ਹੁਣ ਦੇਸ਼ ’ਚ ਨੌਜਵਾਨਾਂ ਨੂੰ ‘ਜਿਗੋਲੋ’ (ਮਰਦ ਵੇਸਵਾ), ‘ਪਲੇਅ ਬੁਆਏ’ ਅਤੇ ‘ਐਸਕਾਰਟ’ ਬਣਾਉਣ ਦੇ ਬਹਾਨੇ ਠੱਗੀ

02/24/2023 4:13:16 AM

‘ਜਿਗੋਲੋ’ ਇਕ ਕਿਸਮ ਦਾ ਮਰਦ ਵੇਸਵਾ ਹੈ, ਜਿਸ ਦਾ ਕੰਮ ਪੈਸੇ ਲੈ ਕੇ ਅਮੀਰ ਘਰਾਂ ਦੀਆਂ ਔਰਤਾਂ ਨੂੰ ਆਪਣਾ ਸਰੀਰ ਵੇਚਣਾ ਹੈ। ਉਹ ਸੈਕਸ ਸੁੱਖ ਤੋਂ ਵਾਂਝੀਆਂ ਔਰਤਾਂ ਨੂੰ ਉਨ੍ਹਾਂ ਦੀ ਸਹਿਮਤੀ ਨਾਲ ਆਪਣਾ ਸਰੀਰ ਵੇਚਦੇ ਹਨ, ਜਿਸ ਦੇ ਬਦਲੇ ਉਨ੍ਹਾਂ ਨੂੰ ਚੰਗੀ-ਮੋਟੀ ਰਕਮ ਮਿਲਦੀ ਹੈ।

‘ਜਿਗੋਲੋ’ ਇਕ ਤਰ੍ਹਾਂ ਦੀ ਐਡਲਟ ਮਾਰਕੀਟ ਹੈ, ਜਿੱਥੇ ਔਰਤਾਂ ਮਰਦਾਂ ਦੀ ਬੋਲੀ ਲਗਾਉਂਦੀਆਂ ਹਨ। ਡੀਲ ਤੈਅ ਹੋਣ ’ਤੇ ਉਹ ਮਰਦ ਉਸ ਦੇ ਨਾਲ ਚਲਾ ਜਾਂਦਾ ਹੈ। ‘ਜਿਗੋਲੋ’ ਨੂੰ ਇਕ ਤੈਅ ਰਕਮ ਉਸ ਸੰਸਥਾ ਨੂੰ ਦੇਣੀ ਹੁੰਦੀ ਹੈ, ਜਿਸ ਦੇ ਰਾਹੀਂ ਡੀਲ ਕੀਤੀ ਗਈ।

‘ਜਿਗੋਲੋ’ ਦੇ ਰੂਪ ’ਚ ਨੌਜਵਾਨਾਂ ਨੂੰ ਕੰਮ ਦਿਵਾਉਣ ਵਾਲੀਆਂ ਕਈ ਕੰਪਨੀਆਂ ਵਿਦੇਸ਼ਾਂ ’ਚ ਤਾਂ ਪਹਿਲਾਂ ਤੋਂ ਹੀ ਸਰਗਰਮ ਹਨ ਪਰ ਹੁਣ ਭਾਰਤ ’ਚ ਵੀ ਇਹ ਬੁਰਾਈ ਆ ਪੁੱਜੀ ਹੈ ਅਤੇ ਇਸ ਦੀ ਓਟ ’ਚ ਬੇਰੋਜ਼ਗਾਰ ਨੌਜਵਾਨਾਂ ਨੂੰ ਠੱਗਣ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ।

‘ਜਿਗੋਲੋ’, ‘ਪਲੇਅ ਬੁਆਏ ਸਰਵਿਸ’ ਅਤੇ ‘ਐਸਕਾਰਟਸ’ ਦੇ ਰੂਪ ’ਚ ਕੰਮ ਕਰਨ ਦਾ ਲਾਲਚ ਦੇ ਕੇ ਆਨਲਾਈਨ ਨੌਕਰੀ ਦੀ ਭਾਲ ਕਰ ਰਹੇ 4000 ਤੋਂ ਵੱਧ ਨੌਜਵਾਨਾਂ ਨੂੰ ਠੱਗਣ ਦੇ ਦੋਸ਼ ’ਚ ਦਿੱਲੀ ਪੁਲਸ ਨੇ 8 ਫਰਵਰੀ ਨੂੰ 2 ਵਿਅਕਤੀਆਂ ਜੈਪੁਰ ਨਿਵਾਸੀ ਕੁਲਦੀਪ ਸਿੰਘ ਚਾਰਣ (29) ਅਤੇ ਸ਼ਿਆਮ ਲਾਲ ਯੋਗੀ (33) ਨੂੰ ਜੈਪੁਰ ਤੋਂ ਗ੍ਰਿਫਤਾਰ ਕੀਤਾ। ਦੋਵੇਂ ਹੀ ਦੋਸ਼ੀ ਇਕ ਹੀ ਪਿੰਡ ਦੇ ਰਹਿਣ ਵਾਲੇ ਹਨ।

