ਭਾਜਪਾ ਨੇਤਾਵਾਂ ਵਲੋਂ ਊਟ-ਪਟਾਂਗ ਬਿਆਨ ਦੇਣ ਦਾ ਸਿਲਸਿਲਾ ਜਾਰੀ
Thursday, Sep 20, 2018 - 06:29 AM (IST)

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਵਲੋਂ ਵਾਰ-ਵਾਰ ਦੀਆਂ ਨਸੀਹਤਾਂ ਦੇ ਬਾਵਜੂਦ ਭਾਜਪਾ ਨੇਤਾ ਸਾਰੀਆਂ ਮਰਿਆਦਾਵਾਂ ਅਤੇ ਸਲੀਕੇ ਨੂੰ ਛਿੱਕੇ ਟੰਗ ਕੇ ਬਿਨਾਂ ਸੋਚੇ-ਵਿਚਾਰੇ ਵਿਵਾਦਪੂਰਨ ਬਿਆਨ ਦੇਣ ਤੋਂ ਬਾਜ਼ ਨਹੀਂ ਆ ਰਹੇ :
* 01 ਸਤੰਬਰ ਨੂੰ ਭਾਜਪਾ ਨੇਤਾ ਅਤੇ ਕੇਂਦਰੀ ਸਿਹਤ ਰਾਜ ਮੰਤਰੀ ਅਸ਼ਵਨੀ ਚੌਬੇ ਨੇ ਸਾਸਾਰਾਮ ’ਚ ਕਿਹਾ, ‘‘ਪ੍ਰਧਾਨ ਮੰਤਰੀ ਆਕਾਸ਼ ਵਰਗੇ ਹਨ ਅਤੇ ਜੋ ਅੱਜ ਦੇ ਕਾਂਗਰਸ ਪ੍ਰਧਾਨ ਹਨ, ਉਨ੍ਹਾਂ ਦਾ ਆਕਾਰ ਨਾਲੀ ਦੇ ਕੀੜੇ ਵਰਗਾ।’’ ਉਹ ਇਥੇ ਹੀ ਨਹੀਂ ਰੁਕੇ, ਸਗੋਂ ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ‘ਪਾਗਲ’ ਤੱਕ ਕਹਿ ਦਿੱਤਾ।
* 02 ਸਤੰਬਰ ਨੂੰ ਕੇਂਦਰੀ ਮੰਤਰੀ ਮਹੇਸ਼ ਸ਼ਰਮਾ ਬੋਲੇ, ‘‘ਪੱਪੂ ਭਈਆ ਨੂੰ ਲੈ ਕੇ ਵਿਰੋਧੀ ਧਿਰ ਸ਼ੇਰ ਨਰਿੰਦਰ ਮੋਦੀ ਨੂੰ ਹਰਾਉਣ ਤੁਰੀ ਹੈ। ਸਾਰੇ ਚੋਰ ਇਕ ਹੋ ਕੇ ਸ਼ੇਰ ਨੂੰ ਹਰਾਉਣ ਤੁਰੇ ਹਨ।’’ ਇਸ ਤੋਂ ਬਾਅਦ ਉਨ੍ਹਾਂ ਨੇ ਵਿਰੋਧੀ ਧਿਰ ਨੂੰ ‘ਗਿੱਦੜ’ ਦਾ ਖਿਤਾਬ ਦੇ ਦਿੱਤਾ।
