‘ਰਕਸ਼ਕਾਂ’ ਦੀ ਵਰਦੀ ’ਚ ਲੁਕੇ ਚੰਦ ‘ਭਕਸ਼ਕ’ ‘ਧੁੰਦਲਾ ਕਰ ਰਹੇ ਹਨ ਪੁਲਸ ਦਾ ਅਕਸ’
Wednesday, Jan 06, 2021 - 03:10 AM (IST)

ਸਮਾਜ ’ਚ ਅਮਨ-ਕਾਨੂੰਨ ਬਣਾਈ ਰੱਖਣ ਦੀ ਜ਼ਿੰਮੇਵਾਰੀ ਪੁਲਸ ਦੀ ਹੈ ਪਰ ਇਸ ’ਚ ਦਾਖਲ ਹੋ ਗਈਆਂ ਚੰਦ ਕਾਲੀਆਂ ਭੇਡਾਂ ਆਪਣੇ ਫਰਜ਼ਾਂ ਪ੍ਰਤੀ ਬੇਮੁਖਤਾ ਅਤੇ ਗੈਰ-ਮਨੁੱਖੀ ਕੰਮਾਂ ਕਾਰਨ ਪੁਲਸ ਵਿਭਾਗ ਦੀ ਬਦਨਾਮੀ ਦਾ ਕਾਰਨ ਬਣ ਰਹੀਆਂ ਹਨ।
ਮਹਾਤਮਾ ਗਾਂਧੀ ਨੇ ਇਕ ਵਾਰ ਕਿਹਾ ਸੀ, ‘‘ਜੇ ਪੁਲਸ ’ਚ ਦੁਰਭਾਵਨਾ ਆ ਜਾਵੇਗੀ ਤਾਂ ਦੇਸ਼ ਦਾ ਭਵਿੱਖ ਸੱਚਮੁੱਚ ਹਨੇਰੇ ਭਰਿਆ ਹੋ ਜਾਵੇਗਾ।’’ ਅੱਜ ਕੁਝ-ਕੁਝ ਉਹੋ ਜਿਹਾ ਹੀ ਹੁੰਦਾ ਨਜ਼ਰ ਆ ਰਿਹਾ ਹੈ ਜਿਸ ਦੀਆਂ 11 ਦਿਨਾਂ ਦੀਆਂ ਉਦਾਹਰਣਾਂ ਹੇਠਾਂ ਦਰਜ ਹਨ :
* 24 ਦਸੰਬਰ ਨੂੰ ਸ਼ਾਹਜਹਾਂਪੁਰ ਦੇ ਜਲਾਲਾਬਾਦ ਥਾਣੇ ਦੇ ਇਕ ਸਬ-ਇੰਸਪੈਕਟਰ ’ਤੇ ਇਕ ਔਰਤ ਨੇ ਜਬਰ-ਜ਼ਨਾਹ ਦਾ ਦੋਸ਼ ਲਾਇਆ। ਔਰਤ ਮੁਤਾਬਕ ਜਦੋਂ ਉਹ ਆਪਣੇ ਨਾਲ ਕੁਝ ਲੋਕਾਂ ਵੱਲੋਂ ਸਮੂਹਿਕ ਜਬਰ-ਜ਼ਨਾਹ ਕੀਤੇ ਜਾਣ ਦੀ ਰਿਪੋਰਟ ਲਿਖਵਾਉਣ ਲਈ ਉਕਤ ਥਾਣੇ ’ਚ ਗਈ ਤਾਂ ਉੱਥੇ ਮੌਜੂਦ ਸਬ-ਇੰਸਪੈਕਟਰ ਵਿਨੋਦ ਕੁਮਾਰ ਨੇ ਉਸ ਨਾਲ ਜਬਰ-ਜ਼ਨਾਹ ਕੀਤਾ।
* 24 ਦਸੰਬਰ ਨੂੰ ਹੀ ਹਰਿਆਣਾ ਰਾਜ ਨਸ਼ਾ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੇ ਇਕ ਨਸ਼ਾ ਸਮੱਗਲਰ ਕੋਲੋਂ ਜ਼ਬਤ ਕੀਤੇ ਗਏ 812 ਕਿਲੋ ਡੋਡਾ-ਚੂਰਾ ਦੀ ਬਜਾਏ ਸਿਰਫ 400 ਕਿਲੋ ਡੋਡਾ-ਚੂਰਾ ਦੀ ਬਰਾਮਦਗੀ ਵਿਖਾਏ ਜਾਣ ਦੇ ਦੋਸ਼ ਹੇਠ 8 ਪੁਲਸ ਮੁਲਾਜ਼ਮਾਂ ਵਿਰੁੱਧ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ।
* 26 ਦਸੰਬਰ ਨੂੰ ਉੱਤਰ ਪ੍ਰਦੇਸ਼ ਦੇ ਬਿਜਨੌਰ ਵਿਖੇ ਇਕ ਔਰਤ ਨਾਲ ਜਬਰ-ਜ਼ਨਾਹ ਕਰਨ ਅਤੇ ਉਸ ਦੀ ਬੇਟੀ ਨਾਲ ਛੇੜਛਾੜ ਕਰਨ ਦੇ ਮਾਮਲੇ ’ਚ ਫਰਾਰ ਚੱਲ ਰਹੇ ਸਿਪਾਹੀ ਮਨੋਜ ਰਸਤੋਗੀ ਨੂੰ ਗ੍ਰਿਫਤਾਰ ਕੀਤਾ ਗਿਆ।
* 30 ਦਸੰਬਰ ਨੂੰ ਮੋਹਾਲੀ ’ਚ ਤਾਇਨਾਤ ਇਕ ਸਿਪਾਹੀ ਗਗਨਦੀਪ ਸਿੰਘ ਵਿਰੁੱਧ ਇਕ ਮੁਟਿਆਰ ਨੂੰ ਆਪਣੇ ਪ੍ਰੇਮ ਜਾਲ ’ਚ ਫਸਾ ਕੇ ਗਰਭਵਤੀ ਕਰਨ, ਗਰਭਪਾਤ ਕਰਵਾਉਣ ਅਤੇ ਵਾਅਦਾ ਕਰਕੇ ਵਿਆਹ ਤੋਂ ਮੁੱਕਰ ਜਾਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ।
* 30 ਦਸੰਬਰ ਨੂੰ ਹੀ ਜਲੰਧਰ ਦੇ ਥਾਣਾ 8 ਦੀ ਪੁਲਸ ਨੇ ਹੈਰੋਇਨ ਸਪਲਾਈ ਕਰਦੇ ਹੋਏ ਪੰਜਾਬ ਪੁਲਸ ਦੇ ਡਿਸਮਿਸ ਹੈੱਡ ਕਾਂਸਟੇਬਲ ਰਾਕੇਸ਼ ਕੁਮਾਰ ਅਤੇ ਉਸ ਦੇ 3 ਸਾਥੀਆਂ ਨੂੰ ਗ੍ਰਿਫਤਾਰ ਕੀਤਾ। ਇਹ ਹੈੱਡ ਕਾਂਸਟੇਬਲ 2018 ’ਚ ਸ਼ਰਾਬ ਦੀ ਸਪਲਾਈ ਕਰਦਾ ਫੜੇ ਜਾਣ ਪਿੱਛੋਂ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ।
