ਦੇਸ਼ ’ਚ ਲਗਾਤਾਰ ਹੋ ਰਹੀਆਂ ‘ਬੈਂਕ ਅਤੇ ਏ. ਟੀ. ਐੱਮ.’ ਲੁੱਟਣ ਦੀਆਂ ਵਾਰਦਾਤਾਂ

01/21/2020 1:31:30 AM

ਸਰਕਾਰ ਦੇ ਲੱਖ ਦਾਅਵਿਆਂ ਦੇ ਬਾਵਜੂਦ ਭਾਰਤ ਵਿਚ ਅਪਰਾਧ ਘੱਟ ਨਹੀਂ ਹੋ ਰਹੇ। ਇਕ ਪਾਸੇ ਜਿੱਥੇ ਬਲਾਤਕਾਰ, ਹੱਤਿਆ, ਚੋਰੀ-ਡਕੈਤੀ ਆਦਿ ਜ਼ੋਰਾਂ ’ਤੇ ਹਨ ਤਾਂ ਦੂਜੇ ਪਾਸੇ ਬੈਂਕਾਂ ਅਤੇ ਏ. ਟੀ. ਐੱਮ. ਨੂੰ ਲਗਾਤਾਰ ਲੁੱਟਿਆ ਜਾ ਰਿਹਾ ਹੈ :

* 18 ਦਸੰਬਰ 2019 ਨੂੰ ਰਾਜਸਥਾਨ ਦੇ ਭਾਦਰਾ ’ਚ 6 ਹਥਿਆਰਬੰਦ ਲੁਟੇਰਿਆਂ ਨੇ ਆਈ. ਸੀ. ਆਈ. ਸੀ. ਆਈ. ਬੈਂਕ ਦੀ ਬ੍ਰਾਂਚ ’ਚੋਂ 33 ਲੱਖ 76 ਹਜ਼ਾਰ ਰੁਪਏ ਲੁੱਟ ਲਏ।

* 21 ਦਸੰਬਰ 2019 ਨੂੰ ਰੇਵਾੜੀ ਦੇ ਪਿੰਡ ਲਾਧੂਗੁਰਜਰ ਨੇੜੇ ਬਦਮਾਸ਼ ਪੀ. ਐੱਨ. ਬੀ. ਦੇ ਬੂਥ ਵਿਚ ਦਾਖਲ ਹੋ ਕੇ ਨਕਦੀ ਨਾਲ ਭਰਿਆ ਏ. ਟੀ. ਐੱਮ. ਪੁੱਟ ਕੇ ਲੈ ਗਏ।

* 23 ਦਸੰਬਰ 2019 ਨੂੰ 4 ਹਥਿਆਰਬੰਦ ਲੁਟੇਰਿਆਂ ਨੇ ਬਿਹਾਰ ਵਿਚ ਨਾਲੰਦਾ ਜ਼ਿਲੇ ਦੇ ਪਿਲਖੀ ਪਿੰਡ ਵਿਚ ਦੇਨਾ ਬੈਂਕ ’ਚੋਂ 4.99 ਲੱਖ ਰੁਪਏ ਲੁੱਟ ਲਏ।

* 31 ਦਸੰਬਰ 2019 ਨੂੰ ਪਟਨਾ ਵਿਚ ਯੂਨਾਈਟਿਡ ਬੈਂਕ ਦੀ ਬ੍ਰਾਂਚ ’ਚੋਂ ਇਕ ਬਦਮਾਸ਼ ਇਕੱਲਾ ਹੀ ਰੁਮਾਲ ਵਿਚ ਲਪੇਟੀ ਹੋਈ ਪਿਸਤੌਲ ਜਾਂ ਉਸ ਵਰਗੀ ਕੋਈ ਚੀਜ਼ ਦਿਖਾ ਕੇ ਸਿਰਫ 4 ਮਿੰਟਾਂ ਵਿਚ ਕੈਸ਼ੀਅਰ ਤੋਂ 9.12 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਿਆ।

