ਇਸ ਵਾਰ ਦੀ ਦੀਵਾਲੀ ਦੁਕਾਨਾਂ ਤਾਂ ਖੂਬ ਸਜੀਅਾਂ ਹਨ ਪਰ ਗਾਹਕਾਂ ਦੀ ਘਾਟ ਹੈ

11/07/2018 6:22:25 AM

ਦੀਵਾਲੀ ਹਿੰਦੂਅਾਂ ਦੇ ਸਭ ਤੋਂ ਵੱਡੇ ਤਿਉਹਾਰਾਂ ’ਚੋਂ ਇਕ ਹੈ, ਜੋ ਅਧਿਆਤਮਕ ਤੌਰ ’ਤੇ ਹਨੇਰੇ ’ਤੇ ਚਾਨਣ ਦੀ ਜਿੱਤ, ਭਾਵ ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ। ਇਸ ਦੀ ਉਡੀਕ ਸਮਾਜ ਦੇ ਸਾਰੇ ਵਰਗਾਂ ਦੇ ਲੋਕ ਉਤਸੁਕਤਾ ਨਾਲ ਕਰਦੇ ਹਨ। ‘ਤਮਸੋ ਮਾ ਜਯੋਤਿਰਗਮਯ’, ਭਾਵ ‘ਹਨੇਰੇ ਤੋਂ ਚਾਨਣ ਵੱਲ ਜਾਓ’ : ਇਹ ਉਪਨਿਸ਼ਦਾਂ ਦਾ ਆਦੇਸ਼ ਹੈ। 
ਇਹ ਤਿਉਹਾਰ ਜਿਥੇ ਵੱਖ-ਵੱਖ ਧਾਰਮਿਕ ਆਸਥਾਵਾਂ ਨਾਲ ਜੁੜਿਆ ਹੈ, ਉਥੇ ਹੀ ਇਹ ਇਕ ਪਾਸੇ ਲੋਕਾਂ ਨੂੰ ਘਰਾਂ ਦੀ ਸਾਫ-ਸਫਾਈ, ਖਰੀਦਦਾਰੀ ਕਰਨ ਅਤੇ ਦੂਜੇ ਪਾਸੇ ਵਪਾਰੀ ਵਰਗ ਨੂੰ ਚੰਗਾ ਕਾਰੋਬਾਰ ਕਰਨ ਅਤੇ ਲਾਭ ਕਮਾਉਣ ਦਾ ਮੌਕਾ ਦਿੰਦਾ ਹੈ। 
2014 ਦਾ ਵਰ੍ਹਾ ਦੇਸ਼ ’ਚ ਤਬਦੀਲੀ ਦਾ ਸੰਕੇਤ ਲੈ ਕੇ ਆਇਆ ਸੀ। ਸਾਲ ਦੇ ਪਹਿਲੇ ਅੱਧ ’ਚ ਲੋਕ ਸਭਾ ਚੋਣਾਂ ’ਚ ਭਾਜਪਾ ਨੂੰ ਮਿਲੀ ਭਾਰੀ ਸਫਲਤਾ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਨੇ ਕਈ ਸੁਧਾਰਵਾਦੀ ਕਦਮ ਚੁੱਕੇ। 
ਇਸੇ ਲੜੀ ’ਚ 8 ਨਵੰਬਰ 2016 ਨੂੰ ਦੇਸ਼ ’ਚ ਨੋਟਬੰਦੀ ਲਾਗੂ ਕਰ ਕੇ ਚਲਨ ’ਚ ਰਹੀ ਨਕਦੀ ’ਚੋਂ 86 ਫੀਸਦੀ ਕਰੰਸੀ ਰੱਦ ਕਰ ਦਿੱਤੀ ਗਈ ਤੇ ਨੋਟਬੰਦੀ ਤੋਂ 8 ਮਹੀਨਿਅਾਂ ਬਾਅਦ 1 ਜੁਲਾਈ 2017 ਨੂੰ ਦੇਸ਼ ’ਚ ਹੁਣ ਤਕ ਦੇ ਸਭ ਤੋਂ ਵੱਡੇ ਟੈਕਸ ਸੁਧਾਰ ਦਾ ਦਾਅਵਾ ਕਰਦਿਅਾਂ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਪ੍ਰਣਾਲੀ ਲਾਗੂ ਕੀਤੀ ਗਈ। 