* 1 ਜਨਵਰੀ ਨੂੰ ਨਸ਼ਾ ਸਮੱਗਲਰਾਂ ਨੂੰ ਫੜਨ ਲਈ ਬਣਾਈ ਗਈ ਸਪੈਸ਼ਲ ਟਾਸਕ ਫੋਰਸ ਮੋਗਾ ਨਾਲ ਸਬੰਧਤ ਇਕ ਏ. ਐੱਸ. ਆਈ. ਬਲਜੀਤ ਸਿੰਘ ਨੂੰ ਪੁਲਸ ਨੇ ਚਿੱਟੇ ਦੀ ਸਮੱਗਲਿੰਗ ਕਰਨ ਦੇ ਦੋਸ਼ ਹੇਠ ਉਸ ਦੀ ਮਹਿਲਾ ਮਿੱਤਰ ਕਰਮਬੀਰ ਕੌਰ ਅਤੇ ਡਰਾਈਵਰ ਜੱਗੀ ਨਾਲ ਗ੍ਰਿਫਤਾਰ ਕੀਤਾ। ਕਰਮਬੀਰ ਕੌਰ ਨੂੰ ਉਸ ਦੇ ਪਤੀ ਬਲਤੇਜ ਸਿੰਘ ਨੇ ਕੁਝ ਸਮਾਂ ਪਹਿਲਾਂ ਬਲਜੀਤ ਸਿੰਘ ਨਾਲ ਰੰਗਰਲੀਆਂ ਮਨਾਉਂਦੇ ਸਮੇਂ ਫੜਿਆ ਸੀ।
* 1 ਜਨਵਰੀ ਨੂੰ ਉੱਤਰ ਪ੍ਰਦੇਸ਼ ਦੇ ਹਮੀਰਪੁਰ ’ਚ ਨਵੇਂ ਸਾਲ ਦੀ ਖੁਸ਼ੀ ’ਚ ਇਕ ਢਾਬੇ ’ਤੇ ਕੁਝ ਸਿਪਾਹੀਆਂ ਨੇ ਦਾਅਵਤ ਉਡਾਉਣ ਪਿੱਛੋਂ ਢਾਬੇ ਵਾਲੇ ਵੱਲੋਂ ਪੈਸੇ ਮੰਗਣ ’ਤੇ ਨਾ ਸਿਰਫ ਉਸ ਦੀ ਸਕੂਟੀ ਅਤੇ ਮੋਬਾਇਲ ਤੋੜ ਦਿੱਤੇ ਸਗੋਂ ਗੋਲਕ ’ਚ ਰੱਖੇ 4 ਹਜ਼ਾਰ ਰੁਪਏ ਅਤੇ ਜੇਬ ’ਚ ਪਏ 2 ਹਜ਼ਾਰ ਰੁਪਏ ਵੀ ਕੱਢ ਲਏ ਅਤੇ ਧਮਕਾਇਆ ਕਿ ਹੋਟਲ ਚਲਾਉਣਾ ਹੈ ਤਾਂ ਉਨ੍ਹਾਂ ਨੂੰ ਮੁਫਤ ਖਾਣਾ ਖਵਾਉਣਾ ਹੋਵੇਗਾ।
ਪੀੜਤ ਦੁਕਾਨਦਾਰ ਨੇ ਅਧਿਕਾਰੀਆਂ ਕੋਲ ਸ਼ਿਕਾਇਤ ਕੀਤੀ ਤਾਂ 3 ਜਨਵਰੀ ਦੀ ਰਾਤ ਨੂੰ ਲਗਭਗ 12.30 ਵਜੇ 4 ਨਕਾਬਪੋਸ਼ਾਂ ਨੇ ਆ ਕੇ ਪਹਿਲਾਂ ਤਾਂ ਉਸ ਨਾਲ ਗਾਲੀ-ਗਲੋਚ ਕੀਤਾ ਅਤੇ ਫਿਰ ਉਸ ਦਾ ਢਾਬਾ ਤਹਿਸ-ਨਹਿਸ ਕਰ ਦਿੱਤਾ।
* 1 ਜਨਵਰੀ ਨੂੰ ਹੀ ਉੱਤਰ ਪ੍ਰਦੇਸ਼ ’ਚ ਬਿਠੂਰ (ਕਾਨਪੁਰ) ਪੁਲਸ ਥਾਣੇ ਦੇ ਐੱਸ. ਐੱਚ. ਓ. ਕੌਸ਼ਲੇਂਦਰ ਪ੍ਰਤਾਪ ਨੂੰ 2018 ’ਚ ਚੋਰੀ ਹੋਈ ਕਾਰ ਦੀ ਵਰਤੋਂ ਕਰਦੇ ਪਾਇਆ ਗਿਆ।