ਇਨ੍ਹਾਂ ਕੋਲੋਂ 4 ਮੋਬਾਇਲ ਫੋਨ, ਇਕ ਲੈਪਟਾਪ, ਇਕ ਡੈਸਕਟਾਪ, ਇਕ ਹਾਰਡ ਡਿਸਕ, 11 ਬੈਂਕ ਅਕਾਊਂਟਾਂ ਦੇ ਦਸਤਾਵੇਜ਼, 21 ਏ. ਟੀ. ਐੱਮ. ਕਾਰਡ ਆਦਿ ਬਰਾਮਦ ਕੀਤੇ ਗਏ ਹਨ। ਦੋਵੇਂ ਦੋਸ਼ੀ 2017 ਤੋਂ ਨੌਕਰੀ ਦੇ ਲਈ ਭਟਕ ਰਹੇ ਨੌਜਵਾਨਾਂ ਨੂੰ ਠੱਗਦੇ ਆ ਰਹੇ ਸਨ।

ਪੁਲਸ ਦੇ ਅਨੁਸਾਰ, ‘‘ਇਕ ਦੋਸ਼ੀ ਖੁਦ ਨੂੰ ਅਪ੍ਰਵਾਸੀ ਭਾਰਤੀ (ਐੱਨ. ਆਰ. ਆਈ.) ਔਰਤ ਗਾਹਕ ਦੇ ਰੂਪ ’ਚ ਪੇਸ਼ ਕਰ ਕੇ ਨੌਜਵਾਨਾਂ ਨੂੰ ਆਪਣੇ ਜਾਲ ’ਚ ਫਸਾਉਣ ਲਈ ਔਰਤ ਦੀ ਆਵਾਜ਼ ’ਚ ਉਸ ਨਾਲ ਅੰਦਰੂਨੀ ਗੱਲਾਂ ਕਰਦਾ ਸੀ।’’

‘‘ਔਰਤ ਦੀ ਆਵਾਜ਼ ਸੁਣ ਕੇ ਨੌਜਵਾਨਾਂ ਦਾ ਉਨ੍ਹਾਂ ’ਤੇ ਭਰੋਸਾ ਵਧ ਜਾਂਦਾ ਸੀ ਅਤੇ ਉਸ ਦੇ ਬਾਅਦ ਉਹ ਰਜਿਸਟ੍ਰੇਸ਼ਨ ਫੀਸ, ਮਸਾਜ ਕਿੱਟ ਅਤੇ ਹੋਟਲ ਬੁਕਿੰਗ ਵਰਗੀਆਂ ਗੱਲਾਂ ਕਹਿ ਕੇ ਨੌਜਵਾਨਾਂ ਕੋਲੋਂ ਪੈਸਿਆਂ ਦੀ ਮੰਗ ਕਰਦੇ ਸਨ। ਠੱਗੀ ਦੀ ਰਕਮ ਮੰਗਵਾਉਣ ਦੇ ਲਈ ਦੋਸ਼ੀ ਇਕ ਦਰਜਨ ਤੋਂ ਵੱਧ ਬੈਂਕ ਅਕਾਊਂਟਾਂ ਦੀ ਵਰਤੋਂ ਕਰਦੇ ਸਨ।’’

‘‘ਇਹ ਰਕਮ ਉਹ ‘ਫੋਨ ਪੇ’ ਦੇ ਰਾਹੀਂ ਮੰਗਵਾਉਂਦੇ, ਜੋ ਸ਼ਿਆਮ ਲਾਲ ਯੋਗੀ ਦੇ ਖਾਤੇ ’ਚ ਜਮ੍ਹਾ ਹੁੰਦੀ ਸੀ। ਸ਼ਿਆਮ ਲਾਲ ਯੋਗੀ ਕੋਲ ਇਕ ਐੱਨ. ਆਰ. ਆਈ. ਗਾਹਕ ਦਾ ਨੰਬਰ ਸੀ ਜਿਸ ਨਾਲ ਉਹ ਔਰਤ ਦੀ ਆਵਾਜ਼ ’ਚ ਗੱਲ ਕਰਦਾ ਸੀ। ਇਨ੍ਹਾਂ ਨੌਜਵਾਨਾਂ ਨੂੰ ਪਹਿਲਾਂ ਨੌਕਰੀ, ਕੰਮ ਅਤੇ ਉਸ ਦੇ ਬਾਅਦ ਮਿਲਣ ਵਾਲੇ ਪੈਸਿਆਂ ਦੇ ਬਾਰੇ ’ਚ ਦੱਸਿਆ ਜਾਂਦਾ ਸੀ।’’

