ਫਰਾਂਸ ਦੇ ਸਕੂਲਾਂ ''ਚ ਸਮਾਰਟ ਫੋਨਜ਼ ਦੀ ਨੋ ਐਂਟਰੀ ਸਰਕਾਰ ਨੇ ਲਾਈ ਪਾਬੰਦੀ
Friday, Aug 03, 2018 - 06:29 AM (IST)

ਮੋਬਾਇਲ ਫੋਨ ਇਸ ਸਦੀ ਦਾ ਬੇਮਿਸਾਲ ਚਮਤਕਾਰ ਹੈ ਅਤੇ ਐਮਰਜੈਂਸੀ 'ਚ ਡਾਕਟਰ ਤੇ ਪੁਲਸ ਬੁਲਾਉਣ, ਘਰ ਤੋਂ ਬਾਹਰ ਹੋਣ 'ਤੇ ਪਰਿਵਾਰ ਜਾਂ ਦਫਤਰ ਵਾਲਿਆਂ ਨਾਲ ਸੰਪਰਕ ਰੱਖਣ ਵਰਗੇ ਅਣਗਿਣਤ ਲਾਭਾਂ ਦੇ ਨਾਲ-ਨਾਲ ਇਸ ਦੇ ਕੁਝ ਨੁਕਸਾਨ ਵੀ ਹਨ। ਮੋਬਾਇਲ ਫੋਨ 'ਤੇ ਆਸਾਨੀ ਨਾਲ ਮੁਹੱਈਆ ਅਸ਼ਲੀਲ ਫੋਟੋਆਂ ਵਗੈਰਾ ਦੇਖ ਕੇ ਅਤੇ ਇਨ੍ਹਾਂ ਦਾ ਅਪਸ ਵਿਚ ਆਦਾਨ-ਪ੍ਰਦਾਨ ਕਰਕੇ ਮੁੰਡਿਆਂ-ਕੁੜੀਆਂ ਦੇ ਚਰਿੱਤਰ ਭ੍ਰਿਸ਼ਟ ਹੋ ਰਹੇ ਹਨ। ਦੁਸ਼ਟ ਸੁਭਾਅ ਦੇ ਲੋਕਾਂ ਵਲੋਂ ਧੋਖੇ ਨਾਲ ਕੁੜੀਆਂ ਦੇ ਅਸ਼ਲੀਲ ਵੀਡੀਓ ਬਣਾ ਕੇ ਉਨ੍ਹਾਂ ਨੂੰ ਬਲੈਕਮੇਲ ਵੀ ਕੀਤਾ ਜਾ ਰਿਹਾ ਹੈ।
ਫਰਾਂਸ 'ਚ 12 ਤੋਂ 17 ਸਾਲ ਦੀ ਉਮਰ ਦੇ ਹਰੇਕ 10 ਅੱਲ੍ਹੜਾਂ 'ਚੋਂ 9 ਕੋਲ ਸਮਾਰਟ ਫੋਨ ਹਨ ਪਰ ਇਨ੍ਹਾਂ ਦੇ ਅਜਿਹੇ ਹੀ ਨੁਕਸਾਨਾਂ ਨੂੰ ਦੇਖਦਿਆਂ ਫਰਾਂਸ ਸਰਕਾਰ ਨੇ ਉਥੋਂ ਦੇ ਸਕੂਲਾਂ 'ਚ ਸਮਾਰਟ ਫੋਨ 'ਤੇ ਪਾਬੰਦੀ ਲਾਉਣ ਦਾ ਕਾਨੂੰਨ ਬਣਾਇਆ ਹੈ। ਇਹ ਪਾਬੰਦੀ ਸਤੰਬਰ 'ਚ ਨਵੇਂ ਵਿੱਦਿਅਕ ਸੈਸ਼ਨ ਤੋਂ ਲਾਗੂ ਹੋ ਜਾਵੇਗੀ ਅਤੇ ਉਦੋਂ ਉਥੇ ਬੱਚੇ ਸਮਾਰਟ ਫੋਨ, ਟੇਬਲੈਟ ਜਾਂ ਇੰਟਰਨੈੱਟ ਵਾਲੇ ਹੋਰ ਯੰਤਰ ਲੈ ਕੇ ਸਕੂਲ ਨਹੀਂ ਜਾ ਸਕਣਗੇ। ਇਹ ਪਾਬੰਦੀ 15 ਸਾਲ ਦੀ ਉਮਰ ਤਕ ਦੇ ਬੱਚਿਆਂ 'ਤੇ ਲਾਗੂ ਹੋਵੇਗੀ। ਨਵੇਂ ਕਾਨੂੰਨ ਵਿਚ ਹਾਇਰ ਸੈਕੰਡਰੀ ਸਕੂਲਾਂ ਦੇ ਪ੍ਰਬੰਧਕਾਂ ਨੂੰ ਇਹ ਤੈਅ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ ਕਿ ਉਹ ਇਸ ਪਾਬੰਦੀ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਜਾਂ ਅੰਸ਼ਿਕ ਤੌਰ 'ਤੇ।
ਨਵੇਂ ਕਾਨੂੰਨ ਦੇ ਜ਼ਰੀਏ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਨ ਨੇ ਆਪਣਾ ਇਕ ਚੋਣ ਵਾਅਦਾ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਸੀ ਕਿ ਉਹ ਸਕੂਲੀ ਬੱਚਿਆਂ ਨੂੰ ਭਟਕਾਉਣ ਵਾਲੇ ਸਮਾਰਟ ਫੋਨਜ਼ ਤੋਂ ਦੂਰ ਕਰਨਗੇ। ਅਸ਼ਲੀਲ ਸਮੱਗਰੀ ਮੁਹੱਈਆ ਕਰਵਾਉਣ ਦੇ ਨਾਲ ਹੀ ਮੋਬਾਇਲ ਫੋਨ ਗਣਿਤ ਦੇ ਗੁਣਾ-ਤਕਸੀਮ ਆਦਿ ਵਾਲੇ ਸਵਾਲ ਸੁਲਝਾਉਣ ਵਿਚ ਵੀ ਸਹਾਈ ਹੁੰਦੇ ਹਨ ਅਤੇ ਇਸੇ ਕਾਰਨ ਬੱਚੇ ਆਪਣੇ ਦਿਮਾਗ ਦੀ ਵਰਤੋਂ ਕਰਨੀ ਬੰਦ ਕਰ ਦਿੰਦੇ ਹਨ।
ਲਿਹਾਜ਼ਾ ਬੱਚਿਆਂ ਨੂੰ ਆਪਣੇ ਦਿਮਾਗ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਨ 'ਚ ਵੀ ਇਹ ਫੈਸਲਾ ਸਹਾਈ ਸਿੱਧ ਹੋਵੇਗਾ ਤੇ ਉਨ੍ਹਾਂ ਦਾ ਦਿਮਾਗ ਤੇਜ਼ ਹੋਵੇਗਾ। ਜੇ ਫਰਾਂਸ 'ਚ ਅਜਿਹਾ ਕੀਤਾ ਜਾ ਸਕਦਾ ਹੈ, ਤਾਂ ਭਾਰਤ ਵਿਚ ਕਿਉਂ ਨਹੀਂ? ਯਕੀਨੀ ਤੌਰ 'ਤੇ ਇਸ ਨਾਲ ਸਾਡੀ ਨੌਜਵਾਨ ਪੀੜ੍ਹੀ ਦੇ ਡਿਗਦੇ ਮਿਆਰ ਨੂੰ ਉੱਚਾ ਚੁੱਕਣ ਵਿਚ ਸਹਾਇਤਾ ਮਿਲੇਗੀ। —ਵਿਜੇ ਕੁਮਾਰ