ਹਰਿਆਣਾ ਚੋਣਾਂ ਦੀਆਂ ਚੰਦ ਦਿਲਚਸਪੀਆਂ

10/18/2019 1:13:39 AM

ਹਾਲਾਂਕਿ ਹਰਿਆਣਾ ’ਚ ਹੋਰਨਾਂ ਪਾਰਟੀਆਂ ਦੇ ਨੇਤਾਵਾਂ ਤੋਂ ਇਲਾਵਾ ਭਾਜਪਾ ਦੇ ਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਰਾਜਨਾਥ ਸਿੰਘ ਆਦਿ ਦੀਆਂ ਰੈਲੀਆਂ ਹੋ ਰਹੀਆਂ ਹਨ ਪਰ ਮਹਾਰਾਸ਼ਟਰ ਦੀ ਤਰ੍ਹਾਂ ਇਥੇ ਭਾਜਪਾ ਦੇ ਰਾਸ਼ਟਰੀ ਨੇਤਾਵਾਂ ਦਾ ਜਮਾਵੜਾ ਘੱਟ ਹੈ ਕਿਉਂਕਿ ਪਾਰਟੀ ਨੂੰ ਹਰਿਆਣਾ ਦੀ ਤੁਲਨਾ ’ਚ ਮਹਾਰਾਸ਼ਟਰ ’ਚ ਆਪਣੀਆਂ ਵਿਰੋਧੀ ਪਾਰਟੀਆਂ ਦੇ ਨਾਲ-ਨਾਲ ਗੱਠਜੋੜ ਸਹਿਯੋਗੀ ਸ਼ਿਵਸੈਨਾ ਤੋਂ ਵੀ ਅੰਦਰਖਾਤੇ ਖਤਰਾ ਲੱਗ ਰਿਹਾ ਹੈ।

ਇਥੇ ਪੇਸ਼ ਹਨ ਹਰਿਆਣਾ ਦੀਆਂ ਚੋਣਾਂ ਸਬੰਧੀ ਕੁਝ ਦਿਲਚਸਪੀਆਂ, ਜਿਥੇ ਕਈ ਸਥਾਨਾਂ ’ਤੇ ਦੋਵੇਂ ਹੀ ਮੁੱਖ ਪਾਰਟੀਆਂ ਭਾਜਪਾ ਅਤੇ ਕਾਂਗਰਸ ਦੇ ਵਧੇਰੇ ਉਮੀਦਵਾਰਾਂ ਦੇ ਵਿਰੁੱਧ ਬਾਗੀਆਂ ਦੇ ਖੜ੍ਹੇ ਹੋ ਜਾਣ ਨਾਲ ਮੁਕਾਬਲਾ ਕਾਫੀ ਦਿਲਚਸਪ ਹੋ ਗਿਆ ਹੈ :

* ਚੋਣਾਂ ਦੇ ਐਲਾਨ ਤੋਂ ਬਾਅਦ 21 ਸਤੰਬਰ ਤੋਂ 15 ਅਕਤੂਬਰ ਦਰਮਿਆਨ ਸੂਬੇ ’ਚ ਵੋਟਰਾਂ ਨੂੰ ਵੰਡਣ ਲਈ ਰੱਖੀ 12.9 ਕਰੋੜ ਰੁਪਏ ਦੀ ਨਕਦ ਰਾਸ਼ੀ ਅਤੇ ਨਸ਼ੇ ਵਾਲੇ ਪਦਾਰਥ ਜ਼ਬਤ ਕੀਤੇ ਜਾ ਚੁੱਕੇ ਹਨ।

* ਹਰਿਆਣਾ ਦੀ ਆਬਾਦੀ ਦੇਸ਼ ਦੀ ਆਬਾਦੀ ਦਾ ਸਿਰਫ 2 ਫੀਸਦੀ ਹੋਣ ਦੇ ਬਾਵਜੂਦ ਹਥਿਆਰਬੰਦ ਫੌਜਾਂ ’ਚ ਇਸ ਦਾ ਯੋਗਦਾਨ 10 ਫੀਸਦੀ ਹੈ ਪਰ ਸਿਆਸਤ ’ਚ ਫੌਜ ਨਾਲ ਜੁੜੇ ਲੋਕਾਂ ਦਾ ਯੋਗਦਾਨ ਬਹੁਤ ਘੱਟ ਹੈ ਅਤੇ 90 ਵਿਧਾਨ ਸਭਾ ਸੀਟਾਂ ’ਤੇ ਸਾਰੀਆਂ ਪਾਰਟੀਆਂ ਨੇ ਸਿਰਫ 6 ਸਾਬਕਾ ਫੌਜੀਆਂ ਨੂੰ ਉਮੀਦਵਾਰ ਬਣਾਇਆ ਹੈ।

