ਬਿਹਾਰ ਚੋਣਾਂ ਨੇ ਝੁਠਲਾਏ ‘ਐਗਜ਼ਿਟ ਪੋਲ’ ਦੇ ਸਾਰੇ ਅਨੁਮਾਨ

Wednesday, Nov 11, 2020 - 03:04 AM (IST)

ਬਿਹਾਰ ਚੋਣਾਂ ਨੇ ਝੁਠਲਾਏ ‘ਐਗਜ਼ਿਟ ਪੋਲ’ ਦੇ ਸਾਰੇ ਅਨੁਮਾਨ

ਕੋਰੋਨਾ ਕਾਲ ਦੌਰਾਨ ਭਾਰੀ ਸੁਰੱਖਿਆ ਪ੍ਰਬੰਧਾਂ ਦਰਮਿਆਨ ਹੋਈਆਂ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ’ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ, ਜਿਸ ਦੌਰਾਨ 15 ਸਾਲ ਤੋਂ ਸੱਤਾਧਾਰੀ ਜਨਤਾ ਦਲ (ਯੂ) ਸੁਪਰੀਮੋ ਨਿਤੀਸ਼ ਕੁਮਾਰ ਅਤੇ ਭਾਜਪਾ ਦੀ ਅਗਵਾਈ ਵਾਲੀ ‘ਰਾਜਗ’ ਦੀ ਗਠਜੋੜ ਸਰਕਾਰ ਨੂੰ ਹਰਾਉਣ ਲਈ ਲਾਲੂ ਯਾਦਵ ਦੇ ਛੋਟੇ ਬੇਟੇ ਤੇਜਸਵੀ ਯਾਦਵ ਦੀ ਅਗਵਾਈ ਵਿਚ ਗਠਿਤ ‘ਰਾਜਦ’ ਦੇ ‘ਮਹਾਗਠਜੋੜ’ ਅਤੇ ਜਨਤਾ ਦਲ (ਯੂ) ਤੋਂ ਨਾਰਾਜ਼ ਲੋਜਪਾ ਸੁਪਰੀਮੋ ਚਿਰਾਗ ਪਾਸਵਾਨ ਨੇ ਅੱਡੀ-ਚੋਟੀ ਦਾ ਜ਼ੋਰ ਲਾ ਦਿੱਤਾ।

ਚਿਰਾਗ ਪਾਸਵਾਨ ਨੇ ਕੋਰੋਨਾ ਨਾਲ ਨਜਿੱਠਣ ਅਤੇ ਬਿਹਾਰ ਪਰਤੇ ਪ੍ਰਵਾਸੀਆਂ ’ਤੇ ਧਿਆਨ ਨਾ ਦੇਣ ਲਈ ਨਿਤੀਸ਼ ਕੁਮਾਰ ਦੀ ਜੰਮ ਕੇ ਆਲੋਚਨਾ ਕੀਤੀ ਅਤੇ ਬਿਹਾਰ ਵਿਚ ਸੁਤੰਤਰ ਢੰਗ ਨਾਲ ਚੋਣਾਂ ਲੜਨ ਦਾ ਐਲਾਨ ਕਰ ਕੇ ਅਤੇ ਇਹ ਕਹਿ ਕੇ ਭੁਲੇਖੇ ਵਾਲੀ ਸਥਿਤੀ ਪੈਦਾ ਕਰ ਦਿੱਤੀ ਕਿ ਬਿਹਾਰ ਵਿਚ ਇਸ ਵਾਰ ਭਾਜਪਾ ਅਤੇ ਲੋਜਪਾ ਦੀ ਸਰਕਾਰ ਬਣੇਗੀ।

ਚਿਰਾਗ ਪਾਸਵਾਨ ਤਾਂ ਵੋਟਰਾਂ ਨੂੰ ਪ੍ਰਭਾਵਿਤ ਨਹੀਂ ਕਰ ਸਕੇ ਪਰ ਤੇਜਸਵੀ ਯਾਦਵ ਦੀ ਸੰਖੇਪ ‘ਮੈਜੀਕਲ ਕੰਪੇਨਿੰਗ’ ਨੇ ਵੋਟਰਾਂ ’ਤੇ ਕਾਫੀ ਪ੍ਰਭਾਵ ਪਾਇਆ। ਚੋਣ ਪ੍ਰਚਾਰ ਦੌਰਾਨ ਜਿਥੇ ਤੇਜਸਵੀ ਨੇ ਨਿਤੀਸ਼ ਸਰਕਾਰ ਦੀਆਂ ਖਾਮੀਆਂ ਗਿਣਾਈਆਂ, ਉਥੇ ਸੱੱਤਾ ਵਿਚ ਆਉਣ ’ਤੇ ਹੋਰਨਾਂ ਸਹੂਲਤਾਂ ਤੋਂ ਇਲਾਵਾ 10 ਲੱਖ ਨੌਕਰੀਆਂ ਿਸਰਜਿਤ ਕਰਨ ਦਾ ਵੀ ਵਾਅਦਾ ਕੀਤਾ।

ਵਿਕਾਸ ਦੇ ਮੁੱਦੇ ’ਤੇ ਲੜੀਆਂ ਗਈਆਂ ਇਨ੍ਹਾਂ ਚੋਣਾਂ ਵਿਚ ਭਾਜਪਾ ਦਾ ਨਾਅਰਾ ਸੀ ‘ਹਮਾਰਾ ਵਿਕਾਸ ਉਨਕਾ ਜੰਗਲ ਰਾਜ’। ਇਸ ਵਿਚ ਸਪੱਸ਼ਟ ਤੌਰ ’ਤੇ ‘ਰਾਜਦ’ (ਲਾਲੂ ਯਾਦਵ) ਦਾ ਪੱਲੜਾ ਭਾਰੀ ਨਜ਼ਰ ਆ ਰਿਹਾ ਸੀ ਅਤੇ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਸੀ ਕਿ (ਲਾਲੂ ਯਾਦਵ) ‘ਰਾਜਦ’ ਆਪਣਾ 15 ਸਾਲ ਦਾ ਸੱਤਾ ਦਾ ਬਨਵਾਸ ਖਤਮ ਕਰ ਕੇ ਮੁੜ ਸੱਤਾਧਾਰੀ ਹੋ ਜਾਏਗੀ।

ਤੇਜਸਵੀ ਦੇ ਜਲਸਿਆਂ ਵਿਚ ਭਾਰੀ ਭੀੜ ਅਤੇ ਐਗਜ਼ਿਟ ਪੋਲ ਵੀ ਇਹੀ ਸੰਕੇਤ ਦੇ ਰਹੇ ਸਨ, ਜਿਸ ਨੇ ਭਾਜਪਾ ਅਤੇ ਨਿਤੀਸ਼ ਕੁਮਾਰ ਦੀ ਜਨਤਾ ਦਲ (ਯੂ) (ਨਿਤੀਸ਼ ਕੁਮਾਰ) ਖੇਮੇ ਦੀ ਚਿੰਤਾ ਵਧਾ ਦਿੱਤੀ ਸੀ। ਹਾਲਾਂਕਿ ਬਿਹਾਰ ਦੇ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਨੇ ਉਦੋਂ ਕਹਿ ਦਿੱਤਾ ਸੀ ਕਿ ਚੋਣ ਜਲਸਿਆਂ ਵਿਚ ਭੀੜ ਦਾ ਹੋਣਾ ਕਿਸੇ ਪਾਰਟੀ ਨੂੰ ਹਮਾਇਤ ਦੀ ਗਾਰੰਟੀ ਨਹੀਂ ਹੁੰਦਾ।

