ਇੰਗਲੈਂਡ ਦੇ ਸਿਹਤ ਮੰਤਰੀ ਨੇ ਲਿਆ ਚੁੰਬਨ ਸਿਹਤ ਨਿਯਮਾਂ ਦਾ ਉਲੰਘਣ, ਦੇਣਾ ਪਿਆ ਅਸਤੀਫਾ

Tuesday, Jun 29, 2021 - 03:18 AM (IST)

ਇੰਗਲੈਂਡ ਦੇ ਸਿਹਤ ਮੰਤਰੀ ਨੇ ਲਿਆ ਚੁੰਬਨ ਸਿਹਤ ਨਿਯਮਾਂ ਦਾ ਉਲੰਘਣ, ਦੇਣਾ ਪਿਆ ਅਸਤੀਫਾ

ਹਾਲਾਂਕਿ ਸਭ ਦੇਸ਼ਾਂ ਦੀਅਾਂ ਸਰਕਾਰਾਂ ਵਲੋਂ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਲੋਕਾਂ ਨੂੰ ਨਿਯਮਾਂ ਦਾ ਸਖਤੀ ਨਾਲ ਪਾਲਣ ਕਰਨ ਲਈ ਕਿਹਾ ਜਾ ਰਿਹਾ ਹੈ ਪਰ ਆਮ ਲੋਕਾਂ ਦੀ ਗੱਲ ਤਾਂ ਇਕ ਪਾਸੇ, ਵਿਕਸਿਤ ਦੇਸ਼ਾਂ ਦੇ ਆਗੂਅਾਂ ਵਲੋਂ ਵੀ ਨਿਯਮਾਂ ਦਾ ਉਲੰਘਣ ਕਿਤੇ-ਕਿਤੇ ਕੀਤਾ ਜਾ ਰਿਹਾ ਹੈ।

ਹੁਣੇ ਜਿਹੇ ਹੀ ਤਿੰਨ ਬੱਚਿਅਾਂ ਦੇ ਪਿਤਾ ਅਤੇ ਬਰਤਾਨੀਅਾ ਦੇ ਸਿਹਤ ਮੰਤਰੀ ਮੈਟ ਹੈਨਕਾਕ ਨੇ ਕੋਰੋਨਾ ਮਹਾਮਾਰੀ ਦੌਰਾਨ ਇਕ ਸਰਕਾਰੀ ਬੈਠਕ ਦੌਰਾਨ ਕੋਵਿਡ ਪ੍ਰੋਟੋਕੋਲ ਦੀ ਉਲੰਘਣਾ ਕਰਦੇ ਹੋਏ ਇਕ ਮਹਿਲਾ ਅਧਿਕਾਰੀ ਨੂੰ ਗਲਵੱਕੜੀ ’ਚ ਲੈ ਕੇ ਚੁੰਮ ਲਿਆ, ਜਿਸ ਪਿਛੋਂ ਉਸ ਔਰਤ ਨਾਲ ਉਨ੍ਹਾਂ ਦੇ ਅਫੇਅਰ ਅਤੇ ਖਾਸ ਰਿਸ਼ਤਾ ਹੋਣ ਦੀ ਗੱਲ ਵੀ ਸਾਹਮਣੇ ਆ ਗਈ।

ਇਸ ਘਟਨਾ ਦੀ ਤਸਵੀਰ ਵਾਇਰਲ ਹੋਣ ’ਤੇ ਬਰਤਾਨੀਆ ’ਚ ਬਵਾਲ ਮਚ ਗਿਆ ਅਤੇ ਉਨ੍ਹਾਂ ਕੋਲੋਂ ਅਸਤੀਫੇ ਦੀ ਮੰਗ ਕੀਤੀ ਜਾਣ ਲੱਗੀ। ਲੋਕਾਂ ਦੇ ਦਬਾਅ ਨੂੰ ਦੇਖਦੇ ਹੋਏ ਨਾ ਸਿਰਫ ਉਨ੍ਹਾਂ ਨੂੰ 25 ਜੂਨ ਨੂੰ ਦੇਸ਼ ਵਾਸੀਅਾਂ ਕੋਲੋਂ ਇਸ ਲਈ ਮੁਆਫੀ ਮੰਗਣੀ ਪਈ, ਸਗੋਂ ਆਪਣੇ ਅਹੁਦੇ ਤੋਂ ਅਸਤੀਫਾ ਵੀ ਦੇਣਾ ਪਿਆ।

ਇਸ ਦੇ ਬਾਵਜੂਦ ਉਨ੍ਹਾਂ ਵਿਰੁੱਧ ਲੋਕਾਂ ਦਾ ਰੋਸ ਸ਼ਾਂਤ ਨਹੀਂ ਹੋਇਆ ਹੈ ਅਤੇ ਲੋਕ ਸਿਹਤ ਮੰਤਰੀ ਦੇ ਇਸ ਕਾਰੇ ਨੂੰ ਦੇਸ਼ ਵਾਸੀਅਾਂ ਨਾਲ ਧੋਖਾ ਦੱਸਦੇ ਹੋਏ ਉਨ੍ਹਾਂ ਵਿਰੁੱਧ ਪੂਰੇ ਦੇਸ਼ ’ਚ ਵਿਖਾਵੇ ਕਰ ਕੇ ਉਨ੍ਹਾਂ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ।

