ਕੋਰੋਨਾ ‘ਇਕ’ ਅਤੇ ‘ਦੋ’ ਦੇ ਬਾਅਦ ‘ਬਲੈਕ ਫੰਗਸ’ ਅਤੇ ਹੁਣ ਚੂਹਿਆਂ (ਪਲੇਗ) ਆਦਿ ਦਾ ਹਮਲਾ

05/30/2021 3:38:32 AM

ਪਿਛਲੇ ਸਾਲ ਦੁਨੀਆ ’ਚ ਕੋਰੋਨਾ ਨੇ ਕਹਿਰ ਵਰਤਾਉਣਾ ਸ਼ੁਰੂ ਕੀਤਾ ਸੀ। ਅਮਰੀਕਾ ਅਤੇ ਯੂਰਪ ਦੇ ਬਾਅਦ ਜਲਦੀ ਹੀ ਇਸ ਮਹਾਮਾਰੀ ਨੇ ਸਾਰੀ ਦੁਨੀਆ ਨੂੰ ਆਪਣੀ ਲਪੇਟ ’ਚ ਲੈ ਲਿਆ ਅਤੇ ਹੁਣ ਤੱਕ 35,39,785 ਵਿਅਕਤੀ ਮਾਰੇ ਜਾ ਚੁੱਕੇ ਹਨ।

ਅਜੇ ਇਸ ਬੀਮਾਰੀ ’ਤੇ ਕਾਬੂ ਪਾਇਆ ਵੀ ਨਹੀਂ ਜਾ ਸਕਿਆ ਸੀ ਕਿ ਹੁਣ ‘ਬਲੈਕ ਫੰਗਸ’, ‘ਵ੍ਹਾਈਟ ਫੰਗਸ’ ਅਤੇ ‘ਯੈਲੋ ਫੰਗਸ’ ਅਤੇ ਅਫਰੀਕੀ ਦੇਸ਼ ‘ਕਾਂਗੋ’ ਅਤੇ ਆਸਟ੍ਰੇਲੀਆ ’ਚ ਚੂਹਿਆਂ ਤੋਂ ਪੈਦਾ ਹੋਣ ਵਾਲੀ ਮਹਾਮਾਰੀ ‘ਪਲੇਗ’ ਨੇ ਦਸਤਕ ਦੇ ਦਿੱਤੀ ਹੈ।

ਭਾਰਤ ’ਚ ਸਰਕਾਰੀ ਅੰਕੜਿਆਂ ਦੇ ਅਨੁਸਾਰ ਕੋਰੋਨਾ ਨਾਲ 3,22,512 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਇਲਾਵਾ ਵੀ ਪਤਾ ਨਹੀਂ ਕਿੰਨੀਆਂ ਮੌਤਾਂ ਹੋਈਆਂ ਹੋਣਗੀਆਂ ਜੋ ਰਿਕਾਰਡ ’ਚ ਦਰਜ ਨਹੀਂ ਹੋ ਸਕੀਆਂ। ਇਲਾਜ ਦੇ ਲਈ ਵੈਕਸੀਨ ਲੱਭਣ ’ਚ ਸਮਾਂ ਲੱਗ ਜਾਣ ਨਾਲ ਸਟੀਕ ਇਲਾਜ ਦੀ ਘਾਟ ’ਚ ਮੌਤਾਂ ਹੁੰਦੀਆਂ ਹੀ ਗਈਆਂ।

ਕੋਰੋਨਾ ਦੇ ਨਾਲ-ਨਾਲ ਦੇਸ਼ ’ਚ ਹੁਣ ‘ਬਲੈਕ ਫੰਗਸ’ ਦੇ ਮਾਮਲੇ ਵਧ ਰਹੇ ਹਨ ਅਤੇ ਭਾਰਤ ਦੇ ਕਈ ਸੂਬਿਆਂ ’ਚ ਇਸ ਨੂੰ ਮਹਾਮਾਰੀ ਐਲਾਨ ਕਰ ਦਿੱਤਾ ਹੈ। ਵਰਨਣਯੋਗ ਹੈ ਕਿ ਕੈਂਸਰ, ਡਾਇਬਟੀਜ਼ ਆਦਿ ਨਾਲ ਪੀੜਤ ਜਾਂ ਲੰਬੇ ਸਮੇਂ ਤੱਕ ਸਟੀਰਾਇਡਸ ਲੈਣ ਵਾਲਿਆਂ ’ਚ ‘ਫੰਗਲ’ ਡਿਜ਼ੀਜ਼ ਹੋਣ ਦੇ ਕਾਰਨ ਰੋਗੀ ਗੰਭੀਰ ਰੂਪ ’ਚ ਬੀਮਾਰ ਹੋ ਜਾਂਦਾ ਹੈ।

