25 ਮਾਰਚ ਦੇ ਗੁਰਦੁਆਰਾ ‘ਕਤਲੇਆਮ ਕਾਂਡ ਤੋਂ ਬਾਅਦ’ ਅਫਗਾਨਿਸਤਾਨ ’ਚ ‘ਇਕ ਸਿੱਖ ਨੂੰ ਕੀਤਾ ਅਗਵਾ’
Wednesday, Jun 24, 2020 - 03:37 AM (IST)

ਅਫਗਾਨਿਸਤਾਨ ’ਚ ਹਿੰਦੂਸ਼ਾਹੀ ਦਾ ਪੁਰਾਣਾ ਇਤਿਹਾਸ ਹੈ। ਇਤਿਹਾਸਕਾਰਾਂ ਅਨੁਸਾਰ ਜੈਪਾਲ ਦੇਵ ਕਾਬੁਲ ਦਾ ਆਖਰੀ ਵੱਡਾ ਹਿੰਦੂ ਰਾਜਾ ਮੰਨਿਆ ਜਾਂਦਾ ਹੈ। ਉਹ 964 ਤੋਂ 1001 ਈ. ਤਕ ਕਾਬੁਲ ਦਾ ਰਾਜਾ ਰਿਹਾ। ਉਸ ਤੋਂ ਬਾਅਦ ਅਗਲੇ 200 ਵਰ੍ਹਿਅਾਂ ’ਚ ਹੌਲੀ-ਹੌਲੀ ਉਥੋਂ ਹਿੰਦੂ ਸ਼ਾਸਨ ਦਾ ਲਗਭਗ ਅੰਤ ਹੋ ਗਿਆ। ਇਸ ਤੋਂ ਬਾਅਦ ਵੀ ਲੰਬੇ ਸਮੇਂ ਤਕ ਅਫਗਾਨਿਸਤਾਨ ’ਚ ਵੱਖ-ਵੱਖ ਸੰਸਕ੍ਰਿਤੀਅਾਂ ਵਧਦੀਅਾਂ-ਫੁੱਲਦੀਅਾਂ ਰਹੀਅਾਂ ਪਰ ਕੁਝ ਦਹਾਕੇ ਪਹਿਲਾਂ ਜਦ ਇਹ ਤਾਲਿਬਾਨ, ਅਲਕਾਇਦਾ ਅਤੇ ਹੋਰ ਕੱਟੜਵਾਦੀ ਇਸਲਾਮੀ ਸੰਗਠਨਾਂ ਦਾ ਗੜ੍ਹ ਬਣ ਗਿਆ ਤਾਂ ਅਫਗਾਨਿਸਤਾਨ ’ਚ ਨਾ ਸਿਰਫ ਦੂਜੇ ਧਰਮਾਂ ਦੀਅਾਂ ਮਹਾਨ ਵਿਰਾਸਤਾਂ ਨੂੰ ਨਸ਼ਟ ਕਰ ਦਿੱਤਾ ਗਿਆ ਸਗੋਂ ਉਥੇ ਰਹਿਣ ਵਾਲੇ ਧਾਰਮਿਕ ਘੱਟ-ਗਿਣਤੀਅਾਂ ’ਤੇ ਅੱਤਿਆਚਾਰ ਵੀ ਸ਼ੁਰੂ ਹੋ ਗਏ।
1980 ਦੇ ਦਹਾਕੇ ’ਚ ਧਾਰਮਿਕ ਕੱਟੜਵਾਦੀਅਾਂ ਵਲੋਂ ਅਫਗਾਨਿਸਤਾਨ ’ਚ ਜੜ੍ਹਾਂ ਜਮਾਉਣ ਤੋਂ ਪਹਿਲਾਂ ਉਥੇ ਲਗਭਗ 2 ਲੱਖ 20 ਹਜ਼ਾਰ ਹਿੰਦੂ ਅਤੇ ਸਿੱਖ ਰਹਿੰਦੇ ਸਨ ਪਰ ਇਨ੍ਹਾਂ ਦੇ ਖੌਫ ਕਾਰਨ ਪਿਛਲੇ 3 ਦਹਾਕਿਅਾਂ ਦੌਰਾਨ ਉਥੋਂ ਲਗਭਗ 99 ਫੀਸਦੀ ਹਿੰਦੂ ਅਤੇ ਸਿੱਖ ਹਿਜਰਤ ਕਰ ਕੇ ਦੂਜੇ ਦੇਸ਼ਾਂ ’ਚ ਚਲੇ ਗਏ ਹਨ। ਇਸ ਸਾਲ 25 ਮਾਰਚ ਨੂੰ ਅੱਤਵਾਦੀ ਸੰਗਠਨ ਆਈ. ਐੱਸ. ਦੇ ਬੰਦੂਕਧਾਰੀਅਾਂ ਵਲੋਂ ਕਾਬੁਲ ਸਥਿਤ ਗੁਰਦੁਆਰਾ ਹਰ ਰਾਏ ਸਾਹਿਬ ’ਤੇ ਹਮਲਾ ਕਰ ਕੇ ਘੱਟੋ-ਘੱਟ 25 ਸਿੱਖਾਂ ਦੀ ਹੱਤਿਆ ਕਰ ਦੇਣ ਤੋਂ ਬਾਅਦ ਉਥੇ ਬਚੇ ਹੋਏ 700 ਸਿੱਖ ਦਹਿਸ਼ਤ ’ਚ ਹਨ। ਅਤੇ ਹੁਣ 18 ਜੂਨ ਨੂੰ ਅਫਗਾਨਿਸਤਾਨ ਦੇ ਚਮਕਣੀ ਸ਼ਹਿਰ ਦੇ ਪਖਤੀਅਾ ਇਲਾਕੇ ਦੇ ਗੁਰੁਦਆਰਾ ਸਾਹਿਬ ’ਚ ਸੇਵਾ ਕਰ ਰਹੇ ਅਫਗਾਨ ਮੂਲ ਦੇ ਸਹਿਜਧਾਰੀ ਸਿੱਖ ਨਿਧਾਨ ਸਿੰਘ ਸਚਦੇਵਾ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਦੇ ਇਸ਼ਾਰੇ ’ਤੇ ਤਾਲਿਬਾਨੀ ਅੱਤਵਾਦੀਅਾਂ ਦੇ ਇਕ ਗਿਰੋਹ ਨੇ ਅਗਵਾ ਕਰ ਲਿਆ।
ਨਿਧਾਨ ਸਿੰਘ ਸਚਦੇਵਾ ਦੇ ਰਿਸ਼ਤੇ ਦੇ ਭਰਾ ਚਰਨ ਸਿੰਘ ਅਨੁਸਾਰ ਨਿਧਾਨ ਸਿੰਘ ਸਚਦੇਵਾ ਨੂੰ ਫੋਨ ਕਰਨ ’ਤੇ ਦੂਜੇ ਪਾਸੇ ਤੋਂ ਕੋਈ ਵਿਅਕਤੀ ਇਹ ਕਹਿੰਦਾ ਸੁਣਾਈ ਦਿੱਤਾ, ‘‘ਤੇਰਾ ਭਰਾ ਭਾਰਤ ਦਾ ਜਾਸੂਸ ਹੈ।’’ ਹਾਲਾਂਕਿ ਅਫਗਾਨਿਸਤਾਨ ’ਚ ਵੱਸੇ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਕਾਬੁਲ ਸਥਿਤ ਭਾਰਤੀ ਦੂਤਘਰ ਨੂੰ ਉਨ੍ਹਾਂ ਨੂੰ ਇਥੋਂ ਕੱਢਣ ਦੀ ਅਪੀਲ ਕੀਤੀ ਹੈ ਪਰ ਅਜੇ ਤਕ ਉਨ੍ਹਾਂ ਨੂੰ ਕੋਈ ਉੱਤਰ ਨਹੀਂ ਮਿਲਿਆ। ਆਬਜ਼ਰਵਰਾਂ ਅਨੁਸਾਰ ਅਫਗਾਨਿਸਤਾਨ ਤੋਂ ਅਮਰੀਕੀ ਫੌਜਾਂ ਦੇ ਨਿਕਲਣ ਦੇ ਫੈਸਲੇ ਤੋਂ ਬਾਅਦ ਉਥੇ ਅੱਤਵਾਦੀ ਗਿਰੋਹਾਂ ਆਈ.ਐੱਸ.ਆਈ. ਅਤੇ ਤਾਲਿਬਾਨ ਦੇ ਹੌਸਲੇ ਬਹੁਤ ਵਧ ਗਏ ਅਤੇ ਉਨ੍ਹਾਂ ਨੇ ਭਾਰਤੀਅਾਂ ’ਤੇ ਹਮਲੇ ਕਰ ਕੇ ਉਨ੍ਹਾਂ ਦੀ ਨਸਲਕੁਸ਼ੀ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ। ਹਾਲਾਂਕਿ ਭਾਰਤ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਅਫਗਾਨਿਸਤਾਨ ’ਚ ਘੱਟ-ਗਿਣਤੀ ਭਾਈਚਾਰੇ ਦੇ ਮੈਂਬਰਾਂ ਦੇ ਸ਼ੋਸ਼ਣ ’ਤੇ ਸਖਤ ਚਿੰਤਾ ਜਤਾਈ ਹੈ ਪਰ ਇੰਨਾ ਹੀ ਕਾਫੀ ਨਹੀਂ ਹੈ। ਭਾਰਤ ਸਰਕਾਰ ਨੂੰ ਉਥੇ ਰਹਿਣ ਵਾਲੇ ਆਪਣੇ ਘੱਟ-ਗਿਣਤੀ ਭਾਈਚਾਰੇ ਦੇ ਮੈਂਬਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਉਨ੍ਹਾਂ ਦੀ ਉਥੋਂ ਸਹੀ ਸਲਾਮਤ ਵਾਪਸੀ ’ਚ ਤੇਜ਼ੀ ਲਿਆਉਣ ਦੀ ਲੋੜ ਹੈ।
–ਵਿਜੇ ਕੁਮਾਰ