‘‘ਠੱਗੀ ਦੇ ਸ਼ਿਕਾਰ ਨਰੇਲਾ ਨਿਵਾਸੀ ਨੌਜਵਾਨ ਨੇ ਦੋਸ਼ ਲਗਾਇਆ ਕਿ ਉਹ ਆਨਲਾਈਨ ਨੌਕਰੀ ਲੱਭ ਰਿਹਾ ਸੀ ਕਿ ਤਦ ਹੀ ‘ਐੱਸ. ਪੀ. ਪਲੇਅ ਬੁਆਏ ਸਰਵਿਸਿਜ਼ ਡਾਟ ਕਾਮ’ ਨਾਂ ਦੀ ਇਕ ਵੈੱਬਸਾਈਟ ਦੇ ਬਾਰੇ ’ਚ ਪਤਾ ਲੱਗਣ ’ਤੇ ਉਸ ਨੇ ਵੈੱਬਸਾਈਟ ’ਤੇ ਦਿੱਤੇ ਨੰਬਰ ’ਤੇ ਸੰਪਰਕ ਕੀਤਾ ਤਾਂ ਨੌਕਰੀ ਦੇਣ ਦੇ ਬਹਾਨੇ ਦੋਸ਼ੀਆਂ ਨੇ ਸ਼ੁਰੂਆਤੀ ਰਜਿਸਟ੍ਰੇਸ਼ਨ ਫੀਸ ਦੇ ਰੂਪ ’ਚ 2499 ਰੁਪਏ ਦੀ ਮੰਗ ਕੀਤੀ ਅਤੇ ਰਕਮ ਮਿਲਣ ਦੇ ਬਾਅਦ ਸ਼ਿਕਾਇਤਕਰਤਾ ਨੂੰ ਵ੍ਹਟਸਐਪ ’ਤੇ ਇਕ ਪਛਾਣ ਪੱਤਰ ਜਾਰੀ ਕੀਤਾ।’’

‘‘ਇਸ ਦੇ ਬਾਅਦ ਦੋਸ਼ੀ ਸ਼ਿਕਾਇਤਕਰਤਾ ਕੋਲੋਂ 40 ਫੀਸਦੀ ਕਮਿਸ਼ਨ, ਮਸਾਜ ਕਿੱਟ, ਪਾਸ ਕੋਡ ਫੀਸ ਅਤੇ ਹੋਟਲ ਬੁਕਿੰਗ ਫੀਸ ਆਦਿ ਦੇ ਬਹਾਨੇ ਹੋਰ ਵੱਧ ਪੈਸਿਆਂ ਦੀ ਮੰਗ ਕਰਨ ਲੱਗੇ ਅਤੇ ਇਸੇ ਤਰ੍ਹਾਂ ਉਨ੍ਹਾਂ ਨੇ ਉਸ ਕੋਲੋਂ 39190 ਰੁਪਏ ਠੱਗ ਲਏ ਪਰ ਕੋਈ ਕੰਮ ਨਹੀਂ ਦਿੱਤਾ ਗਿਆ।’’

ਜਾਂਚ ਦੇ ਦੌਰਾਨ ਪੁਲਸ ਨੇ ਦੋਸ਼ੀਆਂ ਦੇ ਮੋਬਾਇਲ ਨੰਬਰ ਦੀ ਕਾਲ ਡਿਟੇਲ ਅਤੇ ਜਿਸ ਬੈਂਕ ਖਾਤੇ ’ਚ ਸ਼ਿਕਾਇਤਕਰਤਾ ਨੇ ਪੈਸੇ ਭੇਜੇ ਸਨ ਉਸ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਬਾਅਦ ਇਕ ਦੋਸ਼ੀ ਕੁਲਦੀਪ ਸਿੰਘ ਚਾਰਣ ਦਾ ਪਤਾ ਲਗਾ ਲਿਆ।

