ਚੰਦ ਪਿੰਡਾਂ ਦੀ ਕਹਾਣੀ ਗਾਂਧੀ ਜੀ ਦੇ ਸੁਪਨਿਆਂ ਦੀ ''ਤਰਜਮਾਨੀ''

02/12/2016 7:54:44 AM

ਭਾਰਤ ਦੀ ਅੱਧੀ ਤੋਂ ਜ਼ਿਆਦਾ ਜਨਤਾ ਪਿੰਡਾਂ ਵਿਚ ਰਹਿੰਦੀ ਹੈ ਅਤੇ ਸੱਚਮੁਚ ਅਸਲੀ ਭਾਰਤ ਤਾਂ ਪਿੰਡਾਂ ਵਿਚ ਹੀ ਵਸਦਾ ਹੈ ਪਰ ਅੱਜ ਵੀ ਵੱਡੀ ਗਿਣਤੀ ਵਿਚ ਪਿੰਡ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਹਨ ਅਤੇ ਪਿੰਡ ਵਾਸੀ ਕਈ ਬੁਰਾਈਆਂ ਦੇ ਸ਼ਿਕਾਰ ਹਨ।
ਅੱਜ ਵੀ ਯੂ. ਪੀ. ਦੇ ''ਮਾਖਨਪੁਰ'' ਵਰਗੇ ਕਈ ਪਿੰਡ ਹਨ ਜਿਥੇ ਲੋਕ ਲਾਲਟੈਨ ਦੀ ਰੌਸ਼ਨੀ ਵਿਚ ਜੀਅ ਰਹੇ ਹਨ। ਯੂ. ਪੀ. ਦੇ ਹੀ ਬਿਜਨੌਰ ਜ਼ਿਲੇ ਵਿਚ ''ਇੱਛਾਵਾਲਾ'' ਨਾਮੀ ਇਕ ਪਿੰਡ ''ਅਨਪੜ੍ਹਾਂ ਦਾ ਪਿੰਡ'' ਅਖਵਾਉਂਦਾ ਹੈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ਪਿੰਡ ''ਸੇਮਲੀਆ ਪਠਾਰ'' ਵਿਚ ਇਕ ਵੀ ਆਦਮੀ ਪੜ੍ਹਿਆ-ਲਿਖਿਆ ਨਹੀਂ ਹੈ।
ਅਜਿਹੇ ਪਿੰਡਾਂ ਦਰਮਿਆਨ ਕੁਝ ਪਿੰਡ ਅਜਿਹੇ ਵੀ ਹਨ ਜੋ ਆਪਣੇ ਦਮ ''ਤੇ ਤਰੱਕੀ ਦੀ ਤਸਵੀਰ ਪੇਸ਼ ਕਰਦਿਆਂ ਦੇਸ਼ ਵਾਸੀਆਂ ਨੂੰ ਆਪਸੀ ਭਾਈਚਾਰੇ, ਪ੍ਰੇਮ-ਪਿਆਰ, ਚੌਗਿਰਦੇ ਦੀ ਸੰਭਾਲ ਅਤੇ ਦਾਜ ਵਰਗੀਆਂ ਬੁਰਾਈਆਂ ਵਿਰੁੱਧ ਸੰਦੇਸ਼ ਦੇ ਰਹੇ ਹਨ।
ਅੱਜ ਦੇਸ਼ ਵਿਚ ਵਿਕਾਸ ਦੇ ਨਾਂ ''ਤੇ ਅੰਨ੍ਹੇਵਾਹ ਰੁੱਖ ਕੱਟੇ ਜਾ ਰਹੇ ਹਨ ਪਰ ਮੱਧ ਪ੍ਰਦੇਸ਼ ਦੇ ਰਤਲਾਮ ਜ਼ਿਲੇ ਵਿਚ ''ਕਰਮਦੀ'' ਨਾਮੀ ਪਿੰਡ ਦੇ ਹਰੇਕ ਪਰਿਵਾਰ ਵਿਚ ਕਿਸੇ ਵੀ ਆਦਮੀ ਦੀ ਮੌਤ ਜਾਂ ਬੱਚੇ ਦੇ ਜਨਮ ''ਤੇ ਇਕ ਪੌਦਾ ਲਗਾਉਣ ਦੀ ਰਵਾਇਤ ਹੈ।
ਪਰਿਵਾਰ ਦੇ ਮੈਂਬਰਾਂ ਵਾਂਗ ਹੀ ਇਨ੍ਹਾਂ ਪੌਦਿਆਂ ਦੀ ਦੇਖਭਾਲ ਤੇ ਪਾਲਣ-ਪੋਸ਼ਣ ਕੀਤਾ ਜਾਂਦਾ ਹੈ। ਪਿੰਡ ਦੇ ਲੋਕ ਇਨ੍ਹਾਂ ਤੋਂ ''ਆਸ਼ੀਰਵਾਦ'' ਲੈਣ ਜਾਂਦੇ ਹਨ ਅਤੇ ਰੱਖੜੀ, ਹੋਲੀ, ਦੀਵਾਲੀ ਵਰਗੇ ਤਿਓਹਾਰ ਵੀ ਇਨ੍ਹਾਂ ਰੁੱਖਾਂ ਨਾਲ ਹੀ ਮਨਾਉਂਦੇ ਹਨ। 
ਦੇਸ਼ ਵਿਚ ਅਸਹਿਣਸ਼ੀਲਤਾ ਨੂੰ ਲੈ ਕੇ ਛਿੜੇ ਵਿਵਾਦ ਦਰਮਿਆਨ ਪੱਛਮੀ ਯੂ. ਪੀ. ਦੇ ਗਾਜ਼ੀਆਬਾਦ, ਬੁਲੰਦਸ਼ਹਿਰ ਅਤੇ ਹਾਪੁੜ ਖੇਤਰ ਵਿਚ ''ਸਾਠਾ ਚੌਰਾਸੀ'' ਨਾਮੀ 144 ਪਿੰਡਾਂ ਦਾ ਸਮੂਹ ਦੇਸ਼ ਨੂੰ ਸੁਹਿਰਦਤਾ ਤੇ ਸਦਭਾਵਨਾ ਦਾ ਸੰਦੇਸ਼ ਦੇ ਰਿਹਾ ਹੈ।
ਇਨ੍ਹਾਂ ਪਿੰਡਾਂ ਵਿਚ ਹਿੰਦੂ ਵੀ ਹਨ ਤੇ ਮੁਸਲਮਾਨ ਵੀ ਪਰ ਧਰਮ ਵੱਖਰਾ ਹੋਣ ਦੇ ਬਾਵਜੂਦ ਦੋਹਾਂ ਵਿਚਾਲੇ ਅਦਭੁੱਤ ਏਕਤਾ ਹੈ। ਤੋਮਰ ਰਾਜਪੂਤਾਂ ਦੀ ਪਗੜੀ ਮੁਸਲਿਮ ਰਾਜਪੂਤਾਂ ਦੇ ਪਿੰਡ ਤੋਂ ਆਉਂਦੀ ਹੈ ਜਿਸ ਨੂੰ ਹਿੰਦੂ ਰਾਜਪੂਤ ਆਪਣਾ ਚੌਧਰੀ ਮੰਨਦੇ ਹਨ ਅਤੇ ਸਿਸੋਦੀਆ ਰਾਜਪੂਤਾਂ ਦੀ ਪਗੜੀ ਮੁਸਲਿਮ ਸਿਸੋਦੀਆ ਪਿੰਡ ਤੋਂ ਆਉਂਦੀ ਹੈ।
ਮੁਸਲਿਮ ਨਾਵਾਂ ਨਾਲ ਰਾਣਾ, ਸਿਸੋਦੀਆ ਅਤੇ ਤੋਮਰ ਉਪਨਾਮ ਆਮ ਲਗਾਏ ਜਾਂਦੇ ਹਨ। ਇਸ ਇਲਾਕੇ ਵਿਚ ਹਿੰਦੂ ਤੇ ਮੁਸਲਮਾਨ ਦੋਹਾਂ ਹੀ ਧਰਮਾਂ ਦੇ ਪਿੰਡਾਂ ਦੇ ਜ਼ਿਆਦਾਤਰ ਪ੍ਰਵੇਸ਼ ਦੁਆਰਾਂ ''ਤੇ ਮਹਾਰਾਣਾ ਪ੍ਰਤਾਪ ਦੀ ਮੂਰਤੀ ਨਜ਼ਰ ਆਉਂਦੀ ਹੈ।
