ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦੇ ਰੋਡ ਸ਼ੋਅ ’ਤੇ ਹਮਲਾ
Sunday, Nov 06, 2022 - 12:41 AM (IST)
ਸਿਆਸੀ ਪਾਰਟੀਆਂ ਵੱਲੋਂ ਸਮੇਂ-ਸਮੇਂ ’ਤੇ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਰੋਡ ਸ਼ੋਅ ਕੱਢੇ ਜਾਂਦੇ ਰਹਿੰਦੇ ਹਨ। ਇਸੇ ਸਿਲਸਿਲੇ ’ਚ ਇਨ੍ਹੀਂ ਦਿਨੀਂ ਭਾਰਤ ’ਚ ਵੀ ਕੁਝ ਨੇਤਾਵਾਂ ਵੱਲੋਂ ਰੋਡ ਸ਼ੋਅ ਕੱਢੇ ਜਾ ਰਹੇ ਹਨ।
ਜਿੱਥੇ ਕਾਂਗਰਸ ਨੇ ਰਾਹੁਲ ਗਾਂਧੀ ਦੀ ਅਗਵਾਈ ’ਚ ‘ਭਾਰਤ ਜੋੜੋ ਯਾਤਰਾ’ ਸ਼ੁਰੂ ਕਰ ਰੱਖੀ ਹੈ, ਉੱਥੇ ਹੀ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ’ਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਸਿਲਸਿਲੇ ’ਚ ਭਾਜਪਾ, ਕਾਂਗਰਸ ਅਤੇ ‘ਆਪ’ ਦੇ ਵੱਖ-ਵੱਖ ਨੇਤਾ ਵੀ ਰੋਡ ਸ਼ੋਅ ਕੱਢ ਰਹੇ ਹਨ। ਇਸੇ ਤਰ੍ਹਾਂ ਇਨ੍ਹੀਂ ਦਿਨੀਂ ਆਂਧਰਾ ਪ੍ਰਦੇਸ਼ ’ਚ ਤੇਲਗੂ ਦੇਸ਼ਮ ਪਾਰਟੀ (ਤੇਦੇਪਾ) ਦੇ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਇਕ ਰੋਡ ਸ਼ੋਅ ਕੱਢ ਕੇ ਲੋਕਾਂ ਨੂੰ ਸੂਬੇ ’ਚ ਵਾਈ. ਐੱਸ. ਜਗਨਮੋਹਨ ਦੀ ਅਗਵਾਈ ਵਾਲੀ ਸਰਕਾਰ ਦੇ ਵਿਰੁੱਧ ਇਕਜੁੱਟ ਹੋਣ ਦਾ ਸੱਦਾ ਦੇ ਰਹੇ ਹਨ।
ਕਿਸੇ ਸਮੇਂ ਕੇਂਦਰ ਦੀ ਸਿਆਸਤ ’ਚ ‘ਕਿੰਗਮੇਕਰ’ ਕਹੇ ਜਾਣ ਵਾਲੇ ਚੰਦਰਬਾਬੂ ਨਾਇਡੂ ਇਕ ਤਜਰਬੇਕਾਰ ਸੀਨੀਅਰ ਸਿਆਸਤਦਾਨ ਹਨ, ਜਿਨ੍ਹਾਂ ਦੀ ਨਾ ਸਿਰਫ ਸੂਬੇ ਦੀ ਸਿਆਸਤ ਸਗੋਂ ਰਾਸ਼ਟਰੀ ਸਿਆਸਤ ’ਚ ਵੀ ਚੰਗੀ ਪਛਾਣ ਹੈ।
