ਇਹ ਬਿਹਾਰ ਹੈ, ਇਥੇ ਚੂਹੇ ਪੀਂਦੇ ਹਨ ਸ਼ਰਾਬ ਅਤੇ ਪੁਲ ਤੇ ਰੇਲ ਇੰਜਣ ਹੁੰਦੇ ਹਨ ਚੋਰੀ

11/27/2022 12:29:31 AM

2016 ’ਚ ਬਿਹਾਰ ਵਿਚ ਸ਼ਰਾਬਬੰਦੀ ਲਾਗੂ ਹੋਣ ਤੋਂ ਬਾਅਦ ਪੁਲਸ ਨੇ ਵੱਡੀ ਮਾਤਰਾ ’ਚ ਸ਼ਰਾਬ ਜ਼ਬਤ ਕੀਤੀ ਸੀ। ਇਕ ਸਾਲ ਬਾਅਦ 2017 ’ਚ ਜਦੋਂ ਅਧਿਕਾਰੀਆਂ ਨੇ ਪੁਲਸ ਥਾਣਿਆਂ ’ਚ ਜ਼ਬਤ ਕਰ ਕੇ ਰੱਖੀ ਸ਼ਰਾਬ ਦਾ ਹਿਸਾਬ ਮੰਗਿਆ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਸਾਰੀ ਸ਼ਰਾਬ ਤਾਂ ਚੂਹੇ ਪੀ ਗਏ ਹਨ। ਇਸ ਸਾਲ ਅਪ੍ਰੈਲ ਵਿਚ ਬਿਹਾਰ ਦੇ ‘ਰੋਹਤਾਸ’ ’ਚ ਲੁਟੇਰਿਆਂ ਨੇ 45 ਸਾਲ ਪੁਰਾਣਾ ਲੋਹੇ ਦਾ 500 ਟਨ ਵਜ਼ਨੀ ਰੇਲ ਪੁਲ ਦਿਨ ਦੇ ਸਮੇਂ ਤੋੜ ਕੇ ਵੇਚ ਦਿੱਤਾ। ਇਸ ਘਟਨਾ ’ਚ ਸ਼ਾਮਲ ਸਿੰਚਾਈ ਵਿਭਾਗ ਦੇ ਇਕ ਸਹਾਇਕ ਇੰਜੀਨੀਅਰ ਸਮੇਤ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਪੁਲਸ ਨੇ ਉਨ੍ਹਾਂ ਕੋਲੋਂ ਕਬਾੜ ਬਣਾਇਆ ਹੋਇਆ ਪੁਲ ਬਰਾਮਦ ਕੀਤਾ।

ਹਾਲ ਹੀ ’ਚ ਬਿਹਾਰ ਦੇ ਪੂਰਣੀਆ ਰੇਲਵੇ ਸਟੇਸ਼ਨ ’ਤੇ ਜਨਤਕ ਪ੍ਰਦਰਸ਼ਨ ਲਈ ਰੱਖੇ ਗਏ ਇਕ ਪੂਰੇ ‘ਵਿੰਟੇਜ ਮੀਟਰਗੇਜ ਸਟੀਮ ਇੰਜਣ’ ਨੂੰ ਚੋਰਾਂ ਨੇ ਵੇਚ ਦਿੱਤਾ। ਇਸ ਘਟਨਾ ’ਚ ਹੋਰਨਾਂ ਦੋਸ਼ੀਆਂ ਤੋਂ ਇਲਾਵਾ ਇਕ ਰੇਲਵੇ ਇੰਜੀਨੀਅਰ ਨੂੰ ਵੀ ਸ਼ਾਮਲ ਪਾਇਆ ਗਿਆ ਸੀ। ਇਕ ਹੋਰ ਗਿਰੋਹ ਨੇ ਬਿਹਾਰ ਦੇ ਅਰਰੀਆ ਜ਼ਿਲੇ ’ਚ 2 ਸ਼ਹਿਰਾਂ ਨੂੰ ਜੋੜਨ ਵਾਲੇ ‘ਸੀਤਾਧਾਰ’ ਨਦੀ ’ਤੇ ਬਣੇ ਲੋਹੇ ਦੇ ਇਕ ਪੁਲ ਦਾ ਤਾਲਾ ਖੋਲ੍ਹ ਦੇ ਉਸ ਦੇ ਕੁਝ ਮਹੱਤਵਪੂਰਨ ਹਿੱਸੇ ਗਾਇਬ ਕਰ ਦਿੱਤੇ।