* 04 ਸਤੰਬਰ ਨੂੰ ਮੁੰਬਈ ’ਚ ਭਾਜਪਾ ਵਿਧਾਇਕ ਰਾਮ ਕਦਮ ਨੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਤੁਸੀਂ ਜਿਸ ਕੁ਼ੜੀ ਨੂੰ ਪਸੰਦ ਕਰਦੇ ਹੋ, ਜੇ ਉਹ ਤੁਹਾਡੀ ਪੇਸ਼ਕਸ਼ ਨੂੰ ਠੁਕਰਾਉਂਦੀ ਹੈ ਤਾਂ ਮੈਂ ਉਸ ਨੂੰ ਅਗਵਾ ਕਰ ਲਵਾਂਗਾ ਅਤੇ ਉਸ ਨੂੰ (ਵਿਆਹ ਲਈ) ਤੁਹਾਡੇ ਹਵਾਲੇ ਕਰ ਦੇਵਾਂਗਾ ਅਤੇ ਤੁਹਾਡੀ 100 ਫੀਸਦੀ ਮਦਦ ਕਰਾਂਗਾ।’’
ਇਸ ਬਿਆਨ ਦੇ ਜਵਾਬ ’ਚ ਮਹਾਰਾਸ਼ਟਰ ਰਾਕਾਂਪਾ ਦੇ ਬੁਲਾਰੇ ਨਵਾਬ ਮਲਿਕ ਨੇ ਕਿਹਾ, ‘‘ਰਾਮ ਕਦਮ ਨੇ ਜੋ ਵੀ ਕਿਹਾ ਹੈ, ਉਹ ਭਾਜਪਾ ਦੇ ਰਾਵਣ ਵਰਗੇ ਚਿਹਰੇ ਦਾ ਖੁਲਾਸਾ ਕਰਦਾ ਹੈ। ਰਾਮ ਕਦਮ ਨੇ ਕਿਹਾ ਕਿ ਉਹ ਲੜਕੇ ਲਈ ਲੜਕੀ ਨੂੰ ਅਗਵਾ ਕਰਨਗੇ, ਇਸ ਲਈ ਉਨ੍ਹਾਂ ਨੂੰ ‘ਰਾਵਣ ਕਦਮ’ ਕਹਿਣਾ ਚਾਹੀਦਾ ਹੈ।’’
* 09 ਸਤੰਬਰ ਨੂੰ ਉੱਜੈਨ ਦੇ ਮਹਾਂਕਾਲ ਮੰਦਿਰ ’ਚ ਮਾਡਲ ਵਲੋਂ ਡਾਂਸ ਦਾ ਵੀਡੀਓ ਵਾਇਰਲ ਕਰਨ ’ਤੇ ਭਾਜਪਾ ਨੇਤਾ ਅਤੇ ਸਾਬਕਾ ਅਹੁਦੇਦਾਰ ਵਿਕਾਸ ਅਵਸਥੀ ਨੇ ਕਿਹਾ, ‘‘ਮੁਟਿਆਰ ਨੂੰ ਮੂੰਹ ਦਿਖਾਉਣ ਲਾਇਕ ਨਾ ਛੱਡਣ ਵਾਲੇ ਨੂੰ 5 ਲੱਖ ਰੁਪਏ ਇਨਾਮ ਦਿੱਤਾ ਜਾਵੇਗਾ।’’
* 11 ਸਤੰਬਰ ਨੂੰ ਯੂ. ਪੀ. ਸਰਕਾਰ ’ਚ ਮੰਤਰੀ ਮੁਕੁਟ ਬਿਹਾਰੀ ਵਾਜਪਾਈ ਨੇ ਕਿਹਾ, ‘‘ਮੰਦਿਰ ਬਣ ਕੇ ਰਹੇਗਾ ਕਿਉਂਕਿ ਸੁਪਰੀਮ ਕੋਰਟ ਹੁਣ ਆਪਣੀ ਹੈ।’’
* ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਭਾਜਪਾ ਦੇ ਸੂਬਾ ਪ੍ਰਧਾਨ ਰਵਿੰਦਰ ਰੈਣਾ ਨੇ ਕਿਹਾ, ‘‘ਹੁਣ ਆਪਣਾ ਬੰਦਾ ਰਾਜ ਭਵਨ ’ਚ ਆ ਗਿਆ ਹੈ। ਹੁਣ ਸਾਰੇ ਕੰਮ ਹੋ ਜਾਣਗੇ। ਭਾਜਪਾ ਐੱਨ. ਐੱਨ. ਵੋਹਰਾ ਨੂੰ ਨਹੀਂ ਰੱਖਣਾ ਚਾਹੁੰਦੀ ਸੀ ਕਿਉਂਕਿ ਉਹ ਆਪਣੇ ਮਨ ਨਾਲ ਕੰਮ ਕਰਦੇ ਸਨ।’’
* 12 ਸਤੰਬਰ ਨੂੰ ਭਾਜਪਾ ਵਿਧਾਇਕ ਰਾਮੇਸ਼ਵਰ ਸ਼ਰਮਾ ਬੋਲੇ, ‘‘ਕਾਂਗਰਸੀ ਨੇਤਾ ਰਾਵਣ ਦੀਆਂ ਔਲਾਦਾਂ ਹਨ, ਜੋ ਕਦੇ ਵੀ ਰਾਮ ਰਾਜ ਦੀ ਕਲਪਨਾ ਨਹੀਂ ਕਰ ਸਕਦੇ।’’
* 18 ਸਤੰਬਰ ਨੂੰ ਦੱਖਣੀ ਕੰਨੜ ਤੋਂ ਭਾਜਪਾ ਐੱਮ. ਪੀ. ਨਲਿਨ ਕੁਮਾਰ ਕਤੀਲ ਨੇ ਦਾਅਵਾ ਕੀਤਾ, ‘‘ਭਗਵਾਨ ਸ਼ਿਵ ਨੇ ਪਲਾਸਟਿਕ ਸਰਜਰੀ ਬਾਰੇ ਸਭ ਤੋਂ ਪਹਿਲਾਂ ਸੋਚਿਆ ਸੀ । ਪਾਰਵਤੀ ਜਦੋਂ ਇਸ਼ਨਾਨ ਕਰਨ ਗਈ ਤਾਂ ਉਨ੍ਹਾਂ ਨੇ ਆਪਣੇ ਪੁੱਤਰ ਗਣੇਸ਼ ਨੂੰ ਦਰਵਾਜ਼ੇ ’ਤੇ ਪਹਿਰਾ ਦੇਣ ਲਈ ਕਿਹਾ। ਭਗਵਾਨ ਸ਼ਿਵ, ਜਿਨ੍ਹਾਂ ਨੇ ਗਣੇਸ਼ ਜੀ ਦਾ ਸਿਰ ਧੜ ਨਾਲੋਂ ਅੱਡ ਕਰ ਦਿੱਤਾ ਸੀ, ਨੇ ਪਲਾਸਟਿਕ ਸਰਜਰੀ ਦੇ ਜ਼ਰੀਏ ਉਨ੍ਹਾਂ ਦੇ ਧੜ ’ਤੇ ਹਾਥੀ ਦਾ ਸਿਰ ਲਾ ਕੇ ਉਨ੍ਹਾਂ ਨੂੰ ਮੁੜ ਜੀਵਨ ਦਿੱਤਾ।’’
* ਇਸ ਤੋਂ ਪਹਿਲਾਂ ਵੀ ਕਤੀਲ ਅਜੀਬੋ-ਗਰੀਬ ਬਿਆਨ ਦੇ ਚੁੱਕੇ ਹਨ। ਪਿਛਲੇ ਸਾਲ ਉਨ੍ਹਾਂ ਨੇ ਕੇਰਲ ’ਚ ਕਿਹਾ ਸੀ, ‘‘ਮੋਦੀ ਦੇ ਰਾਜ ’ਚ ਡਾਲਰ 15 ਰੁਪਏ ’ਚ ਮਿਲਿਆ ਕਰੇਗਾ।’’ ਤੇ ਫਿਰ ਇਸ ਤੋਂ ਬਾਅਦ ਉਨ੍ਹਾਂ ਕਿਹਾ, ‘‘ਜੇ ਪੁਲਸ (ਕਤਲ ਦੇ ਮਾਮਲੇ ’ਚ) 10 ਦਿਨਾਂ ਅੰਦਰ ਦੋਸ਼ੀ ਨੂੰ ਫੜਨ ’ਚ ਨਾਕਾਮ ਰਹੇਗੀ ਤਾਂ ਸਾਡੇ ’ਚ ਇੰਨੀ ਤਾਕਤ ਹੈ ਕਿ ਅਸੀਂ ਜ਼ਿਲੇ ਨੂੰ ਅੱਗ ਲਾ ਦੇਈਏ।’’
* 19 ਸਤੰਬਰ ਨੂੰ ਗਾਇਕ ਤੋਂ ਨੇਤਾ ਬਣੇ ਹੈਵੀ ਇੰਡਸਟਰੀ ਬਾਰੇ ਮੰਤਰੀ ਬਾਬੁਲ ਸੁਪ੍ਰਿਓ ਨੇ ਆਪਣੇ ਸੰਸਦੀ ਹਲਕੇ ਆਸਨਸੋਲ ’ਚ ਦਿਵਿਆਂਗਾਂ ਨੂੰ ਰਾਹਤ ਸਮੱਗਰੀ ਵੰਡਣ ਦੌਰਾਨ ਇਕ ਵਿਅਕਤੀ ਨੂੰ ਧਮਕਾਉਂਦਿਆਂ ਕਿਹਾ, ‘‘ਕੀ ਗੱਲ ਹੈ ਭਾਈ ਸਾਹਿਬ, ਕੋਈ ਤਕਲੀਫ ਹੈ? ਤੁਹਾਡੀ ਇਕ ਲੱਤ ਤੋੜ ਕੇ ਮੈਂ ਤੁਹਾਨੂੰ ਵ੍ਹੀਲਚੇਅਰ ਦੇ ਸਕਦਾ ਹਾਂ।’’
ਇਸ ਤੋਂ ਬਾਅਦ ਉਨ੍ਹਾਂ ਨੇ ਉਥੇ ਇਕੱਠੇ ਹੋਏ ਲੋਕਾਂ ਬਾਰੇ ਆਪਣੀ ਸਕਿਓਰਿਟੀ ਨੂੰ ਕਿਹਾ, ‘‘ਅਗਲੀ ਵਾਰ ਜਦੋਂ ਇਹ ਲੋਕ ਇਥੋਂ ਹਿੱਲਣ ਤਾਂ ਤੁਸੀਂ ਇਨ੍ਹਾਂ ਦਾ ਇਕ-ਇਕ ਪੈਰ ਤੋੜ ਦਿਓ। ਮੈਂ ਇਨ੍ਹਾਂ ਨੂੰ ਇਕ-ਇਕ ਲਾਠੀ ਦੇ ਦੇਵਾਂਗਾ।’’
ਭਾਜਪਾ ਦੇ ਮੰਤਰੀਆਂ, ਸੰਸਦ ਮੈਂਬਰਾਂ ਅਤੇ ਵਿਧਾਇਕਾਂ ਆਦਿ ਦੇ ਅਜਿਹੇ ਤਰਕਹੀਣ, ਬੇਹੂਦਾ ਬੋਲ, ਪਾਰਟੀ ਲੀਡਰਸ਼ਿਪ ਲਈ ਮੁਸੀਬਤ ਦੀ ਵਜ੍ਹਾ ਬਣਦੇ ਰਹਿੰਦੇ ਹਨ ਪਰ ਇਸ ਦੇ ਬਾਵਜੂਦ ਇਹ ਆਪਣੇ ਬੜਬੋਲੇਪਣ ਤੋਂ ਬਾਜ਼ ਆਉਣ ਲਈ ਤਿਆਰ ਨਹੀਂ ਹਨ। ਯਕੀਨੀ ਤੌਰ ’ਤੇ ਅਜਿਹੇ ਬਿਆਨ ਪਾਰਟੀ ਦੇ ਅਕਸ ਨੂੰ ਠੇਸ ਪਹੁੰਚਾ ਰਹੇ ਹਨ।
–ਵਿਜੇ ਕੁਮਾਰ