ਦੇਸ਼ ’ਚ ਫੜੇ ਜਾ ਰਹੇ ਨਾਜਾਇਜ਼ ਹਥਿਆਰ ਬਣਾਉਣ ਦੇ ‘ਕਾਰਖਾਨੇ’
Sunday, Oct 09, 2022 - 03:53 AM (IST)
ਅੱਜ ਇਕ ਪਾਸੇ ਪਾਕਿਸਤਾਨ ਤੋਂ ਡ੍ਰੋਨਾਂ ਅਤੇ ਹੋਰ ਮਾਧਿਅਮਾਂ ਰਾਹੀਂ ਭਾਰਤ ’ਚ ਹਥਿਆਰ ਅਤੇ ਨਸ਼ੇ ਭਿਜਵਾਏ ਜਾ ਰਹੇ ਹਨ ਤਾਂ ਦੂਜੇ ਪਾਸੇ ਰਾਸ਼ਟਰ ਵਿਰੋਧੀ ਤੱਤਾਂ ਨੇ ਭਾਰਤ ’ਚ ਨਾਜਾਇਜ਼ ਹਥਿਆਰਾਂ ਦੀ ਸਮੱਗਲਿੰਗ ਅਤੇ ਨਿਰਮਾਣ ਸ਼ੁਰੂ ਕੀਤਾ ਹੋਇਆ ਹੈ। ਇਹ ਸਥਿਤੀ ਕਿੰਨਾ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ, ਇਹ ਹੇਠਾਂ ਦਰਜ ਉਦਾਹਰਣਾਂ ਤੋਂ ਸਪੱਸ਼ਟ ਹੈ :
* 2 ਜਨਵਰੀ ਨੂੰ ਗਾਜ਼ੀਆਬਾਦ (ਉੱਤਰ ਪ੍ਰਦੇਸ਼) ਦੇ ‘ਮਾਚਰੀ ਚੌਕ’ ਨੂੰ ‘ਪੱਟੀ’ ਪਿੰਡ ਨਾਲ ਜੋੜਨ ਵਾਲੀ ਸੜਕ ’ਤੇ ਅੱਧ-ਬਣੀ ਇਮਾਰਤ ’ਚ ਚੱਲ ਰਹੇ ਇਕ ਨਾਜਾਇਜ਼ ਹਥਿਆਰ ਬਣਾਉਣ ਵਾਲੇ ਕਾਰਖਾਨੇ ਦਾ ਪਰਦਾਫਾਸ਼ ਕਰ ਕੇ 20 ਮੁਕੰਮਲ ਤਿਆਰ ਅਤੇ 16 ਅੱਧੇ ਬਣੇ ਦੇਸੀ ਪਿਸਤੌਲ ਜ਼ਬਤ ਕਰ ਕੇ ਇਸ ਸਬੰਧ ’ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ।
* 14 ਜਨਵਰੀ ਨੂੰ ਮਥੁਰਾ (ਉੱਤਰ ਪ੍ਰਦੇਸ਼) ਪੁਲਸ ਨੇ ਕੋਸੀ ਕਲਾਂ ’ਚ ਨਾਜਾਇਜ਼ ਹਥਿਆਰ ਬਣਾਉਣ ਵਾਲੀ ਇਕ ਇਕਾਈ ’ਤੇ ਛਾਪਾ ਮਾਰ ਕੇ ਅੱਧੇ ਬਣੇ 1 ਦੇਸੀ ਪਿਸਤੌਲ ਦੇ ਇਲਾਵਾ 1 ਰਾਈਫਲ ਅਤੇ 24 ਮੁਕੰਮਲ ਤਿਆਰ ਦੇਸੀ ਪਿਸਤੌਲ ਜ਼ਬਤ ਕੀਤੇ।
* 25 ਮਾਰਚ ਨੂੰ ਗੁਰੂਗ੍ਰਾਮ ਪੁਲਸ ਨੇ ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ’ਚ ਇਕ ਨਾਜਾਇਜ਼ ਹਥਿਆਰ ਬਣਾਉਣ ਵਾਲੀ ਇਕਾਈ ਦਾ ਪਰਦਾਫਾਸ਼ ਕਰ ਕੇ ਇਸ ਗਿਰੋਹ ਦੇ ਮਾਸਟਰਮਾਈਂਡ ਸਮੇਤ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 25 ਦੇਸੀ ਪਿਸਤੌਲ ਜ਼ਬਤ ਕਰਨ ਦੇ ਇਲਾਵਾ ਵੱਡੀ ਗਿਣਤੀ ’ਚ ਕਾਰਤੂਸ ਅਤੇ ਹਥਿਆਰ ਬਣਾਉਣ ਦਾ ਸਾਮਾਨ ਬਰਾਮਦ ਕੀਤਾ। ਪੁਲਸ ਦੇ ਅਨੁਸਾਰ ਇਨ੍ਹਾਂ ਲੋਕਾਂ ਨੇ ਤਾਲੇ ਅਤੇ ਚਾਬੀਆਂ ਬਣਾਉਣ ਦੇ ਲਈ ਇਕ ਕਮਰਾ ਕਿਰਾਏ ’ਤੇ ਲਿਆ ਸੀ ਪਰ ਉੱਥੇ ਨਾਜਾਇਜ਼ ਤੌਰ ’ਤੇ ਹਥਿਆਰਾਂ ਦਾ ਨਿਰਮਾਣ ਕਰਨ ਲੱਗੇ, ਜਿਨ੍ਹਾਂ ਨੂੰ 2500 ਤੋਂ 3000 ਰੁਪਏ ’ਚ ਵੇਚਦੇ ਸਨ।
* 22 ਮਈ ਨੂੰ ਪੁਲਸ ਵੱਲੋਂ ‘ਆਪ੍ਰੇਸ਼ਨ ਪਾਤਾਲ’ ਦੇ ਅਧੀਨ ਉੱਤਰ ਪ੍ਰਦੇਸ਼ ਦੇ ਮਸੂਰੀ ਅਤੇ ਮੋਦੀਨਗਰ ’ਚ 2 ਨਾਜਾਇਜ਼ ਹਥਿਆਰ ਬਣਾਉਣ ਵਾਲੀਆਂ ਫੈਕਟਰੀਆਂ ’ਤੇ ਛਾਪਾ ਮਾਰ ਕੇ ਉੱਥੋਂ 48 ਦੇਸੀ ਪਿਸਤੌਲ ਅਤੇ ਕਾਰਤੂਸ ਜ਼ਬਤ ਕੀਤੇ ਗਏ। * 27 ਜੂਨ ਨੂੰ ਉੱਤਰ ਪ੍ਰਦੇਸ਼ ਐਂਟੀ ਟੈਰਰਿਸਟ ਸਕੁਐਡ (ਏ. ਟੀ. ਐੱਸ.) ਦੀ ਟੀਮ ਨੇ ਮਊ ਜ਼ਿਲ੍ਹੇ ਦੇ ਘੋਸੀ ਪਿੰਡ ’ਚ ਨਾਜਾਇਜ਼ ਹਥਿਆਰ ਬਣਾਉਣ ਵਾਲੀ ਇਕਾਈ ਚਲਾਉਣ ਦੇ ਦੋਸ਼ ’ਚ 5 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ 4 ਰਿਵਾਲਵਰ, 1 ਸਿੰਗਲ ਬੈਰਲ ਬੰਦੂਕ, ਕਾਰਤੂਸ ਅਤੇ ਇਕ ਏਅਰ ਗੰਨ ਕਬਜ਼ੇ ’ਚ ਲੈਣ ਤੋਂ ਇਲਾਵਾ ਉੱਥੋਂ ਵੱਡੀ ਗਿਣਤੀ ’ਚ ਅੱਧੇ ਬਣੇ ਦੇਸੀ ਪਿਸਤੌਲ, ਲੇਥ ਮਸ਼ੀਨਾਂ, ਭੱਠੀਆਂ ਅਤੇ ਹੋਰ ਸਮੱਗਰੀ ਕਬਜ਼ੇ ’ਚ ਲਈ।
* 22 ਅਗਸਤ ਨੂੰ ਭਾਗਲਪੁਰ (ਬਿਹਾਰ) ਦੇ ‘ਦੌਨਾ’ ਪਿੰਡ ’ਚ ਬੰਦੂਕਾਂ ਬਣਾਉਣ ਵਾਲੀ ਇਕ ਨਾਜਾਇਜ਼ ਫੈਕਟਰੀ ’ਤੇ ਛਾਪਾ ਮਾਰ ਕੇ ਉੱਥੋਂ ਵੱਡੀ ਗਿਣਤੀ ’ਚ ਨਾਜਾਇਜ਼ ਪਿਸਤੌਲ ਬਣਾਉਣ ਦਾ ਸਾਮਾਨ ਜ਼ਬਤ ਕੀਤਾ ਗਿਆ, ਜਿਸ ’ਚ 15 ਫਾਈਲਿੰਗ ਅਤੇ ਪਾਲਿਸ਼ਿੰਗ ਮਸ਼ੀਨਾਂ, ਬਲੋਅਰ, ਫਾਇਰਿੰਗ ਪਿਨ, ਟ੍ਰਿਗਰ ਅਤੇ ਹੋਰ ਯੰਤਰਾਂ ਦੇ ਇਲਾਵਾ ਅੱਧੀਆਂ ਬਣੀਆਂ ਸੈਮੀ ਆਟੋਮੈਟਿਕ ਰਾਈਫਲਾਂ, ਲੋਹੇ ਅਤੇ ਗੰਨ ਮੈਟਲ ਦੇ ਪਾਈਪ ਅਤੇ ਬੈਰਲਾਂ ਤੋਂ ਇਲਾਵਾ ਤਰ੍ਹਾਂ-ਤਰ੍ਹਾਂ ਦੇ ਕਾਰਤੂਸ ਸ਼ਾਮਲ ਸਨ। ਇਸ ਸਿਲਸਿਲੇ ’ਚ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
* 26 ਅਗਸਤ ਨੂੰ ਪੁਲਸ ਨੇ ਚਰਚੰਦਪੁਰ ਜ਼ਿਲ੍ਹੇ (ਮਣੀਪੁਰ) ਦੇ ਸ਼ਯਾਮਤੁੰਡ ਪਿੰਡ ’ਚ ਅੱਤਵਾਦੀਆਂ ਨੂੰ ਬੰਦੂਕਾਂ ਦੀ ਸਪਲਾਈ ਕਰਨ ਵਾਲੀ ਨਾਜਾਇਜ਼ ਫੈਕਟਰੀ ਦਾ ਪਰਦਾਫਾਸ਼ ਕਰ ਕੇ ਸਥਾਨਕ ਤੌਰ ’ਤੇ ਬਣੀਆਂ ਕੁਝ ਬੰਦੂਕਾਂ ਸਮੇਤ ਵੱਡੀ ਗਿਣਤੀ ’ਚ ਹੋਰ ਹਥਿਆਰਾਂ ਤੋਂ ਇਲਾਵਾ ਦੇਸੀ ਬੰਦੂਕਾਂ ਬਣਾਉਣ ’ਚ ਵਰਤਿਆ ਜਾਣ ਵਾਲਾ ਵੱਖ-ਵੱਖ ਸਾਮਾਨ ਵੀ ਬਰਾਮਦ ਕੀਤਾ।
* 23 ਸਤੰਬਰ ਨੂੰ ਜਬਲਪੁਰ (ਮੱਧ ਪ੍ਰਦੇਸ਼) ’ਚ ਪੁਲਸ ਨੇ 3 ਨਾਬਾਲਗ ਲੜਕਿਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਦੇਸੀ ਕੱਟੇ, ਤਲਵਾਰਾਂ, ਬੰਬ ਅਤੇ ਹਥਿਆਰ ਬਣਾਉਣ ਦੇ ਯੰਤਰ ਜ਼ਬਤ ਕੀਤੇ। ਉਨ੍ਹਾਂ ਨੇ ਇਨ੍ਹਾਂ ਦਾ ਨਿਰਮਾਣ ਕਰਨਾ ਯੂ-ਟਿਊਬ ਤੋਂ ਸਿੱਖਿਆ ਸੀ।
* 6 ਅਕਤੂਬਰ ਨੂੰ ਹਾਪੁੜ ਪੁਲਸ ਨੇ ਨਾਜਾਇਜ਼ ਹਥਿਆਰ ਬਣਾਉਣ ਵਾਲੀ ਇਕ ਫੈਕਟਰੀ ’ਤੇ ਛਾਪਾ ਮਾਰ ਕੇ ਤਮੰਚਾ ਬਣਾਉਂਦੇ ਹੋਏ ਇਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਅਤੇ ਉਸ ਦੇ ਦੂਜੇ ਸਾਥੀ ਦੇ ਕਬਜ਼ੇ ’ਚੋਂ 8 ਨਾਜਾਇਜ਼ ਤਮੰਚੇ, 2 ਜ਼ਿੰਦਾ ਤੇ ਖਾਲੀ ਕਾਰਤੂਸਾਂ ਸਮੇਤ 6 ਅੱਧੇ ਬਣੇ ਤਮੰਚੇ ਬਰਾਮਦ ਕਰਨ ਦੇ ਇਲਾਵਾ 13 ਪਾਈਪ ਅਤੇ ਭਾਰੀ ਮਾਤਰਾ ’ਚ ਨਾਜਾਇਜ਼ ਹਥਿਆਰ ਬਣਾਉਣ ਦੇ ਯੰਤਰ ਬਰਾਮਦ ਕੀਤੇ।