* 2 ਜਨਵਰੀ ਨੂੰ ਫਤਿਹਗੜ੍ਹ ਸਾਹਿਬ ਦੇ ਖਮਾਣੋਂ ਵਿਖੇ ਇਕ ਚਿਕਨ ਕਾਰਨਰ ਦੇ ਮਾਲਕ ਦੀ ਮੌਤ ਪਿੱਛੋਂ ਉਸ ਦੇ ਕਮਰੇ ’ਚੋਂ ਮਿਲੀ 8 ਲੱਖ ਰੁਪਏ ਦੀ ਨਕਦੀ ਅਤੇ ਕੁਝ ਕੀਮਤੀ ਸਾਮਾਨ ਨੂੰ ਖੁਰਦ-ਬੁਰਦ ਕਰਨ ਦੇ ਦੋਸ਼ ਹੇਠ ਐੱਸ. ਐੱਚ. ਓ. ਹਰਵਿੰਦਰ ਸਿੰਘ ਅਤੇ ਏ. ਐੱਸ. ਆਈ. ਜਸਪਾਲ ਸਿੰਘ ਨੂੰ ਮੁਅੱਤਲ ਕਰ ਕੇ ਉਨ੍ਹਾਂ ਵਿਰੁੱਧ ਵਿਭਾਗੀ ਜਾਂਚ ਸ਼ੁਰੂ ਕੀਤੀ ਗਈ।
* 4 ਜਨਵਰੀ ਨੂੰ ਕੈਥਲ ਪੁਲਸ ਨੇ ਰਾਜਸਥਾਨ ਦੇ ਨਸੀਰਾਬਾਦ ਕੈਂਟ ਤੋਂ ਇਕ ਨਾਇਬ ਸੂਬੇਦਾਰ ਅਤੇ 2 ਫੌਜੀਆਂ ਨੂੰ ਅਫੀਮ ਦੀ ਸਮੱਗਲਿੰਗ ਦੇ ਦੋਸ਼ ਹੇਠ ਫੜਿਆ।
* 4 ਜਨਵਰੀ ਨੂੰ ਹੀ ਲੁਧਿਆਣਾ ਦੀ ਚੌਕੀ ਮੁੰਡੀਆਂ ਦੇ ਹੈੱਡ ਕਾਂਸਟੇਬਲ ਰਾਕੇਸ਼ ਕੁਮਾਰ ਵਿਰੁੱਧ ਇਕ ਔਰਤ ਨਾਲ ਹੋਏ ਜਬਰ-ਜ਼ਨਾਹ ਦੇ ਮਾਮਲੇ ’ਚ ਐੱਫ. ਆਈ. ਆਰ. ਦਰਜ ਕੀਤੀ ਗਈ ਹੈ ਜਦੋਂ ਕਿ ਏ. ਐੱਸ. ਆਈ. ਸੁਖਵਿੰਦਰ ਸਿੰਘ ਅਤੇ ਹੋਮਗਾਰਡ ਦੇ ਜਵਾਨ ਹਰਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਪੁਲਸ ਦੀਆਂ ਵਧੀਕੀਆਂ ਕਿਸੇ ਇਕ ਖੇਤਰ ਤੱਕ ਸੀਮਤ ਨਾ ਰਹਿ ਕੇ ਦੇਸ਼ ਪੱਧਰੀ ਬਣ ਚੁੱਕੀਆਂ ਹਨ ਅਤੇ ਕਾਨੂੰਨ ਦੇ ਰਕਸ਼ਕ ਕਹਾਉਣ ਵਾਲੇ ਚੰਦ ਪੁਲਸ ਮੁਲਾਜ਼ਮਾਂ ਦਾ ਇਸ ਤਰ੍ਹਾਂ ਨਾਲ ਭਕਸ਼ਕ ਬਣਨਾ ਸਮੁੱਚੇ ਪੁਲਸ ਵਿਭਾਗ ਦੇ ਅਕਸ ਨੂੰ ਧੁੰਦਲਾ ਕਰ ਰਿਹਾ ਹੈ। ਇਸ ਲਈ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਦੂਜਿਆਂ ਨੂੰ ਵੀ ਨਸੀਹਤ ਮਿਲੇ ਅਤੇ ਉਹ ਅਜਿਹੀ ਕੋਈ ਕਰਤੂਤ ਕਰਨ ਤੋਂ ਪਹਿਲਾਂ ਸੌ ਵਾਰ ਸੋਚਣ।
- ਵਿਜੇ ਕੁਮਾਰ