ਫੌਜ ਦੇ ਹੈਲੀਕਾਪਟਰਾਂ ਦੇ ਲਗਾਤਾਰ ਹਾਦਸੇ, ‘ਸੁਰੱਖਿਆ ਆਡਿਟ ਦੀ ਲੋੜ’

Sunday, Oct 23, 2022 - 02:39 AM (IST)

ਫੌਜ ਵਿਚ ਹੈਲੀਕਾਪਟਰਾਂ ਦੀ ਭੂਮਿਕਾ ਬਹੁਤ ਹੀ ਮਹੱਤਵਪੂਰਨ ਹੁੰਦੀ ਹੈ, ਜੋ ਫੌਜੀ ਕਾਰਵਾਈਆਂ, ਸਾਮਾਨ ਆਦਿ ਪਹੁੰਚਾਉਣ ਅਤੇ ਫੌਜੀਆਂ ਦੇ ਆਉਣ-ਜਾਣ ਦੇ ਲਈ ਵਰਤੋਂ ਵਿਚ ਲਿਆਂਦੇ ਜਾਂਦੇ ਹਨ। 
ਭਾਰਤੀ ਫੌਜ ਵਿਚ 9 ਕਿਸਮ ਦੇ  ਲੜਾਕੂ ਹੈਲੀਕਾਪਟਰਾਂ ਦੇ ਇਲਾਵਾ ਹੋਰ ਹੈਲੀਕਾਪਟਰ ਵੀ ਹਨ, ਜਿਨ੍ਹਾਂ ਵਿਚੋਂ ਕੁਝ ਦੇਸ਼ ਵਿਚ ਵਿਕਸਿਤ ਕੀਤੇ ਗਏ ਹਨ, ਜਦਕਿ ਕੁਝ ਦਾ ਨਿਰਮਾਣ ਅਮਰੀਕੀ ਅਤੇ ਰੂਸੀ  ਕੰਪਨੀਆਂ ਨੇ ਕੀਤਾ ਹੈ ਪਰ ਵਾਰ-ਵਾਰ ਹਾਦਸਾਗ੍ਰਸਤ ਹੋਣ ਨਾਲ ਇਨ੍ਹਾਂ ਦੀ ਸੁਰੱਖਿਆ ’ਤੇ ਸਵਾਲ ਉੱਠਣ ਲੱਗੇ ਹਨ :

