ਸ਼੍ਰੀ ਰਾਮਨੌਮੀ ’ਤੇ ਫਿਰਕੂ ਦੰਗਿਆਂ ਨਾਲ ਦੇਸ਼ ਦੇ ਅਕਸ ਨੂੰ ਸੱਟ ਵੱਜੀ

04/02/2023 2:04:47 AM

ਧਰਮਨਿਰਪੱਖ ਦੇਸ਼ ਹੋਣ ਕਾਰਨ ਸਾਡੇ ਸੰਵਿਧਾਨ ’ਚ ਸਭ ਧਰਮਾਂ ਨੂੰ ਇਕ ਬਰਾਬਰ ਦਰਜਾ ਦਿੱਤਾ ਗਿਆ ਹੈ, ਪਰ ਤ੍ਰਾਸਦੀ ਹੀ ਹੈ ਕਿ ਇੱਥੇ ਧਾਰਮਿਕ ਆਯੋਜਨਾਂ ’ਚ ਫਿਰਕੂ ਦੰਗਿਆਂ ਕਾਰਨ ਦੁਖਦਾਈ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ।

ਇਸ ਸਾਲ ਵੀ 30 ਮਾਰਚ ਨੂੰ ਸ਼੍ਰੀ ਰਾਮਨੌਮੀ ਦੀਆਂ ਸ਼ੋਭਾ ਯਾਤਰਾਵਾਂ ਦੌਰਾਨ ਦੇਸ਼ ਦੇ ਅਨੇਕਾਂ ਸੂਬਿਆਂ ’ਚ ਸ਼ੁਰੂ ਹੋਇਆ ਹੰਗਾਮਾ ਤੀਜੇ ਦਿਨ ਵੀ ਜਾਰੀ ਸੀ ਅਤੇ ਇਸ ਦੌਰਾਨ :

* ਗੁਜਰਾਤ ਦੇ ਵਡੋਦਰਾ, ਸਾਬਰਕਾਂਠਾ, ਆਣੰਦ ਅਤੇ ਦਵਾਰਕਾ ਆਦਿ ’ਚ ਭਾਰੀ ਦੰਗੇ ਹੋਏ, ਜਿਸ ’ਚ ਇਕ ਵਿਅਕਤੀ ਦੀ ਜਾਨ ਵੀ ਚਲੀ ਗਈ।

* ਦਿੱਲੀ (ਜਹਾਂਗੀਰਪੁਰੀ) ’ਚ ਦੋ ਭਾਈਚਾਰਿਆਂ ’ਚ ਝੜਪ ਤੋਂ ਇਲਾਵਾ ਜੇ. ਐੱਨ. ਯੂ. ’ਚ ਪੂਜਾ ਨੂੰ ਲੈ ਕੇ ਦੋ ਧੜਿਆਂ ਦੀ ਲੜਾਈ ’ਚ ਅਨੇਕਾਂ ਵਿਦਿਆਰਥੀ ਜ਼ਖਮੀ ਹੋ ਗਏ।

* ਪੱਛਮੀ ਬੰਗਾਲ ਦੇ ਹਾਵੜਾ ਅਤੇ ਬਾਂਕੁੜਾ ’ਚ ਅੱਗਜ਼ਨੀ ਤੋਂ ਇਲਾਵਾ ਮਕਾਨਾਂ ਦੀਆਂ ਛੱਤਾਂ ਤੋਂ ਸ਼ੋਭਾ ਯਾਤਰਾ ’ਚ ਸ਼ਾਮਲ ਲੋਕਾਂ ਅਤੇ ਪੁਲਸ ’ਤੇ ਪੱਥਰਾਅ ਕੀਤਾ ਗਿਆ। ਬਾਂਕੁੜਾ ’ਚ ਕੇਂਦਰੀ ਰਾਜ ਮੰਤਰੀ ਸੁਭਾਸ਼ ਸਰਕਾਰ ਦੀ ਕਾਰ ’ਤੇ ਪੱਥਰਾਅ ਕੀਤਾ ਗਿਆ।

* ਤੇਲੰਗਾਨਾ ਦੇ ਹੈਦਰਾਬਾਦ ’ਚ ਸ਼ੋਭਾ ਯਾਤਰਾ ਦੌਰਾਨ ਮਹਾਤਮਾ ਗਾਂਧੀ ਦੇ ਹੱਤਿਆਰੇ ਨੱਥੂ ਰਾਮ ਗੋਡਸੇ ਦੀ ਤਸਵੀਰ ਲਹਿਰਾਈ ਗਈ।