ਦੇਸ਼ ’ਚ ਕੋਰੋਨਾ ਰੋਗੀਆਂ ਦੇ ਲਈ ਮੈਡੀਕਲ ਆਕਸੀਜਨ ਦੀ ਘਾਟ ਹੋ ਜਾਣ ਕਾਰਨ ਕੋਰੋਨਾ ਪੀੜਤਾਂ ਨੂੰ ਉਦਯੋਗਾਂ ’ਚ ਵਰਤੀ ਜਾਣ ਵਾਲੀ ਆਕਸੀਜਨ ਦੇਣ ਨਾਲ ਵੀ ਫੰਗਲ ਇਨਫੈਕਸ਼ਨ ਵਧਣ ਦੀ ਗੱਲ ਸਾਹਮਣੇ ਆਈ ਹੈ।

‘ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ’ ਦੇ ਅਨੁਸਾਰ ਕੋਰੋਨਾ ਨਾਲ ਜਾਨ ਗੁਆਉਣ ਵਾਲੇ ਅੱਧੇ ਮਰੀਜ਼ਾਂ ਦੀ ਮੌਤ ਦਾ ਕਾਰਨ ਕੋਰੋਨਾ ਨਾਲ ਸਰੀਰ ਦੀ ਪ੍ਰਤੀਰੱਖਿਆ ਸਮਰੱਥਾ ਕਮਜ਼ੋਰ ਹੋ ਜਾਣ ਨਾਲ ਸਰੀਰ ਦਾ ਹੋਰ ਬੀਮਾਰੀ ਦੀ ਲਪੇਟ ’ਚ ਆ ਜਾਣਾ ਹੈ।

ਕੋਰੋਨਾ ਅਤੇ ਤਰ੍ਹਾਂ-ਤਰ੍ਹਾਂ ਦੇ ਫੰਗਸ ਦੇ ਨਾਲ-ਨਾਲ ਹੁਣ ਇਕ ਹੋਰ ਖਤਰਨਾਕ ਬੀਮਾਰੀ ਦਸਤਕ ਦੇ ਰਹੀ ਹੈ। ਅਫਰੀਕੀ ਦੇਸ਼ ‘ਕਾਂਗੋ’ ’ਚ ਕੋਰੋਨਾ ਨਾਲੋਂ ਵੀ ਵੱਧ ਤੇਜ਼ੀ ਨਾਲ ਜਾਨ ਲੈਣ ਵਾਲੇ ‘ਬਿਊਬੋਨਿਕ ਪਲੇਗ’ ਦੇ ਮਾਮਲੇ ਸਾਹਮਣੇ ਆਏ ਹਨ। ‘ਪਲੇਗ’ ਚੂਹਿਆਂ ਤੋਂ ਫੈਲਦਾ ਹੈ ਅਤੇ ਫਿਰ ਕੀੜਿਆਂ ਦੇ ਜ਼ਰੀਏ ਮਨੁੱਖ ਇਸ ਨਾਲ ਇਨਫੈਕਟਿਡ ਹੁੰਦਾ ਹੈ।

ਅਜੇ ਤੱਕ ਇਸ ਨਾਲ 11 ਵਿਅਕਤੀਆਂ ਦੀ ਮੌਤ ਹੋਈ ਹੈ। ਇਸ ਨੂੰ ‘ਕਾਲੀ ਮੌਤ’ ਜਾਂ ‘ਬਲੈਕ ਡੈੱਥ’ ਵੀ ਕਿਹਾ ਜਾਂਦਾ ਹੈ। ਵਧੇਰੇ ਮ੍ਰਿਤਕਾਂ ਨੂੰ ਪਹਿਲਾਂ ਖੂਨ ਦੀ ਉਲਟੀ ਆਈ।

ਆਸਟ੍ਰੇਲੀਆ ’ਚ ਵੀ ਚੂਹਿਆਂ ਦੇ ਕਾਰਨ ਵੱਡਾ ਖਤਰਾ ਪੈਦਾ ਹੁੰਦਾ ਦਿਖਾਈ ਦੇ ਰਿਹਾ ਹੈ। ਉੱਥੋਂ ਦੇ ਨਿਊ ਸਾਊਥ ਵੇਲਸ ਸੂਬੇ ’ਚ ਲੋਕ ਚੂਹਿਆਂ ਤੋਂ ਪ੍ਰੇਸ਼ਾਨ ਹਨ ਜਿਨ੍ਹਾਂ ਨੇ ਨਾ ਸਿਰਫ ਖੇਤੀਬਾੜੀ ਵਾਲੀ ਜ਼ਮੀਨ ਸਗੋਂ ਘਰਾਂ ’ਤੇ ਵੀ ਧਾਵਾ ਬੋਲ ਦਿੱਤਾ ਹੈ।