* 3 ਅਗਸਤ, 2021 ਨੂੰ ‘ਰੁਦਰ’ ਹੈਲੀਕਾਪਟਰ ਰਣਜੀਤ ਸਾਗਰ ਡੈਮ ਵਿਚ ਹਾਦਸਾਗ੍ਰਸਤ ਹੋਣ ਦੇ ਨਤੀਜੇ ਵਜੋਂ 2 ਫੌਜੀ ਅਧਿਕਾਰੀਆਂ ਦੀ ਮੌਤ ਹੋ ਗਈ।
* 21 ਸਤੰਬਰ, 2021 ਨੂੰ ਜੰਮੂ-ਕਸ਼ਮੀਰ ’ਚ ਪਤਨੀ ਟਾਪ ਦੇ ਨੇੜੇ ਸਿੰਗਲ ਇੰਜਣ ਵਾਲੇ ‘ਚੀਤਾ’ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਨਾਲ ਮੇਜਰ ਰੋਹਿਤ ਕੁਮਾਰ ਅਤੇ ਮੇਜਰ ਅਨੁਜ ਰਾਜਪੂਤ ਸ਼ਹੀਦ ਹੋ ਗਏ। 
* 8 ਦਸੰਬਰ, 2021 ਨੂੰ ‘ਚੀਫ ਆਫ ਡਿਫੈਂਸ ਸਟਾਫ’ ਜਨਰਲ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਨੂੰ ਲੈ ਕੇ ਜਾ ਰਿਹਾ ਹੈਲੀਕਾਪਟਰ ਹਾਦਸਾਗ੍ਰਸਤ ਹੋ ਜਾਣ ਦੇ ਨਤੀਜੇ ਵਜੋਂ ਜਨਰਲ ਰਾਵਤ ਅਤੇ ਉਨ੍ਹਾਂ ਦੀ ਪਤਨੀ ਸਮੇਤ ਕੁੱਲ 14 ਵਿਅਕਤੀਆਂ ਦੀ ਮੌਤ ਹੋ ਗਈ। 
* 11 ਮਾਰਚ, 2022 ਨੂੰ ਗੁਰੇਜ ਸੈਕਟਰ ’ਚ ਫੌਜ ਦਾ ਇਕ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਦੇ ਕਾਰਨ ਇਕ ਮੇਜਰ ਦੀ ਜਾਨ ਚਲੀ ਗਈ।
*  5 ਅਕਤੂਬਰ, 2022 ਨੂੰ ਅਰੁਣਾਚਲ ਪ੍ਰਦੇਸ਼ ’ਚ ‘ਤਵਾਂਗ’ ਦੇ ਨੇੜੇ ਮੋਹਰਲੇ ਇਲਾਕੇ ’ਚ ਇਕ ਹੈਲੀਕਾਪਟਰ ’ਚ ਅਚਾਨਕ ਖਰਾਬੀ ਆ ਜਾਣ ਦੇ ਕਾਰਨ ਹਾਦਸਾਗ੍ਰਸਤ ਹੋਣ ਨਾਲ ਇਕ ਪਾਇਲਟ ਦੀ ਮੌਤ ਅਤੇ ਦੂਜਾ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। 
 * ਅਤੇ ਹੁਣ 21 ਅਕਤੂਬਰ ਨੂੰ ਫੌਜ ਦਾ ਇਕ ‘ਐਡਵਾਂਸਡ ਲਾਈਟ ਹੈਲੀਕਾਪਟਰ (ਏ. ਐੱਲ. ਐੱਚ.) ਡਬਲਿਊ. ਏ. ਐੱਸ. ਆਈ. ਰੁਦਰ-4’ ਅਰੁਣਾਚਲ ਪ੍ਰਦੇਸ਼ ਦੇ ਔਖੇ ਸਿਆਂਗ ਜ਼ਿਲੇ ਦੇ ਮਿੰਗਿੰਗ ’ਚ ਉਡਾਣ ਦੇ ਦੌਰਾਨ ਹਾਦਸਾਗ੍ਰਸਤ ਹੋ ਜਾਣ ਨਾਲ ਉਸ ’ਚ ਸਵਾਰ ਪੰਜਾਂ ਜਵਾਨਾਂ ਦੀ ਮੌਤ ਹੋ ਗਈ।
 ਅਸਾਮ ਦੇ ਤੇਜਪੁਰ ਸਥਿਤ ਫੌਜ ਦੇ ਬੁਲਾਰੇ ਲੈਫਟੀਨੈਂਟ ਕਰਨਲ ਏ. ਐੱਸ. ਵਾਲੀਆ ਦੇ ਅਨੁਸਾਰ ‘‘ਇਹ ਹਾਦਸਾ ਚੀਨ ਸਰਹੱਦ ਤੋਂ ਲਗਭਗ 35 ਕਿ. ਮੀ. ਦੂਰ ਸੰਘਣੇ ਪਹਾੜੀ ਇਲਾਕੇ ’ਚ ਹੋਇਆ। ਇਸ  ਹੈਲੀਕਾਪਟਰ ਨੇ 2 ਪਾਇਲਟਾਂ ਸਮੇਤ 5 ਜਵਾਨਾਂ ਦੇ ਨਾਲ ਲੇਕਾਬਲੀ ਤੋਂ ਨਿਯਮਿਤ ਅਭਿਆਸ ਉਡਾਣ ਭਰੀ ਸੀ। ਸਵੇਰੇ 10.43 ਵਜੇ ਜ਼ਿਲਾ ਮੁੱਖ ਦਫਤਰ ਟੂਟਿੰਗ ਤੋਂ ਲਗਭਗ 25 ਕਿ. ਮੀ. ਦੱਖਣ ’ਚ ਮਿੰਗਿੰਗ ਇਲਾਕੇ ’ਚ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋਇਆ।’’
