ਯਾਦਾਂ ਦੇ ਝਰੋਖੇ ’ਚੋਂ ਜਦੋਂ ਗਾਂਧੀ ਜੀ ਨੇ 9 ਅਗਸਤ, 1942 ਨੂੰ ‘ਕੁਇਟ ਇੰਡੀਆ’ ਦਾ ਨਾਅਰਾ ਦਿੱਤਾ

08/10/2021 3:24:38 AM

ਭਾਰਤ ਨੂੰ ਗੁਲਾਮੀ ਤੋਂ ਮੁਕਤ ਕਰਵਾਉਣ ਦੇ ਲਈ ਮਹਾਤਮਾ ਗਾਂਧੀ ਨੇ 9 ਅਗਸਤ, 1942 ਨੂੰ ਅੰਗਰੇਜ਼ਾਂ ਵਿਰੁੱਧ ਬੰਬਈ (ਹੁਣ ਮੁੰਬਈ) ਤੋਂ ‘ਕੁਇਟ ਇੰਡੀਆ ਮੂਵਮੈਂਟ’ (ਭਾਰਤ ਛੱਡੋ ਅੰਦੋਲਨ) ਸ਼ੁਰੂ ਕਰਨ ਦਾ ਫੈਸਲਾ ਲਿਆ।

ਪੂਜਨੀਕ ਪਿਤਾ ਲਾਲਾ ਜਗਤ ਨਾਰਾਇਣ ਜੀ, ਜੋ ਉਨ੍ਹਾਂ ਦਿਨਾਂ ’ਚ ਲਾਹੌਰ ਕਾਂਗਰਸ ਦੇ ਪ੍ਰਧਾਨ ਸਨ, ਆਪਣੇ ਚੰਦ ਸਾਥੀਆਂ ਨਾਲ ਉਸ ’ਚ ਹਿੱਸਾ ਲੈਣ ਲਈ ਬੰਬਈ ਗਏ ਸਨ।

‘ਭਾਰਤ ਛੱਡੋ ਅੰਦੋਲਨ’ ਦੀ 79ਵੀਂ ਵਰ੍ਹੇਗੰਢ ’ਤੇ ਜਿਥੇ ਮੈਂ ਪੂਜਨੀਕ ਪਿਤਾ ਜੀ ਵਲੋਂ ਇਸੇ ਮਹਾਨ ਦਿਨ ਦੀ ਯਾਦ ’ਚ ਲਿਖੀ ‘ਜਗ ਬਾਣੀ’ ਵਿਚ 9 ਅਗਸਤ 1981 ਨੂੰ ਪ੍ਰਕਾਸ਼ਿਤ ਸੰਪਾਦਕੀ ਪੇਸ਼ ਕਰ ਰਿਹਾ ਹਾਂ :

‘ਇਕ ਭੁੱਲੀ ਹੋਈ ਵਰ੍ਹੇਗੰਢ’

‘‘ਅਸੀਂ 15 ਅਗਸਤ ਦੇ ਦਿਨ ਨੂੰ ਬਹੁਤ ਮਹੱਤਵ ਦਿੰਦੇ ਹਾਂ ਕਿਉਂਕਿ ਉਸੇ ਦਿਨ ਸਾਡਾ ਦੇਸ਼ ਆਜ਼ਾਦ ਹੋਇਆ ਸੀ ਪਰ ਜਿਸ ਦਿਨ ਕਾਰਨ ਇਹ ਦੇਸ਼ ਆਜ਼ਾਦ ਹੋਇਆ, ਉਸ ਨੂੰ ਅਸੀਂ ਭੁੱਲ ਚੁੱਕੇ ਹਾਂ। ਇਸ ਲਈ ਸਾਨੂੰ 9 ਅਗਸਤ ਦੀ ਵਰ੍ਹੇਗੰਢ ਜ਼ਰੂਰ ਮਨਾਉਣੀ ਚਾਹੀਦੀ ਹੈ।