* 31 ਦਸੰਬਰ 2019 ਨੂੰ ਹੀ ਕੁਝ ਬਦਮਾਸ਼ਾਂ ਨੇ ਉੱਤਰ ਪ੍ਰਦੇਸ਼ ਦੇ ਬਸਤੀ ਵਿਚ ਦੱਖਣੀ ਦਰਵਾਜ਼ਾ ’ਚ ਸਥਿਤ ਐੱਸ. ਬੀ. ਆਈ. ਦੇ ਏ. ਟੀ. ਐੱਮ. ਬੂਥ ਵਿਚ ਦਾਖਲ ਹੋ ਕੇ ਸੀ. ਸੀ. ਟੀ. ਵੀ. ’ਤੇ ਕਾਲਾ ਸਪਰੇਅ ਛਿੜਕਿਆ ਅਤੇ ਫਿਰ ਏ. ਟੀ. ਐੱਮ. ਕੱਟ ਕੇ 27 ਲੱਖ ਰੁਪਏ ਲੁੱਟ ਲਏ।

* 09 ਜਨਵਰੀ 2020 ਨੂੰ ਜੈਪੁਰ ਦੇ ਹਰਮਾੜਾ ਦੇ ਰਾਧਾਕ੍ਰਿਸ਼ਣਪੁਰਾ ਪਿੰਡ ਵਿਚ ਕੁਝ ਬਦਮਾਸ਼ ਐੱਚ. ਡੀ. ਐੱਫ. ਸੀ. ਬੈਂਕ ਦੇ ਏ. ਟੀ. ਐੱਮ. ਦਾ 9 ਲੱਖ ਰੁਪਿਆਂ ਨਾਲ ਭਰਿਆ ਕੈਸ਼ ਬਾਕਸ ਚੋਰੀ ਕਰ ਕੇ ਲੈ ਗਏ। ਇਸੇ ਦਿਨ ਕਾਨੋਤਾ ’ਚ ਬਦਮਾਸ਼ਾਂ ਨੇ ਬੈਂਕ ਆਫ ਇੰਡੀਆ ਦਾ ਏ. ਟੀ. ਐੱਮ. ਲੁੱਟਣ ਦੀ ਕੋਸ਼ਿਸ਼ ਵੀ ਕੀਤੀ।

* 16 ਜਨਵਰੀ 2020 ਨੂੰ ਤਰਨਤਾਰਨ ਦੇ ਪਿੰਡ ਠੱਠੀਆਂ ਮਹੰਤਾਂ ਵਿਚ 5 ਲੁਟੇਰਿਆਂ ਨੇ ਐਕਸਿਸ ਬੈਂਕ ਦੀ ਬ੍ਰਾਂਚ ’ਚੋਂ ਬੰਦੂਕ ਦੀ ਨੋਕ ’ਤੇ 7.30 ਲੱਖ ਰੁਪਏ ਲੁੱਟ ਲਏ।

* 18 ਜਨਵਰੀ 2020 ਨੂੰ ਅੰਮ੍ਰਿਤਸਰ ਨੇੜੇ ਜੰਡਿਆਲਾ ਗੁਰੂ ਦੇ ਬੰਡਾਲਾ ’ਚ ਸਥਿਤ ਐੱਚ. ਡੀ. ਐੱਫ. ਸੀ. ਬੈਂਕ ਵਿਚ 4 ਹਥਿਆਰਬੰਦ ਲੁਟੇਰਿਆਂ ਨੇ 1.55 ਲੱਖ ਰੁਪਏ ਲੁੱਟ ਲਏ ਅਤੇ ਬੈਂਕ ਵਿਚ ਲੱਗੇ ਕੈਮਰਿਆਂ ਦੀ ਡੀ. ਵੀ. ਆਰ. ਵੀ ਲੈ ਗਏ। ਪਿਛਲੇ ਇਕ ਮਹੀਨੇ ਵਿਚ ਬਿਆਸ ਨੇੜੇ ਬੈਂਕਾਂ ਦੇ 3 ਏ. ਟੀ. ਐੱਮ. ਲੁੱਟਣ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ।

