ਸਮਾਜਿਕ ਜ਼ਿੰਦਗੀ ’ਚ ਵਧ ਰਹੀ ਅਸ਼ਲੀਲਤਾ

Saturday, Nov 25, 2023 - 04:18 AM (IST)

ਸਮਾਜਿਕ ਜ਼ਿੰਦਗੀ ’ਚ ਵਧ ਰਹੀ ਅਸ਼ਲੀਲਤਾ

ਇਨ੍ਹੀਂ ਦਿਨੀਂ ਦੇਸ਼ ’ਚ ਅਸ਼ਲੀਲਤਾ ਦਾ ਪੂਰੀ ਤਰ੍ਹਾਂ ਬੋਲਬਾਲਾ ਹੈ ਅਤੇ ਇੰਟਰਨੈੱਟ ’ਤੇ ‘ਪੋਰਨੋਗ੍ਰਾਫੀ’ ਦਾ ਹੜ੍ਹ ਜਿਹਾ ਆਇਆ ਹੋਇਆ ਹੈ। ਹਾਲ ਹੀ ’ਚ 3 ਅਜਿਹੇ ਮਾਮਲੇ ਸਾਹਮਣੇ ਆਏ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਅਸ਼ਲੀਲਤਾ ਦਾ ਇਹ ਜ਼ਹਿਰ ਕਿਸ ਤਰ੍ਹਾਂ ਫੈਲਦਾ ਜਾ ਰਿਹਾ ਹੈ।

17 ਨਵੰਬਰ ਨੂੰ ਮਹਾਰਾਸ਼ਟਰ ਦੇ ਭੰਡਾਰਾ ਜ਼ਿਲੇ ਦੇ ਨਾਕਾਡੋਂਗਰੀ ਪਿੰਡ ’ਚ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਇਕ ਔਰਤ ਅਤੇ ਕੁਝ ਹੋਰ ਲੋਕਾਂ ਦੇ ਅਸ਼ਲੀਲ ਨਾਚ ਦਾ ਵੀਡੀਓ ਵਾਇਰਲ ਹੋਇਆ ਜਿਸ ਦੇ ਸਿਲਸਿਲੇ ’ਚ ਲਾਪ੍ਰਵਾਹੀ ਵਰਤਣ ਦੇ ਦੋਸ਼ ’ਚ 2 ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ।

ਮੰਡਈ ਮੇਲੇ ਦੌਰਾਨ ਉਕਤ ਪਿੰਡ ’ਚ ਇਕ ਔਰਤ ਨਚਾਰ ਨੇ ਨੱਚਦੇ-ਨੱਚਦੇ ਆਪਣੇ ਕੱਪੜੇ ਉਤਾਰ ਦਿੱਤੇ ਅਤੇ ਬਾਅਦ ’ਚ ਉਸ ਦੇ ਨਾਚ ’ਚ ਮਰਦ ਵੀ ਸ਼ਾਮਲ ਹੋ ਗਏ, ਜਿਨ੍ਹਾਂ ਨੇ ਉਸ ਨੂੰ ਅਸ਼ਲੀਲ ਢੰਗ ਨਾਲ ਛੂਹਿਆ ਅਤੇ ਉਸ ’ਤੇ ਨੋਟ ਵਰ੍ਹਾਏ।

18 ਨਵੰਬਰ ਨੂੰ ਨਵੀ ਮੁੰਬਈ ਦੇ ਨੇਰੂਲ ’ਚ ਇਕ ਬਾਰ (ਸ਼ਰਾਬਖਾਨਾ) ’ਚ ਅਸ਼ਲੀਲ ਨਾਚ ’ਚ ਸ਼ਾਮਲ ਹੋਣ ਦੇ ਦੋਸ਼ ’ਚ 11 ਔਰਤ ਵੇਟਰਾਂ ਅਤੇ ਇਕ ਗਾਇਕਾ ਸਮੇਤ 31 ਲੋਕਾਂ ਵਿਰੁੱਧ ਪੁਲਸ ਨੇ ਮਾਮਲਾ ਦਰਜ ਕੀਤਾ। ਇਸ ਸਬੰਧ ’ਚ ਮਾਰੇ ਗਏ ਛਾਪੇ ਦੌਰਾਨ ਔਰਤ ਗਾਇਕਾਵਾਂ ਗਾਹਕਾਂ ਨੂੰ ਅਸ਼ਲੀਲ ਇਸ਼ਾਰੇ ਕਰਦੀਆਂ ਦਿਸੀਆਂ।

ਅਤੇ ਹੁਣ 22 ਨਵੰਬਰ ਨੂੰ ਉੱਤਰ ਪ੍ਰਦੇਸ਼ ਦੇ ‘ਬਸਤੀ’ ’ਚ ਇਕ ਧਾਰਮਿਕ ਸਮਾਗਮ ਦੌਰਾਨ ਬਾਰ ਲੜਕੀਆਂ ਨੇ ਭੋਜਪੁਰੀ ਗੀਤਾਂ ਅਤੇ ਡੀ. ਜੇ. ਦੀ ਧੁਨ ’ਤੇ ਜਮ ਕੇ ਅਸ਼ਲੀਲ ਨਾਚ ਕੀਤਾ, ਜਿਸ ਨਾਲ ਉੱਥੇ ਮੌਜੂਦ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਦੇ ਸਿਰ ਸ਼ਰਮ ਨਾਲ ਝੁਕ ਗਏ।

ਸੱਭਿਆਚਾਰਕ ਪ੍ਰੋਗਰਾਮਾਂ ਦੇ ਨਾਂ ’ਤੇ ਅਜਿਹੇ ਫੂਹੜ ਆਯੋਜਨਾਂ ਨੂੰ ਕਦੀ ਵੀ ਉਚਿਤ ਨਹੀਂ ਕਿਹਾ ਜਾ ਸਕਦਾ, ਜੋ ਲੋਕਾਂ, ਖਾਸ ਕਰ ਕੇ ਬੱਚਿਆਂ ਦੇ ਚਰਿੱਤਰ ਦੇ ਪਤਨ ਦਾ ਕਾਰਨ ਬਣ ਰਹੇ ਹਨ।ਇਸ ਲਈ ਅਸ਼ਲੀਲਤਾ ਵਿਰੁੱਧ ਸਖਤ ਮੁਹਿੰਮ ਛੇੜਨ ਦੀ ਲੋੜ ਹੈ, ਨਹੀਂ ਤਾਂ ਇਹ ਸਾਡੀ ਨੌਜਵਾਨ ਪੀੜ੍ਹੀ ਦੀ ਤਬਾਹੀ ਦਾ ਕਾਰਨ ਬਣ ਕੇ ਰਹਿ ਜਾਵੇਗੀ ਕਿਉਂਕਿ ‘ਅਸ਼ਲੀਲਤਾ’ ਦਾ ਜ਼ਹਿਰ ਦਿਮਾਗ ਅਤੇ ਸਰੀਰ ਨੂੰ ਪੂਰੀ ਤਰ੍ਹਾਂ ਖੋਖਲਾ ਕਰ ਦਿੰਦਾ ਹੈ।

- ਵਿਜੇ ਕੁਮਾਰ


author

Anmol Tagra

Content Editor

Related News