ਡਾਕਟਰਾਂ ’ਤੇ ਹਮਲਿਆਂ ਨਾਲ ਦੇਸ਼ ਦਾ ਸਿਹਤ ਢਾਂਚਾ ਲੜਖੜਾ ਜਾਵੇਗਾ
Thursday, Jun 03, 2021 - 02:20 AM (IST)

ਪਿਛਲੇ ਸਾਲ ਕੋਰੋਨਾ ਮਹਾਮਾਰੀ ਸ਼ੁਰੂ ਹੋਣ ਦੇ ਸਮੇਂ ਤੋਂ ਹੀ ਦੇਸ਼ ’ਚ ਡਾਕਟਰ, ਨਰਸਾਂ ਅਤੇ ਮੈਡੀਕਲ ਸਟਾਫ ਕੋਰੋਨਾ ਯੋਧਿਆਂ ਦੇ ਰੂਪ ’ਚ ਆਪਣੀ ਜਾਨ ਤਲੀ ’ਤੇ ਰੱਖ ਕੇ ਦਿਨ-ਰਾਤ ਰੋਗੀਆਂ ਦਾ ਇਲਾਜ ਕਰ ਰਹੇ ਹਨ।
ਇਨਫੈਕਸ਼ਨ ਦੇ ਖਤਰੇ ਨੂੰ ਦੇਖਦੇ ਹੋਏ ਜਿੱਥੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਦੀ ਲਾਸ਼ ਤੱਕ ਲੈਣ ਲਈ ਅੱਗੇ ਨਹੀਂ ਆ ਰਹੇ, ਉੱਥੇ ਇਹ ‘ਕੋਰੋਨਾ ਯੋਧੇ’ ਆਪਣੀਆਂ ਜਾਨਾਂ ਦੀ ਚਿੰਤਾ ਨਾ ਕਰਦੇ ਹੋਏ ਉਨ੍ਹਾਂ ਦੇ ਅੰਤਿਮ ਸੰਸਕਾਰ ਤੱਕ ਕਰ ਰਹੇ ਹਨ।
ਕੋਰੋਨਾ ਦੀ ਪਹਿਲੀ ਲਹਿਰ ’ਚ ਦੇਸ਼ ’ਚ 748 ਡਾਕਟਰਾਂ ਦੀ ਜਾਨ ਗਈ ਅਤੇ ਦੂਸਰੀ ਲਹਿਰ ’ਚ ਹੁਣ ਤੱਕ 594 ਡਾਕਟਰ ਇਨਫੈਕਟਿਡਾਂ ਦੇ ਇਲਾਜ ਦੇ ਦੌਰਾਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਜਦਕਿ ਨਰਸਾਂ ਅਤੇ ਹੋਰ ਸਟਾਫ ਦੀ ਗਿਣਤੀ ਇਸ ਦੇ ਇਲਾਵਾ ਹੈ। ਇਸ ਤਰ੍ਹਾਂ ਦੇ ਹਾਲਾਤ ’ਚ ਵੀ ਕਈ ਥਾਵਾਂ ’ਤੇ ਡਾਕਟਰਾਂ ’ਤੇ ਹਮਲੇ ਕਰ ਕੇ ਉਨ੍ਹਾਂ ਨੂੰ ਆਪਣੀ ਡਿਊਟੀ ਨਿਭਾਉਣ ਤੋਂ ਨਿਰਉਤਸ਼ਾਹਿਤ ਕੀਤਾ ਜਾ ਰਿਹਾ ਹੈ :
* 15 ਅਪ੍ਰੈਲ ਨੂੰ ਮੱਧ ਪ੍ਰਦੇਸ਼ ਦੇ ਖੰਡਵਾ ’ਚ ਇਕ ਸ਼ੱਕੀ ਕੋਰੋਨਾ ਇਨਫੈਕਟਿਡ ਦੇ ਘਰ ਜਾਂਚ ਕਰਨ ਗਈ ਮਹਿਲਾ ਡਾਕਟਰ ਅਤੇ ਨਰਸ ਨੂੰ ਘਰਵਾਲਿਆਂ ਨੇ ਬੰਧਕ ਬਣਾ ਲਿਆ ਅਤੇ ਬੁਰੀ ਤਰ੍ਹਾਂ ਕੁੱਟਿਆ।
* 22 ਅਪ੍ਰੈਲ ਨੂੰ ਪੁਣੇ ਦੇ ਹਸਪਤਾਲ ’ਚ ਇਕ ਕੋਰੋਨਾ ਇਨਫੈਕਟਿਡ ਦੀ ਮੌਤ ਦੇ ਬਾਅਦ 15-20 ਵਿਅਕਤੀਅਾਂ ਨੇ ਇਕ ਡਾਕਟਰ ’ਤੇ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ।
