‘ਕੋਰੋਨਾ ਟੀਕੇ ਨੂੰ ਲੈ ਕੇ ਵਿਵਾਦ’

12/25/2020 2:07:03 AM

ਸਾਰੀ ਦੁਨੀਆ ’ਚ ਪਿਛਲੇ ਲਗਭਗ ਇਕ ਸਾਲ ਤੋਂ ‘ਕੋਰੋਨਾ ਮਹਾਮਾਰੀ’ ਦੇ ਕਾਰਨ ਮਚੇ ਕੋਹਰਾਮ ਦਰਮਿਆਨ ਪਿਛਲੇ ਕੁਝ ਸਮੇਂ ਤੋਂ ਕੋਰੋਨਾ ਦੀ ਵੈਕਸੀਨ ਮੁਹੱਈਆ ਹੋ ਜਾਣ ਕਾਰਨ ਰਾਹਤ ਦੇਣ ਵਾਲੀਅਾਂ ਖਬਰਾਂ ਸਾਹਮਣੇ ਆ ਰਹੀਅਾਂ ਹਨ।

ਅਮਰੀਕਾ, ਯੂ. ਕੇ., ਸੰਯੁਕਤ ਅਰਬ ਅਮੀਰਾਤ ਅਤੇ ਕੁਝ ਹੋਰ ਦੇਸ਼ਾਂ ’ਚ ਮੋਹਰੀ ਦਵਾਈ ਨਿਰਮਾਤਾ ਕੰਪਨੀ ‘ਫਾਈਜ਼ਰ’ ਦਾ ਹੀ ਟੀਕਾ ਲਗਾਇਆ ਜਾ ਰਿਹਾ ਹੈ, ਜਿਸ ਨੂੰ ਸਭ ਤੋਂ ਵਧੀਆ ਮੰਨਿਆ ਜਾ ਰਿਹਾ ਹੈ। ਸਾਊਦੀ ਅਰਬ ਆਦਿ ਦੇਸ਼ ਪਹਿਲਾਂ ਚੀਨ ਅਤੇ ਰੂਸ ਨਿਰਮਿਤ ਟੀਕੇ ਲਗਾ ਰਹੇ ਸਨ ਪਰ ਹੁਣ ਉਨ੍ਹਾਂ ਨੇ ਵੀ ‘ਫਾਈਜ਼ਰ’ ਦਾ ਟੀਕਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ।

ਅਮਰੀਕਾ ਨੇ ਇਸ ਦੀਆਂ 10 ਲੱਖ ਹੋਰ ਖੁਰਾਕਾਂ ਦਾ ਆਰਡਰ ਦੇ ਦਿੱਤਾ ਹੈ ਤਾਂ ਕਿ 30 ਲੱਖ ਲੋਕਾਂ ਨੂੰ ਟੀਕੇ ਲਗਾਏ ਜਾ ਸਕਣ। ਇਸ ਤੋਂ ਇਲਾਵਾ ‘ਮਾਡਰਨਾ’ ਅਤੇ ‘ਐਸਟ੍ਰਾਜੈਨਿਕਾ’ ਕੰਪਨੀਅਾਂ ਦੇ ਟੀਕੇ ਵੀ ਲਗਾਏ ਜਾਣਗੇ।

ਸਾਰੀ ਦੁਨੀਆ ‘ਫਾਈਜ਼ਰ’ ਦੇ ਟੀਕੇ ਨੂੰ ਤਰਜੀਹ ਦੇ ਰਹੀ ਹੈ ਪਰ ਭਾਰਤ ਦਾ ਕਹਿਣਾ ਹੈ ਕਿ ‘ਫਾਈਜ਼ਰ’ ਦੇ ਟੀਕੇ ਦਾ ਏਸ਼ੀਆਈ ਭਾਈਚਾਰੇ ਦੇ ਲੋਕਾਂ ’ਤੇ ਪ੍ਰੀਖਣ ਨਹੀਂ ਕੀਤਾ ਗਿਆ ਹੈ।

