛਾਲਾਂ ਮਾਰ ਕੇ ਜਾਨ ਬਚਾਈ।

* 5 ਦਸੰਬਰ ਰਾਤ ਨੂੰ 2.40 ਵਜੇ ਨਾਲਗੋਂਡਾ (ਤੇਲੰਗਾਨਾ) ’ਚ ਹੈਦਰਾਬਾਦ ਤੋਂ ਚਿਰਾਲਾ ਜਾ ਰਹੀ ਇਕ ਬੱਸ ’ਚ ਅੱਗ ਲੱਗ ਜਾਣ ਦੇ ਨਤੀਜੇ ਵਜੋਂ ਇਕ ਯਾਤਰੀ ਦੀ ਜ਼ਿੰਦਾ ਸੜ ਜਾਣ ਨਾਲ ਮੌਤ ਅਤੇ 38 ਹੋਰ ਯਾਤਰੀ ਬੁਰੀ ਤਰ੍ਹਾਂ ਝੁਲਸ ਗਏ। ਦੱਸਿਆ ਜਾਂਦਾ ਹੈ ਕਿ ਬੱਸ ’ਚ ਰੱਖੇ ਜਲਣਸ਼ੀਲ ਪਦਾਰਥਾਂ ਕਾਰਨ ਅੱਗ ਤੇਜ਼ੀ ਨਾਲ ਭੜਕੀ।

* 7 ਦਸੰਬਰ ਨੂੰ ਤੜਕੇ 3 ਵਜੇ ਸਤਾਰਾ (ਮਹਾਰਾਸ਼ਟਰ) ਦੇ ਕਰਾਡ ’ਚ ਹੱਜ ਯਾਤਰਾ ਲਈ 40 ਯਾਤਰੀਆਂ ਨੂੰ ਲਿਜਾ ਰਹੀ ਬੱਸ ਦੇ ਪਿਛਲੇ ਹਿੱਸੇ ’ਚ ਇਲੈਕਟ੍ਰਿਕ ਵਾਇਰਿੰਗ ’ਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ ਜਿਸ ਦਾ ਪਤਾ ਲੱਗਣ ’ਤੇ ਡਰਾਈਵਰ ਨੇ ਹਫੜਾ-ਦਫੜੀ ’ਚ ਬੱਸ ਨੂੰ ਕਿਨਾਰੇ ਖੜ੍ਹੀ ਕਰ ਕੇ ਯਾਤਰੀ ਉਤਾਰ ਕੇ ਉਨ੍ਹਾਂ ਦੀ ਜਾਨ ਬਚਾਅ ਲਈ ਪਰ ਬੱਸ ਸੜ ਕੇ ਸਵਾਹ ਹੋ ਗਈ।

* 7-8 ਦਸੰਬਰ ਦੀ ਵਿਚਕਾਰਲੀ ਰਾਤ ਨੂੰ ਸਾਂਗਾਰੈੱਡੀ (ਤੇਲੰਗਾਨਾ) ’ਚ ਹੈਦਰਾਬਾਦ ਤੋਂ ਮੁੰਬਈ ਜਾ ਰਹੀ ਇਕ ਪ੍ਰਾਈਵੇਟ ਬੱਸ ’ਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਡਰਾਈਵਰ ਨੇ ਬੱਸ ਕਿਨਾਰੇ ਲਾ ਕੇ ਯਾਤਰੀਆਂ ਨੂੰ ਉਤਾਰ ਦਿੱਤਾ, ਜਿਸ ਨਾਲ ਕੋਈ ਦੁਖਦਾਈ ਘਟਨਾ ਤਾਂ ਟਲ ਗਈ ਪਰ ਕੁਝ ਹੀ ਦੇਰ ’ਚ ਬੱਸ ਸੜ ਕੇ ਸਵਾਹ ਹੋ ਗਈ।

ਵਰਨਣਯੋਗ ਹੈ ਕਿ ਸਬੰਧਤ ਪ੍ਰਸ਼ਾਸਨ ਵੱਲੋਂ ਸੁਰੱਖਿਆ ਮਾਪਦੰਡਾਂ ਨੂੰ ਨਜ਼ਰਅੰਦਾਜ਼ ਕਰਨ, ਟ੍ਰਾਂਸਪੋਰਟ ਆਪ੍ਰੇਟਰਾਂ ਵੱਲੋਂ ਸੁਰੱਖਿਆ ਨਿਯਮਾਂ ਦੀ ਪਾਲਣਾ ਨਾ ਕਰਨ ਅਤੇ ਸਹੀ ਢੰਗ ਨਾਲ ਰੱਖ-ਰਖਾਅ ਨਾ ਕਰਨ ਕਾਰਨ ਇਸ ਤਰ੍ਹਾਂ ਦੇ ਹਾਦਸੇ ਹੋ ਰਹੇ ਹਨ।

ਜਿਵੇਂ ਕਿ ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ, ਹੋਰ ਗੱਲਾਂ ਦੇ ਇਲਾਵਾ ਖਰਾਬ ਇਲੈਕਟ੍ਰਿਕ ਵਾਇਰਿੰਗ ਤੇ ਪਾਬੰਦੀਸ਼ੁਦਾ ਜਲਣਸ਼ੀਲ ਪਦਾਰਥ ਲੈ ਕੇ ਯਾਤਰਾ ਕਰਨਾ ਵੀ ਹਾਦਸੇ ਦਾ ਕਾਰਨ ਬਣ ਰਿਹਾ ਹੈ। ਅਖੀਰ ਇਸ ਵੱਲ ਅਤੇ ਬੱਸਾਂ ਦੇ ਰੱਖ-ਰਖਾਅ ਵੱਲ ਧਿਆਨ ਨਾ ਦੇ ਕੇ ਯਾਤਰੀਆਂ ਦੀਆਂ ਜਾਨਾਂ ਨੂੰ ਸੰਕਟ ’ਚ ਪਾਉਣ ਵਾਲੇ ਟ੍ਰਾਂਸਪੋਰਟ ਆਪ੍ਰੇਟਰਾਂ ਵਿਰੁੱਧ ਤੁਰੰਤ ਸਖਤ ਕਾਰਵਾਈ ਕਰਨ ਦੀ ਲੋੜ ਹੈ।

- ਵਿਜੇ ਕੁਮਾਰ


Anmol Tagra

Content Editor

Related News