‘‘9 ਅਗਸਤ 1942 ਨੂੰ ਮੈਂ ਵੀ ਉਸ ਸਮੇਂ ਬੰਬਈ ’ਚ ਹੀ ਸੀ, ਜਦੋਂ ਮਹਾਤਮਾ ਗਾਂਧੀ ਨੇ ਚੌਪਾਟੀ ਦੇ ਮੈਦਾਨ ’ਚ ਲੱਖਾਂ ਲੋਕਾਂ ਦੇ ਸਾਹਮਣੇ ਅ. ਭਾ. ਕਾਂਗਰਸ ਕਮੇਟੀ ਵਲੋਂ ਪਾਸ ਉਹ ਪ੍ਰਸਤਾਵ ਪੜ੍ਹਿਆ, ਜਿਸ ’ਚ ਕਿਹਾ ਗਿਆ ਸੀ ਕਿ ਅੰਗਰੇਜ਼ੋ ਭਾਰਤ ਛੱਡੋ ਨਹੀਂ ਤਾਂ ਅਸੀਂ ਸ਼ਾਂਤਮਈ ਸੱਤਿਆਗ੍ਰਹਿ ਰਾਹੀਂ ਤੁਹਾਨੂੰ ਭਾਰਤ ਛੱਡਣ ’ਤੇ ਮਜਬੂਰ ਕਰ ਦਿਆਂਗੇ।

‘‘ਅੰਗਰੇਜ਼ ਨੂੰ ਜਦੋਂ ਇਸ ਪ੍ਰਸਤਾਵ ਦਾ ਪਤਾ ਲੱਗਾ ਤਾਂ ਉਸ ਨੇ ਉਸੇ ਸਮੇਂ ਸਭ ਸੂਬਿਆਂ ਦੇ ਗਵਰਨਰਾਂ ਨੂੰ ਹਦਾਇਤ ਕੀਤੀ ਕਿ ਕਾਂਗਰਸ ਦੇ ਜਿੰਨੇ ਵੀ ਵਰਕਰ ਅਤੇ ਨੇਤਾ ਉਨ੍ਹਾਂ ਦੇ ਸੂਬੇ ’ਚ ਹਨ, ਉਨ੍ਹਾਂ ਸਭ ਨੂੰ 9 ਜਾਂ 10 ਅਗਸਤ ਨੂੰ ਜੇਲਾਂ ’ਚ ਸੁੱਟ ਦਿੱਤਾ ਜਾਵੇ।

‘‘ਅਸੀਂ ਅਜੇ ਬੰਬਈ ’ਚ ਹੀ ਸੀ ਕਿ 10 ਅਗਸਤ ਨੂੰ ਸਵੇਰੇ 4 ਵਜੇ ਮਹਾਤਮਾ ਗਾਂਧੀ ਅਤੇ ਹੋਰ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸਰਦਾਰ ਪਟੇਲ ਉਸ ਦਿਨ ਗ੍ਰਿਫਤਾਰ ਨਹੀਂ ਹੋ ਸਕੇ ਕਿਉਂਕਿ ਉਹ ਆਪਣੇ ਮਕਾਨ ’ਤੇ ਨਾ ਸੌਂ ਕੇ ਕਿਤੇ ਹੋਰ ਸੁੱਤੇ ਸਨ।

‘‘ਮੈਂ, ਪੰਡਿਤ ਸ਼੍ਰੀ ਰਾਮ ਸ਼ਰਮਾ ਅਤੇ ਹਰਿਆਣਾ ਦੇ ਇਕ ਸਾਬਕਾ ਮੰਤਰੀ ਉਸ ਦਿਨ ਇਕੱਠੇ ਸੀ। ਸਾਨੂੰ ਗੁਪਤ ਰੂਪ ਨਾਲ ਪਤਾ ਲੱਗਾ ਕਿ ਸਰਦਾਰ ਪਟੇਲ ਫਲਾਣੀ ਥਾਂ ’ਤੇ ਹਨ। ਇਸ ਲਈ ਅਸੀਂ ਉਥੇ ਪਹੁੰਚੇ ਅਤੇ ਉਨ੍ਹਾਂ ਕੋਲੋਂ ਅਗਲਾ ਪ੍ਰੋਗਰਾਮ ਮੰਗਿਆ। ਉਨ੍ਹਾਂ ਛਪਿਆ ਹੋਇਆ ਪ੍ਰੋਗਰਾਮ ਸਾਨੂੰ ਦੇ ਦਿੱਤਾ। ਸਾਡੇ ਨਾਲ ਉਸ ਸਮੇਂ ਲਾਹੌਰ ਕਾਂਗਰਸ ਦੇ ਖਜ਼ਾਨਚੀ ਸਵ. ਸੇਠ ਬਿਹਾਰੀ ਲਾਲ ਵੀ ਸਨ। ਅਸੀਂ ਚਾਰੇ ਉਸ ਪ੍ਰੋਗਰਾਮ ਨੂੰ ਲੈ ਕੇ ਪਹਿਲਾਂ ਦਿੱਲੀ ਪਹੁੰਚੇ।