ਅੱਜ ਜਦੋਂ ਦੇਸ਼ ''ਚ ਕੰਨਿਆ ਭਰੂਣ ਹੱਤਿਆ ਜ਼ੋਰਾਂ ''ਤੇ ਹੈ, ਰਾਜਸਥਾਨ ਦੇ ਬਾੜਮੇਰ ਜ਼ਿਲੇ ਵਿਚ ''ਖੱਚਰਖੜੀ'' ਨਾਮੀ ਪਿੰਡ ਦੀ ਮੁਸਲਿਮ ਬਸਤੀ ਵਿਚ ਕੰਨਿਆ ਔਲਾਦ ਦੇ ਜਨਮ ''ਤੇ ਇਕ ਵਿਸ਼ੇਸ਼ ਤਰ੍ਹਾਂ ਦੇ ਨਾਚ ਦਾ ਆਯੋਜਨ ਕਰਨ ਤੋਂ ਇਲਾਵਾ ਪੂਰੇ ਪਿੰਡ ਵਿਚ ਗੁੜ ਵੰਡਿਆ ਜਾਂਦਾ ਹੈ ਤੇ ਸਮੂਹਿਕ ਭੋਜ ਦਿੱਤਾ ਜਾਂਦਾ ਹੈ।
ਜਿਥੇ ਇਸ ਸਰਹੱਦੀ ਜ਼ਿਲੇ ਦੇ ਕਈ ਪਿੰਡਾਂ ਵਿਚ ਭਰੂਣ ਹੱਤਿਆ ਦੀ ਘਟੀਆ ਪ੍ਰਥਾ ਦੇ ਮਾੜੇ ਸਿੱਟੇ ਵਜੋਂ ਦਹਾਕਿਆਂ ਤੋਂ ਕੋਈ ਬਾਰਾਤ ਨਹੀਂ ਆਈ, ਉਥੇ ਹੀ ਕੱਚ ਦੀ ਕਸ਼ੀਦਾਕਾਰੀ ਵਿਚ ਮਾਹਿਰ ਹੋਣ ਕਰ ਕੇ ਇਸ ਪਿੰਡ ਦੀਆਂ ਕੁੜੀਆਂ ਲਈ ਰਿਸ਼ਤਿਆਂ ਦੀ ਕੋਈ ਘਾਟ ਨਹੀਂ ਹੁੰਦੀ ਤੇ ਵਿਆਹ ਦਾ ਖਰਚਾ ਵੀ ਮੁੰਡੇ ਵਾਲੇ ਹੀ ਚੁੱਕਦੇ ਹਨ ਜਿਸ ਕਾਰਨ ਇਥੇ ਧੀਆਂ ਦਾ ਜਨਮ ਦੁੱਖ ਦਾ ਨਹੀਂ ਸਗੋਂ ਖੁਸ਼ੀ ਦਾ ਕਾਰਨ ਹੈ।
ਰਾਜਸਥਾਨ ਵਿਚ ਹੀ ਨਾਗੌਰ ਦੇ ''ਬਾਸਨੀ  ਬੇਲਿਮਾ'' ਨਾਮੀ ਪਿੰਡ ਵਿਚ ਨਾ ਕੋਈ ਦਾਜ ਲੈਂਦਾ ਹੈ ਤੇ ਨਾ ਹੀ ਦਿੰਦਾ ਹੈ। ਬਾਰਾਤੀਆਂ ਨੂੰ ਵੱਡੀ ਦਾਅਵਤ ਵੀ ਨਹੀਂ ਦਿੱਤੀ ਜਾਂਦੀ, ਸਿਰਫ ਦੋ ਕੱਪ ਚਾਹ ਪਿਆ ਕੇ ਨਿਕਾਹ ਦੀ ਖੁਸ਼ੀ ਮਨਾਈ ਜਾਂਦੀ ਹੈ ਤੇ ਡੀ. ਜੇ. ਵੀ ਨਹੀਂ ਵਜਾਇਆ ਜਾਂਦਾ।
ਇਸ ਪਿੰਡ ਦੀ ''ਬੈਤੂਲ ਮਾਲ ਸੋਸਾਇਟੀ'' ਵੱਲੋਂ ਇਹ ਪਹਿਲ ਕੀਤੀ ਗਈ ਹੈ। ਇਸ ਪਿੰਡ ਦੇ ਵਾਸੀ ਮੁਹੰਮਦ ਅਨਵਰ ਅਨੁਸਾਰ, ''''ਸਾਡੇ ਪਿੰਡ ਵਿਚ ਦਾਜ ਲੈਣ ਅਤੇ ਦੇਣ ''ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਅਸੀਂ ਆਪਣੀ ਪੋਤੀ ਸੁਮਈਆ ਦੇ ਨਿਕਾਹ ਵਿਚ 200 ਬਾਰਾਤੀਆਂ ਨੂੰ ਸਿਰਫ 2-2 ਕੱਪ ਚਾਹ ਪਿਲਾਈ ਤੇ ਸਮਈਆ ਨੂੰ ਸਿਰਫ ਇਕ ਲੋਟਾ ਤੇ ਕੁਰਾਨ ਸ਼ਰੀਫ ਦੀ ਕਾਪੀ ਦੇ ਕੇ ਵਿਦਾ ਕਰ ਦਿੱਤਾ।''''