ਇਹ ਤਰਕ ਵੀ ਸਾਹਮਣੇ ਆਇਆ ਹੈ ਕਿ ਵਿਦੇਸ਼ੀ ਵੈਕਸੀਨ ਦੇ ਆਉਣ ਨਾਲ ਭਾਰਤੀ ਦਵਾਈ ਨਿਰਮਾਤਾ ਘਾਟੇ ਦੀ ਸਥਿਤੀ ’ਚ ਰਹਿਣਗੇ ਇਸ ਲਈ ਭਾਰਤ ਸਰਕਾਰ ਕੁਝ ਦੁਚਿੱਤੀ ’ਚ ਸੀ। ਹੁਣ ਇਹ ਕਿਹਾ ਜਾ ਰਿਹਾ ਹੈ ਕਿ ‘ਫਾਈਜ਼ਰ’ ਦੇ ਨਾਲ-ਨਾਲ ‘ਐਸਟ੍ਰਾਜੈਨਿਕਾ’ ਅਤੇ ਰੂਸੀ ‘ਸਪੁਤਨਿਕ’ ਦਾ ਟੀਕਾ ਵੀ ਮੰਗਵਾਇਆ ਜਾਵੇਗਾ ਪਰ ਜ਼ਿਆਦਾ ਵਰਤੋਂ ਭਾਰਤ ਵਿਚ ਬਣੇ ਟੀਕੇ ਦੀ ਹੋਵੇਗੀ।

ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਇਸ ਦਾ ਆਰਡਰ ਦਿੱਤਾ ਗਿਆ ਹੈ ਜਾਂ ਨਹੀਂ ਅਤੇ ਜੇਕਰ ਨਹੀਂ ਦਿੱਤਾ ਗਿਆ ਹੈ ਤਾਂ ਆਰਡਰ ਦੇਣ ’ਤੇ ਇਸ ਦੇ ਆਉਣ ’ਚ ਯਕੀਨੀ ਤੌਰ ’ਤੇ 3-4 ਮਹੀਨੇ ਦਾ ਸਮਾਂ ਲੱਗੇਗਾ ਜਿਸ ਨਾਲ ਯਕੀਨਨ ਹੀ ਵੈਕਸੀਨੇਸ਼ਨ ਦਾ ਕੰਮ ਪ੍ਰਭਾਵਿਤ ਹੋਵੇਗਾ।

ਅਜੇ ਤਕ 3 ਕੰਪਨੀਅਾਂ ਨੇ ਦੇਸ਼ ਦੀ ਦਵਾਈਆਂ ਦੀ ਰੈਗੂਲੇਟਰੀ ‘ਸੈਂਟਰਲ ਡਰੱਗਸ ਸਟੈਂਡਰਡ ਕੰਟਰੋਲ ਆਰਗੇਨਾਈਜ਼ਸ਼ਨ’ (ਸੀ. ਡੀ. ਐੱਸ. ਸੀ. ਓ.) ਦੇ ਕੋਲ ਆਪਣੇ ਟੀਕੇ ਦੀ ਵਰਤੋਂ ਦੀ ਇਜਾਜ਼ਤ ਦੇਣ ਲਈ ਿਬਨੈ ਕੀਤਾ ਹੈ।

ਇਨ੍ਹਾਂ ’ਚੋਂ ‘ਸੀਰਮ ਇੰਸਟੀਚਿਊਟ’ ਆਕਸਫੋਰਡ ਯੂਨੀਵਰਸਿਟੀ ਵਲੋਂ ਵਿਕਸਿਤ ਦਵਾਈ ਨਿਰਮਾਤਾ ਕੰਪਨੀ ‘ਐਸਟ੍ਰਾਜੈਨਿਕਾ’ ਦੇ ਨਾਲ ਮਿਲ ਕੇ ਵੈਕਸੀਨ ਤਿਆਰ ਕਰੇਗੀ ਜਦਕਿ ਬਿਨੈ ਕਰਨ ਵਾਲੀ ਤੀਸਰੀ ਕੰਪਨੀ ‘ਭਾਰਤ ਬਾਇਓਟੈੱਕ’ ਹੈ ਜੋ ਦੇਸ਼ ’ਚ 25 ਸਥਾਨਾਂ ’ਤੇ 26,000 ਲੋਕਾਂ ’ਤੇ ਟੀਕੇ ਦਾ ਤੀਸਰੇ ਪੜਾਅ ਦਾ ਟ੍ਰਾਇਲ ਕਰ ਰਹੀ ਹੈ। ‘ਕੋਵੈਕਸੀਨ’ ਨਾਂ ਦਾ ਇਹ ਟੀਕਾ ‘ਭਾਰਤ ਬਾਇਓਟੈੱਕ’ ਨੇ ‘ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ’ ਦੇ ਨਾਲ ਮਿਲ ਕੇ ਤਿਆਰ ਕੀਤਾ ਹੈ।

