ਕਰੇ ਕੋਈ ਭਰੇ ਕੋਈ, ਬੇਟੀ ਦੀ ਗਲਤੀ ''ਤੇ ਮਿਜ਼ੋਰਮ ਦੇ ਮੁੱਖ ਮੰਤਰੀ ਨੇ ਮੰਗੀ ਮੁਆਫੀ
Tuesday, Aug 23, 2022 - 03:51 AM (IST)
ਸੱਤਾ ਨਾਲ ਜੁੜੇ ਲੋਕਾਂ ਦੇ ਪਰਿਵਾਰਕ ਮੈਂਬਰਾਂ ਕੋਲੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਕੋਈ ਵੀ ਕਾਨੂੰਨ ਵਿਰੋਧੀ ਕੰਮ ਨਹੀਂ ਕਰਨਗੇ ਪਰ ਹਾਲਾਤ ਇਸ ਤੋਂ ਵੱਖ ਹਨ। ਅਕਸਰ ਅਜਿਹੇ ਕੁਝ ਲੋਕ ਆਪਣੇ ਕੰਮਾਂ ਕਾਰਨ ਨਾ ਸਿਰਫ ਪਰਿਵਾਰਕ ਮੈਂਬਰਾਂ ਸਗੋਂ ਉਨ੍ਹਾਂ ਦੀ ਪਾਰਟੀ ਅਤੇ ਸਰਕਾਰ ਲਈ ਵੀ ਪ੍ਰੇਸ਼ਾਨੀ ਦਾ ਕਾਰਨ ਬਣ ਰਹੇ ਹਨ। ਇਸ ਦੀ ਨਵੀਨਤਮ ਉਦਾਹਰਣ ਮਿਜ਼ੋਰਮ ਦੇ ਮੁੱਖ ਮੰਤਰੀ 'ਜੋਰਾਮਥੰਗਾ' ਦੀ ਬੇਟੀ ‘ਮਿਲਾਰੀ ਛਾਂਗਤੇ’ ਨੇ ਪੇਸ਼ ਕੀਤੀ ਹੈ। ਬੀਤੇ ਦਿਨੀਂ ਉਹ ਰਾਜਧਾਨੀ ਆਈਜ਼ੋਲ ’ਚ ਬਿਨਾਂ ਅਪੁਆਇੰਟਮੈਂਟ ਲਏ ਇਕ ਪ੍ਰਸਿੱਧ ਡਰਮੇਟੋਲਾਜਿਸਟ (ਚਮੜੀ ਰੋਗ ਮਾਹਿਰ) ਨੂੰ ਮਿਲਣ ਉਸ ਦੇ ਹਸਪਤਾਲ ਪਹੁੰਚੀ। ‘ਮਿਲਾਰੀ ਛਾਂਗਤੇ’ ਚਾਹੁੰਦੀ ਸੀ ਕਿ ਡਾਕਟਰ ਦੂਜੇ ਰੋਗੀਆਂ ਨੂੰ ਛੱਡ ਕੇ ਪਹਿਲਾਂ ਉਸ ਨੂੰ ਦੇਖੇ ਪਰ ਜਦੋਂ ਡਾਕਟਰ ਨੇ ਉਸ ਨੂੰ ਅਪੁਆਇੰਟਮੈਂਟ ਲੈ ਕੇ ਆਉਣ ਦੀ ਸਲਾਹ ਦਿੱਤੀ ਤਾਂ ਉਹ ਭੜਕ ਗਈ ਅਤੇ ਉਸ ਨੇ ਡਾਕਟਰ ਨੂੰ ਥੱਪੜ ਮਾਰ ਦਿੱਤਾ।
ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਪਿੱਛੋਂ ਮੁੱਖ ਮੰਤਰੀ ਦੀ ਭਾਰੀ ਆਲੋਚਨਾ ਹੋਈ ਅਤੇ ਪੂਰੇ ਸੂਬੇ ਦੇ 800 ਤੋਂ ਵੱਧ ਡਾਕਟਰਾਂ ਨੇ ਕਾਲੀਆਂ ਪੱਟੀਆਂ ਬੰਨ੍ਹ ਕੇ ਇਸ ਵਿਰੁੱਧ ਪ੍ਰਦਰਸ਼ਨ ਕੀਤਾ। ਇਸ ਪਿੱਛੋਂ ਮੁੱਖ ਮੰਤਰੀ ਨੇ ਬੇਟੀ ਦੀ ਬਦਤਮੀਜ਼ੀ ਲਈ ਡਾਕਟਰ ਕੋਲ ਜਾ ਕੇ ਮੁਆਫੀ ਮੰਗੀ। ਮੁੱਖ ਮੰਤਰੀ ਨੇ ਜਨਤਕ ਤੌਰ ’ਤੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ’ਤੇ ਹੱਥ ਨਾਲ ਲਿਖਿਆ ਹੋਇਆ ਇਕ ਮੁਆਫੀਨਾਮਾ ਵੀ ਪੋਸਟ ਕੀਤਾ ਕਿ ‘‘ਡਾਕਟਰ ਪ੍ਰਤੀ ਆਪਣੀ ਬੇਟੀ ਦੇ ਵਤੀਰੇ ਸੰਬੰਧੀ ਮੈਂ ਕੁਝ ਵੀ ਨਹੀਂ ਕਹਿਣਾ ਚਾਹੁੰਦਾ। ਮੈਂ ਆਪਣੀ ਬੇਟੀ ਦੇ ਆਚਰਣ ਨੂੰ ਕਿਸੇ ਵੀ ਤਰ੍ਹਾਂ ਸਹੀ ਨਹੀਂ ਠਹਿਰਾ ਸਕਦਾ। ਮੈਂ ਲੋਕਾਂ ਅਤੇ ਡਾਕਟਰ ਕੋਲੋਂ ਮੁਆਫੀ ਮੰਗਦਾ ਹਾਂ।’’
ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ ਮਿਲਾਰੀ ਦਾ ਭਰਾ ਵੀ ਇਕ ਵਿਅਕਤੀ ਨੂੰ ਕੁੱਟ ਚੁੱਕਾ ਹੈ, ਜਿਸ ਲਈ ਜੋਰਾਮਥੰਗਾ ਨੂੰ ਮੁਆਫੀ ਮੰਗਣੀ ਪਈ ਸੀ। ਉਕਤ ਘਟਨਾ ਤੋਂ ਸਪੱਸ਼ਟ ਹੈ ਕਿ ਅੱਜ ਸੱਤਾ ਨਾਲ ਜੁੜੇ ਲੋਕਾਂ ਦੇ ਪਰਿਵਾਰਕ ਮੈਂਬਰ ਕਿਸ ਹੱਦ ਤੱਕ ਇਸ ਦਾ ਬੇਲੋੜਾ ਲਾਭ ਉਠਾ ਰਹੇ ਹਨ, ਜਿਸ ਨੂੰ ਕਿਸੇ ਵੀ ਪੱਖੋਂ ਢੁੱਕਵਾਂ ਨਹੀਂ ਕਿਹਾ ਜਾ ਸਕਦਾ। ਇਸ ਲਈ ਸਿਰਫ ਮੁਆਫੀ ਮੰਗ ਕੇ ਪੱਲਾ ਝਾੜ ਲੈਣਾ ਹੀ ਕਾਫੀ ਨਹੀਂ ਹੈ ਸਗੋਂ ਮੁੱਖ ਮੰਤਰੀ ਦੀ ਬੇਟੀ ਨੂੰ ਵੀ ਉਹੀ ਸਜ਼ਾ ਮਿਲਣੀ ਚਾਹੀਦੀ ਹੈ ਜੋ ਕਿਸੇ ਆਮ ਮੁਲਜ਼ਮ ਨੂੰ ਇੰਝ ਕਰਨ ’ਤੇ ਦਿੱਤੀ ਜਾਂਦੀ।
–ਵਿਜੇ ਕੁਮਾਰ