* ਮਹਾਰਾਸ਼ਟਰ ਦੇ ਸੰਭਾਜੀ ਨਗਰ ’ਚ ਸ਼ੋਭਾ ਯਾਤਰਾ ’ਤੇ ਪੱਥਰਾਅ ਅਤੇ ਪੈਟਰੋਲ ਨਾਲ ਭਰੀਆਂ ਬੋਤਲਾਂ ਸੁੱਟੀਆਂ ਗਈਆਂ ਅਤੇ ਮੁੰਬਈ ਦੇ ਮਾਨਖੁਰਦ ਵਿਚ 30 ਦੇ ਲਗਭਗ ਗੱਡੀਆਂ ਨੂੰ ਨੁਕਸਾਨ ਪਹੁੰਚਾਇਆ ਗਿਆ।

* ਝਾਰਖੰਡ ਦੇ ਧਨਬਾਦ ਅਤੇ ਚਿਰਕੁੰਡਾ ਤੋਂ ਇਲਾਵਾ ਲੋਹਾਰਦਗਾ ਜ਼ਿਲੇ ਅਤੇ ਪੂਰਬੀ ਸਿੰਘਭੂਮ ’ਚ ਸ਼ੋਭਾ ਯਾਤਰਾਵਾਂ ’ਚ ਸ਼ਾਮਲ ਲੋਕਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲੇ ’ਚ ਕਈ ਲੋਕ ਜ਼ਖਮੀ ਹੋ ਗਏ।

* ਬਿਹਾਰ ਦੇ ਸਾਸਾਰਾਮ, ਨਾਲੰਦਾ ਅਤੇ ਬਿਹਾਰਸ਼ਰੀਫ ’ਚ ਬੰਬ ਅਤੇ ਗੋਲੀਆਂ ਚੱਲੀਆਂ ਤੇ ਭੀੜ ਨੇ ਦੁਕਾਨਾਂ ਤੇ ਵਾਹਨਾਂ ਨੂੰ ਅੱਗ ਲਗਾ ਦਿੱਤੀ।

* ਮੱਧ ਪ੍ਰਦੇਸ਼ ਦੇ ਖਰਗੌਣ ’ਚ 4 ਮਕਾਨ ਸਾੜ ਦਿੱਤੇ ਗਏ, ਕਰਨਾਟਕ ਦੇ ਕੋਲਾਰ ’ਚ ਸ਼ੋਭਾ ਯਾਤਰਾ ’ਤੇ ਪੱਥਰਾਅ ਤੇ ਚਾਕੂਬਾਜ਼ੀ ਦੀਆਂ ਘਟਨਾਵਾਂ ਵਾਪਰੀਆਂ। ਜਿੱਥੇ ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ’ਚ ਹਿੰਸਕ ਝੜਪਾਂ ’ਚ ਦਰਜਨਾਂ ਲੋਕ ਜ਼ਖਮੀ ਹੋ ਗਏ, ਉੱਥੇ ਹੀ ਇਕ ਮੰਦਿਰ ’ਚ ਅੱਗ ਲਗਾਉਣ ਦੀ ਘਟਨਾ ਵੀ ਵਾਪਰੀ। ਲਖਨਊ ’ਚ ਵਿਦਿਆਰਥੀਆਂ ਦੇ ਦੋ ਧੜਿਆਂ ਦਰਮਿਆਨ ਖੂਬ ਸੰਘਰਸ਼ ਹੋਇਆ।

ਇਸ ਸਾਰੇ ਘਟਨਾਚੱਕਰ ਬਾਰੇ ਲੋਕ ਆਪਣੇ-ਆਪਣੇ ਹਿਸਾਬ ਨਾਲ ਟਿੱਪਣੀ ਕਰ ਰਹੇ ਹਨ। ਸਿਆਸੀ ਦਰਸ਼ਕਾਂ ਮੁਤਾਬਕ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੇਤਾਵਾਂ ਵਲੋਂ ਆਪਣੇ ਵੋਟ ਬੈਂਕ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਕਾਰਨ ਇਹ ਸਭ ਹੋ ਰਿਹਾ ਹੈ।

ਕਾਂਗਰਸ ਨੇਤਾ ਕਪਿਲ ਸਿੱਬਲ ਨੇ ਦੋਸ਼ ਲਾਇਆ ਹੈ ਕਿ 2024 ’ਚ ਹੋਣ ਵਾਲੀਆਂ ਆਮ ਚੋਣਾਂ ਦੇ ਨੇੜੇ ਆਉਣ ਦੇ ਮੱਦੇਨਜ਼ਰ ਭਾਜਪਾ ਫਿਰਕੂ ਹਿੰਸਾ ਭੜਕਾਉਣ ਦੀ ਯੋਜਨਾ ਬਣਾ ਰਹੀ ਹੈ।