ਇਹ ਪਹਿਲਾ ਸਵਦੇਸ਼ੀ ਹਥਿਆਰਬੰਦ ਹੈਲੀਕਾਪਟਰ ਹੈ, ਜਿਸ ਦਾ ਨਿਰਮਾਣ ‘ਹਿੰਦੁਸਤਾਨ ਐਰੋਨਾਟਿਕਸ ਲਿਮਟਿਡ’ (ਐੱਚ. ਏ. ਐੱਲ.) ਨੇ ਕੀਤਾ ਹੈ। ਇਸ ਨੂੰ ਵਿਸ਼ੇਸ਼ ਤੌਰ ’ਤੇ ਭਾਰਤੀ ਫੌਜ ਦੇ ਲਈ ਜੰਗੀ ਹੈਲੀਕਾਪਟਰ ਦੇ ਤੌਰ ’ਤੇ ਤਿਆਰ ਕੀਤਾ ਗਿਆ ਹੈ। 
ਵਰਨਣਯੋਗ ਹੈ ਕਿ ‘ਹਿੰਦੁਸਤਾਨ ਐਰੋਨਾਟਿਕਸ ਲਿਮਟਿਡ’ ਵਲੋਂ ਤਿਆਰ 5.8 ਟਨ ਦਾ ਇਹ ਹੈਲੀਕਾਪਟਰ ਭਾਰਤ ਵਲੋਂ ਆਪਣੇ ਮਿੱਤਰ ਦੇਸ਼ਾਂ ਨੂੰ ਵੀ ਵੇਚਿਆ ਜਾ ਰਿਹਾ ਹੈ। ਇਹ ਹੈਲੀਕਾਪਟਰ ਵਿਸ਼ੇਸ਼ ਤੌਰ ’ਤੇ ਚੀਨ ਦੇ ਨਾਲ ਲੱਗਦੀ ਸਰਹੱਦ ਦੇ ਨਾਲ ਨਾਜ਼ੁਕ ਇਲਾਕਿਆਂ ’ਚ ਤਾਇਨਾਤ ਕੀਤੇ ਗਏ ਹਨ। 
ਅਰੁਣਾਚਲ ਪ੍ਰਦੇਸ਼ ’ਚ ਇਸ ਮਹੀਨੇ ਦੂਜੀ ਵਾਰ ਕੋਈ ਫੌਜੀ ਹੈਲੀਕਾਪਟਰ ਹਾਦਸਾਗ੍ਰਸਤ ਹੋਇਆ ਹੈ। ਇਸ ਤੋਂ ਪਹਿਲਾਂ 5 ਅਕਤੂਬਰ ਨੂੰ ‘ਤਵਾਂਗ’ ਜ਼ਿਲੇ ’ਚ ਇਕ ‘ਚੀਤਾ’ ਹੈਲੀਕਾਪਟਰ ਹਾਦਸਾਗ੍ਰਸਤ ਹੋ  ਗਿਆ ਸੀ। ਇਸ ’ਚ ਸਵਾਰ ਦੋ ’ਚੋਂ ਇਕ ਪਾਇਲਟ ਸ਼ਹੀਦ ਹੋਇਆ ਸੀ। 
ਫੌਜ ਦੇ ਹੈਲੀਕਾਪਟਰਾਂ ਦਾ ਲਗਾਤਾਰ ਇਸ ਤਰ੍ਹਾਂ ਹਾਦਸਾਗ੍ਰਸਤ ਹੋਣਾ ਯਕੀਨੀ ਤੌਰ ’ਤੇ ਚਿੰਤਾ ਦਾ ਵਿਸ਼ਾ ਹੈ, ਜਿਸ ਨੂੰ ਦੇਖਦੇ ਹੋਏ ਇਨ੍ਹਾਂ ਦਾ ਸੁਰੱਖਿਆ ਆਡਿਟ ਅਤੇ ਚਾਲਕ ਦਲ ਦੇ ਮੈਂਬਰਾਂ ਦੀ ਵਿਧੀਵਤ ਸਿਖਲਾਈ ਯਕੀਨੀ ਬਣਾਉਣ ਦੀ ਲੋੜ ਹੈ। 
ਇਹ ਵੀ ਕਿਹਾ ਜਾਂਦਾ ਹੈ ਕਿ ਫੌਜ ਦੇ ਕਈ ਹੈਲੀਕਾਪਟਰ ਪੁਰਾਣੇ ਹੋ ਚੁੱਕੇ ਹਨ, ਜਿਨ੍ਹਾਂ ਨੂੰ ਬਦਲਣ ਦਾ ਮਾਮਲਾ ਕਾਫੀ ਸਮੇਂ ਤੋਂ ਲਟਕਦਾ ਆ ਰਿਹਾ ਹੈ। ਇਸ ਲਈ ਇਸ ਮਾਮਲੇ ’ਚ ਵੀ ਤੇਜ਼ੀ ਲਿਆਉਣ ਦੀ ਲੋੜ ਹੈ।
ਇਸ ਸਬੰਧ ’ਚ ਪਾਈਆਂ ਜਾਣ ਵਾਲੀਆਂ ਸੁਰੱਖਿਆ ਅਤੇ ਸਿਖਲਾਈ ਸਬੰਧੀ ਖਾਮੀਆਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਇਸ ਤਰ੍ਹਾਂ ਦੇ ਹਾਦਸਿਆਂ ’ਚ ਸ਼ਹੀਦ ਹੋਣ ਵਾਲੇ ਫੌਜ ਦੇ ਜਵਾਨਾਂ ਦੇ ਪ੍ਰਾਣ ਵੀ ਬਚ ਸਕਣ ਅਤੇ ਨਾਲ ਹੀ ਵਿੱਤੀ ਹਾਨੀ ਤੋਂ ਵੀ ਬਚਿਆ ਜਾ ਸਕੇ ਕਿਉਂਕਿ ਫੌਜ ਦੇ ਇਹ ਹੈਲੀਕਾਪਟਰ ਬੜੇ ਮਹਿੰਗੇ ਹੁੰਦੇ ਹਨ ਅਤੇ ਇਨ੍ਹਾਂ ਦੀ  ਕੀਮਤ 40 ਤੋਂ 50 ਕਰੋੜ ਰੁਪਏ ਦੇ ਦਰਮਿਆਨ ਹੁੰਦੀ ਹੈ।

- ਵਿਜੇ ਕੁਮਾਰ


Mukesh

Content Editor

Related News