* ਭਾਜਪਾ ਨੇ ਉਕਲਾਨਾ ਸੀਟ ਤੋਂ ਖੇਦੜ ਪਿੰਡ ਦੀ ਵਾਸੀ ਆਸ਼ਾ ਨੂੰ ਉਮੀਦਵਾਰ ਬਣਾਇਆ ਹੈ। ਉਹ ਇਕ ਰਵਾਇਤੀ ਹਰਿਆਣਵੀ ਨੂੰਹ ਦੀ ਤਰ੍ਹਾਂ ਘੁੰਡ ’ਚ ਸਹੁਰੇ ਪਹੁੰਚੀ ਪਰ ਉਥੇ ਪਹੁੰਚਦੇ ਹੀ 2000 ਲੋਕਾਂ ਨੇ ਇਹ ਕਹਿ ਕੇ ਉਸ ਦਾ ਘੁੰਡ ਚੁਕਵਾ ਦਿੱਤਾ ਕਿ ਇਹ ਉਨ੍ਹਾਂ ਅਤੇ ਵੋਟਰਾਂ ਦਰਮਿਆਨ ਦੀਵਾਰ ਦਾ ਕੰਮ ਕਰੇਗਾ। ਚੋਣ ਲੜਨ ਦੇ ਇਲਾਵਾ ਆਸ਼ਾ ਪੀਐੱਚ. ਡੀ. ਵੀ ਕਰ ਰਹੀ ਹੈ।

* ਸਾਬਕਾ ਮੁੱਖ ਮੰਤਰੀ ਭਜਨ ਲਾਲ ਦਾ ਗੜ੍ਹ ਮੰਨੀ ਜਾਂਦੀ ਆਦਮਪੁਰ ਸੀਟ ’ਤੇ ਉਨ੍ਹਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਅੱਜ ਤਕ ਚੋਣ ਨਹੀਂ ਹਾਰਿਆ। ਇਥੋਂ ਤਿੰਨ ਵਾਰ ਚੁਣੇ ਜਾ ਚੁੱਕੇ ਉਨ੍ਹਾਂ ਦੇ ਬੇਟੇ ਕੁਲਦੀਪ ਬਿਸ਼ਨੋਈ ਫਿਰ ਮੈਦਾਨ ’ਚ ਹਨ।

ਉਨ੍ਹਾਂ ਦੇ ਵਿਰੁੱਧ ਭਾਜਪਾ ਨੇ ਗਲੈਮਰ ਦਾ ਜ਼ੋਰਦਾਰ ਤੜਕਾ ਲਗਾਉਂਦੇ ਹੋਏ ਟਿਕਟਾਕ ਸਟਾਰ ਸੋਨਾਲੀ ਫੋਗਾਟ ਨੂੰ ਉਤਾਰ ਕੇ ਇਸ ਸੀਟ ਨੂੰ ਹਰਿਆਣਾ ਦੀ ਸਭ ਤੋਂ ਹੌਟ ਸੀਟ ਬਣਾ ਦਿੱਤਾ ਹੈ। ਸੋਨਾਲੀ ਦਾ ਵੀ ਇਥੇ ਫੈਨ ਬੇਸ ਹੈ।

* ਹੋਡਲ (ਸੁਰੱਖਿਅਤ) ਵਿਧਾਨ ਸਭਾ ਹਲਕੇ ’ਚ ਕੁਝ ਸਮਾਂ ਪਹਿਲਾਂ ਭਾਜਪਾ ਉਮੀਦਵਾਰ ਜਗਦੀਸ਼ ਨਇਰ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ ਸੀ ਜਿਸ ’ਚ ਉਹ ਇਹ ਕਹਿੰਦੇ ਸੁਣਾਈ ਦੇ ਰਹੇ ਸਨ ਕਿ ‘‘ਸੌ-ਸੌ ਰੁਪਏ ਕੇ ਸਫੈਦ ਜੂਤੇ ਪਹਿਨ ਕਰ ਜਾਟ ਮੰਚ ਪਰ ਚੜ੍ਹ ਜਾਤੇ ਹੈਂ ਔਰ ਰਾਜਨੀਤੀ ਕਰਨੇ ਲਗਤੇ ਹੈਂ।’’

ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਫੋਟੋ ’ਚ ਦੱਸਿਆ ਗਿਆ ਕਿ ਉਹ ਹਲਕੇ ਦੇ ਜਾਟ ਬਹੁ- ਗਿਣਤੀ ਵਾਲੇ ਪਿੰਡ ਮਿਤਰੌਲ ’ਚ ਗਏ ਸਨ ਜਿਥੇ ਉਨ੍ਹਾਂ ਨੇ ਆਪਣੇ ਭਾਸ਼ਣ ਦੌਰਾਨ ਇਕ ਜੁੱਤੀ ਚੁੱਕ ਲਈ ਅਤੇ ਆਪਣੇ ਬਿਆਨ ਲਈ ਮੁਆਫੀ ਮੰਗਦੇ ਹੋਏ ਆਪਣੇ ਸਿਰ ’ਤੇ ਮਾਰਨੀ ਸ਼ੁਰੂ ਕਰ ਦਿੱਤੀ।

* ਹਰਿਆਣਾ ’ਚ ਕਾਂਗਰਸ ਹਾਈਕਮਾਨ ਨੇ ਅਸ਼ੋਕ ਤੰਵਰ ਨੂੰ ਹਟਾ ਕੇ ਵੱਡੀਆਂ ਇੱਛਾਵਾਂ ਦੇ ਨਾਲ 4 ਸਤੰਬਰ ਨੂੰ ਸਾਬਕਾ ਕੇਂਦਰੀ ਮੰਤਰੀ ਕੁਮਾਰੀ ਸ਼ੈਲਜਾ ਨੂੰ ਸੂਬਾ ਕਾਂਗਰਸ ਪ੍ਰਧਾਨ ਬਣਾਇਆ ਸੀ ਪਰ ਉਨ੍ਹਾਂ ਦੇ ਪ੍ਰਧਾਨ ਬਣਨ ਦੇ 34 ਦਿਨਾਂ ਦੇ ਅੰਦਰ 40 ਵੱਡੇ ਆਗੂ ਪਾਰਟੀ ਛੱਡ ਕੇ ਚਲੇ ਗਏ।

* ਹਾਲਾਂਕਿ ਸਾਬਕਾ ਹਰਿਆਣਾ ਕਾਂਗਰਸ ਪ੍ਰਧਾਨ ਅਸ਼ੋਕ ਤੰਵਰ ਨੇ ਪਾਰਟੀ ਤੋਂ ਅਸਤੀਫਾ ਦੇ ਕੇ ਜਜਪਾ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਹੈ ਪਰ ਉਨ੍ਹਾਂ ਦੀ ਪਤਨੀ ਅਵੰਤਿਕਾ ਮਾਕਨ ਤੰਵਰ ਨੇ ਕਿਹਾ ਹੈ ਕਿ ਉਨ੍ਹਾਂ ਦਾ ਜਨਮ ਕਾਂਗਰਸ ’ਚ ਹੀ ਹੋਇਆ ਸੀ ਅਤੇ ਉਹ ਮਰਦੇ ਦਮ ਤਕ ਕਾਂਗਰਸ ’ਚ ਹੀ ਰਹੇਗੀ।

ਅੱਤਵਾਦੀਆਂ ਵਲੋਂ ਅਵੰਤਿਕਾ ਦੇ ਮਾਤਾ-ਪਿਤਾ ਦੀ ਹੱਤਿਆ ਤੋਂ ਬਾਅਦ ਤੋਂ ਹੀ ਉਨ੍ਹਾਂ ਨੂੰ ਸੋਨੀਆ ਗਾਂਧੀ ਦੇ ਕਾਫੀ ਨਜ਼ਦੀਕ ਮੰਨਿਆ ਜਾਂਦਾ ਹੈ। ਅਵੰਤਿਕਾ ਦਾ ਕਹਿਣਾ ਹੈ ਕਿ ‘‘ਪਤਨੀ ਦੇ ਰੂਪ ’ਚ ਮੈਂ ਅਸ਼ੋਕ ਤੰਵਰ ਨਾਲ ਹਾਂ ਪਰ ਸਿਆਸੀ ਪੱਧਰ ’ਤੇ ਮੇਰਾ ਉਨ੍ਹਾਂ ਦੇ ਫੈਸਲੇ ਨਾਲ ਕੋਈ ਲੈਣਾ-ਦੇਣਾ ਨਹੀਂ।’

