ਸਕੂਲ ਬੱਸ ਹਾਦਸੇ ਰੋਕਣ ਲਈ ਹਿਮਾਚਲ ਸਰਕਾਰ ਦੀਆਂ ਹਦਾਇਤਾਂ

Thursday, Jun 28, 2018 - 07:42 AM (IST)

ਦੇਸ਼ 'ਚ ਸੜਕ ਹਾਦਸਿਆਂ ਦਾ ਹੜ੍ਹ ਜਿਹਾ ਆਇਆ ਹੋਇਆ ਹੈ ਤੇ ਸਕੂਲੀ ਬੱਸਾਂ ਵੀ ਡਰਾਈਵਰਾਂ ਦੀ ਲਾਪ੍ਰਵਾਹੀ ਤੇ ਹੋਰ ਕਾਰਨਾਂ ਕਰਕੇ ਲਗਾਤਾਰ ਹਾਦਸਿਆਂ ਦਾ ਸ਼ਿਕਾਰ ਹੋ ਰਹੀਆਂ ਹਨ। ਹਾਲ ਹੀ ਦੇ ਦੌਰ ਦਾ ਸਭ ਤੋਂ ਵੱਡਾ ਸਕੂਲ ਬੱਸ ਹਾਦਸਾ 9 ਅਪ੍ਰੈਲ ਨੂੰ ਹਿਮਾਚਲ ਦੇ ਕਾਂਗੜਾ ਜ਼ਿਲੇ ਦੇ ਨੂਰਪੁਰ 'ਚ ਹੋਇਆ, ਜਦੋਂ ਇਕ ਸਕੂਲੀ ਬੱਸ ਦੇ ਖੱਡ 'ਚ ਡਿੱਗ ਜਾਣ ਨਾਲ ਉਸ 'ਚ ਸਵਾਰ 27 ਬੱਚਿਆਂ ਤੇ ਡਰਾਈਵਰ ਸਮੇਤ 30 ਵਿਅਕਤੀਆਂ ਦੀ ਮੌਤ ਹੋ ਗਈ। 
ਉਕਤ ਹਾਦਸੇ ਤੋਂ ਬਾਅਦ ਸਕੂਲ ਮੈਨੇਜਮੈਂਟ 'ਤੇ ਪ੍ਰਸ਼ਾਸਨ ਨੇ ਥੋੜ੍ਹੇ ਸਮੇਂ ਲਈ ਤਾਂ ਸ਼ਿਕੰਜਾ ਕੱਸਣ ਦੀ ਕੋਸ਼ਿਸ਼ ਕੀਤੀ ਪਰ ਉਸ ਤੋਂ ਬਾਅਦ ਸਥਿਤੀ ਜਿਉਂ ਦੀ ਤਿਉਂ  ਹੀ ਰਹੀ ਤੇ ਸਕੂਲ ਬੱਸ ਹਾਦਸੇ ਜਾਰੀ ਹਨ।
ਜ਼ਿਕਰਯੋਗ ਹੈ ਕਿ 9 ਅਪ੍ਰੈਲ ਦੇ ਸਕੂਲ ਬੱਸ ਹਾਦਸੇ ਤੋਂ ਬਾਅਦ ਸੂਬੇ 'ਚ ਘੱਟੋ-ਘੱਟ 4 ਸਕੂਲੀ ਬੱਸਾਂ ਹਾਦਸੇ ਦਾ ਸ਼ਿਕਾਰ ਹੋ ਚੁੱਕੀਆਂ ਹਨ, ਜਿਨ੍ਹਾਂ 'ਚ ਇਕ ਬੱਚੀ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ 29 ਬੱਚੇ ਜ਼ਖਮੀ ਹੋਏ ਹਨ। ਇਕ ਸਕੂਲ ਬੱਸ ਹਾਦਸਾ ਨਾਬਾਲਿਗ ਡਰਾਈਵਰ ਵਲੋਂ ਮੋਬਾਈਲ ਫੋਨ ਸੁਣਦਿਆਂ ਬੱਸ ਚਲਾਉਣ ਕਾਰਨ ਹੋਇਆ।