ਪਿੰਡ ਵਿਚ ਚਾਹੇ ਸਮੂਹਿਕ ਨਿਕਾਹ ਪੜ੍ਹਵਾਏ ਜਾਣ ਜਾਂ ਫਿਰ ਕੋਈ ਪਰਿਵਾਰ ਆਪਣੇ ਪੱਧਰ ''ਤੇ ਨਿਕਾਹ ਕਰਵਾ ਰਿਹਾ ਹੋਵੇ, ਸਾਰਿਆਂ ''ਤੇ ਦਾਜ ਦਾ ਲੈਣ-ਦੇਣ ਕਿਸੇ ਵੀ ਹਾਲਤ ਵਿਚ ਨਾ ਕਰਨ ਦਾ ਨਿਯਮ ਲਾਗੂ ਹੈ। ਇਹੋ ਨਹੀਂ, ਮੌਤ ਹੋਣ ''ਤੇ ਵੀ ਭੋਜ ਨਹੀਂ ਦਿੱਤਾ ਜਾਂਦਾ।
ਪਿੰਡ ਵਿਚ ਗਰੀਬ ਤੇ ਵਿਧਵਾ ਔਰਤਾਂ ਨੂੰ ਹਰ ਮਹੀਨੇ ਪੈਨਸ਼ਨ ਦਿੱਤੀ ਜਾਂਦੀ ਹੈ। ਗਰੀਬੀ ਦੀ ਰੇਖਾ ਤੋਂ ਹੇਠਾਂ ਜੀਵਨ ਬਿਤਾਉਣ ਵਾਲੀਆਂ ਔਰਤਾਂ ਨੂੰ ਮਕਾਨ ਵੀ ਬਣਵਾ ਕੇ ਦਿੱਤੇ ਗਏ ਹਨ। ਇਸ ਪਿੰਡ ਵਿਚ ਔਰਤਾਂ ''ਤੇ ਕਿਸੇ ਤਰ੍ਹਾਂ ਦੀ ਵੀ ਪਾਬੰਦੀ ਨਹੀਂ ਹੈ। ਔਰਤਾਂ ਨੂੰ ਪੂਰੇ ਅਧਿਕਾਰ ਦਿੱਤੇ ਗਏ ਹਨ ਅਤੇ ਨਵੀਂ ਪੀੜ੍ਹੀ ਦੀਆਂ ਮੁਟਿਆਰਾਂ ਦੇ ਹੱਥਾਂ ਵਿਚ ਮਹਿੰਗੇ ਮੋਬਾਇਲ ਦਿਖਾਈ ਦੇਣਾ ਆਮ ਗੱਲ ਹੈ।
ਉਕਤ ਪਿੰਡ ਦੇਸ਼ ਵਿਚ ਤਰੱਕੀ ਦੀ ਲਹਿਰ ਦੀ ਮੂੰਹ ਬੋਲਦੀ ਤਸਵੀਰ ਹਨ। ਜੇ ਸਾਰੇ ਪਿੰਡ-ਸ਼ਹਿਰ ਉਕਤ ਪਿੰਡਾਂ ਵਾਂਗ ਬੁਰਾਈਆਂ ਤੋਂ ਮੁਕਤ ਤੇ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਲੈ ਕੇ ਜਾਗਰੂਕ ਹੋ ਜਾਣ ਤਾਂ ਦੇਸ਼ ਵਿਚ ਉਹ ਸੁਨਹਿਰਾ ਦੌਰ ਆਉਣ ਵਿਚ ਦੇਰ ਨਾ ਲੱਗੇ, ਜਿਸ ਦਾ ਸੁਪਨਾ ਕਦੇ ਮਹਾਤਮਾ ਗਾਂਧੀ ਨੇ ਦੇਖਿਆ ਸੀ।                  
-ਵਿਜੇ ਕੁਮਾਰ


Vijay Kumar Chopra

Chief Editor

Related News