‘‘ਪੰ. ਸ਼੍ਰੀ ਰਾਮ ਸ਼ਰਮਾ ਦਿੱਲੀ ਤੋਂ ਪਹਿਲਾਂ ਹੀ ਇਕ ਸਟੇਸ਼ਨ ’ਤੇ ਉਤਰ ਗਏ। ਮੈਂ ਅਤੇ ਬਿਹਾਰੀ ਲਾਲ ਦਿੱਲੀ ਪਹੁੰਚੇ ਅਤੇ ਘੰਟਾਘਰ ਨੇੜੇ ਸਵ. ਪੰਡਿਤ ਮੰਗਲਦਾਸ ਦੇ ਭਰਾ ਸਾਧੂ ਰਾਮ ਦੇ ਘਰ ਠਹਿਰੇ। ਉਥੇ ਉਸ ਸਮੇਂ ਗੋਲੀ ਚੱਲ ਰਹੀ ਸੀ। ਘਬਰਾ ਕੇ ਅਸੀਂ ਇਹੀ ਫੈਸਲਾ ਕੀਤਾ ਕਿ ਉਨ੍ਹਾਂ ਦੇ ਭਰਾ ਨੂੰ ਨਾਲ ਲੈ ਕੇ ਲਾਹੌਰ ਪਹੁੰਚ ਜਾਈਏ।

‘‘ਲਾਹੌਰ ਪਹੁੰਚਣ ’ਤੇ ਪੁਲਸ ਨੇ ਸਾਨੂੰ ਸਟੇਸ਼ਨ ’ਤੇ ਹੀ ਕਾਬੂ ਕਰ ਕੇ ਕੋਤਵਾਲੀ ’ਚ ਬੰਦ ਕਰ ਦਿੱਤਾ। ਪੁਲਸ ਦਾ ਖਿਆਲ ਸੀ ਕਿ ਅਸੀਂ ਕੁਝ ਹਦਾਇਤਾਂ ਆਪਣੇ ਨਾਲ ਲਿਆਏ ਹੋਵਾਂਗੇ ਪਰ ਹਦਾਇਤਾਂ ਤਾਂ ਅਸੀਂ ਸਵ. ਮੰਗਲਦਾਸ ਦੇ ਭਰਾ ਨੂੰ ਦਿੱਤੀਆਂ ਹੋਈਆਂ ਸਨ ਅਤੇ ਉਨ੍ਹਾਂ ਨੂੰ ਕਿਹਾ ਸੀ ਕਿ ਜੇ ਅਸੀਂ ਗ੍ਰਿਫਤਾਰ ਹੋ ਜਾਈਏ ਤਾਂ ਤੁਸੀਂ ਸਾਡੇ ਘਰ ਜਾ ਕੇ ਇਹ ਹਦਾਇਤਾਂ ਰਮੇਸ਼ ਚੰਦਰ ਨੂੰ ਦੇ ਦੇਣਾ, ਜਾਂ 2-3 ਨਾਂ ਉਨ੍ਹਾਂ ਹੋਰ ਦੱਸੇ ਸਨ, ਉਨ੍ਹਾਂ ਨੂੰ ਦੇ ਦੇਣਾ।

‘‘ਸੇਠ ਬਿਹਾਰੀ ਲਾਲ ਨੂੰ ਤਾਂ ਪੁਲਸ ਨੇ ਉਸ ਸਮੇਂ ਛੱਡ ਦਿੱਤਾ ਪਰ ਮੈਨੂੰ ਵੱਡੀ ਕੋਤਵਾਲੀ ’ਚ ਲੈ ਗਏ ਅਤੇ ਅਗਲੇ ਦਿਨ ਸ਼ਾਹਪੁਰ ਜੇਲ ’ਚ ਪਹੁੰਚਾ ਦਿੱਤਾ, ਜਿਥੇ ਮਹਾਸ਼ਾ ਕ੍ਰਿਸ਼ਨ ਸਮੇਤ ਪੰਜਾਬ ਦੇ ਵੱਡੇ-ਵੱਡੇ ਨੇਤਾ ਨਜ਼ਰਬੰਦ ਸਨ।