ਦਿਹਾਤੀ ਇਲਾਕਿਆਂ ’ਚ ਮਕਾਨਾਂ ਦੀਆਂ ਛੱਤਾਂ ਅਤੇ ਫਰਸ਼ ਦੇ ਕਾਲੀਨਾਂ ਦੇ ਹੇਠਾਂ ਤੱਕ ਤੋਂ ਹਜ਼ਾਰਾਂ ਦੀ ਗਿਣਤੀ ’ਚ ਚੂਹੇ ਝਾਕ ਰਹੇ ਹਨ। ਉਨ੍ਹਾਂ ਵੱਲੋਂ ਬਿਜਲੀ ਦੀਆਂ ਤਾਰਾਂ ਅਤੇ ਹੋਰ ਘਰੇਲੂ ਸਾਮਾਨ ਨੂੰ ਕੁਤਰਨ ਦੀਆਂ ਆਵਾਜ਼ਾਂ ਨੇ ਲੋਕਾਂ ਦਾ ਜੀਣਾ ਮੁਸ਼ਕਲ ਕਰ ਦਿੱਤਾ ਹੈ। ਚੂਹਿਆਂ ਨੇ ਪਿੰਡਾਂ ’ਚ ਵਿਸ਼ਾਲ ਜ਼ਮੀਨ ਦੇ ਹਿੱਸੇ ਨੂੰ ਖੋਦ-ਖੋਦ ਕੇ ਖੋਖਲਾ ਕਰ ਦਿੱਤਾ ਹੈ।

ਇਕ ਕਿਸਾਨ ਦਾ ਕਹਿਣਾ ਹੈ ਕਿ ਉਹ ‘ਬੋਗਨਗੇਟ ਸ਼ਹਿਰ’ ’ਚ ਆਪਣੇ ਪਰਿਵਾਰਕ ਫਾਰਮ ’ਤੇ ਸਬਜ਼ੀਆਂ ਬੀਜ ਕੇ ਬਹੁਤ ਵੱਡਾ ਜੂਆ ਖੇਡ ਰਿਹਾ ਹੈ ਕਿਉਂਕਿ ਚੂਹਿਆਂ ਦੁਆਰਾ ਉਸ ਦੀ ਸਾਰੀ ਫਸਲ ਕੁਤਰ ਜਾਣ ਦਾ ਭਾਰੀ ਖਤਰਾ ਮੌਜੂਦ ਹੈ।

ਨਿਊ ਸਾਊਥ ਵੇਲਸ ਦੇ ਚੋਟੀ ਦੇ ਖੇਤੀਬਾੜੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਪ੍ਰਕੋਪ ਨਾਲ ਆਸਟ੍ਰੇਲੀਆ ਨੂੰ ਸਿਰਫ ਸਰਦੀਆਂ ਦੀ ਫਸਲ ਨਸ਼ਟ ਹੋਣ ਨਾਲ ਘੱਟ ਤੋਂ ਘੱਟ 1 ਅਰਬ ਆਸਟ੍ਰੇਲੀਅਨ ਡਾਲਰ ਦਾ ਘਾਟਾ ਪੈ ਸਕਦਾ ਹੈ।

ਉਕਤ ਘਟਨਾਕ੍ਰਮ ਤਾਂ ਵਿਸ਼ਵ ’ਚ ਮਹਾਮਾਰੀਆਂ ਤੋਂ ਪੈਦਾ ਹੋਣ ਵਾਲੇ ਖਤਰੇ ਦੀ ਇਕ ਛੋਟੀ ਜਿਹੀ ਝਲਕ ਮਾਤਰ ਹੈ ਜਦਕਿ ਅਸਲੀ ਸਥਿਤੀ ਇਸ ਤੋਂ ਕਿਤੇ ਵੱਧ ਡਰਾਉਣੀ ਹੈ ਕਿਉਂਕਿ ਵਿਗਿਆਨੀਆਂ ਦੇ ਅਨੁਸਾਰ ਵਾਯੂਮੰਡਲ ’ਚ ਇਸ ਸਮੇਂ ਤਰ੍ਹਾਂ-ਤਰ੍ਹਾਂ ਦੇ ਅਣਗਿਣਤ ਹਾਨੀਕਾਰਕ ਵਾਇਰਸ ਘੁੰਮ ਰਹੇ ਹਨ।