ਆਗੂਅਾਂ ਵਲੋਂ ਕੋਰੋਨਾ ਨਿਯਮਾਂ ਦੀ ਉਲੰਘਣਾ ਦਾ ਇਹ ਕੋਈ ਇਕੱਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਵੇਂ ਕਿ :

* 9 ਅਪ੍ਰੈਲ 2021 ਨੂੰ ਨਾਰਵੇ ਦੀ ਪ੍ਰਧਾਨ ਮੰਤਰੀ ਐਮਾ ਸੋਲਬਰਗ ਨੂੰ ਆਪਣੇ ਜਨਮ ਦਿਨ ’ਤੇ ਆਯੋਜਿਤ ਪਾਰਟੀ ’ਚ ਸਮਾਜਿਕ ਦੂਰੀ ਦੇ ਨਿਯਮਾਂ ਦਾ ਪਾਲਣ ਨਾ ਕਰਨ ਦੀ ਦੋਸ਼ੀ ਪਾਏ ਜਾਣ ’ਤੇ 2352 ਡਾਲਰ ਜੁਰਮਾਨਾ ਕੀਤਾ ਗਿਆ। ਬਾਅਦ ’ਚ ਐਮਾ ਸੋਲਬਰਗ ਨੇ ਇਸ ਲਈ ਦੇਸ਼ ਕੋਲੋਂ ਮੁਆਫੀ ਵੀ ਮੰਗੀ।

* 26 ਅਪ੍ਰੈਲ ਨੂੰ ਥਾਈਲੈਂਡ ਦੇ ਪ੍ਰਧਾਨ ਮੰਤਰੀ ਪ੍ਰਯੁਥ ਚਾਨੋਚਾਰ ਦੇ ਇਕ ਸਰਕਾਰੀ ਬੈਠਕ ’ਚ ਬਿਨਾਂ ਮਾਸਕ ਲਾਏ ਸ਼ਾਮਲ ਹੋਣ ਦੀ ਫੋਟੋ ਵਾਇਰਲ ਹੋਣ ’ਤੇ ਉਨ੍ਹਾਂ ਨੂੰ 190 ਡਾਲਰ ਦਾ ਜੁਰਮਾਨਾ ਕੀਤਾ ਗਿਆ।

* 13 ਜੂਨ ਨੂੰ ਕੋਰੋਨਾ ਤੋਂ ਬਚਾਅ ਸਬੰਧੀ ਨਿਯਮਾਂ ਦਾ ਉਲੰਘਣ ਕਰ ਕੇ ਬਿਨਾਂ ਮਾਸਕ ਲਾਏ ਹਜ਼ਾਰਾਂ ਲੋਕਾਂ ਨਾਲ ਇਕ ਸਾਈਕਲ ਰੈਲੀ ’ਚ ਹਿੱਸਾ ਲੈਣ ’ਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ, ਉਸ ਦੇ ਬੇਟੇ ਅਤੇ ਇਕ ਮੰਤਰੀ ਨੂੰ 90-90 ਯੂਰੋ ਜੁਰਮਾਨਾ ਕੀਤਾ ਗਿਆ।

ਜਿਵੇਂ ਕਿ ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਦੋਸ਼ੀ ਪਾਏ ਜਾਣ ’ਤੇ ਸੰਬੰਧਤ ਮੰਤਰੀਅਾਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਗਈ ਹੈ, ਜਿਸ ’ਤੇ ਉਨ੍ਹਾਂ ਨਾ ਸਿਰਫ ਤੁਰੰਤ ਜੁਰਮਾਨਾ ਅਦਾ ਕੀਤਾ ਅਤੇ ਮੁਆਫੀ ਮੰਗੀ ਹੈ, ਸਗੋਂ ਲੋਕ ਸਥਿਤੀ ਦੀ ਗੰਭੀਰਤਾ ਨੂੰ ਧਿਆਨ ’ਚ ਰੱਖਦਿਅਾਂ ਦੋਸ਼ੀਅਾਂ ਵਿਰੁੱਧ ਵਿਖਾਵੇ ਤਕ ਕਰ ਰਹੇ ਹਨ। ਭਾਰਤ ’ਚ ਵੀ ਉਕਤ ਘਟਨਾਵਾਂ ਦਾ ਨੋਟਿਸ ਲੈਂਦੇ ਹੋਏ ਦੋਸ਼ੀ ਪਾਏ ਜਾਣ ਵਾਲੇ ਉੱਚ ਅਹੁਦਿਅਾਂ ’ਤੇ ਬਿਰਾਜਮਾਨ ਲੋਕਾਂ ਵਿਰੁੱਧ ਇਸੇ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ।

–ਵਿਜੇ ਕੁਮਾਰ


author

Bharat Thapa

Content Editor

Related News