ਅਤੇ ਹੁਣ 24 ਨਵੰਬਰ ਨੂੰ ਬਿਹਾਰ ਦੇ ਬੇਗੂਸਰਾਏ ਜ਼ਿਲ੍ਹੇ ’ਚ ਬਰੌਨੀ ਰੇਲਵੇ ਸਟੇਸ਼ਨ ਦੇ ਯਾਰਡ ’ਚ ਮੁਰੰਮਤ ਲਈ ਲਿਆਂਦੇ ਗਏ ਡੀਜ਼ਲ ਇੰਜਣ ਨੂੰ ਚੋਰਾਂ ਦੇ ਇਕ ਗਿਰੋਹ ਵੱਲੋਂ ਸੁਰੰਗ ਬਣਾ ਕੇ ਉਸ ਦੇ ਪੁਰਜ਼ੇ ਚੋਰੀ ਕਰਨ ਅਤੇ ਬੋਰੀਆਂ ’ਚ ਭਰ ਕੇ ਲੈ ਜਾਣ ਦਾ ਖ਼ੁਲਾਸਾ ਹੋਇਆ ਹੈ, ਜਿਸ ਦੀ ਸਬੰਧਤ ਰੇਲ ਅਧਿਕਾਰੀਆਂ ਨੂੰ ਭਿਣਕ ਤੱਕ ਨਹੀਂ ਲੱਗੀ। 
ਮੁਜ਼ੱਫਰਪੁਰ ’ਚ ਇਕ ਕਬਾੜ ਦੀ ਦੁਕਾਨ ਤੋਂ ਬਰਾਮਦ ਕੀਤੇ ਗਏ ਇਕ ਬੈਗ ’ਚ ਟਰੇਨ ਦੇ ਇੰਜਣ ਦੇ ਪੁਰਜ਼ੇ ਭਰੇ ਹੋਏ ਮਿਲਣ ਤੋਂ ਬਾਅਦ ਇਹ ਭੇਤ ਖੁੱਲ੍ਹਿਆ ਅਤੇ ਇਸ ਸਬੰਧ ਵਿਚ ਪੁਲਸ ਨੇ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੀ ਸੂਚਨਾ ’ਤੇ ਇੰਜਣ ਦੇ ਪੁਰਜ਼ਿਆਂ ਦੀਆਂ 13 ਬੋਰੀਆਂ ਬਰਾਮਦ  ਕੀਤੀਆਂ। ਉਪਰੋਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਅੱਜ ਅਪਰਾਧਿਕ ਤੱਤਾਂ ਦੇ ਹੌਸਲੇ ਇੰਨੇ ਵਧ ਚੁੱਕੇ ਹਨ ਕਿ ਉਹ ਵੱਡੇ ਤੋਂ ਵੱਡਾ ਕਾਂਡ ਕਰਨ ਤੋਂ ਵੀ ਨਹੀਂ ਡਰਦੇ। ਇਸ ਲਈ ਜਿਥੇ ਇਨ੍ਹਾਂ ਘਟਨਾਵਾਂ ਲਈ ਜ਼ਿੰਮੇਵਾਰ ਵਿਅਕਤੀਆਂ ਦੇ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ, ਉੱਥੇ ਹੀ ਸੁਰੱਖਿਆ ਵਿਵਸਥਾ ਵੀ ਚਾਕ-ਚੌਬੰਦ ਕਰਨੀ ਜ਼ਰੂਰੀ ਹੈ ਤਾਂ ਕਿ ਅਜਿਹੀਆਂ ਵੱਡੀਆਂ ਚੋਰੀਆਂ ਤਾਂ ਨਾ ਹੋਣ ।
-ਵਿਜੇ ਕੁਮਾਰ


Manoj

Content Editor

Related News