ਪੁਲਸ ਨੇ ਉਸ ਨੂੰ ਜਾਂਚ ’ਚ ਸ਼ਾਮਲ ਹੋਣ ਲਈ ਨੋਟਿਸ ਦਿੱਤਾ ਪਰ ਉਸ ਦੇ ਸਹਿਯੋਗ ਨਾ ਕਰਨ ਦੇ ਕਾਰਨ ਪੁਲਸ ਨੇ ਪਹਿਲਾਂ ਉਸ ਨੂੰ ਅਤੇ ਫਿਰ ਉਸ ਦੇ ਦੂਜੇ ਸਾਥੀ ਨੂੰ ਵੀ ਗ੍ਰਿਫਤਾਰ ਕਰ ਲਿਆ। ਪੁਲਸ ਨੇ ਦੋਸ਼ੀਆਂ ਵੱਲੋਂ ਠੱਗੀ ਦੇ ਲਈ ਵਰਤੀ ਵੈੱਬਸਾਈਟ ਡਿਵੈਲਪ ਕਰਨ ਵਾਲਿਆਂ ਨੂੰ ਵੀ ਜਾਂਚ ’ਚ ਸ਼ਾਮਲ ਕਰਨ ਦੇ ਲਈ ਨੋਟਿਸ ਜਾਰੀ ਕੀਤਾ ਹੈ।

ਪੁਲਸ ਦੇ ਅਨੁਸਾਰ ਇਸ ਤੋਂ ਪਹਿਲਾਂ 2022 ’ਚ ਵੀ ਨੌਜਵਾਨਾਂ ਨੂੰ ‘ਜਿਗੋਲੋ’ ਬਣਾਉਣ ਅਤੇ ਮੋਟੀ ਤਨਖਾਹ ਦੇਣ ਆਦਿ ਦਾ ਲਾਲਚ ਦੇ ਕੇ ਇਸੇ ਤਰ੍ਹਾਂ ਦੀ ਠੱਗੀ ਮਾਰਨ ਵਾਲੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਗਿਰੋਹ ਨੇ ਵ੍ਹਟਸਐਪ ਅਤੇ ਡੇਟਿੰਗ ਐਪਸ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਇਸ਼ਤਿਹਾਰ ਦੇ ਕੇ ਪਿਛਲੇ 2 ਸਾਲਾਂ ’ਚ 100 ਤੋਂ ਵੱਧ ਲੋਕਾਂ ਦੇ ਨਾਲ ਇਸੇ ਢੰਗ ਨਾਲ ਠੱਗੀ ਮਾਰੀ ਸੀ।

ਇਸ ਤਰ੍ਹਾਂ ਦੇ ਗਿਰੋਹਾਂ ਵੱਲੋਂ ਲੋਕਾਂ ਨੂੰ ਠੱਗਣ ਦੇ ਲਈ ਨਗਨ ਮੁਟਿਆਰਾਂ ਦੇ ਵੀਡੀਓ ਕਾਲ ਤੱਕ ਦੇ ਲਾਲਚ ਦਿੱਤੇ ਜਾਂਦੇ ਹਨ ਅਤੇ ਬਾਅਦ ’ਚ ਉਨ੍ਹਾਂ ਨੂੰ ਬਲੈਕਮੇਲ ਕਰਨ ਦੇ ਲਈ ਸੋਸ਼ਲ ਮੀਡੀਆ ’ਤੇ ਪਾਉਣ ਦੀ ਧਮਕੀ ਦੇ ਕੇ ਉਨ੍ਹਾਂ ਤੋਂ ਰਕਮ ਬਟੋਰੀ ਜਾਂਦੀ ਹੈ।

ਇਸੇ ਤਰ੍ਹਾਂ ਮਰਦ ਐਸਕਾਰਟ ਦੇ ਰੂਪ ’ਚ ਨੌਕਰੀ ਦਿਵਾਉਣ ਦੇ ਲਈ ਵੀ ਨੌਜਵਾਨਾਂ ਨੂੰ ਠੱਗਣ ਦੇ ਲਈ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਅਪਣਾਏ ਜਾ ਰਹੇ ਹਨ।

ਇਹ ਇਕ ਗੰਭੀਰ ਮਾਮਲਾ ਹੈ। ਇਸ ਬਹਾਨੇ ਨੌਜਵਾਨਾਂ ਨੂੰ ਠੱਗ ਕੇ ਉਨ੍ਹਾਂ ਦੀ ਮਜਬੂਰੀ ਦਾ ਲਾਭ ਉਠਾਉਣ ਵਾਲਿਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਇਹ ਗਿਰੋਹ ਸਮਾਜ ’ਚ ਸੈਕਸ ਪ੍ਰਦੂਸ਼ਣ ਵੀ ਫੈਲਾਅ ਰਹੇ ਹਨ।

-ਵਿਜੇ ਕੁਮਾਰ


Mukesh

Content Editor

Related News