* 28 ਅਪ੍ਰੈਲ ਨੂੰ ਦਿੱਲੀ ਦੇ ਇਕ ਹਸਪਤਾਲ ’ਚ ਇਕ ਕੋਰੋਨਾ ਇਨਫੈਕਟਿਡ ਔਰਤ ਦੀ ਮੌਤ ਦੇ ਬਾਅਦ ਹਸਪਤਾਲ ਦੇ ਸਟਾਫ ’ਤੇ ਉਸ ਦੇ ਰਿਸ਼ਤੇਦਾਰਾਂ ਦੇ ਹਮਲੇ ਨਾਲ ਹਸਪਤਾਲ ਦੇ 4 ਕਰਮਚਾਰੀ ਜ਼ਖਮੀ ਹੋ ਗਏ।
* 10 ਮਈ ਨੂੰ ਕਰਨਾਟਕ ਦੇ ਬੇਲਗਾਵੀ ’ਚ ਲਗਭਗ 200 ਵਿਅਕਤੀਆਂ ਨੇ ਇਕ ਹਸਪਤਾਲ ’ਤੇ ਹਮਲਾ ਕਰ ਕੇ ਭਾਰੀ ਭੰਨ-ਤੋੜ ਕੀਤੀ ਅਤੇ ਮੈਡੀਕਲ ਸਟਾਫ ਨੂੰ ਜ਼ਖਮੀ ਕਰ ਦਿੱਤਾ।
* 27 ਮਈ ਨੂੰ ਕੋਵਿਡ ਹਸਪਤਾਲ, ਨੇਰ ਚੌਕ ’ਚ ਇਕ ਕੋਰੋਨਾ ਇਨਫੈਕਟਿਡ ਮਰੀਜ਼ ਦੇ ਨਾਲ ਉਸ ਨੂੰ ਸੰਭਾਲਣ ਆਏ ਵਿਅਕਤੀ ਨੇ ਡਿਊਟੀ ’ਤੇ ਤਾਇਨਾਤ ਜੂਨੀਅਰ ਡਾਕਟਰ ਦੇ ਡ੍ਰਿਪ ਸਟੈਂਡ ਨਾਲ ਹਮਲਾ ਕਰ ਿਦੱਤਾ। ਇਸ ਘਟਨਾ ’ਚ ਮਹਿਲਾ ਡਾਕਟਰ ਵਾਲ-ਵਾਲ ਬਚੀ।
* 28 ਮਈ ਹੈਦਰਾਬਾਦ ਦੇ ਇਕ ਹਸਪਤਾਲ ’ਚ ਇਲਾਜ ਅਧੀਨ ਕੋਰੋਨਾ ਇਨਫੈਕਟਿਡ ਦੀ ਮੌਤ ਦੇ ਬਾਅਦ ਉਸ ਦੇ ਪਰਿਵਾਰ ਦੇ 16 ਮੈਂਬਰਾਂ ਨੇ ਹਸਪਤਾਲ ਦੇ ਇਕ ਡਾਕਟਰ ’ਤੇ ਹਮਲਾ ਕਰਨ ਦੇ ਇਲਾਵਾ ਹਸਪਤਾਲ ’ਚ ਭਾਰੀ ਭੰਨ-ਤੋੜ ਕੀਤੀ।
* 30 ਮਈ ਨੂੰ ਲਖਨਊ ’ਚ ਇਕ ਕੋਰੋਨਾ ਇਨਫੈਕਟਿਡ ਦੀ ਮੌਤ ਦੇ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਡਾ. ਸੰਦੀਪ ਜਾਇਸਵਾਲ ’ਤੇ ਉਸ ਸਮੇਂ ਗੋਲੀ ਚਲਾ ਕੇ ਉਨ੍ਹਾਂ ਨੂੰ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ ਜਦੋਂ ਉਹ ਘਰ ਪਰਤ ਰਹੇ ਸਨ। ਹਮਲਾਵਰਾਂ ਵੱਲੋਂ ਚਲਾਈ ਗਈ ਗੋਲੀ ਦਾ ਇਕ ਛਰਰਾ ਡਾਕਟਰ ਦੇ ਜਬਾੜੇ ’ਚ ਫੱਸਿਆ ਹੋਇਆ ਸੀ। ਡਾਕਟਰ ’ਤੇ ਗੋਲੀ ਚਲਾਉਣ ਦੇ ਇਲਾਵਾ ਹਮਲਾਵਰਾਂ ਨੇ ਉਸ ’ਤੇ ਇੱਟ ਨਾਲ ਵੀ ਹਮਲਾ ਕੀਤਾ।
