ਗੁਜਰਾਤ ’ਚ ਭਾਜਪਾ ਅਤੇ ਦਿੱਲੀ ’ਚ ‘ਆਪ’ ਦੀ ਜਿੱਤ

03/04/2021 3:25:53 AM

ਸਥਾਨਕ ਸਰਕਾਰਾਂ ਚੋਣਾਂ

ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ’ਚ ਭਾਰੀ ਜਿੱਤ ਦਰਜ ਕਰਨ ਵਾਲੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਬਣਾਈ ਗਈ ‘ਆਮ ਆਦਮੀ ਪਾਰਟੀ’ (ਆਪ) ਨੇ ਕਿਉਂਕਿ ਕੁਝ ਸਮਾਂ ਪਹਿਲਾਂ ਤਕ ਦੂਸਰੀਆਂ ਥਾਵਾਂ ’ਤੇ ਚੋਣਾਂ ਲੜ ਕੇ ਮੂੰਹ ਦੀ ਹੀ ਖਾਧੀ ਸੀ, ਇਸ ਲਈ ਕਿਹਾ ਜਾਣ ਲੱਗਾ ਸੀ ਕਿ ਇਹ ਪਾਰਟੀ ਦਿੱਲੀ ਤਕ ਹੀ ਸੀਮਿਤ ਰਹਿ ਜਾਵੇਗੀ ਪਰ ਇਕਦਮ ਆਈ ਤਬਦੀਲੀ ’ਚ ਵਿਰੋਧੀ ਪਾਰਟੀਆਂ ਦੇ ਸਾਰੇ ਅੰਦਾਜ਼ਿਆਂ ਨੂੰ ਝੁਠਲਾਉਂਦੇ ਹੋਏ ਹੌਲੀ-ਹੌਲੀ ਇਹ ਰਾਜਧਾਨੀ ਦਿੱਲੀ ਤੋਂ ਬਾਹਰ ਵੀ ਪੈਰ ਪਸਾਰਨ ਲੱਗੀ ਹੈ।

ਪਿਛਲੇ ਸਾਲ ਦਸੰਬਰ ’ਚ ਗੋਆ ’ਚ ਜ਼ਿਲਾ ਪ੍ਰੀਸ਼ਦ ਦੀਆਂ ਚੋਣਾਂ ’ਚ ਆਮ ਆਦਮੀ ਪਾਰਟੀ ਨੇ ਇਕ ਸੀਟ ਜਿੱਤ ਕੇ ਆਪਣਾ ਖਾਤਾ ਖੋਲ੍ਹਿਆ ਸੀ ਅਤੇ ਇਸ ਸਾਲ ਉਸ ਨੇ ਗੁਜਰਾਤ ਦੀਆਂ ਸਥਾਨਕ ਸਰਕਾਰਾਂ ਚੋਣਾਂ ’ਚ ਆਪਣੀ ਮੌਜੂਦਗੀ ਦਰਜ ਕਰਵਾਉਣ ਦੇ ਇਲਾਵਾ ਦਿੱਲੀ ਦੀਆਂ ਸਥਾਨਕ ਉਪ ਚੋਣਾਂ ’ਚ ਭਾਰੀ ਸਫਲਤਾ ਹਾਸਲ ਕੀਤੀ।

ਹਾਲਾਂਕਿ ਫਰਵਰੀ ’ਚ ਗੁਜਰਾਤ ’ਚ ਸਥਾਨਕ ਸਰਕਾਰਾਂ ਚੋਣਾਂ ’ਚ ਭਾਜਪਾ ਨੂੰ ਸ਼ਾਨਦਾਰ ਇਕਤਰਫਾ ਜਿੱਤ ਮਿਲੀ ਹੈ ਅਤੇ ਸੂਰਤ ਮਹਾਨਗਰ ਪਾਲਿਕਾ ਦੀਆਂ 120 ’ਚੋਂ 93 ਸੀਟਾਂ ਵੀ ਭਾਜਪਾ ਨੇ ਜਿੱਤ ਲਈਆਂ ਹਨ ਪਰ ‘ਆਪ’ ਨੇ ਬਾਕੀ ਸਾਰੀਆਂ 27 ਸੀਟਾਂ ਜਿੱਤ ਕੇ ਧਮਾਕਾ ਕਰ ਦਿੱਤਾ ਹੈ।

‘ਆਪ’ ਨੇ ਸੂਰਤ ’ਚ ਉਨ੍ਹਾਂ ਵਾਰਡਾਂ ’ਚ ਇਹ ਜਿੱਤ ਹਾਸਲ ਕੀਤੀ ਹੈ ਜੋ ਭਾਜਪਾ ਦੇ ਗੜ੍ਹ ਮੰਨੇ ਜਾਂਦੇ ਸਨ। ਇਸ ਸਫਲਤਾ ਦੇ ਕਾਰਨ ‘ਆਪ’ ਉੱਥੇ ਮੁੱਖ ਵਿਰੋਧੀ ਪਾਰਟੀ ਬਣ ਕੇ ਉੱਭਰੀ ਹੈ ਜਦਕਿ ਕਾਂਗਰਸ ਖਾਤਾ ਵੀ ਨਹੀਂ ਖੋਲ੍ਹ ਸਕੀ।