10 ਨਵੰਬਰ ਨੂੰ ਚੋਣ ਨਤੀਜਿਆਂ ਦੇ ਰੁਝਾਨ ਆਉਣੇ ਸ਼ੁਰੂ ਹੋਣ ’ਤੇ (ਲਾਲੂ ਯਾਦਵ) ‘ਰਾਜਦ’ ਨੂੰ ਮਿਲਦੀ ਭਾਰੀ ਚੜ੍ਹਤ ਦੇਖਦੇ ਹੋਏ ਐਗਜ਼ਿਟ ਪੋਲਾਂ ਦੇ ਅਨੁਮਾਨ ਸੱਚ ਹੁੰਦੇ ਲੱਗਣ ਲੱਗੇ ਪਰ ਕੁਝ ਹੀ ਸਮੇਂ ਬਾਅਦ ਪਾਸਾ ਪਲਟ ਗਿਆ ਅਤੇ ਰੁਝਾਨ ਤੇਜ਼ੀ ਨਾਲ ਭਾਜਪਾ ਅਤੇ ਜਨਤਾ ਦਲ (ਯੂ) ਦੇ ਹੱਕ ਵਿਚ ਹੋ ਗਏ। ਦੇਰ ਰਾਤ ਤੱਕ ਘੁੰਢੀ ਫਸੀ ਰਹਿਣ ਕਾਰਣ ਸਥਿਤੀ ਸਪੱਸ਼ਟ ਨਹੀਂ ਸੀ ਪਰ ਇਹ ਮੰਨਿਆ ਜਾ ਰਿਹਾ ਹੈ ਕਿ ਰਾਜਗ ਸਰਕਾਰ ਬਣਾਉਣ ਵਾਲੀ ਹੈ।

ਇਹ ਲੇਖ ਪ੍ਰੈੱਸ ਵਿਚ ਜਾਣ ਤੱਕ ਭਾਜਪਾ 54, ਰਾਜਦ (ਲਾਲੂ ਯਾਦਵ) 62, ਜਨਤਾ ਦਲ (ਯੂ) (ਨਿਤੀਸ਼) 32, ਮਾਕਪਾ (ਮਾਲੇ) 9, ਕਾਂਗਰਸ 16, ਵਿਕਾਸਸ਼ੀਲ ਇਨਸਾਨ ਪਾਰਟੀ 4, ਏ. ਆਈ. ਐੱਮ. ਆਈ. ਐੱਮ. 4, ਮਾਕਪਾ 2, ‘ਹਮ’ 3, ਬਸਪਾ, ਭਾਕਪਾ, ਲੋਜਪਾ ਅਤੇ ਆਜ਼ਾਦ 1-1 ਸੀਟ ਜਿੱਤ ਚੁੱਕੇ ਸਨ।

ਪਰ ਇਨ੍ਹਾਂ ਚੋਣਾਂ ਵਿਚ ਨੌਜਵਾਨਾਂ ’ਤੇ ਤਜਰਬਾ ਭਾਰੀ ਰਿਹਾ। ਉਥੇ ਨਿਤੀਸ਼ ਕੁਮਾਰ ਵੱਲੋਂ ਕੀਤੇ ਗਏ ਵਿਕਾਸ ਕਾਰਜ, ਉਨ੍ਹਾਂ ਵੱਲੋਂ ਸੂਬੇ ਵਿਚ ਲਾਗੂ ਸ਼ਰਾਬਬੰਦੀ ਅਤੇ 3 ਤਲਾਕ ’ਤੇ ਕਾਨੂੰਨ ਵਰਗੇ ਕਦਮਾਂ ਨੇ ਉਨ੍ਹਾਂ ਨੂੰ ਲਾਭ ਪਹੁੰਚਾਇਆ। ਇਨ੍ਹਾਂ ਚੋਣਾਂ ਨੇ ਸਿੱਧ ਕਰ ਦਿੱਤਾ ਹੈ ਕਿ ਲੁਭਾਉਣੇ ਵਾਅਦਿਆਂ ਦੇ ਮੁਕਾਬਲੇ ਲੋਕਾਂ ਨੂੰ ਅਜੇ ਵੀ ਪਰਖੇ ਹੋਏ ਨੇਤਾ ’ਤੇ ਭਰੋਸਾ ਹੈ।

