‘ਭਾਰਤ ’ਚ ਵਿਦੇਸ਼ੀ ਕੰਪਨੀਆਂ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਨੂੰ ਸਰਪ੍ਰਸਤੀ ਦੇਣੀ ਜ਼ਰੂਰੀ’
Wednesday, Dec 16, 2020 - 03:32 AM (IST)

ਉਦਯੋਗ ਜਗਤ ’ਚ ਵਧਦੀ ਚੀਨ ਦੀ ਬਾਦਸ਼ਾਹਤ ਨੂੰ ਚੁਣੌਤੀ ਦੇਣ, ਅਮਰੀਕਾ ਨਾਲ ਚੀਨ ਦੇ ਟ੍ਰੇਡ ਵਾਰ ਵਧਣ ਅਤੇ ਉਸ ਤੋਂ ਬਾਅਦ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਕਈ ਬਹੁ-ਰਾਸ਼ਟਰੀ ਕੰਪਨੀਅਾਂ ਵਲੋਂ ਚੀਨ ’ਚ ਆਪਣੇ ਕਾਰਖਾਨੇ ਅਤੇ ਕਾਰੋਬਾਰ ਬੰਦ ਕਰ ਕੇ ਹੋਰ ਏਸ਼ੀਆਈ ਦੇਸ਼ਾਂ ਵੱਲ ਜਾਣ ਦੀਅਾਂ ਗੱਲਾਂ ਕੁਝ ਸਮੇਂ ਤੋਂ ਸੁਣਾਈ ਦਿੰਦੀਅਾਂ ਆ ਰਹੀਅਾਂ ਹਨ।
ਖਾਸ ਤੌਰ ’ਤੇ ਉਹ ਕੰਪਨੀਅਾਂ ਜੋ ਪੂਰੀ ਦੁਨੀਆ ’ਚ ਵਿਕਣ ਵਾਲੇ ਟੀ. ਵੀ. ਤੋਂ ਲੈ ਕੇ ਸਮਾਰਟਫੋਨ ਵਰਗੇ ਆਪਣੇ ਉਤਪਾਦਾਂ ਨੂੰ ਚੀਨ ’ਚ ਘੱਟ ਲਾਗਤ ਕਾਰਨ ਬਣਵਾਉਂਦੀਅਾਂ ਰਹੀਅਾਂ ਹਨ, ਉਨ੍ਹਾਂ ਦੇ ਹੁਣ ਭਾਰਤ ਵੱਲ ਆਉਣ ਦੀਅਾਂ ਸੰਭਾਵਨਾਵਾਂ ਵੀ ਜ਼ਿਆਦਾ ਦੇਖੀਅਾਂ ਜਾਣ ਲੱਗੀਅਾਂ ਹਨ। ਅੰਕੜੇ ਵੀ ਇਹੀ ਦਰਸਾਉਂਦੇ ਹਨ ਕਿ ਬੀਤੇ ਕੁਝ ਵਰ੍ਹਿਅਾਂ ਦੌਰਾਨ ਇਨ੍ਹਾਂ ਉਤਪਾਦਾਂ ਦੇ ਨਿਰਮਾਣ ’ਚ ਭਾਰਤ ਦਾ ਹਿੱਸਾ ਲਗਾਤਾਰ ਵਧਿਆ ਹੈ।
ਸਮਾਰਟਫੋਨ ਅਤੇ ਕੰਪਿਊਟਰ ਬਣਾਉਣ ਵਾਲੀ ਮੋਹਰੀ ਕੰਪਨੀ ‘ਐਪਲ’ ਭਾਰਤ ’ਚ ਕੁਝ ‘ਆਈਫੋਨ’ ਮਾਡਲਸ ਪਹਿਲਾਂ ਤੋਂ ਬਣਾ ਰਹੀ ਹੈ ਅਤੇ ਅਜਿਹਾ ਕਿਹਾ ਜਾ ਰਿਹਾ ਹੈ ਕਿ ਕੰਪਨੀ ਆਪਣਾ ਜ਼ਿਆਦਾਤਰ ਬਿਜ਼ਨੈੱਸ ਚੀਨ ਤੋਂ ਭਾਰਤ ’ਚ ਸ਼ਿਫਟ ਕਰਨਾ ਚਾਹੁੰਦੀ ਹੈ। ਓਧਰ ‘ਸੈਮਸੰਗ’ ਵੀ ਭਾਰਤ ’ਚ ਫੋਨ ਬਣਾਉਂਦੀ ਹੈ। ਕੰਪਨੀ ਨੇ ਨੋਇਡਾ ’ਚ ਦੁਨੀਆ ਦੀ ਸਭ ਤੋਂ ਵੱਡੀ ਮੋਬਾਇਲ ਬਣਾਉਣ ਵਾਲੀ ਫੈਕਟਰੀ ਵੀ ਲਾਈ ਹੈ।