ਇਸੇ ਨੂੰ ਦੇਖਦਿਆਂ 26 ਜੂਨ ਨੂੰ ਹਿਮਾਚਲ ਕੈਬਨਿਟ ਦੀ ਮੀਟਿੰਗ 'ਚ ਸਕੂਲੀ ਬੱਸਾਂ ਦੇ ਸੁਰੱਖਿਅਤ ਸੰਚਾਲਨ ਲਈ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਮੁਤਾਬਿਕ ਸਾਰੀਆਂ ਸਕੂਲੀ ਬੱਸਾਂ 'ਚ ਫਸਟ ਏਡ ਬਾਕਸ ਰੱਖਣਾ ਤੇ ਐਮਰਜੈਂਸੀ ਨੰਬਰ ਦਰਸਾਉਣਾ ਲਾਜ਼ਮੀ ਕਰਨ ਦੇ ਨਾਲ-ਨਾਲ ਖਿੜਕੀਆਂ 'ਤੇ ਪਰਦੇ ਤੇ ਮਿਊਜ਼ਿਕ ਸਿਸਟਮ ਨਾ ਲਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।
ਸਕੂਲੀ ਬੱਸਾਂ 'ਚ ਸਪੀਡ ਗਵਰਨਰ ਲਾਉਣ ਤੇ ਵਿਸ਼ੇਸ਼ ਬੱਚਿਆਂ ਦੇ ਬੈਠਣ ਲਈ ਵਿਸ਼ੇਸ਼ ਪ੍ਰਬੰਧ ਕਰਨ ਦੀ ਹਦਾਇਤ ਵੀ ਦੁਹਰਾਈ ਗਈ ਹੈ। ਹਾਲਾਂਕਿ ਸਕੂਲੀ ਬੱਸਾਂ 'ਚ ਸੀ. ਸੀ. ਟੀ. ਵੀ. ਕੈਮਰੇ ਲਾਉਣ ਤੇ ਸੀ. ਸੀ. ਟੀ. ਵੀ. ਫੁਟੇਜ 60 ਦਿਨਾਂ ਤਕ ਰੱਖਣ ਦੀਆਂ ਹਦਾਇਤਾਂ ਪਹਿਲਾਂ ਹੀ ਦਿੱਤੀਆਂ ਜਾ ਚੁੱਕੀਆਂ ਹਨ ਪਰ ਸ਼ਾਇਦ ਹੀ ਇਨ੍ਹਾਂ ਦੀ ਪਾਲਣਾ ਕੀਤੀ ਜਾਂਦੀ ਹੋਵੇ, ਜੋ ਹੁਣ ਕਰਨੀ ਪਵੇਗੀ।
ਲਿਹਾਜ਼ਾ ਸੁਰੱਖਿਆ ਨਿਯਮਾਂ ਦੀ ਪਾਲਣਾ ਦੇ ਨਾਲ-ਨਾਲ ਪੁਰਾਣੀਆਂ ਤੇ ਖਟਾਰਾ ਬੱਸਾਂ ਦੀ ਥਾਂ ਚੰਗੀ ਹਾਲਤ ਵਾਲੀ ਬੱਸ ਦੀ ਹੀ ਵਰਤੋਂ ਯਕੀਨੀ ਬਣਾਉਣ ਤੋਂ ਇਲਾਵਾ ਡਰਾਈਵਰਾਂ ਦੀ ਉਮਰ ਤੇ ਸਿਹਤ ਸਬੰਧੀ ਪੜਤਾਲ ਕਰਨੀ ਵੀ ਜ਼ਰੂਰੀ ਹੈ। ਇਸ ਗੱਲ 'ਤੇ ਵੀ ਨਜ਼ਰ ਰੱਖਣ ਦੀ ਲੋੜ ਹੈ ਕਿ ਸਕੂਲਾਂ ਦੇ ਪ੍ਰਬੰਧਕ ਨਾਬਾਲਿਗਾਂ, ਬੁੱਢਿਆਂ ਤੇ ਸਰੀਰਕ ਤੌਰ 'ਤੇ ਕਮਜ਼ੋਰ ਬੰਦਿਆਂ ਨੂੰ ਡਰਾਈਵਰ ਨਾ ਰੱਖਣ, ਜੋ ਬੱਚਿਆਂ ਦੀ ਸੁਰੱਖਿਆ ਲਈ ਖਤਰਾ ਬਣ ਰਹੇ ਹਨ।                                             —ਵਿਜੇ ਕੁਮਾਰ


Related News