8 ਨਵੰਬਰ ਨੂੰ ਦੇਸ਼ ’ਚ ਨੋਟਬੰਦੀ ਲਾਗੂ ਕੀਤੇ ਜਾਣ ਦੇ 2 ਸਾਲ ਪੂਰੇ ਹੋਣ ਜਾ ਰਹੇ ਹਨ। ਸਰਕਾਰ ਨੇ ਦਾਅਵਾ ਕੀਤਾ ਸੀ ਕਿ ਇਸ ਨਾਲ ਕਾਲੇ ਧਨ, ਜਾਅਲੀ ਕਰੰਸੀ ਅਤੇ ਅੱਤਵਾਦ ਰੂਪੀ 3 ਰਾਖਸ਼ਸਾਂ ਦਾ ਨਾਸ਼ ਹੋ ਜਾਵੇਗਾ ਪਰ ਜਿੰਨੀ ਕਰੰਸੀ ਚਲਨ ’ਚ ਸੀ, ਉਸ ਦਾ 99.2 ਫੀਸਦੀ ਬੈਂਕਾਂ ’ਚ ਵਾਪਿਸ ਆ ਗਿਆ, ਜੋ ਇਸ ਗੱਲ ਦਾ ਸੰਕੇਤ ਹੈ ਕਿ ਨੋਟਬੰਦੀ ਲਾਗੂ ਕਰਨ ਦਾ ਫਾਇਦਾ ਨਹੀਂ ਹੋਇਆ।
ਇਸੇ ਤਰ੍ਹਾਂ ਜਿਥੋਂ ਤਕ ਜੀ. ਐੱਸ. ਟੀ. ਦਾ ਸਬੰਧ ਹੈ, ਅਜੇ ਤਕ ਜੀ. ਐੱਸ. ਟੀ. ਪ੍ਰਣਾਲੀ ਵੀ  ਪੂਰੀ ਤਰ੍ਹਾਂ ਲੀਹ ’ਤੇ ਨਹੀਂ ਆ ਸਕੀ। ਇਸ ਦੇ ਸਿੱਟੇ ਵਜੋਂ ‘ਅਨ-ਆਰਗੇਨਾਈਜ਼ਡ’ ਵਪਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਸ ਨਾਲ ਜੇ ਕਿਸੇ ਨੂੰ ਫਾਇਦਾ ਪਹੁੰਚਿਆ ਹੈ ਤਾਂ ਵੱਡੇ ਵਪਾਰੀਅਾਂ ਨੂੰ, ਜਦਕਿ ਛੋਟੇ ਵਪਾਰੀ ਜੀ. ਐੱਸ. ਟੀ. ਨੂੰ ਲੈ ਕੇ ਅਜੇ ਤਕ ਪ੍ਰੇਸ਼ਾਨ ਹਨ। 
ਇਸੇ ਤਰ੍ਹਾਂ ਲੱਗਭਗ ਇਕ ਮਹੀਨਾ ਪਹਿਲਾਂ ਤਕ ਤੇਲ ਦੇ ਭਾਅ ਲਗਾਤਾਰ ਵਧਦੇ ਗਏ, ਜਿਸ ਦੇ ਸਿੱਟੇ ਵਜੋਂ ਮਹਿੰਗਾਈ ’ਚ ਚੌਪਾਸੜ ਵਾਧਾ ਹੁੰਦਾ ਗਿਆ। ਇਨ੍ਹਾਂ ਸਾਰੀਅਾਂ ਗੱਲਾਂ ਦਾ ਨਤੀਜਾ ਬਾਜ਼ਾਰ ’ਚ ਇਕ ਤਰ੍ਹਾਂ ਦੀ ਮੰਦੀ ਦੇ ਰੂਪ ’ਚ ਨਿਕਲਿਆ ਤੇ ਇਹ ਦੀਵਾਲੀ ਆਪਣੀ ਹੀ ਕਿਸਮ ਦੀ ਦਿਖਾਈ ਦੇ ਰਹੀ ਹੈ, ਜਦੋਂ ਦੁਕਾਨਾਂ ਤਾਂ ਸਜੀਅਾਂ ਹੋਈਅਾਂ ਹਨ ਪਰ ਗਾਹਕਾਂ ਦੀ ਘਾਟ ਨਜ਼ਰ ਆ ਰਹੀ ਹੈ। 
‘ਸੇਲ’ ਦੇ ਬੋਰਡ ਲਾ ਕੇ ਅਤੇ ਇਸ਼ਤਿਹਾਰ ਦੇ ਕੇ ਵਪਾਰੀ ਵਰਗ ਗਾਹਕਾਂ ਨੂੰ ਖਿੱਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਆਨਲਾਈਨ ਸ਼ਾਪਿੰਗ, ਦੁਕਾਨਾਂ ਅਤੇ ਫੁੱਟਪਾਥਾਂ ’ਤੇ ਕੱਪੜਿਅਾਂ ਤੇ ਹੋਰ ਚੀਜ਼ਾਂ ਦਾ ਧੰਦਾ ਕਰਨ ਵਾਲੇ ਵਪਾਰੀ ਵੀ ਕੀਮਤਾਂ ’ਚ ਛੋਟ ਦਾ ਲਾਲਚ ਦੇ ਰਹੇ ਹਨ। 