ਜੂਨ ਮਹੀਨੇ ’ਚ ਹੀ ਕਾਨੂੰਨ ਅਤੇ ਨਿਅਾਂ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਐਲਾਨ ਕੀਤਾ ਸੀ ਕਿ ਭਾਰਤ ਹੁਣ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮੋਬਾਇਲ ਨਿਰਮਾਤਾ ਦੇਸ਼ ਬਣ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਭਾਰਤ ’ਚ ਹੁਣ ਤਕ 300 ਮੋਬਾਇਲ ਮੈਨੂਫੈਕਚਰਿੰਗ ਯੂਨਿਟਸ ਲੱਗ ਚੁੱਕੇ ਹਨ। ਉਨ੍ਹਾਂ ਦੇ ਅਨੁਸਾਰ ਭਾਰਤ ’ਚ 330 ਮਿਲੀਅਨ ਮੋਬਾਇਲ ਹੈਂਡਸੈੱਟਸ ਬਣਾਏ ਜਾ ਚੁੱਕੇ ਹਨ।
ਕੇਂਦਰ ਸਰਕਾਰ ਨੇ ਦੇਸ਼ ’ਚ ਇਲੈਕਟ੍ਰਾਨਿਕ ਸਾਮਾਨ ਦੇ ਨਿਰਮਾਣ ’ਚ ਤੇਜ਼ੀ ਲਿਆਉਣ ਲਈ ਵਿਸ਼ੇਸ਼ ਯੋਜਨਾਵਾਂ ਦਾ ਐਲਾਨ ਵੀ ਕੀਤਾ ਹੋਇਆ ਹੈ।
ਪਰ ਬੀਤੀ 12 ਦਸੰਬਰ ਨੂੰ ਕਰਨਾਟਕ ਦੇ ਕੋਲਾਰ ’ਚ ‘ਅੈਪਲ’ ਦੇ ‘ਆਈਫੋਨ’ ਮੈਨੂੂਫੈਕਚਰਿੰਗ ਪਲਾਂਟ ’ਚ ਮੈਨੇਜਮੈਂਟ ਵਲੋਂ ਕਈ ਮਹੀਨਿਅਾਂ ਤੋਂ ਤਨਖਾਹ ਨਾ ਦਿੱਤੇ ਜਾਣ ਦੇ ਕਾਰਨ ਕਰਮਚਾਰੀਅਾਂ ਵਲੋਂ ਕੀਤੀ ਗਈ ਭੰਨ-ਤੋੜ ਇਸ ਗੱਲ ਦਾ ਸਬੂਤ ਹੈ ਕਿ ਸਾਡੀਅਾਂ ਸਰਕਾਰਾਂ ਇਸ ਅਹਿਮ ਮੁੱਦੇ ਨੂੰ ਕਿੰਨੇ ਹਲਕੇ ’ਚ ਲੈਂਦੀਅਾਂ ਹਨ।
ਜ਼ਿਕਰਯੋਗ ਹੈ ਕਿ ਇਹ ਪਲਾਂਟ ਮੋਦੀ ਸਰਕਾਰ ਦੀ ਵਿਦੇਸ਼ੀ ਕੰਪਨੀਅਾਂ ਨੂੰ ਭਾਰਤ ’ਚ ਆਕਰਸ਼ਿਤ ਕਰਨ ਦੀ ਪਹਿਲੀ ਵੱਡੀ ਸਫਲਤਾ ਦੇ ਰੂਪ ’ਚ ਵੀ ਪੇਸ਼ ਕੀਤਾ ਜਾਂਦਾ ਰਿਹਾ ਹੈ। ਇਸ ਨੂੰ ਤਾਈਵਾਨ ਦੀ ‘ਵਿਸਟ੍ਰਾਨ ਕਾਰਪੋਰੇਸ਼ਨ’ ਚਲਾਉਂਦੀ ਹੈ। ਕੰਪਨੀ ਦੇ ਅਨੁਸਾਰ ਭੰਨ-ਤੋੜ ਅਤੇ ਲੁੱਟ-ਖੋਹ ਕਾਰਨ ਕੰਪਨੀ ਨੂੰ 437.40 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਥੇ 10 ਹਜ਼ਾਰ ਕਰਮਚਾਰੀ ਕੰਮ ਕਰਦੇ ਹਨ, ਜਿਨ੍ਹਾਂ ’ਚੋਂ 80 ਫੀਸਦੀ ਕੱਚੇ ਹਨ।
ਕੰਪਨੀ ਨੇ ਆਪਣੇ ਬਿਆਨ ’ਚ ਕਿਹਾ ਹੈ ਕਿ ਭੰਨ-ਤੋੜ ’ਚ ਆਫਿਸ ਦੀ ਮਸ਼ੀਨਰੀ, ਮੋਬਾਇਲ ਫੋਨ ਅਤੇ ਮਸ਼ੀਨਾਂ ਨੂੰ ਹੋਏ ਨੁਕਸਾਨ ਨਾਲ 412.5 ਕਰੋੜ ਰੁਪਏ ਦਾ ਘਾਟਾ ਹੋਇਆ ਜਦਕਿ ਆਫਿਸ ਦੇ ਇਨਫਰਾਸਟ੍ਰਕਚਰ ਨੂੰ 10 ਕਰੋੜ, ਕਾਰ ਅਤੇ ਗੋਲਫ ਕਾਰਟਸ ਨੂੰ 60 ਲੱਖ ਰੁਪਏ ਦਾ ਨੁਕਸਾਨ ਪੁੱਜਿਆ ਹੈ।
ਭੰਨ-ਤੋੜ ਨਾਲ ਸਮਾਰਟਫੋਨ ਅਤੇ ਹੋਰ ਗੈਜੇਟਸ ਨੂੰ 1.5 ਕਰੋੜ ਰੁਪਏ ਦਾ ਨੁਕਸਾਨ ਹੋਇਆ। ਦੱਸਿਆ ਜਾ ਰਿਹਾ ਹੈ ਕਿ 5 ਹਜ਼ਾਰ ਕੰਟ੍ਰੈਕਟ ’ਤੇ ਆਏ ਮਜ਼ਦੂਰਾਂ ਅਤੇ 2000 ਅਣਪਛਾਤੇ ਦੋਸ਼ੀਅਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।
ਪੁਲਸ ਦੇ ਅਨੁਸਾਰ ਹਜ਼ਾਰਾਂ ਵਰਕਰ ਨਾਈਟ ਸ਼ਿਫਟ ਪੂਰੀ ਕਰਨ ਤੋਂ ਬਾਅਦ ਪਲਾਂਟ ਤੋਂ ਬਾਹਰ ਨਿਕਲ ਰਹੇ ਸਨ ਕਿ ਅਚਾਨਕ ਉਹ ਭੰਨ-ਤੋੜ ਕਰਨ ਲੱਗੇ। ਉਨ੍ਹਾਂ ਨੇ ਰਿਸੈਪਸ਼ਨ ਅਤੇ ਅਸੈਂਬਲੀ ਯੂਨਿਟ ਨੂੰ ਨੁਕਸਾਨ ਪਹੁੰਚਾਇਆ ਅਤੇ ਕੁਝ ਗੱਡੀਅਾਂ ’ਚ ਅੱਗ ਵੀ ਲਾ ਦਿੱਤੀ। ਹਜ਼ਾਰਾਂ ਆਈਫੋਨ ਵੀ ਚੋਰੀ ਕਰ ਲਏ ਗਏ। ਇਥੋਂ ਤਕ ਕਿ ਸਭ ਤੋਂ ਪਹਿਲਾਂ ਮੌਕੇ ’ਤੇ ਪਹੁੰਚੀ ਪੁਲਸ ਟੀਮ ’ਤੇ ਵੀ ਹਮਲਾ ਕੀਤਾ ਗਿਆ।
ਕਿਹਾ ਜਾ ਰਿਹਾ ਹੈ ਕਿ ਕੋਰੋਨਾ ਕਾਰਨ ਤਨਖਾਹ ਕੱਟਣ ਅਤੇ ਸਮੇਂ ਸਿਰ ਨਾ ਮਿਲਣ ਕਾਰਨ ਕਰਮਚਾਰੀਅਾਂ ’ਚ ਨਾਰਾਜ਼ਗੀ ਸੀ ਪਰ ਸਵਾਲ ਉੱਠਦਾ ਹੈ ਕਿ ਕੋਰੋਨਾ ਦੇ ਕਾਰਨ ਤਨਖਾਹ ਨਾ ਦੇਣ ਪਾਉਣ ਦੀ ਸਮੱਸਿਆ ਤਾਂ ਹੋਰ ਕੰਪਨੀਅਾਂ ’ਚ ਵੀ ਹੈ।