ਇਹ ਘਟਨਾਵਾਂ ਕਿਉਂ ਵਾਪਰ ਰਹੀਆਂ ਹਨ, ਇਨ੍ਹਾਂ ਦਾ ਅਸਲੀ ਕਾਰਨ ਤਾਂ ਬਾਕਾਇਦਾ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਇਸ ਨੂੰ ਕਿਸੇ ਵੀ ਨਜ਼ਰੀਏ ਨਾਲ ਸਾਡੇ ਵਰਗੇ ਧਰਮਨਿਰਪੱਖ ਅਤੇ ਸਰਵਧਰਮ ਸਦਭਾਵਨਾ ਰੱਖਣ ਵਾਲੇ ਦੇਸ਼ ਲਈ ਉਚਿਤ ਨਹੀਂ ਕਿਹਾ ਜਾ ਸਕਦਾ।

ਦੇਸ਼ ਦੇ ਕੁਝ ਸੂਬਿਆਂ ’ਚ ਰਾਮਨੌਮੀ ਦੇ ਮੌਕੇ ’ਤੇ ਕੱਢੀਆਂ ਜਾਣ ਵਾਲੀਆਂ ਸ਼ੋਭਾ ਯਾਤਰਾਵਾਂ ’ਚ ਇਸ ਤਰ੍ਹਾਂ ਦਾ ਦੁਖਦਾਈ ਘਟਨਾਚੱਕਰ ਹੁੰਦਾ ਆ ਰਿਹਾ ਹੈ। ਇਸ ਲਈ ਜੇਕਰ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਨੂੰ ਸੱਦ ਕੇ ਸ਼ੋਭਾ ਯਾਤਰਾਵਾਂ ਦੇ ਆਯੋਜਕ ਉਨ੍ਹਾਂ ਨੂੰ ਆਪਣੇ ਨਾਲ ਜੋੜ ਲੈਣ ਤਾਂ ਅਜਿਹੀਆਂ ਘਟਨਾਵਾਂ ਹੋਣਗੀਆਂ ਹੀ ਨਹੀਂ।

ਜ਼ਿਕਰਯੋਗ ਹੈ ਕਿ ਭਾਰਤੀ ਜਨਤਾ ਪਾਰਟੀ, ਜਿਸ ਦੇ ਅਨੇਕਾਂ ਸੰਸਦ ਮੈਂਬਰ ਅਤੇ ਵਿਧਾਇਕ ਮੁਸਲਮਾਨ ਹਨ, ਦੇ ਮਾਪੇ ਸੰਗਠਨ ਰਾਸ਼ਟਰੀ ਸਵੈਮਸੇਵਕ ਸੰਘ ਦਾ ‘ਮੁਸਲਿਮ ਰਾਸ਼ਟਰੀ ਮੰਚ’ ਇਸ ’ਚ ਕਾਫੀ ਸਹਾਇਕ ਸਿੱਧ ਹੋ ਸਕਦਾ ਹੈ।

ਅਜਿਹੀਆਂ ਘਟਨਾਵਾਂ ਜਿੱਥੇ ਦੇਸ਼ ਦਾ ਮਾਹੌਲ ਖਰਾਬ ਕਰ ਕੇ ਨਫਰਤ ਫੈਲਾਉਂਦੀਆਂ ਅਤੇ ਦੇਸ਼ ਦਾ ਵਿਕਾਸ ਰੋਕਦੀਆਂ ਹਨ, ਉੱਥੇ ਹੀ ਵਿਦੇਸ਼ਾਂ ’ਚ ਸਾਡੀ ਬਦਨਾਮੀ ਦਾ ਕਾਰਨ ਵੀ ਬਣਦੀਆਂ ਹਨ। ਇਸ ਲਈ ਹਿੰਦੂ, ਮੁਸਲਿਮ, ਸਿੱਖ, ਇਸਾਈ, ਜੈਨ ਆਦਿ ਸਾਰਿਆਂ ਨੂੰ ਰਾਮਨੌਮੀ ਦੀਆਂ ਸ਼ੋਭਾ ਯਾਤਰਾਵਾਂ ਦੇ ਨਾਲ ਜੋੜਣ ਨਾਲ ਸਾਰੀ ਦੁਨੀਆ ’ਚ ਭਾਰਤ ਇਕ ਮਿਸਾਲ ਪੇਸ਼ ਕਰ ਸਕੇਗਾ ਕਿ ਇੱਥੇ ਇੰਨੇ ਧਰਮਾਂ ਦੇ ਲੋਕ ਪ੍ਰੇਮ-ਪਿਆਰ ਨਾਲ ਰਹਿੰਦੇ ਹਨ।

-ਵਿਜੇ ਕੁਮਾਰ


Mukesh

Content Editor

Related News