ਦੇਸ਼-ਵਿਦੇਸ਼ ’ਤੇ ‘ਕਹਿਰ ਕੁਦਰਤ ਦਾ’ ਇਹ ‘ਸ਼ਨੀ ਦੀ ਸਾੜ੍ਹਸਤੀ’ ਨਹੀਂ ਤਾਂ ਕੀ ਹੈ

06/28/2020 2:47:08 AM

ਜਿਵੇਂ ਕਿ ਅਸੀਂ ਅਕਸਰ ਲਿਖਦੇ ਰਹਿੰਦੇ ਹਾਂ ਕਿ ਕੁਝ ਸਮੇਂ ਤੋਂ ਦੇਸ਼-ਵਿਦੇਸ਼ ਦੇ ਹਾਲਾਤ ਦੇਖਦੇ ਹੋਏ ਕਈ ਲੋਕਾਂ ਦਾ ਕਹਿਣਾ ਠੀਕ ਹੀ ਲੱਗਦਾ ਹੈ ਕਿ ਸ਼ਨੀਦੇਵ ਨਾਰਾਜ਼ ਹੈ ਅਤੇ ਵਿਸ਼ਵ ’ਤੇ ਸਾੜ੍ਹਸਤੀ ਆਈ ਹੋਈ ਹੈ। ਇਸ ਕਾਰਨ ਸਾਰੇ ਵਿਸ਼ਵ ’ਚ ਲਗਾਤਾਰ ਜੰਗਲਾਂ ਦੀ ਅੱਗ, ਭੂਚਾਲ, ਹੜ੍ਹ, ਆਸਮਾਨੀ ਬਿਜਲੀ ਆਦਿ ਨਾਲ ਜਾਨ-ਮਾਲ ਨੂੰ ਭਾਰੀ ਹਾਨੀ ਹੋ ਰਹੀ ਹੈ, ਜਿਸ ਦੀਆਂ ਕੁਝ ਤਾਜ਼ਾ ਉਦਾਹਰਣਾਂ ਹੇਠਾਂ ਦਰਜ ਹਨ :

* 19 ਜੂਨ ਨੂੰ ਅਮਰੀਕਾ ਦੇ ਉੱਤਰੀ ਕੈਲੀਫੋਰਨੀਆ ਦੇ ਜੰਗਲਾਂ ਅਤੇ ਏਰੀਜੋਨਾ ਸੂਬਿਆਂ ’ਚ ਲੱਗੀ ਭਿਆਨਕ ਅੱਗ ਨਾਲ 12,000 ਏਕੜ ਭੂਮੀ ਪ੍ਰਭਾਵਿਤ ਹੋਈ ਅਤੇ ਵੱਡੀ ਗਿਣਤੀ ’ਚ ਜੰਗਲ ਅਤੇ ਮਕਾਨ ਸੜ ਕੇ ਸੁਆਹ ਹੋ ਗਏ।

*21 ਜੂਨ ਨੂੰ ਮਿਜ਼ੋਰਮ, ਮੇਘਾਲਿਆ, ਮਣੀਪੁਰ ਅਤੇ ਹੋਰ ਪੂਰਬ ਉੱਤਰ ਸੂਬਿਆਂ ’ਚ ਰਿਕਟਰ ਪੈਮਾਨੇ ’ਤੇ 5.1 ਤੀਬਰਤਾ ਦਾ ਭੂਚਾਲ ਆਇਆ, ਫਿਰ 22, 23 ਅਤੇ 24 ਜੂਨ ਨੂੰ ਵੀ ਮਿਜ਼ੋਰਮ ਦੇ ਆਈਜੋਲ ਅਤੇ ਹੋਰ ਥਾਵਾਂ ’ਤੇ ਕ੍ਰਮਵਾਰ 5.3, 3.7 ਅਤੇ 4.1 ਤੀਬਰਤਾ ਦੇ ਭੂਚਾਲ ਆਏ, ਜਿਸ ਨਾਲ ਕਈ ਮਕਾਨਾਂ ਨੂੰ ਨੁਕਸਾਨ ਪੁੱਜੇ।

* 24 ਜੂਨ ਨੂੰ ਮੈਕਸੀਕੋ ਦੇ ਕਈ ਸੂਬਿਆਂ ’ਚ 7.4 ਦੀ ਤੀਬਰਤਾ ਦੇ ਭੂਚਾਲ ਦੇ ਝਟਕਿਆਂ ਨਾਲ ਦਰਜਨਾਂ ਇਮਾਰਤਾਂ ਢਹਿ ਗਈਆਂ ਅਤੇ 6 ਲੋਕਾਂ ਦੀ ਮੌਤ ਹੋ ਗਈ।

* 25 ਜੂਨ ਨੂੰ ਉੱਤਰ ਪ੍ਰਦੇਸ਼, ਬਿਹਾਰ, ਬੰਗਾਲ, ਝਾਰਖੰਡ ’ਚ ਮੀਂਹ ਨਾਲ ਭਾਰੀ ਨੁਕਸਾਨ ਹੋਇਆ ਅਤੇ ਅਾਸਮਾਨੀ ਬਿਜਲੀ ਡਿੱਗਣ ਨਾਲ 125 ਲੋਕਾਂ ਦੀ ਮੌਤ ਹੋ ਗਈ।

* 26 ਜੂਨ ਨੂੰ ਚੀਨ ਦੇ ਝਿੰਜਿਆਂਗ ਇਲਾਕੇ ’ਚ 2 ਵਾਰ ਰਿਕਟਰ ਪੈਮਾਨੇ ’ਤੇ ਕ੍ਰਮਵਾਰ 6.4 ਅਤੇ 4.4 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਨਾਲ ਇਮਾਰਤਾਂ ਹਿੱਲਣ ਲੱਗੀਆਂ ਅਤੇ ਲੋਕ ਘਰਾਂ ’ਚੋਂ ਬਾਹਰ ਨਿਕਲ ਭੱਜੇ। ਇਸੇ ਦਿਨ ਤੁਰਕੀ ’ਚ 5.5 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਅਤੇ ਰੋਹਤਕ ’ਚ ਵੀ ਭੂਚਾਲ ਆਇਆ।

* 26 ਜੂਨ ਰਾਤ ਨੂੰ ਲੱਦਾਖ ’ਚ 4.5, ਮੇਘਾਲਿਆ ’ਚ 3.3 ਅਤੇ ਮਿਜ਼ੋਰਮ ਤੋਂ ਇਲਾਵਾ ਰੋਹਤਕ ’ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।

*27 ਜੂਨ ਨੂੰ ਅਸਮ ’ਚ ਹੜ੍ਹ ਦਾ ਪਾਣੀ ਸੂਬੇ ਦੇ 16 ਜ਼ਿਲਿਆਂ ’ਚ ਪ੍ਰਵੇਸ਼ ਕਰ ਗਿਆ। ਸੂਬੇ ’ਚ ਹੜ੍ਹ ਨਾਲ 2.53 ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਹਨ, ਜਦੋਂਕਿ ਮ੍ਰਿਤਕਾਂ ਦੀ ਗਿਣਤੀ ਵਧ ਕੇ 16 ਹੋ ਗਈ।

ਵਿਸ਼ਵ ਇਸ ਸਮੇਂ ਕੁਝ ਅਜਿਹੇ ਹਾਲਾਤ ਨਾਲ ਜੂਝ ਰਿਹਾ ਹੈ। ਸ਼ਨੀ ਦੇਵ ਨਾਰਾਜ਼ ਹਨ ਜਾਂ ਨਹੀਂ ਇਹ ਵੱਖਰੀ ਗੱਲ ਹੈ ਪਰ ਇਸ ਸਮੇਂ ਜੋ ਕੁਝ ਹੋ ਰਿਹਾ ਹੈ, ਉਸ ਦੇ ਪਿੱਛੇ ਕੁਝ ਤਾਂ ਗੱਲ ਹੈ! ਸ਼ਾਇਦ ਕੁਦਰਤ ਸਮੁੱਚੇ ਵਿਸ਼ਵ ਨੂੰ ਚਿਤਾਵਨੀ ਦੇ ਰਹੀ ਹੈ ਕਿ ਹੁਣ ਵੀ ਸੰਭਲ ਜਾਓ ਅਤੇ ਮੇਰੇ ਨਾਲ ਛੇੜਛਾੜ ਅਤੇ ਗਲਤ ਕੰਮ ਕਰਨਾ ਬੰਦ ਕਰ ਦਿਓ ਨਹੀਂ ਤਾਂ ਜੇਕਰ ਮੇਰਾ ਗੁੱਸਾ ਹੋਰ ਵਧਿਆ ਤਾਂ ਤੈਨੂੰ ਮੌਜੂਦਾ ਤੋਂ ਵੀ ਜ਼ਿਆਦਾ ਵਿਨਾਸ਼ਲੀਲਾ ਦੇ ਦਿਲ ਨੂੰ ਦਹਿਲਾਉਣ ਵਾਲੇ ਦ੍ਰਿਸ਼ ਦੇਖਣੇ ਪੈਣਗੇ।

–ਵਿਜੇ ਕੁਮਾਰ


Bharat Thapa

Content Editor

Related News