* ਕਾਂਗਰਸ ਦੇ ਬੁਲਾਰੇ ਸ਼ਕਤੀ ਸਿੰਘ ਗੋਹਿਲ ਨੇ ਦੋਸ਼ ਲਗਾਇਆ ਹੈ ਕਿ ਰਾਮ ਰਾਜ ਲਿਆਉਣ ਦੇ ਐਲਾਨਾਂ ਦੇ ਉਲਟ ਆਪਣੇ ਘਟੀਆ ਸ਼ਾਸਨ ਨਾਲ ਭਾਜਪਾ ਹਰਿਆਣਾ ਨੂੰ ‘ਰਾਵਣ ਦੀ ਲੰਕਾ’ ਵਿਚ ਬਦਲਦੀ ਜਾ ਰਹੀ ਹੈ।

* ਮੇਵਾਤ ਦੇ ਪੁਨਹਾਨਾ ਵਿਧਾਨਸਭਾ ਹਲਕੇ ’ਚ ਮੇਵ ਮੁਸਲਮਾਨਾਂ ਦਾ ਬਹੁਮਤ ਹੈ ਅਤੇ ਉਥੇ ਭਾਜਪਾ ਕਦੇ ਵੀ ਜਿੱਤ ਨਹੀਂ ਸਕੀ। ਇਸ ਵਾਰ ਪੁਨਹਾਨਾ ਸੀਟ ’ਤੇ ਚੋਣ ਲੜ ਰਹੇ 4 ਮੁਸਲਮਾਨ ਉਮੀਦਵਾਰਾਂ ਵਿਰੁੱਧ ਹਿੰਦੂ ਅਨੁਸੂਚਿਤ ਜਾਤੀ ਦੀ ਇਕ ਬਾਹਰੀ ਉਮੀਦਵਾਰ ਨੌਕਸ਼ਮ ਚੌਧਰੀ ਨੂੰ ਉਤਾਰਿਆ ਹੈ।

ਵਿਦੇਸ਼ ’ਚ ਪੜ੍ਹੀ ਅਤੇ ਆਈ. ਏ. ਐੱਸ. ਮਾਂ ਤੇ ਜੱਜ ਪਿਤਾ ਦੀ 28 ਸਾਲਾ ਧੀ ਅਤੇ 10 ਭਾਸ਼ਾਵਾਂ ਬੋਲਣ ’ਚ ਸਮਰੱਥ ਨੌਕਸ਼ਮ ਨੇ ਟ੍ਰਿਪਲ ਐੱਮ. ਏ. ਕੀਤੀ ਹੈ। ਉਹ ਲੰਡਨ ’ਚ ਇਕ ਕਰੋੜ ਰੁਪਏ ਦੀ ਨੌਕਰੀ ਦੀ ਆਫਰ ਠੁਕਰਾ ਕੇ ਚੋਣ ਲੜਨ ਆਈ ਹੈ।

* ਹਾਲਾਂਕਿ ਸੂਬੇ ’ਚ ਹਮੇਸ਼ਾ ਔਰਤਾਂ ਦੇ ਹੱਕਾਂ ਦੀ ਗੱਲ ਹੁੰਦੀ ਰਹਿੰਦੀ ਹੈ ਪਰ ਜਿਥੋਂ ਤਕ ਇਨ੍ਹਾਂ ਚੋਣਾਂ ’ਚ ਔਰਤਾਂ ਨੂੰ ਪ੍ਰਤੀਨਿਧਤਾ ਦੇਣ ਦਾ ਸਬੰਧ ਹੈ, ਭਾਜਪਾ ਨੇ ਸਿਰਫ 12 ਅਤੇ ਕਾਂਗਸ ਨੇ 10 ਔਰਤਾਂ ਚੋਣ ਮੈਦਾਨ ’ਚ ਉਤਾਰੀਆਂ ਹਨ। ਇਨ੍ਹਾਂ ਦੇ ਉਲਟ ਇਨੈਲੋ ਨੇ ਸਭ ਤੋਂ ਵੱਧ 15 ਔਰਤਾਂ ਨੂੰ ਉਮੀਦਵਾਰ ਬਣਾਇਆ ਹੈ।

ਫਿਲਹਾਲ ਸੂਬੇ ’ਚ ਕੁਝ ਇਸ ਤਰ੍ਹਾਂ ਦਾ ਚੋਣ ਮਾਹੌਲ ਹੈ ਅਤੇ 18-18, 20-20 ਘੰਟੇ ਚੋਣ ਪ੍ਰਚਾਰ ਕਰ ਰਹੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਸੰਗੀ-ਸਾਥੀਆਂ ਦੀਆਂ ਨੀਂਦਾਂ ਉੱਡੀਆਂ ਹੋਈਆਂ ਹਨ।

–ਵਿਜੇ ਕੁਮਾਰਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Bharat Thapa

Edited By Bharat Thapa