ਜਹਾਜ਼ਾਂ ਦੀਆਂ ਉਡਾਣਾਂ ਦੌਰਾਨ ਆ ਰਹੀ ਖਰਾਬੀ ‘ਯਾਤਰੀਆਂ ਦੀ ਜ਼ਿੰਦਗੀ ਨਾਲ ਖਿਲਵਾੜ’

07/06/2022 11:53:01 PM

ਇਨ੍ਹੀਂ ਦਿਨੀਂ ਜਿੱਥੇ ਦੇਸ਼ ਹਵਾਬਾਜ਼ੀ ਕ੍ਰਾਂਤੀ ਦੇ ਵੱਲ ਵਧ ਰਿਹਾ ਹੈ,  ਉਥੇ  ਹੀ ਉਡਾਣਾਂ ਦੇ ਦੌਰਾਨ ਜਹਾਜ਼ਾਂ ’ਚ ਲਗਾਤਾਰ ਆ ਰਹੀ ਖਰਾਬੀ ਨਾਲ ਯਾਤਰੀਆਂ ਤੇ ਚਾਲਕ ਟੀਮਾਂ ਦੇ ਮੈਂਬਰਾਂ ਦੀਆਂ ਜਾਨਾਂ ਖਤਰੇ ’ਚ ਪੈ ਰਹੀਆਂ ਹਨ। ਇਸ ਸਾਲ ਹੁਣ ਤੱਕ 21 ਤੋਂ ਵੱਧ ਜਹਾਜ਼ਾਂ ’ਚ ਉਡਾਣ ਦੇ ਦੌਰਾਨ ਖਰਾਬੀ ਆ ਜਾਣ ’ਤੇ ਉਨ੍ਹਾਂ ਦੀ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ ਅਤੇ ਜਹਾਜ਼ ਸੇਵਾ ‘ਸਪਾਈਸ ਜੈੱਟ’ ਦੇ ਇਸ ਸਾਲ ਸਭ ਤੋਂ ਵੱਧ 12 ਜਹਾਜ਼ ਉਡਾਣ ਦੇ ਦੌਰਾਨ ਖਰਾਬੀ ਦੇ ਸ਼ਿਕਾਰ ਹੋਏ। 5 ਜੁਲਾਈ ਨੂੰ  ਦਿੱਲੀ ਤੋਂ 150 ਯਾਤਰੀਆਂ ਨੂੰ ਲੈ ਕੇ ਦੁਬਈ ਜਾ ਰਹੇ ਇਸ ਦੇ ਜਹਾਜ਼ ਦੇ ਖੱਬੇ ਟੈਂਕ ’ਚ ਤੇਲ ਦੀ ਮਾਤਰਾ ’ਚ  ਬਹੁਤ  ਕਮੀ  ਦਿਖਾਈ ਦੇਣ ਕਾਰਨ ਇਸ ਦੀ ਪਾਕਿਸਤਾਨ ਦੇ ਕਰਾਚੀ ’ਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਸੇ ਦਿਨ  ਕਾਂਡਲਾ ਤੋਂ ਮੁੰਬਈ ਲਈ ਉਡਾਣ ਭਰਨ ਵਾਲੇ ‘ਸਪਾਈਸ ਜੈੱਟ’ ਜਹਾਜ਼ ਦੀ ਵਿੰਡ ਸ਼ੀਲਡ ’ਚ ਤਰੇੜ ਆ ਜਾਣ ’ਤੇ ਇਸ ਨੂੰ ਮੁੰਬਈ ਹਵਾਈ ਅੱਡੇ ’ਤੇ ਉਤਾਰਨਾ ਪਿਆ।