ਅਜਿਹਾ ਮੰਨਿਆ ਜਾ ਰਿਹਾ ਹੈ ਕਿ ਭਾਰਤ ਸਰਕਾਰ ਨੇ ਟੀਕੇ ਦੇ ਆਉਣ ’ਤੇ ਇਸ ਦੀ ਵੰਡ ਦੀ ਯੋਜਨਾ ਤਿਆਰ ਕਰ ਲਈ ਹੈ।

ਇਸ ਦੇ ਇਲਾਵਾ ਜੋ ਦੂਸਰਾ ਪ੍ਰੇਸ਼ਾਨ ਕਰਨ ਵਾਲਾ ਤੱਥ ਸਾਹਮਣੇ ਆਇਆ ਹੈ ਉਹ ਹੈ ਕੋਰੋਨਾ ਟੀਕਾ ਲਗਵਾਉਣ ਨੂੰ ਲੈ ਕੇ ਧਾਰਮਿਕ ਲੋਕਾਂ ਦੀ ਦਖਲਅੰਦਾਜ਼ੀ। ਹਾਲਾਂਕਿ ਅਧਿਕਾਰਕ ਤੌਰ ’ਤੇ ਕੁਝ ਵੀ ਦੱਸਿਆ ਨਹੀਂ ਗਿਆ ਹੈ ਕਿ ਇਸ ਟੀਕੇ ਦੇ ਨਿਰਮਾਣ ’ਚ ਕਿਹੜੇ ਤੱਤਾਂ ਦੀ ਵਰਤੋਂ ਕੀਤੀ ਗਈ ਹੈ ਪਰ ਕੁਝ ਇਸਲਾਮਿਕ ਦੇਸ਼ਾਂ ’ਚ ਇਸ ਦੇ ‘ਹਰਾਮ’ ਅਤੇ ‘ਹਲਾਲ’ ਹੋਣ ਨੂੰ ਲੈ ਕੇ ਬਹਿਸ ਛਿੜ ਗਈ ਹੈ ਅਤੇ ਇਸ ਦੇ ਬਾਈਕਾਟ ਦੀ ਗੱਲ ਕਹੀ ਜਾ ਰਹੀ ਹੈ।

ਇਸੇ ਤਰ੍ਹਾਂ ‘ਅਖਿਲ ਭਾਰਤੀ ਹਿੰਦੂ ਸਭਾ’ ਦੇ ਪ੍ਰਧਾਨ ਸਵਾਮੀ ਚਕਰਪਾਣੀ ਮਹਾਰਾਜ ਨੇ ਕਿਹਾ ਹੈ ਕਿ ਸਰਕਾਰ ਨੂੰ ਇਸ ਦੇ ਨਿਰਮਾਣ ’ਚ ਵਰਤੇ ਤੱਤਾਂ ਦੀ ਸੂਚੀ ਜਾਰੀ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਅਮਰੀਕਾ ’ਚ ਗਾਂ ਦੇ ਖੂਨ ਨਾਲ ਬਣੇ ਕੋਵਿਡ-19 ਦੇ ਟੀਕੇ ਦੀ ਭਾਰਤ ’ਚ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ। ਉਨ੍ਹਾਂ ਨੇ ਇਸ ਨੂੰ ਹਿੰਦੂ ਧਰਮ ਨੂੰ ਨਸ਼ਟ ਕਰਨ ਦੀ ਇਕ ਸਾਜ਼ਿਸ਼ ਕਰਾਰ ਦਿੱਤਾ ਹੈ।

ਇਸ ਸਮੇਂ ਜਦਕਿ ਕੋਰੋਨਾ ਨਾਲ ਇੰਨੀ ਵੱਡੀ ਗਿਣਤੀ ’ਚ ਮੌਤਾਂ ਹੋ ਰਹੀਅਾਂ ਹਨ ਅਤੇ ਸਾਰੀ ਦੁਨੀਆ ਦੀਅਾਂ ਸਰਕਾਰਾਂ ਮੌਤਾਂ ਨੂੰ ਰੋਕਣ ਲਈ ਸਾਰਿਅਾਂ ਨੂੰ ਟੀਕਾ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹਨ, ਅਜਿਹਾ ਆਚਰਣ ਕਿਸੇ ਵੀ ਤਰ੍ਹਾਂ ਉਚਿਤ ਨਹੀਂ ਹੈ ਕਿਉਂਕਿ ਹਰੇਕ ਵਿਅਕਤੀ ਦਾ ਆਪਣਾ ਵੱਖਰਾ ਕਾਰਜਖੇਤਰ ਹੁੰਦਾ ਹੈ ਅਤੇ ਉਸ ਨੂੰ ਦੂਸਰਿਅਾਂ ਦੇ ਕਾਰਜਖੇਤਰ ’ਚ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ।