* 7 ਅਕਤੂਬਰ ਨੂੰ ਰਾਜਸਥਾਨ ਦੇ ‘ਝੁੱਪਾ’ ਪਿੰਡ ’ਚ ਇਕ ਨਾਜਾਇਜ਼ ਹਥਿਆਰ ਬਣਾਉਣ ਵਾਲਾ ਕਾਰਖਾਨਾ ਫੜਿਆ ਗਿਆ ਅਤੇ ਉੱਥੇ ਮੌਜੂਦ ਸਪਲਾਇਰ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ ’ਚੋਂ 5 ਦੇਸੀ ਪਿਸਤੌਲ ਬਰਾਮਦ ਕਰਨ ਦੇ ਇਲਾਵਾ ਕੰਪਲੈਕਸ ’ਚੋਂ 3 ਦੇਸੀ ਪਿਸਤੌਲ, ਕਾਰਤੂਸ ਤੇ ਨਾਜਾਇਜ਼ ਹਥਿਆਰ ਬਣਾਉਣ ’ਚ ਵਰਤਿਆ ਜਾਣ ਵਾਲਾ ਕੁਝ ਹੋਰ ਸਾਮਾਨ ਵੀ ਜ਼ਬਤ ਕੀਤਾ ਗਿਆ।
ਆਮ ਤੌਰ ’ਤੇ ਅਸੀਂ ਪਾਕਿਸਤਾਨ ’ਤੇ ਭਾਰਤ ’ਚ ਨਾਜਾਇਜ਼ ਹਥਿਆਰਾਂ ਦੀ ਸਮੱਗਲਿੰਗ ਕਰਵਾਉਣ ਦੇ ਦੋਸ਼ ਲਾਉਂਦੇ ਰਹਿੰਦੇ ਹਾਂ ਪਰ ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਇੱਥੇ ਤਾਂ ਆਪਣੇ ਹੀ ਦੇਸ਼ ’ਚ ਥਾਂ-ਥਾਂ ਨਾਜਾਇਜ਼ ਹਥਿਆਰ ਬਣਾਉਣ ਦੀਆਂ ਫੈਕਟਰੀਆਂ ਲੱਗੀਆਂ ਹੋਈਆਂ ਹਨ। ਸਥਿਤੀ ਇਸ ਕਦਰ ਗੰਭੀਰ ਹੋ ਚੁੱਕੀ ਹੈ ਕਿ ਸਿਰਫ ਅੱਤਵਾਦੀ ਹੀ ਨਹੀਂ ਸਗੋਂ ਵੱਖ-ਵੱਖ ਅਪਰਾਧੀ ਗਿਰੋਹ, ਜਿਵੇਂ ਕਿ ਬਿਸ਼ਨੋਈ ਗੈਂਗ ਆਦਿ ਬਾਹਰੋਂ ਹਥਿਆਰ ਲੈ ਕੇ ਨਹੀਂ ਆ ਰਹੇ, ਇੱਥੋਂ ਹੀ ਉਨ੍ਹਾਂ ਨੂੰ ਸਭ ਕੁਝ ਮਿਲ ਰਿਹਾ ਹੈ ਅਤੇ ਉਹ ਇਨ੍ਹਾਂ ਦੇ ਦਮ ’ਤੇ ਲੁੱਟ-ਮਾਰ ਕਰ ਰਹੇ ਹਨ, ਜਿਸ ਦੇ ਕਾਰਨ ਸਥਿਤੀ ਵਿਗੜਦੀ ਜਾ ਰਹੀ ਹੈ। ਇਸ ਲਈ ਇਨ੍ਹਾਂ ਮਾਮਲਿਆਂ ਦੀ ਡੂੰਘਾਈ ਨਾਲ ਜਾਂਚ ਕਰ ਕੇ ਇਨ੍ਹਾਂ ਦੀ ਜੜ੍ਹ ਤੱਕ ਪਹੁੰਚਣਾ ਅਤੇ ਇਨ੍ਹਾਂ ਨੂੰ ਮੁੱਢੋਂ ਨਸ਼ਟ ਕਰਨ ਦੇ ਲਈ ਸਰਕਾਰ ਨੂੰ ਤਤਕਾਲ ਸਖਤ ਤੋਂ ਸਖਤ ਕਦਮ ਚੁੱਕਣ ਦੀ ਲੋੜ ਹੈ ਤਾਂ ਕਿ ਹੋਰ ਜਾਨ-ਮਾਲ ਦੇ ਨੁਕਸਾਨ ਤੋਂ ਬਚਿਆ ਜਾ ਸਕੇ।
-ਵਿਜੇ ਕੁਮਾਰ