ਜਿਥੋਂ ਤੱਕ ‘ਮਹਾਗਠਜੋੜ’ ਦਾ ਸਬੰਧ ਹੈ, ਲਾਲੂ ਰਾਜ ਦੇ 15 ਸਾਲ ਦੇ ‘ਜੰਗਲ ਰਾਜ’, ਲਾਲੂ ਦੀ ਚਾਰਾ ਘਪਲੇ ਵਿਚ ਸ਼ਮੂਲੀਅਤ ਅਤੇ ਜੇਲ ਯਾਤਰਾ, ਤੇਜਸਵੀ ਦੇ ਵੱਡੇ ਭਰਾ ਤੇਜਪ੍ਰਤਾਪ ਵੱਲੋਂ ਆਪਣੀ ਪਤਨੀ ਐਸ਼ਵਰਿਆ ਰਾਏ ਨੂੰ ਛੱਡ ਦੇਣ ਕਾਰਣ ਤੇਜਪ੍ਰਤਾਪ ਦੇ ਸਹੁਰੇ ਚੰਦਰਿਕਾ ਪ੍ਰਸਾਦ ਵੱਲੋਂ ਰਾਜਦ ਵਿਰੁੱਧ ਚੋਣ ਲੜਨੀ, ਤੇਜਸਵੀ ਦਾ ਵਧੇਰੇ ਸਵੈ-ਭਰੋਸਾ ਇਸ ਦੇ ਮੁੱਖ ਕਾਰਣ ਰਹੇ। ਆਪਣੇ ਚੋਣ ਜਲਸਿਆਂ ਵਿਚ ਲੋਕਾਂ ਦੀ ਭਾਰੀ ਭੀੜ ਨੂੰ ਵੇਖ ਕੇ ਖੁਦ ਨੂੰ ਓਵਰ-ਐਸਟੀਮੇਟ ਕਰ ਲੈਣਾ ਵੀ ਉਸ ਨੂੰ ਮਹਿੰਗਾ ਪਿਆ।

ਜਿਥੋਂ ਤੱਕ ਚਿਰਾਗ ਦੀ ‘ਲੋਜਪਾ’ ਦਾ ਸਬੰਧ ਹੈ, ਦਰਸ਼ਕਾਂ ਮੁਤਾਬਕ ਚਿਰਾਗ ਦੇ ਪਿਤਾ ਸਵ. ਰਾਮਵਿਲਾਸ ਪਾਸਵਾਨ ਵੱਲੋਂ ਆਪਣੀ ਪਹਿਲੀ ਪਤਨੀ ਰਾਜ ਕੁਮਾਰੀ ਨੂੰ ਛੱਡਣ ’ਤੇ ਲੋਕਾਂ ਦੀ ਨਾਰਾਜ਼ਗੀ ਦਾ ਅਸਰ ਚਿਰਾਗ ਦੀਆਂ ਸੰਭਾਵਨਾਵਾਂ ’ਤੇ ਸ਼ਾਇਦ ਉਸੇ ਤਰ੍ਹਾਂ ਪਿਆ, ਜਿਸ ਤਰ੍ਹਾਂ ਐੱਨ. ਡੀ. ਤਿਵਾੜੀ ਅਤੇ ਹੋਰਨਾਂ ਸੰਸਦ ਮੈਂਬਰਾਂ ਆਦਿ ਵੱਲੋਂ ਆਪਣੀਆਂ ਪਤਨੀਆਂ ਅਤੇ ਬੱਚਿਆਂ ਨਾਲ ਝਗੜਿਆਂ ਕਾਰਣ ਉਨ੍ਹਾਂ ਨੂੰ ਛੱਡਿਆ ਹੋਇਆ ਹੈ। ਨਿਤੀਸ਼ ਦੀ ਆਲੋਚਨਾ ਵਿਚ ਹੱਦ ਤੋਂ ਅੱਗੇ ਵੱਧ ਜਾਣਾ ਵੀ ਚਿਰਾਗ ਪਾਸਵਾਨ ਨੂੰ ਮਹਿੰਗਾ ਪਿਆ।