‘‘ਉਦੋਂ ਸਾਰੇ ਭਾਰਤ ’ਚ ਲਗਭਗ 1 ਲੱਖ ਕਾਂਗਰਸੀ ਵਰਕਰ ਅਤੇ ਆਗੂ ਕੈਦ ਕੀਤੇ ਗਏ ਸਨ। ਸਹੀ ਅਰਥਾਂ ’ਚ ਇਹੀ ਦਿਨ ਦੇਸ਼ ਦੀ ਆਜ਼ਾਦੀ ਦਾ ਕਾਰਨ ਬਣਿਆ। ਇਸ ਅੰਦੋਲਨ ’ਚ ਦੇਸ਼ ਵਾਸੀਆਂ ਨੂੰ ਦਿੱਤੇ ਗਏ ਨਾਅਰੇ ਨੇ ਅੰਗਰੇਜ਼ਾਂ ਦੀਆਂ ਜੜ੍ਹਾਂ ਭਾਰਤ ’ਚੋਂ ਹਿਲਾ ਕੇ ਰੱਖ ਦਿੱਤੀਆਂ ਅਤੇ ਜੋ ਲੋਕ ਸਮਝਦੇ ਸਨ ਕਿ ਅੰਗਰੇਜ਼ਾਂ ਨੂੰ ਭਾਰਤ ’ਚੋਂ ਕੋਈ ਹਿਲਾ ਨਹੀਂ ਸਕਦਾ, ਉਹ ਵੀ ਇਹ ਸਮਝਣ ਲੱਗੇ ਕਿ ਅੰਗਰੇਜ਼ ਹੁਣ ਭਾਰਤ ’ਚ ਟਿਕ ਨਹੀਂ ਸਕਦੇ।

‘‘1942 ਦੀਆਂ ਘਟਨਾਵਾਂ ਤੋਂ ਘਬਰਾ ਕੇ ਹੀ ਅੰਗਰੇਜ਼ ਅਖੀਰ ਭਾਰਤ ਛੱਡਣ ਲਈ ਮਜਬੂਰ ਹੋਏ। ਇਹੀ ਕਾਰਨ ਹੈ ਕਿ ਮਹਾਤਮਾ ਗਾਂਧੀ, ਸ਼੍ਰੀ ਜੈਪ੍ਰਕਾਸ਼ ਨਾਰਾਇਣ ਅਤੇ ਹੋਰ ਕਈ ਵੱਡੇ ਨੇਤਾ, ਜਿਨ੍ਹਾਂ ਨੇ ਅੰਗਰੇਜ਼ਾਂ ਨਾਲ ਕਿਸੇ ਵੀ ਤਰ੍ਹਾਂ ਦੀ ਸੌਦੇਬਾਜ਼ੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਕਦੇ ਵੀ 15 ਅਗਸਤ ਨੂੰ ਆਜ਼ਾਦੀ ਦਿਵਸ ਨਹੀਂ ਮਨਾਉਂਦੇ ਸਨ, ਸਗੋਂ ਉਹ 9 ਅਗਸਤ ਨੂੰ ਹੀ ਸਹੀ ਅਰਥਾਂ ’ਚ ਆਜ਼ਾਦੀ ਦਿਵਸ ਦਾ ਦਰਜਾ ਦਿੰਦੇ ਸਨ।

‘‘ਉਸੇ ਦਿਨ ਭਾਰਤ ’ਚ ਅੰਗਰੇਜ਼ੀ ਰਾਜ ਵਿਰੁੱਧ ਪੂਰੀ ਸ਼ਕਤੀ ਨਾਲ ਆਖਰੀ ਜੰਗ ਸ਼ੁਰੂ ਹੋਈ ਸੀ, ਜਿਸਨੇ ਇਹ ਗੱਲ ਸਿੱਧ ਕਰ ਦਿੱਤੀ ਕਿ ਹੁਣ ਬਰਤਾਨਵੀ ਰਾਜ ਦੇ ਦਿਨ ਭਾਰਤ ’ਚ ਗਿਣਤੀ ਦੇ ਹੀ ਰਹਿ ਗਏ ਹਨ।