ਇਸ ਦਰਮਿਆਨ ਨਿਊ ਸਾਊਥ ਵੇਲਸ ਦੇ ਖੇਤੀਬਾੜੀ ਮੰਤਰੀ ‘ਐਡਮ ਮਾਰਸ਼ਲ’ ਦਾ ਕਹਿਣਾ ਹੈ ਕਿ ਜੇਕਰ ਜਲਦੀ ਹੀ ਚੂਹਿਆਂ ਦੀ ਗਿਣਤੀ ’ਤੇ ਕਾਬੂ ਨਾ ਪਾਇਆ ਗਿਆ ਤਾਂ ਨਿਊ ਸਾਊਥ ਵੇਲਸ ਨੂੰ ਗੰਭੀਰ ਆਰਥਿਕ ਅਤੇ ਸਮਾਜਿਕ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਚੂਹਿਆਂ ਦੀ ਵਧਦੀ ਗਿਣਤੀ ’ਤੇ ਕਾਬੂ ਪਾਉਣ ਲਈ ਇਨ੍ਹਾਂ ਨੂੰ ਮਾਰ ਕੇ ਸਹੀ ਢੰਗ ਨਾਲ ਟਿਕਾਣੇ ਲਗਾਉਣ ਦੀ ਲੋੜ ਹੈ।

ਇਸ ਸਮੇਂ ਹਾਲਾਂਕਿ ਸਰਕਾਰ ਦੇ ਯਤਨਾਂ ਤੇ ਟੀਕਾਕਰਨ ਆਦਿ ਦੇ ਕਾਰਨ ਕੋਰੋਨਾ ਮਹਾਮਾਰੀ ਦੇ ਪ੍ਰਕੋਪ ’ਚ ਕੁਝ ਕਮੀ ਹੁੰਦੀ ਦਿਖਾਈ ਦੇ ਰਹੀ ਹੈ ਅਤੇ ‘ਬਲੈਕ ਫੰਗਸ’ ਦੇ ਵੀ ਇਕ ਵਿਅਕਤੀ ਤੋਂ ਦੂਸਰੇ ਵਿਅਕਤੀ ’ਚ ਫੈਲਣ ਦਾ ਖਦਸ਼ਾ ਡਾਕਟਰਾਂ ਨੇ ਖਾਰਿਜ ਕਰ ਦਿੱਤਾ ਹੈ ਪਰ ਇਸ ਦਰਮਿਆਨ ਨਵੇਂ ਖਤਰੇ ਦੇ ਰੂਪ ’ਚ ‘ਪਲੇਗ’ ਨਜ਼ਰ ਆਉਣ ਲੱਗਾ ਹੈ।

ਅਜੇ ਤੱਕ ਤਾਂ ਇਹ ਕਾਂਗੋ ਤੱਕ ਸੀਮਤ ਹੈ ਅਤੇ ਆਸਟ੍ਰੇਲੀਆ ’ਚ ਚੂਹਿਆਂ ਦੀ ਵਧਦੀ ਗਿਣਤੀ ਦੇ ਕਾਰਨ ਇਸ ਦਾ ਖਦਸ਼ਾ ਪੈਦਾ ਹੋ ਰਿਹਾ ਹੈ ਪਰ ਜੇਕਰ ਸਾਡੇ ਖੇਤੀ ਪ੍ਰਧਾਨ ਦੇਸ਼ ’ਚ ਇਹ ਆ ਗਿਆ ਤਾਂ ਜਾਨ-ਮਾਲ ਦੀ ਭਾਰੀ ਹਾਨੀ ਹੋ ਸਕਦੀ ਹੈ।

ਇਸ ਲਈ ਸਮਾਂ ਰਹਿੰਦੇ ਹੀ ਭਾਰਤ ਸਰਕਾਰ ਨੂੰ ਹੁਣ ਤੋਂ ਖਬਰਦਾਰ ਹੋ ਕੇ ਚੂਹਿਆਂ ਦੀ ਆਬਾਦੀ ’ਤੇ ਰੋਕ ਲਗਾਉਣ ਦੇ ਉਪਾਅ ਸ਼ੁਰੂ ਕਰ ਦੇਣੇ ਚਾਹੀਦੇ ਹਨ।

-ਵਿਜੇ ਕੁਮਾਰ


Bharat Thapa

Content Editor

Related News