ਸਾਡੇ ਕਈ ਨੇਤਾ ਅਤੇ ਮਾਣਯੋਗ ਕਰ ਰਹੇ ਆਪਣੇ ਕੰਮਾਂ ਨਾਲ ਵਿਵਾਦ ਪੈਦਾ
Sunday, Sep 05, 2021 - 03:18 AM (IST)

ਉਂਝ ਤਾਂ ਸਿਆਸਤਦਾਨਾਂ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਲੋਕਾਂ ਦੀਆਂ ਮੁਸ਼ਕਲਾਂ ਦੂਰ ਕਰਨਗੇ ਪਰ ਅੱਜ ਇਨ੍ਹਾਂ ’ਚੋਂ ਹੀ ਸਾਡੇ ਕਈ ਮਾਣਯੋਗ ਅਜਿਹਾ ਕਰਨ ਕਰਨ ਦੀ ਬਜਾਏ ਮੁਸ਼ਕਲਾਂ ਵਧਾ ਰਹੇ ਹਨ :
* 15 ਜੂਨ ਨੂੰ ਰਾਜਸਥਾਨ ਦੀ ਅਾਜ਼ਾਦ ਵਿਧਾਇਕਾ ‘ਰਮੀਲਾ ਖਡਿਆਰ’ ’ਤੇ ਬਾਂਸਵਾੜਾ ’ਚ ਤਾਇਨਾਤ ਇਕ ਪੁਲਸ ਮੁਲਾਜ਼ਮ ਨੇ ਉਸ ਨੂੰ ਭਲਾ-ਬੁਰਾ ਕਹਿਣ ਅਤੇ ਥੱਪੜ ਮਾਰਨ ਦਾ ਦੋਸ਼ ਲਗਾਇਆ।
* 24 ਜੁਲਾਈ ਨੂੰ ਭਾਜਪਾ ਵਿਧਾਇਕ ਪੂਰਨ ਪ੍ਰਕਾਸ਼ ਨੇ ਮਥੁਰਾ ਜ਼ਿਲੇ ’ਚ ‘ਮਹੁਅਨ’ ਟੋਲ ਪਲਾਜ਼ਾ ’ਤੇ ਹੰਗਾਮਾ ਕੀਤਾ ਅਤੇ ਇਕ ਕਰਮਚਾਰੀ ਨੂੰ ਥੱਪੜ ਜੜ ਦਿੱਤਾ।
* 8 ਅਗਸਤ ਨੂੰ ਉੱਤਰ ਪ੍ਰਦੇਸ਼ ’ਚ ਕੌਸ਼ਾਂਬੀ ਜ਼ਿਲੇ ਦੇ ‘ਕੋਖਰਾਜ ਖੇਤਰ’ ਦੇ ਸੰਦੀਪਨ ਆਸ਼ਰਮ ’ਚ ਰਹਿਣ ਵਾਲੇ ਮਹੰਤ ਸੱਤਿਆ ਨਾਰਾਇਣ ਦਾਸ ਨੇ ਜ਼ਿਲਾ ਅਧਿਕਾਰੀ ਨੂੰ ਦਿੱਤੀ ਸ਼ਿਕਾਇਤ ’ਚ ਦੋਸ਼ ਲਗਾਇਆ ਕਿ ‘ਚਾਇਲ’ ਦੇ ਭਾਜਪਾ ਵਿਧਾਇਕ ਸੰਜੇ ਕੁਮਾਰ ਗੁਪਤਾ ਨੇ ਉਨ੍ਹਾਂ ਦੇ ਆਸ਼ਰਮ ’ਚ ਆ ਕੇ ਸਾਮਾਨ ਇਧਰ-ਓਧਰ ਸੁੱਟ ਦਿੱਤਾ ਅਤੇ ਉਨ੍ਹਾਂ ਨੂੰ ਆਸ਼ਰਮ ਜਲਦੀ ਛੱਡ ਕੇ ਚਲੇ ਜਾਣ ਲਈ ਧਮਕਾਇਆ।
* 17 ਅਗਸਤ ਨੂੰ ਮਹਾਰਾਸ਼ਟਰ ਦੀ ਇਕ ਅਦਾਲਤ ਨੇ ‘ਮੋਰਸ਼ੀ’ ਤੋਂ ‘ਸਵਾਭਿਮਾਨ ਪਕਸ਼’ ਪਾਰਟੀ ਦੇ ਵਿਧਾਇਕ ਦੇਵੇਂਦਰ ਭੁਯਾਰ ਨੂੰ ਇਕ ਤਹਿਸੀਲਦਾਰ ਨੂੰ ਗਾਲ੍ਹਾਂ ਕੱਢਣ ਦਾ ਦੋਸ਼ੀ ਠਹਿਰਾਉਂਦੇ ਹੋਏ 3 ਮਹੀਨੇ ਕੈਦ ਅਤੇ 15,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ।