ਦੇਸ਼ ’ਚ ਵਧ ਰਹੇ ਧੁਨੀ ਅਤੇ ਹਵਾ ਪ੍ਰਦੂਸ਼ਣ ਨੂੰ ਦੇਖਦਿਅਾਂ ਸੁਪਰੀਮ ਕੋਰਟ ਵਲੋਂ ਰਾਤ ਨੂੰ 8 ਤੋਂ 10 ਵਜੇ ਤਕ ਸਿਰਫ 2 ਘੰਟੇ ਪਟਾਕੇ ਚਲਾਉਣ ਦਾ ਹੁਕਮ ਜਾਰੀ ਕਰਨ ਨਾਲ ਜਿਥੇ ਪਟਾਕਾ ਵਪਾਰੀਅਾਂ ਦੇ ਧੰਦੇ ਨੂੰ ਭਾਰੀ ਸੱਟ ਵੱਜੀ ਹੈ, ਉਥੇ ਹੀ ਖਾਸ ਤੌਰ ’ਤੇ ਬੱਚਿਅਾਂ ਦੇ ਉਤਸ਼ਾਹ ’ਤੇ ਵੀ ਪਾਣੀ ਫਿਰ ਗਿਆ ਹੈ। ਸਾਲ ’ਚ ਇਕ ਵਾਰ ਆਉਣ ਵਾਲੇ ਇਸ ਤਿਉਹਾਰ ’ਤੇ ਪਟਾਕੇ ਚਲਾਉਣ ਦੀ ਇਹ ਹੱਦ ਕਾਫੀ ਘੱਟ ਮੰਨੀ ਜਾ ਰਹੀ ਹੈ। 
ਇਸ ਵਾਰ ਦੀਵਾਲੀ ’ਤੇ ਜੋ ਰੌਣਕ ਘਟੀ ਹੈ, ਉਸ ਨੂੰ ਦੇਖਦਿਅਾਂ ਸਰਕਾਰ ਨੂੰ ਜੀ. ਐੱਸ. ਟੀ. ਦੇ ਨਿਯਮਾਂ ਤੇ ਪ੍ਰਕਿਰਿਆ ਵਿਚ ਸੋਧ ਕਰਨੀ ਚਾਹੀਦੀ ਹੈ ਅਤੇ ਜੀ. ਐੱਸ. ਟੀ. ਦੇ ਤਹਿਤ ਰੀਫੰਡ ਤੁਰੰਤ ਜਾਰੀ ਕੀਤੇ ਜਾਣੇ ਚਾਹੀਦੇ ਹਨ। 
ਇਸ ਦੇ ਨਾਲ ਹੀ ਸਰਕਾਰ ਨੂੰ ਕੁਝ ਅਜਿਹੇ ਕਦਮ ਚੁੱਕਣੇ ਚਾਹੀਦੇ ਹਨ, ਜਿਨ੍ਹਾਂ ਨਾਲ ਛੋਟੇ ਅਤੇ ਦਰਮਿਆਨੇ ਵਰਗ ਦੇ ਵਪਾਰੀਅਾਂ ਨੂੰ ਰਾਹਤ ਮਿਲੇ ਤੇ ਉਨ੍ਹਾਂ ਦਾ ਕੰਮ ਸੁਚੱਜੇ ਢੰਗ ਨਾਲ ਚੱਲ ਸਕੇ। 
ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਅਸੀਂ ਇਹ 71ਵੀਂ ਦੀਵਾਲੀ ਮਨਾ ਰਹੇ ਹਾਂ ਅਤੇ ਆਪਣੇ ਪਾਠਕਾਂ ਨੂੰ ਦੀਵਾਲੀ ਦੀ ਵਧਾਈ ਦਿੰਦਿਅਾਂ ਇਹ ਕਾਮਨਾ ਕਰਦੇ ਹਾਂ ਕਿ ਆਉਣ ਵਾਲੀ ਦੀਵਾਲੀ ਇਸ ਦੀਵਾਲੀ ਨਾਲੋਂ ਬਿਹਤਰ ਅਤੇ ਜ਼ਿਆਦਾ ਖੁਸ਼ੀਅਾਂ ਲਿਆਉਣ ਵਾਲੀ ਹੋਵੇਗੀ।                                              

–ਵਿਜੇ ਕੁਮਾਰ


Related News