ਇਸ ਲਈ ਕਰਮਚਾਰੀਅਾਂ ਨੇ ਭੰਨ-ਤੋੜ ਅਤੇ ਲੁੱਟ-ਖੋਹ ਦੀ ਬਜਾਏ ਮੈਨੇਜਮੈਂਟ ਨਾਲ ਗੱਲਬਾਤ ਦਾ ਰਾਹ ਕਿਉਂ ਨਹੀਂ ਅਪਣਾਇਆ ਅਤੇ ਅਦਾਲਤ ਦਾ ਦਰਵਾਜ਼ਾ ਕਿਉਂ ਨਹੀਂ ਖੜਕਾਇਆ!
ਇਸ ਸਮੱਸਿਆ ਨੂੰ ਇੰਨਾ ਵੱਡਾ ਕਿਉਂ ਹੋਣ ਦਿੱਤਾ ਗਿਆ? ਸਮੇਂ ’ਤੇ ਇਸ ਤਰ੍ਹਾਂ ਦੇ ਮੁੱਦਿਅਾਂ ਨੂੰ ਹੱਲ ਕਰਨ ਲਈ ਕੋਈ ਲੋੜੀਂਦੇ ਕਦਮ ਕਿਉਂ ਨਹੀਂ ਚੁੱਕੇ ਗਏ? ਹੁਣ ਦੋਸ਼ੀਅਾਂ ਵਿਰੁੱਧ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇਗੀ ਅਤੇ ਕੰਪਨੀ ਨੂੰ ਹੋਏ ਨੁਕਸਾਨ ਦੀ ਭਰਪਾਈ ਕੌਣ ਕਰੇਗਾ?
ਕਰਨਾਟਕ ’ਚ ਹਾਲ ਹੀ ਦੇ ਦਿਨਾਂ ’ਚ ਕਰਮਚਾਰੀਅਾਂ ਦੀ ਨਾਰਾਜ਼ਗੀ ਨਾਲ ਜੁੜੀ ਇਹ ਇਕਲੌਤੀ ਘਟਨਾ ਨਹੀਂ ਹੈ। ‘ਟੋਇਟਾ ਕਿਰਲੋਸਕਰ ਮੋਟਰਸ’ ਵਿਚ 10 ਨਵੰਬਰ ਤੋਂ 3500 ਕਰਮਚਾਰੀ ਹੜਤਾਲ ’ਤੇ ਹਨ ਅਤੇ ਕਰਨਾਟਕ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਇਕ ਲੱਖ ਕਰਮਚਾਰੀਅਾਂ ਨੇ ਵੀ 11 ਦਸੰਬਰ ਨੂੰ ਸੂਬਾ ਪੱਧਰੀ ਹੜਤਾਲ ਕੀਤੀ ਸੀ ਜਿਸ ਨਾਲ ਸੂਬੇ ’ਚ 20 ਹਜ਼ਾਰ ਬੱਸਾਂ ਦੇ ਪਹੀਏ ਰੁਕ ਗਏ ਸਨ।
ਪੁਲਸ ਨੇ ‘ਵਿਸਟ੍ਰਾਨ ਕਾਰਪੋਰੇਸ਼ਨ’ ਦੇ ਪਲਾਂਟ ’ਚ ਹੋਈ ਭੰਨ-ਤੋੜ ’ਤੇ ਜਾਂਚ ਸ਼ੁਰੂ ਕੀਤੀ ਹੈ ਪਰ ਜੇ ਅਜਿਹੀਅਾਂ ਗੰਭੀਰ ਘਟਨਾਵਾਂ ਹੋਣਗੀਅਾਂ ਤਾਂ ਭਲਾ ਕਿੰਨੀਅਾਂ ਬਹੁ-ਰਾਸ਼ਟਰੀ ਕੰਪਨੀਅਾਂ ਭਾਰਤ ’ਚ ਆਪਣਾ ਨਿਰਮਾਣ ਸ਼ੁਰੂ ਕਰਨ ਦੀ ਹਿੰਮਤ ਜੁਟਾ ਪਾਉਣਗੀਅਾਂ?
