‘ਦਾਜ ਦੀ ਬੁਰਾਈ ਵਿਰੁੱਧ’ ਇਕ ਸ਼ਲਾਘਾਯੋਗ ਯਤਨ

07/06/2023 4:05:13 AM

ਸ਼ਾਦੀ-ਵਿਆਹਾਂ ’ਚ ਦਾਜ ਦਾ ਲੈਣ-ਦੇਣ ਇਕ ਅਜਿਹੀ ਬੁਰਾਈ ਹੈ ਜਿਸ ਨਾਲ ਵੱਡੀ ਗਿਣਤੀ ’ਚ ਪਰਿਵਾਰ ਕਰਜ਼ੇ ’ਚ ਡੁੱਬ ਜਾਣ ਕਾਰਨ ਤਬਾਹ ਹੋ ਰਹੇ ਹਨ। ਇਸ ਲਈ ਕੰਨਿਆ ਸੰਤਾਨ ਨੂੰ ਬੋਝ ਸਮਝਣ ਕਾਰਨ ਕਈ ਪਰਿਵਾਰਾਂ ’ਚ ਉਨ੍ਹਾਂ ਨੂੰ ਗਰਭ ’ਚ ਹੀ ਮਾਰਿਆ ਜਾ ਰਿਹਾ ਹੈ ਅਤੇ ਉਨ੍ਹਾਂ ਨਾਲ ਭੇਦਭਾਵਪੂਰਨ ਵਿਵਹਾਰ ਕੀਤਾ ਜਾਂਦਾ ਹੈ।

ਇਸੇ ਨੂੰ ਦੇਖਦੇ ਹੋਏ ਬਿਹਾਰ ’ਚ ਪੱਛਮੀ ਚੰਪਾਰਨ ਜ਼ਿਲੇ ’ਚ ਰਹਿਣ ਵਾਲੇ ਥਾਰੂ ਕਬੀਲੇ ਦੇ ਮੈਂਬਰਾਂ ਨੇ ਆਪਣੀ ਸਖਤ ਦਾਜ ਵਿਰੋਧੀ ਪਰੰਪਰਾ ’ਚ ਇਕ ਮਿਸਾਲ ਕਾਇਮ ਕੀਤੀ ਹੈ।

ਇਸ ਕਬੀਲੇ ’ਚ ਵਿਆਹ ਨੂੰ ‘ਭਗਵਾਨ ਦਾ ਵਰਦਾਨ’ ਮੰਨ ਕੇ ਇਸ ਮੌਕੇ ’ਤੇ ਲਾੜਾ ਅਤੇ ਲਾੜੀ ਦੋਵਾਂ ਦੀ ਹੀ ਪੂਜਾ ਕੀਤੀ ਜਾਂਦੀ ਹੈ। ਰੂੜੀਵਾਦੀ ਹਿੰਦੂ ਪਰਿਵਾਰਾਂ ਦੇ ਰਿਵਾਜ ਦੇ ਉਲਟ ਬਣਨ ਵਾਲੇ ਥਾਰੂ ਲਾੜਿਆਂ ਦੇ ਮਾਪੇ ਲਾੜੀ ਦੇ ਪੱਖ ਕੋਲ ਵਿਆਹ ਸਬੰਧੀ ਗੱਲਬਾਤ ਲਈ ਜਾਂਦੇ ਹਨ ਅਤੇ ਰਿਸ਼ਤਾ ਤੈਅ ਹੋ ਜਾਣ ’ਤੇ ਸ਼ਗਨ ਦੇ ਤੌਰ ’ਤੇ 5 ਜਾਂ 11 ਰੁਪਏ ਦਿੰਦੇ ਹਨ।

ਬਰਾਦਰੀ ’ਚ ਦਾਜ ਦੀ ਬਿਲਕੁਲ ਇਜਾਜ਼ਤ ਨਹੀਂ ਹੈ ਅਤੇ ਜੇ ਕੋਈ ਪਰਿਵਾਰ ਦਾਜ ਦਾ ਲੈਣ-ਦੇਣ ਕਰਦਾ ਹੈ ਤਾਂ ਉਸ ਲਈ ਦੋਸ਼ੀ ਪਰਿਵਾਰ ਦੇ ਸਮਾਜਿਕ ਬਾਈਕਾਟ ਦੇ ਨਾਲ-ਨਾਲ ਹੋਰ ਸਖਤ ਸਜ਼ਾਵਾਂ ਨਿਰਧਾਰਿਤ ਹਨ।

ਵਾਲਮੀਕਿ ਨਗਰ ਦੇ ‘ਸੋਨਗੜਵਾ’ ਪਿੰਡ ਦੇ ਨਿਵਾਸੀ ਅਤੇ ‘ਭਾਰਤੀਯ ਥਾਰੂ ਕਲਿਆਣ ਮਹਾਸੰਘ’ ਦੇ ਸਕੱਤਰ ਰਵਿੰਦਰ ਪ੍ਰਸਾਦ ਨੇ ਹਾਲ ਹੀ ’ਚ ਆਪਣੀ ਧੀ ਦਾ ਵਿਆਹ ਇਸੇ ਰੀਤੀ ਦਾ ਪਾਲਣ ਕਰਦੇ ਹੋਏ ਸੰਪੰਨ ਕਰਵਾਇਆ ਅਤੇ ਦਾਜ ’ਚ ਵਰ ਪੱਖ ਨੂੰ ਕੁਝ ਵੀ ਨਹੀਂ ਦਿੱਤਾ।

ਉਕਤ ਜਨਜਾਤੀ ਸਮਾਜ ਦਾ ਯਤਨ ਸ਼ਲਾਘਾਯੋਗ ਅਤੇ ਮਿਸਾਲੀ ਹੈ। ਲੋੜ ਇਸ ਗੱਲ ਦੀ ਹੈ ਕਿ ਇਸ ਤਰ੍ਹਾਂ ਦੀ ਮੁਹਿੰਮ ਨੂੰ ਦੇਸ਼ ਭਰ ’ਚ ਹੁਲਾਰਾ ਦਿੱਤਾ ਜਾਵੇ। ਇਸ ਨਾਲ ਨਾ ਸਿਰਫ ਕਈ ਧੀਆਂ ਦਾਜ ਦੀ ਬਲੀ ਚੜ੍ਹਨ ਤੋਂ ਬਚਣਗੀਆਂ ਸਗੋਂ ਗਰੀਬ ਮਾਂ-ਬਾਪ ਬੇਲੋੜੇ ਵਿੱਤੀ ਬੋਝ ਹੇਠ ਦੱਬਣ ਤੋਂ ਵੀ ਬਚ ਸਕਣਗੇ।

-ਵਿਜੇ ਕੁਮਾਰ


Mukesh

Content Editor

Related News