ਗੁਜਰਾਤ ’ਚ ਮਿਲੀ ਸ਼ੁਰੂਆਤੀ ਸਫਲਤਾ ਦੇ ਇਕ ਹਫਤੇ ਦੇ ਅੰਦਰ ਹੀ ‘ਆਪ’ ਨੂੰ ਦੂਸਰੀ ਵੱਡੀ ਸਫਲਤਾ 3 ਮਾਰਚ ਨੂੰ ਐਲਾਨੀਆਂ ਦਿੱਲੀ ਨਗਰ ਨਿਗਮ ਦੀਆਂ 5 ਸੀਟਾਂ ਲਈ ਕਰਵਾਈਆਂ ਗਈਆਂ ਉਪ ਚੋਣਾਂ ’ਚ ਮਿਲੀ ਹੈ। 15 ਸਾਲਾਂ ਤੋਂ ਦਿੱਲੀ ਨਗਰ ਨਿਗਮ ’ਤੇ ਕਾਬਿਜ਼ ਭਾਜਪਾ ਨੇ ਇਨ੍ਹਾਂ ਉਪ ਚੋਣਾਂ ’ਚ ਆਪਣੀ ਇਕੋ-ਇਕ ਸੀਟ ਵੀ ਗੁਆ ਦਿੱਤੀ ਜਦਕਿ ‘ਆਪ’ ਨੇ 4 ਅਤੇ ਹਾਸ਼ੀਏ ’ਤੇ ਪਹੁੰਚੀ ਹੋਈ ਕਾਂਗਰਸ ਨੇ ਵੀ ਇਕ ਸੀਟ ਜਿੱਤ ਲਈ ਹੈ।

ਸੂਰਤ ’ਚ ‘ਆਪ’ ਦੇ ਉਦੈ ਨੂੰ ਅਰਵਿੰਦ ਕੇਜਰੀਵਾਲ ਨੇ ਗੁਜਰਾਤ ’ਚ ਨਵੀਂ ਸਿਆਸਤ ਦੀ ਸ਼ੁਰੂਆਤ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਗੁਜਰਾਤ ’ਚ ਵੀ ਦਿੱਲੀ ਵਰਗੀ ਕ੍ਰਾਂਤੀ ਕਰਨ ਲਈ ਤਿਆਰ ਹੈ। ਇਸ ਦੇ ਨਾਲ ਹੀ ਹੁਣ ‘ਆਮ ਆਦਮੀ ਪਾਰਟੀ’ ਉੱਤਰ ਪ੍ਰਦੇਸ਼ ’ਚ ਵੀ ਖੁਦ ਨੂੰ ਮਜ਼ਬੂਤ ਕਰਨ ’ਚ ਲੱਗ ਗਈ ਹੈ ਜਿਥੇ ਇਸੇ ਸਾਲ ਪੰਚਾਇਤ ਚੋਣਾਂ ਅਤੇ ਅਗਲੇ ਸਾਲ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ।

ਅਰਵਿੰਦ ਕੇਜਰੀਵਾਲ ਨੇ ਆਪਣੀ ਰਣਨੀਤੀ ਬਦਲ ਕੇ ਅਗਲੇ ਦੋ ਸਾਲਾਂ ’ਚ ਉੱਤਰ ਪ੍ਰਦੇਸ਼ ਦੇ ਇਲਾਵਾ ਪੰਜਾਬ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਗੁਜਰਾਤ ਅਤੇ ਗੋਆ ’ਚ ਵੀ ਚੋਣ ਲੜਨ ਦੇ ਆਪਣੇ ਇਰਾਦੇ ਦਾ ਐਲਾਨ ਕਰ ਦਿੱਤਾ ਹੈ।

ਹਾਲਾਂਕਿ ਭਾਜਪਾ ਨੇ ਗੁਜਰਾਤ ਸਥਾਨਕ ਸਰਕਾਰਾਂ ਚੋਣਾਂ ਤਾਂ ਜਿੱਤ ਲਈਆਂ ਹਨ ਪਰ ਭਾਜਪਾ ਲੀਡਰਸ਼ਿਪ ਨੂੰ ਇਹ ਸੋਚਣ ਦੀ ਲੋੜ ਹੈ ਕਿ ਆਖਿਰ ਸੂਰਤ ’ਚ ਕੀ ਕਮੀਆਂ ਰਹਿ ਗਈਆਂ ਜੋ ‘ਆਪ’ ਨੇ ਪਹਿਲੀ ਵਾਰ ਹੀ ਇਥੇ ਚੋਣ ਲੜ ਕੇ ਇੰਨੀਆਂ ਸੀਟਾਂ ਜਿੱਤ ਲਈਆਂ।

ਸਪੱਸ਼ਟ ਹੈ ਕਿ ‘ਆਪ’ ਦੇਸ਼ ਦੀ ਸਿਆਸਤ ’ਚ ਆਪਣੀ ਥਾਂ ਬਣਾ ਰਹੀ ਹੈ, ਇਸ ਲਈ ‘ਆਪ’ ਦੀ ਸਫਲਤਾ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੀ ਤਾਂ ਇਨ੍ਹਾਂ ਸੂਬਿਆਂ ’ਚ ਸੱਤਾਧਾਰੀ ਪਾਰਟੀਆਂ ਅਤੇ ਕਾਂਗਰਸ ਦੇ ਇਲਾਵਾ ਹੋਰਨਾਂ ਪਾਰਟੀਆਂ ਨੂੰ ਵੀ ਆਪਣੇ ਅੰਦਰ ਪੈਦਾ ਹੋ ਗਈਆਂ ਕਮੀਆਂ ਨੂੰ ਦੂਰ ਕਰਨਾ ਹੋਵੇਗਾ।

–ਵਿਜੇ ਕੁਮਾਰ


Bharat Thapa

Content Editor

Related News