ਅਤੀਤ ’ਚ ਵੀ ਰੋਗਾਂ ਅਤੇ ਉਨ੍ਹਾਂ ਦੇ ਇਲਾਜ ਨੂੰ ਲੈ ਕੇ ਇਸ ਤਰ੍ਹਾਂ ਦੇ ਵਿਵਾਦ ਰੂੜੀਵਾਦੀ ਲੋਕਾਂ ਵਲੋਂ ਖੜ੍ਹੇ ਕੀਤੇ ਜਾਂਦੇ ਰਹੇ ਹਨ। ਜਦੋਂ ਪੋਲੀਓ ਦਾ ਟੀਕਾ ਆਇਆ ਸੀ ਉਦੋਂ ਵੀ ਦੁਨੀਆ ਦੇ ਹਰੇਕ ਹਿੱਸਿਅਾਂ ’ਚ ਅਜਿਹੀ ਸਥਿਤੀ ਪੈਦਾ ਹੋ ਗਈ ਸੀ। ਅੱਜ ਵੀ ਪਾਕਿਸਤਾਨ ’ਚ ਵੱਡੀ ਗਿਣਤੀ ’ਚ ਬੱਚਿਅਾਂ ਨੂੰ ਪੋਲੀਓ ਦਾ ਟੀਕਾ ਲਗਾਉਣ ਦੀ ਇਜਾਜ਼ਤ ਰੂੜੀਵਾਦੀ ਤੱਤ ਨਹੀਂ ਦੇ ਰਹੇ।

ਇਸ ਲਈ ਸਸਤੀ ਸ਼ੋਹਰਤ ਲਈ ਆਪਣੀਆਂ ਸ਼ਸ਼ੋਪੰਜ ਪੈਦਾ ਕਰਨ ਵਾਲੀਆਂ ਧਾਰਨਾਵਾਂ ਬਣਾ ਲੈਣਾ ਗਲਤ ਹੈ। ਸਭ ਕੁਝ ਜਾਂਚ-ਪਰਖ ਦੇ ਬਾਅਦ ਹੀ ਇਸ ਤਰ੍ਹਾਂ ਦੀ ਕੋਈ ਗੱਲ ਕਹਿਣੀ ਚਾਹੀਦੀ ਹੈ। ਇਹ ਗੱਲ ਵੀ ਧਿਆਨ ਰੱਖਣ ਵਾਲੀ ਹੈ ਕਿ ਆਪਣੇ ਬਚਾਅ ਦੇ ਲਈ ਟੀਕਾ ਲਗਵਾਉਣਾ ਸਾਡੀ ਇੱਛਾ ’ਤੇ ਨਿਰਭਰ ਕਰਦਾ ਹੈ, ਇਸ ਲਈ ਇਸ ਦੇ ਬਾਈਕਾਟ ਦਾ ਸੱਦਾ ਦੇਣ ਦੀ ਉਂਝ ਵੀ ਕੋਈ ਤੁਕ ਨਹੀਂ ਬਣਦੀ।

ਇਸ ਲਈ ਸਾਡਾ ਧਿਆਨ ਵਿਗਿਆਨਿਕ ਤੱਥਾਂ ’ਤੇ ਕੇਂਦਰਿਤ ਹੋਣਾ ਚਾਹੀਦਾ ਹੈ ਨਾ ਕਿ ਬਿਨਾਂ ਕਿਸੇ ਵਿਗਿਆਨਿਕ ਆਧਾਰ ਦੇ ਤਰਕਹੀਣ ਗੱਲਾਂ ਰਾਹੀਂ ਲੋਕਾਂ ਨੂੰ ਗੁੰਮਰਾਹ ਕੀਤਾ ਜਾਵੇ। ਇਹ ਪੂਰੀ ਤਰ੍ਹਾਂ ਵਿਗਿਆਨ ਦਾ ਮਾਮਲਾ ਹੈ।


Bharat Thapa

Content Editor

Related News