ਦੇਸ਼ ਦੇ ਹਸਪਤਾਲਾਂ ’ਚ ਅਗਨੀਕਾਂਡਾਂ ਦੇ ਨਤੀਜੇ ਵਜੋਂ ਹੋ ਰਹੀਆਂ ਮੌਤਾਂ

Tuesday, Jan 23, 2024 - 06:00 AM (IST)

ਦੇਸ਼ ਦੇ ਹਸਪਤਾਲਾਂ ’ਚ ਅਗਨੀਕਾਂਡਾਂ ਦੇ ਨਤੀਜੇ ਵਜੋਂ ਹੋ ਰਹੀਆਂ ਮੌਤਾਂ

ਇਨ੍ਹੀਂ ਦਿਨੀਂ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਛੋਟੀਆਂ-ਵੱਡੀਆਂ ਇਮਾਰਤਾਂ ’ਚ ਅੱਗ ਲੱਗਣ ਦੀਆਂ ਖਬਰਾਂ ਲਗਾਤਾਰ ਆ ਰਹੀਆਂ ਹਨ। ਇਨ੍ਹਾਂ ’ਚ ਕਈ ਲੋਕਾਂ ਦੀਆਂ ਮੌਤਾਂ ਹੋਣ ਤੋਂ ਇਲਾਵਾ ਵੱਡੀ ਗਿਣਤੀ ’ਚ ਲੋਕ ਜ਼ਖਮੀ ਹੋ ਰਹੇ ਹਨ। ਇਹੀ ਨਹੀਂ ਦੇਸ਼ ਦੇ ਹਸਪਤਾਲ ਵੀ ਲਗਾਤਾਰ ਅਗਨੀਕਾਂਡਾਂ ਦੇ ਸ਼ਿਕਾਰ ਹੋ ਰਹੇ ਹਨ :

* 21 ਸਤੰਬਰ, 2023 ਨੂੰ ਕਾਨਪੁਰ ਦੇ ਇਕ ਹਸਪਤਾਲ ’ਚ ਅੱਗ ਲੱਗ ਜਾਣ ਨਾਲ ਉੱਥੇ ਇਲਾਜ ਅਧੀਨ ਇਕ ਔਰਤ ਦੀ ਝੁਲਸ ਜਾਣ ਨਾਲ ਮੌਤ ਹੋ ਗਈ।

* 29 ਨਵੰਬਰ, 2023 ਨੂੰ ਬਰੇਲੀ (ਉੱਤਰ ਪ੍ਰਦੇਸ਼) ਸਥਿਤ ਜ਼ਿਲਾ ਮਹਿਲਾ ਹਸਪਤਾਲ ਦੇ ‘ਸਪੈਸ਼ਲ ਨਿਊਬੌਰਨ ਕੇਅਰ ਯੂਨਿਟ’ (ਐੱਸ.ਐੱਨ.ਸੀ.ਯੂ.) ’ਚ ਅੱਗ ਲੱਗ ਗਈ ਜਿਸ ਨਾਲ ਉੱਥੇ ਭਰਤੀ 11 ਬੱਚਿਆਂ ’ਚੋਂ ਇਕ ਦੀ ਮੌਤ ਹੋ ਗਈ।

* 1 ਦਸੰਬਰ, 2023 ਨੂੰ ਭੋਜਪੁਰ (ਬਿਹਾਰ) ਸਥਿਤ ਸਦਰ ਹਸਪਤਾਲ ਦੇ ਆਪ੍ਰੇਸ਼ਨ ਥਿਏਟਰ ਵਿਚ ਅੱਗ ਲੱਗ ਗਈ ਅਤੇ ਡਾਕਟਰ ਆਪ੍ਰੇਸ਼ਨ ਨੂੰ ਵਿਚ ਹੀ ਛੱਡ ਕੇ ਬਾਹਰ ਨੂੰ ਦੌੜ ਗਏ ਅਤੇ ਹਸਪਤਾਲ ’ਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ।