‘‘9 ਅਗਸਤ ਦੇ ਅੰਦੋਲਨ ਦਾ ਮਹੱਤਵ ਇਸ ਗੱਲ ਤੋਂ ਵੀ ਦੇਖਿਆ ਜਾ ਸਕਦਾ ਹੈ ਕਿ ਕਈ ਉੱਚ ਅਹੁਦਿਆਂ ’ਤੇ ਬਿਰਾਜਮਾਨ ਭਾਰਤੀ ਅਧਿਕਾਰੀਆਂ, ਜਿਨ੍ਹਾਂ ਨੂੰ ਅੰਗਰੇਜ਼ ਆਪਣਾ ਸੱਜਾ ਹੱਥ ਸਮਝਦਾ ਸੀ, ਨੇ ਇਸ ਅੰਦੋਲਨ ’ਚ ਅਸਤੀਫਾ ਦੇ ਦਿੱਤਾ ਸੀ।

‘‘ਇਸ ਦੇ ਨਾਲ ਹੀ ਭਾਰਤੀ ਸਮੁੰਦਰੀ ਫੌਜ ’ਚ ਹੋਈ ਬਗਾਵਤ ਨੇ ਵੀ ਅੰਗਰੇਜ਼ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤੀ ਸੀ। ਓਧਰ ਜੋ ਸਰਗਰਮੀਆਂ ਆਜ਼ਾਦ ਹਿੰਦ ਫੌਜ ਦੀਆਂ ਰਹੀਆਂ, ਉਨ੍ਹਾਂ ਨੇ ਅੰਗਰੇਜ਼ਾਂ ਦੀ ਰਹਿੰਦੀ-ਸਹਿੰਦੀ ਕਮਰ ਵੀ ਤੋੜ ਕੇ ਰੱਖ ਦਿੱਤੀ।

‘‘ਮੈਂ ਬਹੁਤ ਆਦਰ ਨਾਲ ਭਾਰਤ ਸਰਕਾਰ ਨੂੰ ਵੀ ਅਤੇ ਇਸ ਦੇਸ਼ ਦੇ ਲੋਕਾਂ ਨੂੰ ਵੀ ਬੇਨਤੀ ਕਰਾਂਗਾ ਕਿ ਉਹ 9 ਅਗਸਤ ਦੇ ਦਿਨ ਨੂੰ ਪੂਰੀ ਧੂਮਧਾਮ ਨਾਲ ਉਸੇ ਤਰ੍ਹਾਂ ਮਨਾਇਆ ਕਰਨ, ਜਿਸ ਤਰ੍ਹਾਂ 15 ਅਗਸਤ ਅਤੇ 26 ਜਨਵਰੀ ਦੇ ਦਿਨ ਧੂਮਧਾਮ ਨਾਲ ਮਨਾਏ ਜਾਂਦੇ ਹਨ ਕਿਉਂਕਿ ਅਸਲ ’ਚ ਇਹੀ ਉਹ ਦਿਨ ਹੈ, ਜਿਸ ਦਿਨ ਅੰਗਰੇਜ਼ੀ ਰਾਜ ਵਿਰੁੱਧ ਆਖਰੀ ਜੰਗ ਦਾ ਬਿਗੁਲ ਇਸ ਦੇਸ਼ ਦੇ ਲੋਕਾਂ ਨੇ ਵਜਾਇਆ ਸੀ।–ਜਗਤ ਨਾਰਾਇਣ’’

ਅੱਜ ਜਿਥੇ ਅਸੀਂ ਆਪਣੇ ਸ਼ਾਨਾਮੱਤੇ ਇਤਿਹਾਸ ਨੂੰ ਭੁੱਲਦੇ ਜਾ ਰਹੇ ਹਾਂ, ਪੂਜਨੀਕ ਪਿਤਾ ਲਾਲਾ ਜਗਤ ਨਾਰਾਇਣ ਜੀ ਦੇ ਵਿਚਾਰ ਅੱਜ ਵੀ ਓਨੇ ਹੀ ਸਹੀ ਹਨ, ਜਿੰਨੇ ਉਦੋਂ ਸਨ ਕਿਉਂਕਿ ਕਿਸੇ ਵੀ ਦੇਸ਼ ਦਾ ਮਾਣ ਭਰਿਆ ਅਤੀਤ ਹੀ ਉਸ ਦੇ ਉੱਜਵਲ ਭਵਿੱਖ ਦੀ ਨੀਂਹ ਬਣਦਾ ਹੈ, ਇਸ ਲਈ ਉਸ ਨੂੰ ਭੁਲਾਉਣਾ ਢੁੱਕਵਾਂ ਨਹੀਂ ਹੈ।

–ਵਿਜੇ ਕੁਮਾਰ


Bharat Thapa

Content Editor

Related News