ਰਾਜਦ ਦੀ ਚੜ੍ਹਤ ਨੂੰ ਵੇਖਦੇ ਹੋਏ ਨਿਤੀਸ਼ ਕੁਮਾਰ ਨੇ ਤਾਂ 6 ਨਵੰਬਰ ਨੂੰ ਪੂਰਨੀਆ ਵਿਚ ਭਾਸ਼ਣ ਦਿੰਦੇ ਹੋਏ ਕਹਿ ਦਿੱਤਾ ਸੀ ਕਿ ‘ਇਹ ਮੇਰੀ ਆਖਰੀ ਚੋਣ ਹੈ।’ ਇਸ ਕਾਰਣ ਲੋਕਾਂ ਦੇ ਮਨ ਵਿਚ ਉਨ੍ਹਾਂ ਪ੍ਰਤੀ ਹਮਦਰਦੀ ਵੱਧ ਗਈ ਅਤੇ ਿਨਤੀਸ਼ ਕੁਮਾਰ ਦੇ 7ਵੀਂ ਵਾਰ ਬਿਹਾਰ ਦਾ ਮੁੱਖ ਮੰਤਰੀ ਬਣਨ ਦਾ ਰਾਹ ਸਾਫ ਹੁੰਦਾ ਨਜ਼ਰ ਆ ਰਿਹਾ ਹੈ ਅਤੇ ਇਹ ਪ੍ਰਾਪਤੀ ਹਾਸਲ ਕਰਨ ਵਾਲੇ ਉਹ ਦੇਸ਼ ਦੇ ਪਹਿਲੇ ਮੁੱਖ ਮੰਤਰੀ ਹੋਣਗੇ।

ਹਾਲਾਂਕਿ ਨਿਤੀਸ਼ ਕੁਮਾਰ ਦੇ ਆਲੋਚਕ ਉਨ੍ਹਾਂ ’ਤੇ ਸੂਬੇ ਦੇ ਵਿਕਾਸ ਨੂੰ ਬੇਧਿਆਨ ਕਰਨ ਦਾ ਦੋਸ਼ ਲਾ ਰਹੇ ਹਨ ਪਰ ਸੂਬੇ ਵਿਚ ਵਿਕਾਸ ਤਾਂ ਜਾਰੀ ਹੈ।

ਜਿਥੇ ਰੁਝਾਨਾਂ ਵਿਚ ਭਾਜਪਾ ਅਤੇ ਜਨਤਾ ਦਲ (ਯੂ) (ਨਿਤੀਸ਼) ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ, ਉਥੇ ਤੇਜਸਵੀ ਯਾਦਵ (ਲਾਲੂ) ਨੇ ਆਪਣੇ ਹਮਾਇਤੀਆਂ ਨੂੰ ਕਿਹਾ ਹੈ ਕਿ ਸਰਕਾਰ ਸਾਡੀ ਹੀ ਬਣੇਗੀ। ਉਹ ਕਾਊਂਟਿੰਗ ਪੂਰੀ ਹੋਣ ਤੱਕ ਪੋਲਿੰਗ ਕੇਂਦਰਾਂ ’ਤੇ ਹੀ ਡਟੇ ਰਹਿਣ।

ਇਨ੍ਹਾਂ ਚੋਣਾਂ ਦਾ ਨਤੀਜਾ 2024 ਦੀਆਂ ਲੋਕ ਸਭਾ ਚੋਣਾਂ ਸਮੇਤ ਦੇਸ਼ ਦੀ ਸਿਆਸਤ ਨੂੰ ਪ੍ਰਭਾਵਿਤ ਕਰ ਸਕਦਾ ਹੈ। ਫਿਲਹਾਲ ਇਹ ਵੇਖਣਾ ਹੋਵੇਗਾ ਕਿ ਜਨਤਾ ਦਲ (ਯੂ) (ਨਿਤੀਸ਼) ਤੋਂ ਵੱਧ ਸੀਟਾਂ ਜਿੱਤ ਕੇ ‘ਛੋਟੇ ਭਰਾ’ ਤੋਂ ਵੱਡੇ ਭਰਾ ਦੀ ਭੂਮਿਕਾ ਵਿਚ ਆਈ ਭਾਜਪਾ ਹੁਣ ਜਨਤਾ ਦਲ (ਯੂ) (ਨਿਤੀਸ਼) ਪ੍ਰਤੀ ਕੀ ਰਵੱਈਆ ਅਪਣਾਉਂਦੀ ਹੈ।

-ਵਿਜੇ ਕੁਮਾਰ


author

Bharat Thapa

Content Editor

Related News