 ਇਸੇ ਦਿਨ ਚੀਨ ਜਾ ਰਹੇ ਇਸ ਦੇ ਇਕ ਮਾਲਵਾਹਕ ਜਹਾਜ਼ ਦੇ ਮੌਸਮ ਸਬੰਧੀ  ਰਾਡਾਰ ਦੇ ਕੰਮ ਨਾ ਕਰਨ ਕਾਰਨ ਇਸ ਨੂੰ  ਕਲਕੱਤਾ ਪਰਤਣਾ ਪਿਆ। ਸਪਾਈਸ ਜੈੱਟ ਦੇ ਜਹਾਜ਼ਾਂ ’ਚ  ਤਕਨੀਕੀ ਖਰਾਬੀ  ਦਾ ਪਿਛਲੇ  18 ਦਿਨਾਂ ’ਚ ਇਹ  8ਵਾਂ ਮਾਮਲਾ ਸੀ। ਇਸ ਤੋਂ ਪਹਿਲਾਂ 2 ਜੁਲਾਈ ਨੂੰ 70 ਯਾਤਰੀਆ ਨਾਲ ਦਿੱਲੀ ਤੋਂ ਜਬਲਪੁਰ ਲਈ ਉਡਾਣ ਭਰਨ ਦੇ ਕੁਝ ਹੀ ਸਮੇਂ ਬਾਅਦ ਸਪਾਈਸ ਜੈੱਟ ਜਹਾਜ਼ ਦੇ ਕੈਬਿਨ ’ਚ ਧੂੰਆਂ ਭਰ ਜਾਣ ਕਾਰਨ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ। 5 ਜੁਲਾਈ ਨੂੰ ਹੀ ‘ਏਅਰ ਵਿਸਤਾਰਾ’ ਦੇ ਬੈਂਕਾਕ ਤੋਂ ਆ ਰਹੇ ਜਹਾਜ਼ ਦਾ ਇਕ ਇੰਜਨ ਖਰਾਬ ਹੋ ਜਾਣ ਕਾਰਨ ਇਸ ਨੂੰ ਸਿੰਗਲ ਇੰਜਨ ’ਤੇ ਦਿੱਲੀ ਹਵਾਈ ਅੱਡੇ ’ਤੇ ਐਮਰਜੈਂਸੀ ਸਥਿਤੀ ’ਚ ਲੈਂਡ ਕਰਵਾਇਆ ਗਿਆ ਜਦਕਿ ਇਸੇ ਦਿਨ ਇੰਡੀਗੋ ਦੀ ਰਾਏਪੁਰ- ਇੰਦੌਰ ਉਡਾਣ ਉਤਰਨ ਦੇ ਬਾਅਦ ਕੈਬਿਨ ’ਚ ਧੂੰਆਂ ਦੇਖਿਆ ਗਿਆ। 

ਜਹਾਜ਼ਾਂ ’ਚ  ਉਡਾਣਾਂ ਦੇ ਦੌਰਾਨ ਤਕਨੀਕੀ ਖਰਾਬੀ ਜਾਂ ਚਾਲਕਾਂ ਦੇ ਅਨਾੜੀਪਨ ਕਾਰਨ ਜਹਾਜ਼ ਯਾਤਰੀਆਂ ਅਤੇ ਚਾਲਕ ਟੀਮ ਦੇ ਮੈਂਬਰਾਂ ਦੀ ਜਾਨ ਜੋਖਮ ’ਚ ਪੈਣੀ ਬੇਹੱਦ ਗੰਭੀਰ ਮਾਮਲਾ ਹੈ। ਉਕਤ ਘਟਨਾਵਾਂ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਜਾਂ ਤਾਂ ਜਹਾਜ਼ਾਂ ਦੀ ਦੇਖਰੇਖ ਕਰਨ ਵਾਲਾ ਸਟਾਫ ਉਚਿਤ ਤੌਰ ’ਤੇ ਟ੍ਰੇਂਡ ਨਹੀਂ ਹੈ ਜਾਂ ਲਾਪ੍ਰਵਾਹ ਹੈ। ਇਸ ਲਈ ਸਬੰਧਤ  ਜਹਾਜ਼ ਕੰਪਨੀਆਂ ਨੂੰ ਇਸ ਸਬੰਧ ’ਚ ਸਖਤ ਕਦਮ ਉਠਾ ਕੇ ਇਸ ਤਰ੍ਹਾਂ ਦੀ ਲਾਪ੍ਰਵਾਹੀ ਨੂੰ ਰੋਕਣਾ ਯਕੀਨੀ ਬਣਾਉਣਾ ਚਾਹੀਦਾ ਹੈ। ਇਸ ਦੇ ਨਾਲ ਹੀ  ਸਰਕਾਰ ਨੂੰ ਵੀ ਜਹਾਜ਼ ਕੰਪਨੀਆਂ ਨੂੰ ਜ਼ਰੂਰੀ ਸੁਰੱਖਿਆਤਮਕ ਕਦਮ ਚੁੱਕਣ ਲਈ ਸੁਚੇਤ ਕਰਨ ਦੀ ਲੋੜ ਹੈ ਕਿਉਂਕਿ ਕਿਸੇ ਵੀ  ਅਣਹੋਣੀ ਘਟਨਾ ਦੀ ਸਥਿਤੀ ’ਚ ਅਖੀਰ ’ਚ ਬਦਨਾਮੀ ਤਾਂ ਸਰਕਾਰ ਦੀ ਹੀ ਹੋਵੇਗੀ।    

ਵਿਜੇ ਕੁਮਾਰ  


Karan Kumar

Content Editor

Related News