* 14 ਦਸੰਬਰ, 2023 ਨੂੰ ਵਿਸ਼ਾਖਾਪਟਨਮ ਸਥਿਤ ‘ਇੰਡਸ ਹਸਪਤਾਲ’ ’ਚ ਅੱਗ ਲੱਗਣ ਨਾਲ ਉੱਥੇ ਇਲਾਜ ਅਧੀਨ ਮਰੀਜ਼ਾਂ ਅਤੇ ਸਟਾਫ ’ਚ ਦਹਿਸ਼ਤ ਫੈਲ ਗਈ ਅਤੇ ਉੱਥੇ ਇਲਾਜ ਅਧੀਨ 50 ਰੋਗੀਆਂ ਨੂੰ ਦੂਜੇ ਹਸਪਤਾਲਾਂ ’ਚ ਸ਼ਿਫਟ ਕਰਨਾ ਪਿਆ।

* 16 ਦਸੰਬਰ, 2023 ਨੂੰ ਹੈਦਰਾਬਾਦ (ਤੇਲੰਗਾਨਾ) ਦੇ ਇਕ ਹਸਪਤਾਲ ਦੀ ਦਸਵੀਂ ਮੰਜ਼ਿਲ ’ਤੇ ਲੱਗੀ ਅੱਗ ਪੰਜਵੀਂ ਮੰਜ਼ਿਲ ਤੱਕ ਫੈਲ ਜਾਣ ਨਾਲ ਹਸਪਤਾਲ ਦੇ ਕੁਝ ਹਿੱਸਿਆਂ ’ਚ ਸਭ ਕੁਝ ਸੜ ਕੇ ਸੁਆਹ ਹੋ ਗਿਆ।

* 18 ਦਸੰਬਰ, 2023 ਨੂੰ ਲਖਨਊ (ਉੱਤਰ ਪ੍ਰਦੇਸ਼) ਦੇ ‘ਸੰਜੇ ਗਾਂਧੀ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼’ ਦੇ ਪੁਰਾਣੇ ਆਪ੍ਰੇਸ਼ਨ ਥਿਏਟਰ ਵਿਚ ਸ਼ਾਰਟ ਸਰਕਟ ਦੇ ਸਿੱਟੇ ਵਜੋਂ ਵੈਂਟੀਲੇਟਰ ਫਟਣ ਕਾਰਨ ਅੱਗ ਲੱਗਣ ਨਾਲ 2 ਮਰੀਜ਼ਾਂ ਦੀ ਮੌਤ ਹੋ ਗਈ ਅਤੇ 2 ਹੋਰ ਗੰਭੀਰ ਤੌਰ ’ਤੇ ਜ਼ਖਮੀ ਹੋ ਗਏ। ਘਟਨਾ ਵੇਲੇ ਇਕ ਔਰਤ ਦੀ ਐਂਡੋ ਸਰਜਰੀ ਅਤੇ ਇਕ ਬੱਚੇ ਦੀ ਹਾਰਟ ਸਰਜਰੀ ਹੋ ਰਹੀ ਸੀ।

* 31 ਦਸੰਬਰ, 2023 ਨੂੰ ਰੋਹਿਣੀ (ਦਿੱਲੀ) ਸਥਿਤ ‘ਬਾਬਾ ਸਾਹਿਬ ਅੰਬੇਡਕਰ ਹਸਪਤਾਲ’ ਦੀ ਪੰਜਵੀਂ ਮੰਜ਼ਿਲ ’ਤੇ ਸਥਿਤ ਯੂਰੋਲੋਜੀ ਵਿਭਾਗ ’ਚ ਮੁੱਢਲੇ ਇਲਾਜ ਦੌਰਾਨ ਵਰਤੀ ਜਾਣ ਵਾਲੀ ‘ਬਾਇਓ ਵੇਸਟ’ ’ਚ ਅੱਗ ਲੱਗਣ ਨਾਲ ਹੜਕੰਪ ਮਚ ਗਿਆ ਜਿਸ ’ਤੇ ਅੱਗ ਬੁਝਾਉਣ ਵਾਲੀਆਂ 8 ਗੱਡੀਆਂ ਨੇ ਬਹੁਤ ਮਿਹਨਤ ਨਾਲ ਕਾਬੂ ਪਾਇਆ।