* ਅਤੇ ਹੁਣ 1 ਜੂਨ ਨੂੰ ਅਸਾਮ ’ਚ ਹੋਜਈ ਸਥਿਤ ‘ਉਦਾਲੀ ਕੋਵਿਡ ਕੇਅਰ ਸੈਂਟਰ’ ’ਚ ਇਲਾਜ ਅਧੀਨ ਰੋਗੀ ਦੀ ਮੌਤ ਦੇ ਤੁਰੰਤ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਜਾਣਕਾਰਾਂ ਨੇ ਐੱਸ.ਕੇ. ਸੇਨਾਪਤੀ ਨਾਂ ਦੇ ਜੂਨੀਅਰ ਡਾਕਟਰ ’ਤੇ ਆਕਸੀਜਨ ਲਗਾਉਣ ’ਚ ਦੇਰ ਕਰਨ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਦੇ ਕੱਪੜੇ ਉਤਾਰ ਕੇ ਉਨ੍ਹਾਂ ਨੂੰ ਘਸੀਟ-ਘਸੀਟ ਕੇ ਲੋਹੇ ਦੀਆਂ ਛੜਾਂ ਅਤੇ ਲੱਤਾਂ-ਮੁੱਿਕਆਂ ਨਾਲ ਕੁੱਟ ਕੇ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ, ਜਿਸ ਦੇ ਬਾਅਦ ਉਨ੍ਹਾਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ।
ਡਾਕਟਰ ਐੱਸ.ਕੇ. ਸੇਨਾਪਤੀ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਪਹੁੰਚਣ ਤੱਕ ਰੋਗੀ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੇ ਗੁੱਸੇ ’ਚ ਆਏ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਨੇ ਹਸਪਤਾਲ ਦਾ ਸਕਿਓਰਿਟੀ ਕੈਬਿਨ ਤੋੜ ਦਿੱਤਾ ਅਤੇ ਪਥਰਾਅ ਕੀਤਾ।
ਡਾ. ਐੱਸ.ਕੇ. ਸੇਨਾਪਤੀ ਦੀ ਕੁੱਟ-ਮਾਰ ’ਤੇ ਰੋਸ ਪ੍ਰਗਟ ਕਰਦੇ ਹੋਏ ‘ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐੱਮ.ਏ.) ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਇਸ ਹਮਲੇ ਨੂੰ ਬਹੁਤ ਹੀ ਜ਼ਿਆਦਾ ਗੈਰ-ਮਨੁੱਖੀ ਕਰਾਰ ਿਦੰਦੇ ਹੋਏ ਡਾਕਟਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ। ਅਸਾਮ ’ਚ ਇਸ ਘਟਨਾ ਦੇ ਵਿਰੁੱਧ ਰੋਸ ਵਜੋਂ ਡਾਕਟਰਾਂ ਨੇ ਰੋਸ ਵਿਖਾਵੇ ਅਤੇ ਹਸਪਤਾਲਾਂ ’ਚ ਓ.ਪੀ.ਡੀ. ਦਾ ਬਾਈਕਾਟ ਕੀਤਾ।