* 19 ਅਗਸਤ ਨੂੰ ਛੱਤੀਸਗੜ੍ਹ ’ਚ ਬਲਰਾਮਪੁਰ ਜ਼ਿਲੇ ’ਚ ਉਪ ਜ਼ਿਲਾ ਅਧਿਕਾਰੀ ਪ੍ਰਫੁੱਲ ਰਜਕ ਨੇ ਦੋਸ਼ ਲਗਾਇਆ ਕਿ ਕਾਂਗਰਸ ਵਿਧਾਇਕ ਬ੍ਰਹਸਪਤ ਸਿੰਘ ਨੇ ਉਸ ਨੂੰ ਮਾਂ-ਭੈਣ ਦੀਆਂ ਗਾਲ੍ਹਾਂ ਕੱਢੀਆਂ ਅਤੇ ਜੁੱਤੀ ਮਾਰਨ ਦੀ ਧਮਕੀ ਦਿੱਤੀ।
* 27 ਅਗਸਤ ਨੂੰ ਰਾਜਸਥਾਨ ਦੇ ਖਾਜੂਵਾਲ ਤੋਂ ਕਾਂਗਰਸ ਵਿਧਾਇਕ ਗੋਵਿੰਦ ਮੇਘਵਾਲ ਨੇ ਇਕ ਨੌਜਵਾਨ ਨੂੰ ਭਾਜਪਾ ਦਾ ਦੱਸਦੇ ਹੋਏ ਨਾ ਸਿਰਫ ਗੰਦੀਆਂ-ਗੰਦੀਆਂ ਗਾਲ੍ਹਾਂ ਕੱਢੀਆਂ ਸਗੋਂ ਥਾਣੇ ’ਚ ਬੰਦ ਕਰਵਾਉਣ ਦੀ ਧਮਕੀ ਦੇ ਕੇ ਪੁਲਸ ਦੇ ਹਵਾਲੇ ਕਰ ਦਿੱਤਾ।
* ਅਤੇ ਹੁਣ 2 ਸਤੰਬਰ ਨੂੰ ‘ਰਾਜਧਾਨੀ ਐਕਸਪ੍ਰੈੱਸ’ ’ਚ ਨਵੀਂ ਦਿੱਲੀ ਜਾ ਰਹੇ ਜਦ (ਯੂ) ਦੇ ਵਿਧਾਇਕ ਨਰਿੰਦਰ ਕੁਮਾਰ ਨੀਰਜ ਉਰਫ ਗੋਪਾਲ ਮੰਡਲ ਨੇ ਪਟਨਾ ਤੋਂ ਗੱਡੀ ਚੱਲਦੇ ਹੀ ਕੱਪੜੇ ਉਤਾਰ ਕੇ ਬੁਨੈਣ ਅਤੇ ਅੰਡਰਵੀਅਰ ’ਚ ਵਾਰ-ਵਾਰ ਡੱਬੇ ਦੇ ਇਕ ਪਾਸੇ ਤੋਂ ਦੂਜੇ ਪਾਸੇ ਤੱਕ ਚੱਕਰ ਲਗਾਉਣੇ ਸ਼ੁਰੂ ਕਰ ਦਿੱਤੇ ਅਤੇ ਮੁਸਾਫਰਾਂ ਦੁਆਰਾ ਇਤਰਾਜ਼ ਕਰਨ ’ਤੇ ਉਲਟਾ ਉਨ੍ਹਾਂ ’ਤੇ ਹੀ ਧੌਂਸ ਜਮਾਉਣ ਲੱਗਾ।
ਬਾਅਦ ’ਚ ਉਸ ਨੇ ਨਵੀਂ ਦਿੱਲੀ ਰੇਲਵੇ ਪੁਲਸ ’ਚ ਦਰਜ ਕਰਵਾਈ ਸ਼ਿਕਾਇਤ ’ਚ ਮੁਸਾਫਰਾਂ ’ਤੇ ਉਸ ਨਾਲ ਘਟੀਆ ਸਲੂਕ ਕਰਨ, ਗਾਲ੍ਹਾਂ ਕੱਢਣ ਅਤੇ ਉਸ ਦੀ ਸੋਨੇ ਦੀ ਚੇਨ ਖੋਹ ਲੈਣ ਦਾ ਦੋਸ਼ ਲਗਾਇਆ।
ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਲਗਭਗ ਸਾਰੀਆਂ ਪਾਰਟੀਆਂ ’ਚ ਅਜਿਹੇ ਤੱਤ ਮੌਜੂਦ ਹਨ। ਗਲਤ ਰਵਾਇਤ ਨੂੰ ਜਨਮ ਦੇਣ ਵਾਲਾ ਇਹ ਇਕ ਖਤਰਨਾਕ ਰੁਝਾਨ ਹੈ। ਜੇਕਰ ਇਸ ਨੂੰ ਨਾ ਰੋਕਿਆ ਗਿਆ ਤਾਂ ਆਮ ਲੋਕ ਵੀ ਇਨ੍ਹਾਂ ਦੇ ਹੀ ਵਾਂਗ ਕਾਨੂੰਨ ਹੱਥ ’ਚ ਲੈਣ ਲੱਗਣਗੇ ਅਤੇ ਇਸ ਦਾ ਨਤੀਜਾ ਸਾਰੀਆਂ ਧਿਰਾਂ ਲਈ ਦੁਖਦਾਈ ਹੋਵੇਗਾ। ਇਸ ਲਈ ਅਜਿਹਾ ਆਚਰਣ ਕਰਨ ਵਾਲਿਆਂ ਦੇ ਵਿਰੁੱਧ ਸਖਤ ਕਾਰਵਾਈ ਕਰਨੀ ਜ਼ਰੂਰੀ ਹੈ।
-ਵਿਜੇ ਕੁਮਾਰ