ਅਜਿਹੇ ’ਚ ਜਿਥੇ ਇਹ ਪਤਾ ਲਾਉਣਾ ਅਤਿ ਜ਼ਰੂਰੀ ਹੈ ਕਿ ਇਸ ਘਟਨਾ ਦੇ ਪਿੱਛੇ ਕਿਨ੍ਹਾਂ ਅਨਸਰਾਂ ਦਾ ਹੱਥ ਹੈ, ਉਥੇ ਭਵਿੱਖ ’ਚ ਇਸ ਤਰ੍ਹਾਂ ਦੀਅਾਂ ਘਟਨਾਵਾਂ ਨੂੰ ਰੋਕਣ ਲਈ ਸੂਬਾ ਅਤੇ ਕੇਂਦਰ ਸਰਕਾਰਾਂ ਵਲੋਂ ਤੁਰੰਤ ਕਠੋਰ ਸਜ਼ਾ ਦੀ ਵਿਵਸਥਾ ਵਾਲੇ ਕਾਨੂੰਨ ਦੀ ਵਿਵਸਥਾ ਕਰਨਾ ਵੀ ਜ਼ਰੂਰੀ ਹੈ। ਅਜਿਹਾ ਨਾ ਕਰਨ ’ਤੇ ਦੁਨੀਆ ਦੀਅਾਂ ਵੱਡੀਅਾਂ ਕੰਪਨੀਅਾਂ ਭਾਰਤ ’ਚ ਆਉਣ ਤੋਂ ਕਤਰਾਉਣ ਲੱਗਣਗੀਅਾਂ ਜਿਸ ਨਾਲ ਭਾਰਤ ਦੇ ਵੱਕਾਰ ਨੂੰ ਭਾਰੀ ਧੱਕਾ ਲੱਗ ਸਕਦਾ ਹੈ।
ਜੇ ਭਾਰਤ ਨੂੰ ਨਿਰਮਾਣ ਖੇਤਰ ’ਚ ਮੋਹਰੀ ਬਣਨਾ ਹੈ ਤਾਂ ਕਈ ਅਜਿਹੀਅਾਂ ਗੱਲਾਂ ਹਨ ਜਿਨ੍ਹਾਂ ਵੱਲ ਧਿਆਨ ਦੇਣਾ ਜ਼ਰੂਰੀ ਹੈ। ਸਭ ਤੋਂ ਪਹਿਲਾਂ ਤਾਂ ਕੰਪਨੀਅਾਂ ਨੂੰ ਇਸ ਗੱਲ ਦਾ ਭਰੋਸਾ ਦਿਵਾਉਣਾ ਵੀ ਬਾਕੀ ਹੈ ਕਿ ਕੰਮ ਕਰਨ ਲਈ ਉਨ੍ਹਾਂ ਨੂੰ ਇਥੇ ਇਕ ਸੁਰੱਖਿਅਤ ਮਾਹੌਲ ਮਿਲੇਗਾ ਅਤੇ ਕਾਨੂੰਨ ਵਿਵਸਥਾ ਦੀ ਸਖਤੀ ਨਾਲ ਪਾਲਣਾ ਹੋਵੇਗੀ। ਇਸ ਦੇ ਨਾਲ ਹੀ ਕਰਮਚਾਰੀਅਾਂ ਦੇ ਅਧਿਕਾਰਾਂ ਨੂੰ ਵੀ ਸੁਰੱਖਿਅਤ ਕਰਨ ਦੀ ਵਿਵਸਥਾ ਕਰਨੀ ਪਵੇਗੀ।