ਇੱਥੋਂ ਤੱਕ ਕਿ ਉਨ੍ਹਾਂ ਨੂੰ 1997 ’ਚ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਉਨ੍ਹਾਂ ਨੇ ਇਹ ਕਹਿ ਕੇ ਇਸ ਨੂੰ ਖਾਰਿਜ ਕਰ ਦਿੱਤਾ ਸੀ ਕਿ ਉਹ ਖੁਦ ਨੂੰ ਆਂਧਰਾ ਪ੍ਰਦੇਸ਼ ਦੀ ਸੇਵਾ ਦੇ ਲਈ ਹੀ ਸਮਰਪਿਤ ਕਰਨਾ ਚਾਹੁੰਦੇ ਹਨ। ਹਾਲ ਹੀ ’ਚ ਉਨ੍ਹਾਂ ਨੇ ਵਿਰੋਧੀ ਧਿਰ ਦੀ ਏਕਤਾ ਦੇ ਯਤਨ ਵੀ ਸ਼ੁਰੂ ਕਰ ਰੱਖੇ ਸਨ।
ਕਿਹਾ ਜਾਂਦਾ ਹੈ ਕਿ ਜਗਨਮੋਹਨ ਰੈੱਡੀ ਦੀ ਸਰਕਾਰ ਚੰਦਰਬਾਬੂ ਨਾਇਡੂ ’ਤੇ ਰੋਡ ਸ਼ੋਅ ਖਤਮ ਕਰਨ ਦੇ ਲਈ ਦਬਾਅ ਪਾ ਰਹੀ ਸੀ। ਇਸ ਲਈ ਜਦੋਂ 4 ਨਵੰਬਰ ਨੂੰ ਉਹ ‘ਨੰਦੀਗਾਮਾ’ ’ਚ ਰੋਡ ਸ਼ੋਅ ਕੱਢ ਰਹੇ ਸਨ ਤਾਂ ਉਨ੍ਹਾਂ ਦੇ ਕਾਫਿਲੇ ’ਤੇ ਅਣਪਛਾਤੇ ਹਮਲਾਵਰਾਂ ਵੱਲੋਂ ਪਥਰਾਅ ਕੀਤਾ ਗਿਆ, ਜਿਸ ਦੇ ਨਤੀਜੇ ਵਜੋਂ ਇਕ ਪੱਥਰ ਚੰਦਰਬਾਬੂ ਨਾਇਡੂ ਦੇ ਓ. ਐੱਸ. ਡੀ. ਦੀ ਠੋਡੀ ’ਤੇ ਲੱਗਣ ਨਾਲ ਓ. ਐੱਸ. ਡੀ. ਜ਼ਖਮੀ ਹੋ ਗਏ।
ਅਜਿਹਾ ਜਾਪਦਾ ਹੈ ਕਿ ਜਿਸ ਤਰ੍ਹਾਂ 2-3 ਦਿਨ ਪਹਿਲਾਂ ਪਾਕਿਸਤਾਨ ਦੇ ਗੁਜਰਾਂਵਾਲਾ ’ਚ ਇਮਰਾਨ ਖਾਨ ਦੀ ਰੈਲੀ ’ਤੇ ਹਮਲਾ ਕੀਤਾ ਗਿਆ, ਉਸ ਨੂੰ ਦੇਖ ਕੇ ਸ਼ਾਇਦ ਜਗਨਮੋਹਨ ਰੈੱਡੀ ਸਰਕਾਰ ਵੱਲੋਂ ਚੰਦਰਬਾਬੂ ’ਤੇ ਇਹ ਹਮਲਾ ਕਰਵਾਇਆ ਗਿਆ ਹੈ।
ਤੇਦੇਪਾ ਨੇ ਇਸ ਹਮਲੇ ਦੇ ਲਈ ਜਗਨਮੋਹਨ ਰੈੱਡੀ ਦੀ ਸਰਕਾਰ ’ਤੇ ਦੋਸ਼ ਲਾਉਂਦੇ ਹੋਏ ਕਿਹਾ ਹੈ ਕਿ ਜਾਣਬੁੱਝ ਕੇ ਚੰਦਰਬਾਬੂ ਨਾਇਡੂ ਦੀ ਸੁਰੱਖਿਆ ’ਚ ਘੱਟ ਪੁਲਸ ਲਗਾਈ ਗਈ। ਇਸ ਲਈ ਇਸ ਸਬੰਧ ’ਚ ਡੂੰਘੀ ਜਾਂਚ ਕਰਨ ਦੇ ਬਾਅਦ ਅਜਿਹੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ ਕਿ ਭਵਿੱਖ ’ਚ ਇਸ ਕਿਸਮ ਦੀਆਂ ਘਟਨਾਵਾਂ ਮੁੜ ਨਾ ਵਾਪਰਨ।
–ਵਿਜੇ ਕੁਮਾਰ