* 3 ਜਨਵਰੀ, 2024 ਨੂੰ ਮੁਰੈਨਾ (ਮੱਧ ਪ੍ਰਦੇਸ਼) ਦੇ ਜ਼ਿਲਾ ਹਸਪਤਾਲ ਦੇ ‘ਸਪੈਸ਼ਲ ਨਿਊਬੌਰਨ ਕੇਅਰ ਯੂਨਿਟ’ ਵਾਰਡ ’ਚ ਅੱਗ ਲੱਗਣ ਨਾਲ ਹੜਕੰਪ ਮਚ ਗਿਆ ਅਤੇ ਉੱਥੇ ਇਲਾਜ ਅਧੀਨ ਬੱਚਿਆਂ ਨੂੰ ਵਾਰਡ ਤੋਂ ਤੁਰੰਤ ਕੱਢ ਕੇ ਦੂਜੇ ਵਾਰਡਾਂ ’ਚ ਸ਼ਿਫਟ ਕੀਤਾ ਗਿਆ।

* 8 ਜਨਵਰੀ, 2024 ਨੂੰ ਹਾਥਰਸ (ਉੱਤਰ ਪ੍ਰਦੇਸ਼) ’ਚ ‘ਬਾਗਲਾ’ ਜ਼ਿਲਾ ਹਸਪਤਾਲ ’ਚ ਬਿਜਲੀ ਦੇ ਪੈਨਲ ਬਾਕਸ ’ਚ ਇਕ ਧਮਾਕੇ ਨਾਲ ਅੱਗ ਲੱਗ ਜਾਣ ਕਾਰਨ ਡਾਕਟਰ ਅਤੇ ਪੈਰਾ ਮੈਡੀਕਲ ਸਟਾਫ ਆਪਣੇ ਕਮਰਿਆਂ ਨੂੰ ਛੱਡ ਕੇ ਭੱਜ ਗਿਆ ਅਤੇ ਓ.ਪੀ.ਡੀ. ਕੰਪਲੈਕਸ ਅੱਗ ਬੁਝਣ ਪਿੱਛੋਂ ਵੀ ਲਗਭਗ 2 ਘੰਟੇ ਧੂੰਏਂ ਨਾਲ ਭਰਿਆ ਰਿਹਾ।

ਇਸ ਹਸਪਤਾਲ ’ਚ ਕੁਝ ਹੀ ਸਮਾਂ ਪਹਿਲਾਂ 1.84 ਕਰੋੜ ਰੁਪਏ ਦੀ ਲਾਗਤ ਨਾਲ ਅਗਨੀ ਸੁਰੱਖਿਆ ਯੰਤਰ ਲਾਏ ਗਏ ਸਨ। ਇਸ ਅਗਨੀਕਾਂਡ ਦੇ ਨਤੀਜੇ ਵਜੋਂ ਉਨ੍ਹਾਂ ਦਾ ਭੇਤ ਖੁੱਲ੍ਹ ਗਿਆ। ਅੱਗ ਲੱਗਣ ਦੇ ਬਾਵਜੂਦ ਚਿਤਾਵਨੀ ਅਲਾਰਮ ਤੱਕ ਨਹੀਂ ਵੱਜਿਆ।