ਆਈ. ਐੱਮ. ਏ. ਦੇ ਅਨੁਸਾਰ ਇਕ ਪਾਸੇ ਡਾਕਟਰ ਰੋਗੀਆਂ ਨੂੰ ਬਚਾਉਣ ਦੇ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਅਤੇ ਦੂਸਰੇ ਪਾਸੇ ਕਿਤੇ ਟੈਸਟ ਕਰਨ ਪਹੁੰਚੀ ਮੈਡੀਕਲ ਟੀਮ ’ਤੇ ਹਮਲਾ ਕੀਤਾ ਜਾ ਰਿਹਾ ਹੈ ਅਤੇ ਕਿਤੇ ਵੈਕਸੀਨੇਸ਼ਨ ਕਰਨ ਵਾਲੀ ਟੀਮ ’ਤੇ ਹਮਲਾ ਕਰ ਕੇ ਉਸ ਨੂੰ ਭਜਾ ਦਿੱਤਾ ਜਾ ਰਿਹਾ ਹੈ।
ਬਿਨਾਂ ਸ਼ੱਕ ਅਸਾਮ ਦੀ ਪੁਲਸ ਵੱਲੋਂ ਤੱਤਕਾਲ ਕਾਰਵਾਈ ਕਰਦੇ ਹੋਏ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲੈਣਾ ਸ਼ਲਾਘਾਯੋਗ ਹੈ। ਸੂਬੇ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ ਨੇ ਕਿਹਾ ਹੈ ਕਿ ਮੈਂ ਖੁਦ ਇਸ ਮਾਮਲੇ ’ਤੇ ਨਜ਼ਰ ਰੱਖ ਰਿਹਾ ਹਾਂ ਅਤੇ ਕਾਨੂੰਨ ਦੇ ਅਧੀਨ ਜਲਦੀ ਤੋਂ ਜਲਦੀ ਨਿਆਂ ਦਿੱਤਾ ਜਾਵੇਗਾ। ਸੂਬੇ ਦੇ ਪੁਲਸ ਮਹਾਨਿਰਦੇਸ਼ਕ ਭਾਸਕਰ ਜਯੋਤੀ ਨੇ ਵੀ ਕਿਹਾ ਹੈ ਕਿ ਡਾਕਟਰ ’ਤੇ ਹਮਲਾ ਮੋਹਰਲੀ ਕਤਾਰ ਦੇ ਵਰਕਰਾਂ ’ਤੇ ਹਮਲਾ ਹੈ ਅਤੇ ਅਸੀਂ ਅਜਿਹਾ ਨਹੀਂ ਹੋਣ ਦੇਵਾਂਗੇ।
ਕੋਰੋਨਾ ਪੀੜਤਾਂ ਦੇ ਇਲਾਜ ਦੇ ਦੌਰਾਨ ਸਰਬਉੱਚ ਬਲੀਦਾਨ ਦੇਣ ਵਾਲੇ ਡਾਕਟਰਾਂ, ਨਰਸਾਂ ਤੇ ਹੋਰ ਸਟਾਫ ਦੇ ਨਾਲ ਅਜਿਹਾ ਵਤੀਰਾ ਬਹੁਤ ਹੀ ਨਿੰਦਨਯੋਗ ਹੈ ਅਤੇ ਉਨ੍ਹਾਂ ਨੂੰ ਅਜਿਹੇ ਹਮਲਿਆਂ ਤੋਂ ਬਚਾਉਣ ਲਈ ਅਸਰਦਾਇਕ ਪ੍ਰਬੰਧ ਕਰਨ ਦੀ ਲੋੜ ਹੈ।
ਜਿਸ ਤਰ੍ਹਾਂ ਅਸਾਮ ’ਚ ਡਾਕਟਰ ’ਤੇ ਹਮਲਾ ਕਰਨ ਵਾਲਿਆਂ ਨੂੰ ਤੁਰੰਤ ਫੜਿਆ ਗਿਆ ਹੈ, ਉਸੇ ਤਰ੍ਹਾਂ ਦੂਸਰੀਆਂ ਥਾਵਾਂ ’ਤੇ ਅਜਿਹੀਆਂ ਹੀ ਘਟਨਾਵਾਂ ਦੇ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਤੁਰੰਤ ਫੜਿਆ ਜਾਣਾ ਚਾਹੀਦਾ ਹੈ ਤਾਂ ਕਿ ਡਾਕਟਰਾਂ ਦਾ ਆਤਮ-ਵਿਸ਼ਵਾਸ ਬਣਿਆ ਰਹੇ ਅਤੇ ਉਹ ਨਿਡਰ ਹੋ ਕੇ ਆਪਣੀਆਂ ਸੇਵਾਵਾਂ ਦੇ ਸਕਣ।
- ਵਿਜੇ ਕੁਮਾਰ