* 19 ਜਨਵਰੀ 2020 ਨੂੰ ਗੁਰੂਗ੍ਰਾਮ ਦੀ ਸ਼ੀਤਲਾ ਕਾਲੋਨੀ ਵਿਚ ਛੋਟੂ ਰਾਮ ਚੌਕ ਵਿਚ ਸਥਿਤ ਐਕਸਿਸ ਬੈਂਕ ਦੇ ਏ. ਟੀ. ਐੱਮ. ਬੂਥ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਤੇ ਸਪਰੇਅ ਛਿੜਕਣ ਤੋਂ ਬਾਅਦ ਬਦਮਾਸ਼ ਏ. ਟੀ. ਐੱਮ. ਕੱਟ ਕੇ 69 ਹਜ਼ਾਰ ਰੁਪਏ ਚੋਰੀ ਕਰ ਕੇ ਲੈ ਗਏ।

ਕਈ ਬੈਂਕਾਂ ਦੀਆਂ ਬ੍ਰਾਂਚਾਂ ਅਤੇ ਏ. ਟੀ. ਐੱਮ. ’ਤੇ ਕੋਈ ਸੁਰੱਖਿਆ ਗਾਰਡ ਨਾ ਹੋਣ ਅਤੇ ਸੁਰੱਖਿਆ ਮੁਲਾਜ਼ਮਾਂ ਦੀ ਲਾਪਰਵਾਹੀ ਕਾਰਣ ਇਹ ਘਟਨਾਵਾਂ ਹੋ ਰਹੀਆਂ ਹਨ। ਕਈ ਮਾਮਲਿਆਂ ਵਿਚ ਅਪਰਾਧੀ ਬੈਂਕਾਂ ਅਤੇ ਏ. ਟੀ. ਐੱਮ. ਬੂਥਾਂ ’ਚ ਲਾਏ ਗਏ ਸੀ. ਸੀ. ਟੀ. ਵੀ. ਕੈਮਰਿਆਂ ਦੇ ਸਹੀ ਢੰਗ ਨਾਲ ਕੰਮ ਨਾ ਕਰਨ ਕਰਕੇ ਬਚ ਨਿਕਲਦੇ ਹਨ।

ਕਈ ਮਾਮਲਿਆਂ ਵਿਚ ਉਹ ਕੈਮਰਿਆਂ ’ਤੇ ਰੰਗ ਛਿੜਕ ਕੇ ਉਨ੍ਹਾਂ ਨੂੰ ਨਕਾਰਾ ਕਰ ਦੇਣ ਜਾਂ ਡੀ. ਵੀ. ਆਰ. ਨਾਲ ਲੈ ਜਾਣ ਕਰਕੇ ਫੜੇ ਨਹੀਂ ਜਾਂਦੇ। ਇਸ ਲਈ ਬੈਂਕ ਮੈਨੇਜਮੈਂਟ ਵਲੋਂ ਸਾਰੇ ਬੈਂਕਾਂ ਅਤੇ ਏ. ਟੀ. ਐੱਮ. ਬੂਥਾਂ ’ਤੇ ਸੁਰੱਖਿਆ ਗਾਰਡ ਤਾਇਨਾਤ ਕਰ ਕੇ ਅਤੇ ਹੋਰ ਉਪਾਵਾਂ ਨਾਲ ਇਨ੍ਹਾਂ ਦੀ ਸੁਰੱਖਿਆ ਮਜ਼ਬੂਤ ਬਣਾਉਣ ਦੀ ਲੋੜ ਹੈ।

–ਵਿਜੇ ਕੁਮਾਰ


Bharat Thapa

Content Editor

Related News