* 14 ਜਨਵਰੀ, 2024 ਨੂੰ ਕਪੂਰਥਲਾ ਸਿਵਲ ਹਸਪਤਾਲ ਦੇ ਇਕ ਕੁਆਰਟਰ ’ਚ ਅੱਗ ਲੱਗਣ ਦੇ ਨਤੀਜੇ ਵਜੋਂ ਇਕ ਵਿਅਕਤੀ ਅਤੇ ਪਾਲਤੂ ਕੁੱਤਾ ਜਿਊਂਦੇ ਸੜ ਗਏ ਅਤੇ 3 ਔਰਤਾਂ ਵੀ ਝੁਲਸ ਗਈਆਂ। ਘਰ ਦਾ ਸਾਰਾ ਸਾਮਾਨ ਵੀ ਸੜ ਕੇ ਸੁਆਹ ਹੋ ਗਿਆ।

* 15 ਜਨਵਰੀ, 2024 ਨੂੰ ਵਿਦਿਸ਼ਾ (ਮੱਧ ਪ੍ਰਦੇਸ਼) ਸਥਿਤ ‘ਲਟੇਰੀ’ ਦੇ ਸਰਕਾਰੀ ਹਸਪਤਾਲ ਦੇ ਸਟੋਰ ਰੂਮ ’ਚ ਸ਼ਾਰਟ ਸਰਕਿਟ ਕਾਰਨ ਧਮਾਕੇ ਨਾਲ ਅੱਗ ਲੱਗ ਗਈ।

* 16 ਜਨਵਰੀ, 2024 ਨੂੰ ਸੁਪੌਲ (ਬਿਹਾਰ) ਦੇ ਸਦਰ ਹਸਪਤਾਲ ਦੇ ਪੁਰਾਣੇ ਟੀ.ਬੀ. ਵਾਰਡ ’ਚ ਸ਼ਾਰਟ ਸਰਕਟ ਨਾਲ ਅੱਗ ਲੱਗ ਜਾਣ ਕਾਰਨ ਫਰਨੀਚਰ ਅਤੇ ਉੱਥੇ ਰੱਖੇ ਕਾਗਜ਼ਾਤ ਸੜ ਕੇ ਸੁਆਹ ਹੋ ਗਏ।

* 20 ਜਨਵਰੀ, 2024 ਨੂੰ ਦੇਰ ਰਾਤ ਪੌਣੇ 2 ਵਜੇ ਮੁੰਬਈ ਦੇ ਵਿਕਰੋਲੀ ਸਥਿਤ ‘ਡਾਕਟਰ ਅੰਬੇਡਕਰ ਹਸਪਤਾਲ’ ’ਚ ਅੱਗ ਲੱਗਣ ਪਿੱਛੋਂ ਗੰਭੀਰ ਤੌਰ ’ਤੇ ਜ਼ਖਮੀ 6 ਰੋਗੀਆਂ ਨੂੰ ਆਈ.ਸੀ.ਯੂ. ’ਚ ਭਰਤੀ ਕਰਵਾਇਆ ਗਿਆ।

ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਹਸਪਤਾਲਾਂ ’ਚ ਬਿਜਲੀ ਦੀ ਵਾਇਰਿੰਗ ਆਦਿ ਦੀ ਵਿਸਥਾਰਤ ਜਾਂਚ ਕਰਨ ਅਤੇ ਅੱਗ ਬੁਝਾਊ ਪ੍ਰਬੰਧ ਮਜ਼ਬੂਤ ਕਰਨ ਦੀ ਲੋੜ ਹੈ ਤਾਂ ਕਿ ਜੀਵਨਦਾਨ ਦੇਣ ਵਾਲੇ ਹਸਪਤਾਲਾਂ ਨੂੰ ਉੱਥੇ ਇਲਾਜ ਅਧੀਨ ਰੋਗੀਆਂ ਦੀ ਮੌਤ ਦਾ ਕਾਰਨ ਬਣਨ ਤੋਂ ਰੋਕਿਆ ਜਾ ਸਕੇ।

- ਵਿਜੇ ਕੁਮਾਰ


author

Anmol Tagra

Content Editor

Related News