ਭ੍ਰਿਸ਼ਟਾਚਾਰ ਦੇ ਮਹਾਸਾਗਰ ’ਚ ਤੈਰ ਰਹੇ ਚੰਦ ਵੱਡੇ-ਵੱਡੇ ਮਗਰਮੱਛ (ਅਧਿਕਾਰੀ)
Tuesday, Jul 25, 2023 - 03:18 AM (IST)

ਇਕ ਪਾਸੇ ਦੇਸ਼ ’ਚ ਚੰਦ ਸੱਤਾਧਾਰੀ ਘਪਲੇ ਕਰ ਰਹੇ ਹਨ ਤਾਂ ਦੂਜੇ ਪਾਸੇ ਇਹ ਬੀਮਾਰੀ ਚੰਦ ਅਫਸਰਸ਼ਾਹਾਂ ’ਚ ਵੀ ਪਹੁੰਚ ਗਈ ਹੈ ਅਤੇ ਉਹ ਵੀ ਕਰੋੜਾਂ ਦੀਆਂ ਪ੍ਰਾਪਰਟੀਆਂ ਬਣਾ ਰਹੇ ਹਨ, ਜਿਸ ਦੀਆਂ ਕੁਝ ਤਾਜ਼ਾ ਉਦਾਹਰਣਾਂ ਹੇਠਾਂ ਦਰਜ ਹਨ :
* 22 ਜੁਲਾਈ ਨੂੰ ਧੁਬਰੀ (ਆਸਾਮ) ਜ਼ਿਲਾ ਪ੍ਰੀਸ਼ਦ ਦੇ ਮੁੱਖ ਕਾਰਜਕਾਰੀ ਅਧਿਕਾਰੀ ਵਿਸ਼ਵਜੀਤ ਸਿੰਘ ਗੋਸਵਾਮੀ ਨੂੰ ਉਸ ਦੇ ਘਰ ਤੋਂ ਲਗਭਗ 2.32 ਕਰੋੜ ਰੁਪਏ ਦੀ ਅਣ-ਐਲਾਨੀ ਜਾਇਦਾਦ ਦੀ ਬਰਾਮਦਗੀ ਪਿਛੋਂ ਗ੍ਰਿਫਤਾਰ ਕੀਤਾ ਗਿਆ।
* 22 ਜੁਲਾਈ ਨੂੰ ਹੀ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਭ੍ਰਿਸ਼ਟਾਚਾਰ ਦੇ ਇਕ ਮਾਮਲੇ ’ਚ ਛੱਤੀਸਗੜ੍ਹ ’ਚ ਖੇਤੀ ਵਿਭਾਗ ਦੀ ਡਾਇਰੈਕਟਰ ਰਾਨੂ ਸਾਹੂ ਦੀ ਰਿਹਾਇਸ਼ ’ਤੇ ਛਾਪੇਮਾਰੀ ਦੌਰਾਨ 5.5 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ।
* 19 ਜੁਲਾਈ ਨੂੰ ਸੀ.ਬੀ.ਆਈ. ਨੇ ਮੁਅੱਤਲ ਰੇਲਵੇ ਅਧਿਕਾਰੀ ਜਿਤੇਂਦਰ ਸਿੰਘ ਦੇ ਵੱਖ-ਵੱਖ ਠਿਕਾਣਿਆਂ ’ਤੇ ਛਾਪੇਮਾਰੀ ਤੋਂ ਬਾਅਦ ਆਮਦਨ ਤੋਂ 2.30 ਕਰੋੜ ਰੁਪਏ ਵਧ ਰਕਮ ਇਕੱਠੀ ਕਰਨ ਦਾ ਮਾਮਲਾ ਦਰਜ ਕੀਤਾ।
* 28 ਜੁਲਾਈ ਨੂੰ ਦੇਵਗੜ੍ਹ (ਓਡਿਸ਼ਾ) ਜ਼ਿਲੇ ਦੇ ‘ਰਿਆਮਲਾ’ ਬਲਾਕ ਦਫਤਰ ਦੇ ਸਾਬਕਾ ਅਕਾਊਂਟਸ ਅਧਿਕਾਰੀ ਰਾਜੇਂਦਰ ਦਾਸ ਨੂੰ ਉਸ ਦੇ ਘਰੋਂ 8,04,64,645 ਰੁਪਏ ਦੀ ਚੱਲ-ਅਚੱਲ ਜਾਇਦਾਦ ਦੀ ਬਰਾਮਦਗੀ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ।
* 29 ਜੂਨ ਨੂੰ ਬੈਂਗਲੁਰੂ (ਕਰਨਾਟਕ) ’ਚ ਲੋਕਾਯੁਕਤ ਪੁਲਸ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਇਕ ਪਟਵਾਰੀ ਅਜੀਤ ਕੁਮਾਰ ਰਾਏ ਦੇ 11 ਠਿਕਾਣਿਆਂ ’ਤੇ ਛਾਪੇਮਾਰੀ ਕਰ ਕੇ 1.90 ਕਰੋੜ ਰੁਪਏ ਦੀ ਅਣ-ਐਲਾਨੀ ਜਾਇਦਾਦ ਦਾ ਪਤਾ ਲਗਾਇਆ।
* 28 ਜੂਨ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਆਈ. ਆਰ.ਐੱਸ. ਅਧਿਕਾਰੀ ਸਚਿਨ ਸਾਵੰਤ ਨੂੰ ਉਸ ਦੀ ਜਾਇਦਾਦ ’ਚ ਉਸ ਦੀ ਅਸਲ ਆਮਦਨ ਨਾਲੋਂ 2,45,78,579 ਰੁਪਏ ਜ਼ਿਆਦਾ ਪਾਏ ਜਾਣ ’ਤੇ ਗ੍ਰਿਫਤਾਰ ਕੀਤਾ।
* 28 ਜੂਨ ਨੂੰ ਹੀ ਓਡਿਸ਼ਾ ਸਰਕਾਰ ਨੇ ਆਮਦਨ ਤੋਂ ਵੱਧ 5 ਕਰੋ਼ੜ ਰੁਪਏ ਦੀ ਜਾਇਦਾਦ ਰੱਖਣ ਦੇ ਦੋਸ਼ ’ਚ ਗ੍ਰਿਫਤਾਰ ਨਵਰੰਗਪੁਰ ਜ਼ਿਲੇ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਪ੍ਰਸ਼ਾਂਤ ਕੁਮਾਰ ਰਾਉਤ ਦੀ ਜਬਰੀ ਰਿਟਾਇਰਮੈਂਟ ਦਾ ਹੁਕਮ ਜਾਰੀ ਕੀਤਾ।
ਦੇਸ਼ ’ਚ ਭ੍ਰਿਸ਼ਟਾਚਾਰ ਰੂਪੀ ਘੁਣ ਦਾ ਇਸ ਹੱਦ ਤਕ ਪਹੁੰਚ ਜਾਣਾ ਬੇਹੱਦ ਮੰਦਭਾਗਾ ਹੈ। ਇਨ੍ਹਾਂ ਛਾਪਿਆਂ ਲਈ ਜਿਥੇ ਸੰਬੰਧਤ ਅਧਿਕਾਰੀ ਵਧਾਈ ਦੇ ਪਾਤਰ ਹਨ, ਉਥੇ ਹੀ ਇਹ ਸਿਲਸਿਲਾ ਹੋਰ ਤੇਜ਼ ਕਰਨ ਦੀ ਲੋੜ ਹੈ ਤਾਂ ਕਿ ਭ੍ਰਿਸ਼ਟ ਅਫਸਰਾਂ ਨੂੰ ਬੇਨਕਾਬ ਕਰ ਕੇ ਉਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਈ ਜਾ ਸਕੇ।
–ਵਿਜੇ ਕੁਮਾਰ